ਕੁਲੁੱਸੀਆਂ
3 ਪਰ ਜੇ ਤੁਹਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਗਿਆ ਹੈ, ਤਾਂ ਸਵਰਗ ਦੀਆਂ ਗੱਲਾਂ ਪਿੱਛੇ ਲੱਗੇ ਰਹੋ, ਜਿੱਥੇ ਮਸੀਹ ਪਰਮੇਸ਼ੁਰ ਦੇ ਸੱਜੇ ਹੱਥ ਬੈਠਾ ਹੋਇਆ ਹੈ। 2 ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ, ਨਾ ਕਿ ਦੁਨਿਆਵੀ ਗੱਲਾਂ ਉੱਤੇ। 3 ਕਿਉਂਕਿ ਤੁਸੀਂ ਮਰ ਗਏ ਸੀ ਅਤੇ ਹੁਣ ਤੁਹਾਡੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਮਸੀਹ ਦੇ ਹੱਥਾਂ ਵਿਚ ਹੈ। 4 ਜਦੋਂ ਮਸੀਹ, ਜਿਸ ਰਾਹੀਂ ਸਾਨੂੰ ਜ਼ਿੰਦਗੀ ਮਿਲਦੀ ਹੈ, ਪ੍ਰਗਟ ਹੋਵੇਗਾ, ਤਾਂ ਤੁਸੀਂ ਵੀ ਉਸ ਨਾਲ ਮਹਿਮਾ ਵਿਚ ਪ੍ਰਗਟ ਹੋਵੋਗੇ।
5 ਇਸ ਲਈ, ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ * ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ,* ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ, ਜੋ ਕਿ ਮੂਰਤੀ-ਪੂਜਾ ਹੈ। 6 ਅਜਿਹੇ ਕੰਮਾਂ ਕਰਕੇ ਪਰਮੇਸ਼ੁਰ ਦਾ ਕ੍ਰੋਧ ਭੜਕੇਗਾ। 7 ਪਹਿਲਾਂ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਇਹੋ ਜਿਹੇ ਕੰਮ ਕਰਦੇ ਹੁੰਦੇ ਸੀ। 8 ਪਰ ਹੁਣ ਤੁਸੀਂ ਇਹ ਸਭ ਕੁਝ ਛੱਡ ਦਿਓ ਯਾਨੀ ਕ੍ਰੋਧ, ਗੁੱਸਾ, ਬੁਰਾਈ, ਗਾਲ਼ੀ-ਗਲੋਚ ਅਤੇ ਆਪਣੇ ਮੂੰਹੋਂ ਅਸ਼ਲੀਲ ਗੱਲਾਂ ਕਰਨੀਆਂ। 9 ਇਕ-ਦੂਜੇ ਨਾਲ ਝੂਠ ਨਾ ਬੋਲੋ। ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਪੁਰਾਣੇ ਕੱਪੜੇ ਵਾਂਗ ਲਾਹ ਕੇ ਸੁੱਟ ਦਿਓ 10 ਅਤੇ ਨਵੇਂ ਸੁਭਾਅ ਨੂੰ ਨਵੇਂ ਕੱਪੜੇ ਵਾਂਗ ਪਹਿਨ ਲਓ ਯਾਨੀ ਸਹੀ ਗਿਆਨ ਲੈ ਕੇ ਆਪਣੇ ਸੁਭਾਅ ਨੂੰ ਪਰਮੇਸ਼ੁਰ ਦੇ ਸੁਭਾਅ ਅਨੁਸਾਰ ਨਵਾਂ ਬਣਾਉਂਦੇ ਰਹੋ ਜਿਸ ਨੇ ਇਸ ਨੂੰ ਸਿਰਜਿਆ ਹੈ। 11 ਨਵੇਂ ਸੁਭਾਅ ਅਨੁਸਾਰ ਨਾ ਕੋਈ ਯੂਨਾਨੀ* ਹੈ, ਨਾ ਯਹੂਦੀ, ਨਾ ਸੁੰਨਤ ਕੀਤਾ ਹੋਇਆ, ਨਾ ਬੇਸੁੰਨਤਾ, ਨਾ ਵਿਦੇਸ਼ੀ, ਨਾ ਸਕੂਥੀ,* ਨਾ ਗ਼ੁਲਾਮ ਅਤੇ ਨਾ ਹੀ ਕੋਈ ਆਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਹੈ ਅਤੇ ਸਾਰੇ ਉਸ ਦੇ ਅਧੀਨ ਹਨ।
12 ਇਸ ਕਰਕੇ, ਪਰਮੇਸ਼ੁਰ ਦੇ ਚੁਣੇ ਹੋਏ ਪਵਿੱਤਰ ਤੇ ਪਿਆਰੇ ਸੇਵਕਾਂ ਵਜੋਂ, ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ। 13 ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ। 14 ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ* ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।
15 ਨਾਲੇ, ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਉੱਤੇ ਰਾਜ ਕਰੇ, ਕਿਉਂਕਿ ਤੁਹਾਨੂੰ ਇੱਕੋ ਸਰੀਰ ਦੇ ਅੰਗ ਬਣ ਕੇ ਇਹ ਸ਼ਾਂਤੀ ਪਾਉਣ ਲਈ ਹੀ ਸੱਦਿਆ ਗਿਆ ਸੀ। ਅਤੇ ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ। 16 ਅਤੇ ਮਸੀਹ ਦੇ ਬਚਨ ਨੂੰ ਆਪਣੇ ਦਿਲਾਂ ਵਿਚ ਪੂਰੀ ਤਰ੍ਹਾਂ ਬਿਠਾਓ ਤਾਂਕਿ ਤੁਸੀਂ ਬੁੱਧੀਮਾਨ ਬਣ ਜਾਓ। ਜ਼ਬੂਰ ਗਾ ਕੇ, ਪਰਮੇਸ਼ੁਰ ਦਾ ਗੁਣਗਾਨ ਕਰ ਕੇ ਅਤੇ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਭਜਨ ਗਾ ਕੇ ਇਕ-ਦੂਜੇ ਨੂੰ ਸਿੱਖਿਆ ਅਤੇ ਹੌਸਲਾ ਦਿੰਦੇ ਰਹੋ ਅਤੇ ਆਪਣੇ ਦਿਲਾਂ ਵਿਚ ਯਹੋਵਾਹ ਲਈ ਗੀਤ ਗਾਉਂਦੇ ਰਹੋ। 17 ਅਤੇ ਤੁਸੀਂ ਜੋ ਵੀ ਕਹਿੰਦੇ ਹੋ ਜਾਂ ਕਰਦੇ ਹੋ, ਸਭ ਕੁਝ ਪ੍ਰਭੂ ਯਿਸੂ ਦੇ ਨਾਂ ʼਤੇ ਕਰੋ ਅਤੇ ਉਸ ਰਾਹੀਂ ਪਿਤਾ ਪਰਮੇਸ਼ੁਰ ਦਾ ਹਰ ਚੀਜ਼ ਲਈ ਧੰਨਵਾਦ ਕਰੋ।
18 ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਕਿਉਂਕਿ ਮਸੀਹ ਦੇ ਸੇਵਕਾਂ ਲਈ ਇਹੋ ਯੋਗ ਹੈ। 19 ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ ਅਤੇ ਗੁੱਸੇ ਵਿਚ ਉਨ੍ਹਾਂ ਉੱਤੇ ਨਾ ਭੜਕੋ। 20 ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ, ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ। 21 ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ। 22 ਗ਼ੁਲਾਮੋ, ਤੁਸੀਂ ਹਰ ਗੱਲ ਵਿਚ ਆਪਣੇ ਇਨਸਾਨੀ ਮਾਲਕਾਂ ਦਾ ਕਹਿਣਾ ਮੰਨੋ। ਪਰ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਕਹਿਣਾ ਮੰਨਣ ਦਾ ਦਿਖਾਵਾ ਨਾ ਕਰੋ, ਸਗੋਂ ਯਹੋਵਾਹ ਦਾ ਡਰ ਰੱਖਦੇ ਹੋਏ ਦਿਲੋਂ ਕਹਿਣਾ ਮੰਨੋ। 23 ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ ਲਈ ਕਰਦੇ ਹੋ, ਨਾ ਕਿ ਇਨਸਾਨਾਂ ਲਈ, 24 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਯਹੋਵਾਹ ਤੋਂ ਹੀ ਇਨਾਮ ਵਜੋਂ ਵਿਰਾਸਤ ਮਿਲੇਗੀ। ਆਪਣੇ ਮਾਲਕ ਮਸੀਹ ਲਈ ਤਨ-ਮਨ ਨਾਲ ਮਿਹਨਤ ਕਰੋ। 25 ਯਾਦ ਰੱਖੋ, ਜਿਹੜਾ ਵੀ ਇਨਸਾਨ ਗ਼ਲਤ ਕੰਮ ਕਰਦਾ ਹੈ, ਉਸ ਨੂੰ ਆਪਣੀ ਗ਼ਲਤੀ ਦੀ ਸਜ਼ਾ ਜ਼ਰੂਰ ਮਿਲੇਗੀ ਕਿਉਂਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ।