ਕੀ ਤੁਸੀਂ ਚੇਤਾਵਨੀ ਵੱਲ ਧਿਆਨ ਦੇਓਗੇ?
ਮਈ 19, 1997, ਨੂੰ ਇਕ ਵਾਵਰੋਲੇ ਨੇ ਬੰਗਲਾਦੇਸ਼ ਦੇ ਚਿਟਾਗਾਂਗ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕੌਕਸ ਬਾਜ਼ਾਰ ਦੇ ਕਸਬੇ ਵਿਚ ਹਵਾਵਾਂ ਦੀ ਰਫ਼ਤਾਰ ਲਗਭਗ 250 ਕਿਲੋਮੀਟਰ ਪ੍ਰਤਿ ਘੰਟਾ ਰਿਕਾਰਡ ਕੀਤੀ ਗਈ। ਪੇਂਡੂ ਇਲਾਕਿਆਂ ਵਿਚ, ਹਵਾ ਛੱਪਰਾਂ ਨੂੰ ਉਡਾ ਲੈ ਗਈ, ਅਤੇ ਉਨ੍ਹਾਂ ਦੀ ਜਗ੍ਹਾ ਉੱਥੇ ਹੁਣ ਚੌਰਸ ਨਿਸ਼ਾਨ ਹੀ ਰਹਿ ਗਏ। ਦਰਖ਼ਤ ਅਤੇ ਟੈਲੀਗ੍ਰਾਫ ਦੇ ਖੰਭੇ ਡਿੱਗ ਗਏ; ਦੂਸਰੇ ਮਾਚਸ ਦੀਆਂ ਤੀਲੀਆਂ ਵਾਂਗ ਟੁੱਟ ਗਏ। ਵੋਰਾਰ ਕਾਗੋਜ ਨਾਮਕ ਅਖ਼ਬਾਰ ਦੇ ਇਕ ਸਿਰਲੇਖ ਨੇ ਰਿਪੋਰਟ ਦਿੱਤੀ ਕਿ ਇਸ ਵਾਵਰੋਲੇ ਦੇ ਕਾਰਨ 105 ਲੋਕ ਮਾਰੇ ਗਏ।
ਮੌਸਮ ਵਿਭਾਗ ਨੇ 36 ਘੰਟੇ ਪਹਿਲਾਂ ਹੀ ਤੂਫ਼ਾਨ ਦੀ ਅਨੁਮਾਨਿਤ ਦਿਸ਼ਾ ਦੀ ਚੇਤਾਵਨੀ ਦੇ ਦਿੱਤੀ ਸੀ। ਨਿਰਸੰਦੇਹ, ਕਈ ਜਾਨਾਂ ਇਸ ਕਾਰਨ ਬਚ ਗਈਆਂ ਕਿਉਂਕਿ ਕਰੋੜਾਂ ਹੀ ਲੋਕਾਂ ਨੇ ਵਾਵਰੋਲੇ ਤੋਂ ਬਚਣ ਲਈ ਬਣਾਏ ਗਏ ਪੱਕੇ ਮਕਾਨਾਂ ਵਿਚ ਸ਼ਰਨ ਲੈ ਲਈ।
ਯਹੋਵਾਹ ਦੇ ਗਵਾਹ, ਸੌ ਤੋਂ ਵੱਧ ਸਾਲਾਂ ਤੋਂ ਇਕ ਅਜਿਹੀ ਤਬਾਹੀ ਦੀ ਖ਼ਬਰ ਸੁਣਾ ਰਹੇ ਹਨ ਜੋ ਕਿ ਕਿਸੇ ਵੀ ਤਰ੍ਹਾਂ ਦੇ ਵਾਵਰੋਲੇ ਤੋਂ ਕਿਤੇ ਜ਼ਿਆਦਾ ਘਾਤਕ ਹੋਵੇਗੀ। ਬਾਈਬਲ ਇਸ ਨੂੰ ‘ਯਹੋਵਾਹ ਦਾ ਵੱਡਾ ਤੇ ਹੌਲਨਾਕ ਦਿਨ’ ਕਹਿੰਦੀ ਹੈ। (ਯੋਏਲ 2:31) ਬਾਈਬਲ ਵਿਚ ਚੇਤਾਵਨੀ ਵਜੋਂ ਦਿੱਤੀਆਂ ਗਈਆਂ ਭਵਿੱਖਬਾਣੀਆਂ ਵੱਲ ਧਿਆਨ ਦੇਣ ਦੁਆਰਾ, ਅਸੀਂ ਉਸ ਤਬਾਹੀ ਦੇ ਕਹਿਰ ਤੋਂ ਬਚ ਸਕਦੇ ਹਾਂ।—ਸਫ਼ਨਯਾਹ 2:2, 3.
ਨਹੀਂ, ਯਹੋਵਾਹ ਦੇ ਗਵਾਹ ਵਿਨਾਸ਼ ਦੇ ਨਬੀ ਨਹੀਂ ਹਨ। ਉਹ ਉਮੀਦ ਭਰਿਆ ਸੰਦੇਸ਼ ਦਿੰਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ, ਜੋ ਜਲਦੀ ਹੀ ਧਰਤੀ ਦੀ ਸਾਰੀ ਬੁਰਾਈ ਨੂੰ ਖ਼ਤਮ ਕਰ ਦੇਵੇਗਾ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:10, 11.
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
WHO/League of Red Cross