ਪ੍ਰਕਾਸ਼ ਦੀ ਕਿਤਾਬ
6 ਅਤੇ ਮੈਂ ਦੇਖਿਆ ਕਿ ਜਦੋਂ ਲੇਲੇ ਨੇ ਸੱਤਾਂ ਮੁਹਰਾਂ ਵਿੱਚੋਂ ਇਕ ਮੁਹਰ ਤੋੜੀ, ਤਾਂ ਚਾਰ ਕਰੂਬੀਆਂ ਵਿੱਚੋਂ ਇਕ ਨੇ ਗਰਜਵੀਂ ਆਵਾਜ਼ ਵਿਚ ਕਿਹਾ: “ਆ ਜਾ!” 2 ਅਤੇ ਮੈਂ ਇਕ ਚਿੱਟਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਕੋਲ ਇਕ ਤੀਰ-ਕਮਾਨ ਸੀ ਅਤੇ ਉਸ ਨੂੰ ਇਕ ਮੁਕਟ ਦਿੱਤਾ ਗਿਆ ਅਤੇ ਉਹ ਆਪਣੇ ਦੁਸ਼ਮਣਾਂ ਨਾਲ ਲੜਨ ਅਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ।
3 ਜਦੋਂ ਲੇਲੇ ਨੇ ਦੂਸਰੀ ਮੁਹਰ ਤੋੜੀ, ਤਾਂ ਮੈਂ ਦੂਸਰੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” 4 ਅਤੇ ਇਕ ਹੋਰ ਘੋੜਾ ਆਇਆ ਜੋ ਲਾਲ ਰੰਗ ਦਾ ਸੀ; ਉਸ ਦੇ ਸਵਾਰ ਨੂੰ ਧਰਤੀ ਉੱਤੋਂ ਸ਼ਾਂਤੀ ਖ਼ਤਮ ਕਰਨ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਬੇਰਹਿਮੀ ਨਾਲ ਇਕ ਦੂਸਰੇ ਦਾ ਕਤਲ ਕਰਨ ਅਤੇ ਉਸ ਨੂੰ ਇਕ ਵੱਡੀ ਸਾਰੀ ਤਲਵਾਰ ਦਿੱਤੀ ਗਈ।
5 ਅਤੇ ਜਦੋਂ ਲੇਲੇ ਨੇ ਤੀਸਰੀ ਮੁਹਰ ਤੋੜੀ, ਤਾਂ ਮੈਂ ਤੀਸਰੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” ਅਤੇ ਮੈਂ ਇਕ ਕਾਲਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦੇ ਹੱਥ ਵਿਚ ਇਕ ਤੱਕੜੀ ਸੀ। 6 ਅਤੇ ਮੈਂ ਚਾਰਾਂ ਕਰੂਬੀਆਂ ਦੇ ਵਿਚਕਾਰੋਂ ਇਕ ਆਵਾਜ਼ ਜਿਹੀ ਇਹ ਕਹਿੰਦਿਆਂ ਸੁਣੀ: “ਇਕ ਕਿਲੋ ਕਣਕ ਇਕ ਦੀਨਾਰ* ਦੀ ਅਤੇ ਤਿੰਨ ਕਿਲੋ ਜੌਂ ਇਕ ਦੀਨਾਰ ਦੇ; ਜ਼ੈਤੂਨ ਦਾ ਤੇਲ ਅਤੇ ਦਾਖਰਸ ਸਰਫ਼ੇ ਨਾਲ ਵਰਤੀਂ।”
7 ਅਤੇ ਜਦੋਂ ਲੇਲੇ ਨੇ ਚੌਥੀ ਮੁਹਰ ਤੋੜੀ, ਤਾਂ ਮੈਂ ਚੌਥੇ ਕਰੂਬੀ ਨੂੰ ਇਹ ਕਹਿੰਦੇ ਸੁਣਿਆ: “ਆ ਜਾ!” 8 ਅਤੇ ਮੈਂ ਇਕ ਪੀਲ਼ਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਦਾ ਨਾਂ “ਮੌਤ” ਸੀ ਅਤੇ ਉਸ ਦੇ ਬਿਲਕੁਲ ਪਿੱਛੇ-ਪਿੱਛੇ “ਕਬਰ”* ਆ ਰਹੀ ਸੀ। ਉਨ੍ਹਾਂ ਨੂੰ ਧਰਤੀ ਦੇ ਇਕ ਚੌਥਾਈ ਹਿੱਸੇ ਨੂੰ ਲੰਬੀ ਤਲਵਾਰ ਨਾਲ, ਕਾਲ਼ ਨਾਲ, ਜਾਨਲੇਵਾ ਬੀਮਾਰੀ ਨਾਲ ਅਤੇ ਜੰਗਲੀ ਜਾਨਵਰਾਂ ਦੇ ਜ਼ਰੀਏ ਜਾਨੋਂ ਮਾਰਨ ਦਾ ਅਧਿਕਾਰ ਦਿੱਤਾ ਗਿਆ।
9 ਅਤੇ ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਆਲੇ-ਦੁਆਲੇ ਉਨ੍ਹਾਂ ਲੋਕਾਂ ਦਾ ਖ਼ੂਨ ਡੁੱਲ੍ਹਾ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਪ੍ਰਚਾਰ ਦਾ ਕੰਮ ਕਰਨ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ। 10 ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਦੁਹਾਈ ਦਿੰਦਿਆਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਅਤੇ ਪਵਿੱਤਰ ਤੇ ਸੱਚੇ ਪ੍ਰਭੂ, ਤੂੰ ਕਦੋਂ ਨਿਆਂ ਕਰ ਕੇ ਧਰਤੀ ਦੇ ਵਾਸੀਆਂ ਤੋਂ ਸਾਡੇ ਖ਼ੂਨ ਦਾ ਬਦਲਾ ਲਵੇਂਗਾ?” 11 ਉਨ੍ਹਾਂ ਵਿੱਚੋਂ ਹਰੇਕ ਨੂੰ ਇਕ ਚਿੱਟਾ ਚੋਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਥੋੜ੍ਹਾ ਚਿਰ ਹੋਰ ਉਡੀਕ ਕਰਨ ਲਈ ਕਿਹਾ ਗਿਆ ਜਦ ਤਕ ਉਨ੍ਹਾਂ ਦੇ ਨਾਲ ਦੇ ਦਾਸਾਂ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ ਪੂਰੀ ਨਹੀਂ ਹੋ ਜਾਂਦੀ ਜਿਹੜੇ ਉਨ੍ਹਾਂ ਵਾਂਗ ਹੀ ਜਾਨੋਂ ਮਾਰੇ ਜਾਣ ਵਾਲੇ ਸਨ।
12 ਅਤੇ ਮੈਂ ਦੇਖਿਆ ਕਿ ਜਦੋਂ ਲੇਲੇ ਨੇ ਛੇਵੀਂ ਮੁਹਰ ਤੋੜੀ, ਤਾਂ ਇਕ ਜ਼ਬਰਦਸਤ ਭੁਚਾਲ਼ ਆਇਆ ਅਤੇ ਸੂਰਜ ਕਾਲਾ ਹੋ ਗਿਆ ਜਿਵੇਂ ਵਾਲ਼ਾਂ ਦਾ ਬਣਿਆ ਤੱਪੜ ਹੁੰਦਾ ਹੈ ਅਤੇ ਪੂਰੇ ਚੰਦ ਦਾ ਰੰਗ ਲਹੂ ਵਾਂਗ ਲਾਲ ਹੋ ਗਿਆ 13 ਅਤੇ ਆਕਾਸ਼ ਤੋਂ ਤਾਰੇ ਟੁੱਟ ਕੇ ਧਰਤੀ ਉੱਤੇ ਡਿਗ ਪਏ ਜਿਵੇਂ ਤੇਜ਼ ਹਨੇਰੀ ਨਾਲ ਕੱਚੀਆਂ ਅੰਜੀਰਾਂ ਦਰਖ਼ਤ ਤੋਂ ਟੁੱਟ ਕੇ ਝੜ ਜਾਂਦੀਆਂ ਹਨ। 14 ਅਤੇ ਜਿਵੇਂ ਕਾਗਜ਼ ਨੂੰ ਲਪੇਟ ਕੇ ਇਕ ਪਾਸੇ ਰੱਖ ਦਿੱਤਾ ਜਾਂਦਾ ਹੈ, ਉਵੇਂ ਆਕਾਸ਼ ਨੂੰ ਹਟਾ ਦਿੱਤਾ ਗਿਆ ਅਤੇ ਹਰ ਪਹਾੜ ਤੇ ਟਾਪੂ ਨੂੰ ਉਸ ਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ। 15 ਧਰਤੀ ਦੇ ਰਾਜੇ, ਵੱਡੇ-ਵੱਡੇ ਅਫ਼ਸਰ, ਫ਼ੌਜ ਦੇ ਕਮਾਂਡਰ, ਅਮੀਰ, ਤਾਕਤਵਰ ਲੋਕ ਅਤੇ ਸਾਰੇ ਗ਼ੁਲਾਮ ਤੇ ਸਾਰੇ ਆਜ਼ਾਦ ਇਨਸਾਨ ਪਹਾੜਾਂ ਦੀਆਂ ਗੁਫਾਵਾਂ ਅਤੇ ਚਟਾਨਾਂ ਵਿਚ ਲੁਕ ਗਏ। 16 ਅਤੇ ਉਹ ਪਹਾੜਾਂ ਅਤੇ ਚਟਾਨਾਂ ਨੂੰ ਲਗਾਤਾਰ ਕਹਿ ਰਹੇ ਹਨ: “ਸਾਨੂੰ ਢਕ ਲਓ ਅਤੇ ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ ਦੀਆਂ ਨਜ਼ਰਾਂ ਤੋਂ ਸਾਨੂੰ ਲੁਕਾ ਲਓ ਅਤੇ ਲੇਲੇ ਦੇ ਕ੍ਰੋਧ ਤੋਂ ਬਚਾ ਲਓ 17 ਕਿਉਂਕਿ ਉਨ੍ਹਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ ਅਤੇ ਕੌਣ ਬਚ ਸਕੇਗਾ?”