1 ਤਿਮੋਥਿਉਸ
5 ਸਿਆਣੀ ਉਮਰ ਦੇ ਆਦਮੀਆਂ ਨੂੰ ਨਾ ਝਿੜਕੀਂ, ਸਗੋਂ ਉਨ੍ਹਾਂ ਨੂੰ ਪਿਤਾ ਸਮਝ ਕੇ ਪਿਆਰ ਨਾਲ ਸਮਝਾਵੀਂ ਅਤੇ ਨੌਜਵਾਨਾਂ ਨੂੰ ਭਰਾ ਸਮਝ ਕੇ, 2 ਸਿਆਣੀ ਉਮਰ ਦੀਆਂ ਤੀਵੀਆਂ ਨੂੰ ਮਾਵਾਂ ਸਮਝ ਕੇ ਅਤੇ ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਸਾਫ਼ ਦਿਲ ਨਾਲ ਭੈਣਾਂ ਸਮਝ ਕੇ ਸਮਝਾਵੀਂ।
3 ਜਿਨ੍ਹਾਂ ਵਿਧਵਾਵਾਂ ਦਾ ਕੋਈ ਸਹਾਰਾ ਨਹੀਂ ਹੈ, ਉਨ੍ਹਾਂ ਦਾ ਆਦਰ ਕਰ ਅਤੇ ਉਨ੍ਹਾਂ ਦਾ ਧਿਆਨ ਰੱਖ। 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤੇ-ਪੋਤੇ ਹਨ, ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਦੇ ਕਹੇ ਅਨੁਸਾਰ ਪਹਿਲਾਂ ਆਪਣੇ ਘਰ ਦੇ ਜੀਆਂ ਦਾ ਧਿਆਨ ਰੱਖਣ ਅਤੇ ਆਪਣੇ ਮਾਪਿਆਂ ਅਤੇ ਅੱਗੋਂ ਉਨ੍ਹਾਂ ਦੇ ਮਾਪਿਆਂ ਦਾ ਜੋ ਹੱਕ ਬਣਦਾ ਹੈ, ਉਹ ਹੱਕ ਅਦਾ ਕਰਨ ਕਿਉਂਕਿ ਪਰਮੇਸ਼ੁਰ ਨੂੰ ਇਸ ਤੋਂ ਖ਼ੁਸ਼ੀ ਹੁੰਦੀ ਹੈ। 5 ਜਿਹੜੀ ਵਿਧਵਾ ਸੱਚ-ਮੁੱਚ ਲੋੜਵੰਦ ਹੈ ਅਤੇ ਜਿਸ ਦਾ ਕੋਈ ਸਹਾਰਾ ਨਹੀਂ ਹੈ, ਉਸ ਨੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਅਤੇ ਉਹ ਦਿਨ-ਰਾਤ ਫ਼ਰਿਆਦਾਂ ਤੇ ਪ੍ਰਾਰਥਨਾਵਾਂ ਕਰਨ ਵਿਚ ਲੱਗੀ ਰਹਿੰਦੀ ਹੈ। 6 ਪਰ ਜਿਹੜੀ ਵਿਧਵਾ ਅਯਾਸ਼ੀ ਕਰਦੀ ਹੈ, ਉਹ ਇਕ ਤਰ੍ਹਾਂ ਨਾਲ ਜੀਉਂਦੇ-ਜੀ ਮਰ ਚੁੱਕੀ ਹੈ। 7 ਇਸ ਲਈ ਉਨ੍ਹਾਂ ਨੂੰ ਇਹ ਹਿਦਾਇਤਾਂ ਦਿੰਦਾ ਰਹਿ ਤਾਂਕਿ ਕੋਈ ਵੀ ਉਨ੍ਹਾਂ ʼਤੇ ਉਂਗਲੀ ਨਾ ਚੁੱਕ ਸਕੇ। 8 ਅਸਲ ਵਿਚ, ਜੇ ਕੋਈ ਇਨਸਾਨ ਆਪਣਿਆਂ ਦਾ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦਾ ਧਿਆਨ ਨਹੀਂ ਰੱਖਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਨਾਲੋਂ ਵੀ ਬੁਰਾ ਹੈ।
9 ਉਸ ਵਿਧਵਾ ਦਾ ਨਾਂ ਸੂਚੀ ਵਿਚ ਲਿਖਿਆ ਜਾ ਸਕਦਾ ਹੈ ਜਿਸ ਦੀ ਉਮਰ ਸੱਠ ਸਾਲ ਤੋਂ ਉੱਪਰ ਹੈ, ਜੋ ਆਪਣੇ ਪਤੀ ਦੀ ਵਫ਼ਾਦਾਰ ਰਹੀ,* 10 ਜਿਸ ਨੇ ਚੰਗੇ ਕੰਮ ਕਰ ਕੇ ਨੇਕਨਾਮੀ ਖੱਟੀ ਹੈ, ਯਾਨੀ ਉਸ ਨੇ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ ਹੈ, ਪਰਾਹੁਣਚਾਰੀ ਕੀਤੀ ਹੈ, ਪਵਿੱਤਰ ਸੇਵਕਾਂ ਦੇ ਪੈਰ ਧੋਤੇ ਹਨ,* ਦੁੱਖਾਂ-ਮੁਸੀਬਤਾਂ ਵਿਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਦਿਲ ਲਾ ਕੇ ਹਰ ਤਰ੍ਹਾਂ ਦੇ ਨੇਕ ਕੰਮ ਕੀਤੇ ਹਨ।
11 ਪਰ ਜਵਾਨ ਵਿਧਵਾਵਾਂ ਦੇ ਨਾਂ ਸੂਚੀ ਵਿਚ ਨਾ ਲਿਖੀਂ ਜਿਹੜੀਆਂ ਵਿਆਹ ਕਰਾਉਣਾ ਚਾਹੁੰਦੀਆਂ ਹਨ। ਜਦੋਂ ਉਨ੍ਹਾਂ ਦੀ ਕਾਮ-ਵਾਸ਼ਨਾ ਮਸੀਹ ਦੀ ਸੇਵਾ ਕਰਨ ਦੇ ਰਾਹ ਵਿਚ ਰੁਕਾਵਟ ਬਣਦੀ ਹੈ, 12 ਤਾਂ ਉਹ ਦੋਸ਼ੀ ਠਹਿਰਦੀਆਂ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਵਾਅਦੇ ਨੂੰ ਤੋੜ ਦਿੱਤਾ ਹੈ। 13 ਇਸ ਦੇ ਨਾਲ-ਨਾਲ ਉਹ ਵਿਹਲੀਆਂ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਤੇ ਘਰੋ-ਘਰੀ ਫਿਰਦੀਆਂ ਰਹਿੰਦੀਆਂ ਹਨ। ਉਹ ਸਿਰਫ਼ ਵਿਹਲੀਆਂ ਹੀ ਨਹੀਂ ਰਹਿੰਦੀਆਂ, ਸਗੋਂ ਚੁਗ਼ਲੀਆਂ ਵੀ ਕਰਦੀਆਂ ਹਨ ਤੇ ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੀਆਂ ਹਨ ਅਤੇ ਉਹ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਵਿਆਹ ਕਰਾ ਲੈਣ, ਮਾਵਾਂ ਬਣਨ, ਆਪਣਾ ਘਰ-ਬਾਰ ਸਾਂਭਣ ਅਤੇ ਵਿਰੋਧੀਆਂ ਨੂੰ ਸਾਡੇ ਬਾਰੇ ਕੁਝ ਬੁਰਾ-ਭਲਾ ਕਹਿਣ ਦਾ ਮੌਕਾ ਨਾ ਦੇਣ। 15 ਅਸਲ ਵਿਚ, ਕੁਝ ਵਿਧਵਾਵਾਂ ਪਹਿਲਾਂ ਹੀ ਸਹੀ ਰਾਹ ਤੋਂ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ। 16 ਜੇ ਕਿਸੇ ਨਿਹਚਾ ਰੱਖਣ ਵਾਲੀ ਤੀਵੀਂ ਦੀ ਰਿਸ਼ਤੇਦਾਰੀ ਵਿਚ ਵਿਧਵਾਵਾਂ ਹਨ, ਤਾਂ ਉਹ ਉਨ੍ਹਾਂ ਦੀ ਮਦਦ ਕਰੇ, ਤਾਂਕਿ ਮੰਡਲੀ ʼਤੇ ਬੋਝ ਨਾ ਪਵੇ। ਫਿਰ ਮੰਡਲੀ ਉਨ੍ਹਾਂ ਵਿਧਵਾਵਾਂ ਦੀ ਮਦਦ ਕਰ ਸਕਦੀ ਹੈ ਜਿਹੜੀਆਂ ਸੱਚ-ਮੁੱਚ ਲੋੜਵੰਦ ਹਨ।
17 ਜਿਹੜੇ ਬਜ਼ੁਰਗ ਵਧੀਆ ਤਰੀਕੇ ਨਾਲ ਅਗਵਾਈ ਕਰਦੇ ਹਨ, ਉਨ੍ਹਾਂ ਦਾ ਦੁਗਣਾ ਆਦਰ ਕੀਤਾ ਜਾਵੇ, ਖ਼ਾਸ ਕਰਕੇ ਉਨ੍ਹਾਂ ਦਾ ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ। 18 ਕਿਉਂਕਿ ਧਰਮ-ਗ੍ਰੰਥ ਕਹਿੰਦਾ ਹੈ: “ਗਹਾਈ* ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ”; ਨਾਲੇ: “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।” 19 ਜੇ ਕੋਈ ਸਿਆਣੀ ਉਮਰ ਦੇ ਆਦਮੀ ਉੱਤੇ ਦੋਸ਼ ਲਾਉਂਦਾ ਹੈ, ਤਾਂ ਤੂੰ ਉਦੋਂ ਤਕ ਦੋਸ਼ ਸਵੀਕਾਰ ਨਾ ਕਰੀਂ ਜਦੋਂ ਤਕ ਇਸ ਦੋਸ਼ ਦੇ ਦੋ ਜਾਂ ਤਿੰਨ ਗਵਾਹ ਨਾ ਹੋਣ। 20 ਜਿਹੜੇ ਪਾਪ ਕਰਨ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਸਾਰਿਆਂ ਦੇ ਸਾਮ੍ਹਣੇ ਤਾੜ, ਤਾਂਕਿ ਬਾਕੀ ਸਾਰਿਆਂ ਨੂੰ ਚੇਤਾਵਨੀ ਮਿਲੇ। 21 ਮੈਂ ਤੈਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਸਾਮ੍ਹਣੇ ਪੂਰੀ ਗੰਭੀਰਤਾ ਨਾਲ ਹੁਕਮ ਦਿੰਦਾ ਹਾਂ ਕਿ ਤੂੰ ਤਰਫ਼ਦਾਰੀ ਜਾਂ ਪੱਖ-ਪਾਤ ਕੀਤੇ ਬਿਨਾਂ ਇਨ੍ਹਾਂ ਹਿਦਾਇਤਾਂ ਉੱਤੇ ਚੱਲੀਂ।
22 ਕਦੀ ਵੀ ਜਲਦਬਾਜ਼ੀ ਵਿਚ ਕਿਸੇ ਨੂੰ ਜ਼ਿੰਮੇਵਾਰੀਆਂ ਨਾ ਸੌਂਪੀਂ;* ਨਾ ਹੀ ਦੂਸਰਿਆਂ ਦੇ ਪਾਪਾਂ ਵਿਚ ਭਾਗੀਦਾਰ ਬਣੀਂ; ਆਪਣੇ ਆਪ ਨੂੰ ਬੇਦਾਗ਼ ਰੱਖੀਂ।
23 ਅੱਗੇ ਤੋਂ ਸਿਰਫ਼ ਪਾਣੀ ਨਾ ਪੀਵੀਂ,* ਸਗੋਂ ਆਪਣੇ ਢਿੱਡ ਵਿਚ ਗੜਬੜ ਰਹਿਣ ਕਰਕੇ ਅਤੇ ਵਾਰ-ਵਾਰ ਬੀਮਾਰ ਹੋਣ ਕਰਕੇ ਥੋੜ੍ਹਾ ਜਿਹਾ ਦਾਖਰਸ ਪੀ ਲਿਆ ਕਰ।
24 ਕੁਝ ਲੋਕਾਂ ਦੇ ਪਾਪਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਅਤੇ ਉਨ੍ਹਾਂ ਦਾ ਤੁਰੰਤ ਨਿਆਂ ਹੋ ਜਾਂਦਾ ਹੈ, ਪਰ ਕਈ ਲੋਕਾਂ ਦੇ ਪਾਪ ਬਾਅਦ ਵਿਚ ਸਾਮ੍ਹਣੇ ਆਉਂਦੇ ਹਨ। 25 ਇਸੇ ਤਰ੍ਹਾਂ, ਕੁਝ ਲੋਕਾਂ ਦੇ ਨੇਕ ਕੰਮਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਅਤੇ ਜਿਹੜੇ ਨੇਕ ਕੰਮ ਸਾਮ੍ਹਣੇ ਨਹੀਂ ਵੀ ਆਉਂਦੇ, ਉਹ ਵੀ ਲੁਕੇ ਨਹੀਂ ਰਹਿ ਸਕਦੇ।