-
ਮਰਕੁਸ 14:66-72ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
66 ਜਦੋਂ ਪਤਰਸ ਥੱਲੇ ਵਿਹੜੇ ਵਿਚ ਸੀ, ਉਸ ਵੇਲੇ ਮਹਾਂ ਪੁਜਾਰੀ ਦੀ ਇਕ ਨੌਕਰਾਣੀ ਆਈ+ 67 ਤੇ ਉਸ ਨੂੰ ਅੱਗ ਸੇਕਦੇ ਦੇਖਿਆ। ਨੌਕਰਾਣੀ ਨੇ ਸਿੱਧਾ ਉਸ ਵੱਲ ਦੇਖ ਕੇ ਕਿਹਾ: “ਤੂੰ ਵੀ ਉਸ ਯਿਸੂ ਨਾਸਰੀ ਦੇ ਨਾਲ ਸੀ।” 68 ਪਰ ਪਤਰਸ ਨੇ ਇਨਕਾਰ ਕਰਦਿਆਂ ਕਿਹਾ: “ਮੈਂ ਨਾ ਤਾਂ ਉਹਨੂੰ ਜਾਣਦਾ ਤੇ ਨਾ ਹੀ ਮੈਨੂੰ ਪਤਾ ਕਿ ਤੂੰ ਕੀ ਕਹਿ ਰਹੀਂ ਹੈਂ” ਅਤੇ ਉਹ ਬਾਹਰ ਡਿਓੜ੍ਹੀ ਵਿਚ ਚਲਾ ਗਿਆ। 69 ਉਸੇ ਨੌਕਰਾਣੀ ਨੇ ਉਸ ਨੂੰ ਦੇਖ ਕੇ ਲਾਗੇ ਖੜ੍ਹੇ ਲੋਕਾਂ ਨੂੰ ਕਿਹਾ: “ਇਹ ਵੀ ਉਸੇ ਦਾ ਚੇਲਾ ਹੈ।” 70 ਉਸ ਨੇ ਫਿਰ ਇਨਕਾਰ ਕੀਤਾ। ਥੋੜ੍ਹੇ ਚਿਰ ਬਾਅਦ ਲਾਗੇ ਖੜ੍ਹੇ ਲੋਕ ਪਤਰਸ ਨੂੰ ਦੁਬਾਰਾ ਕਹਿਣ ਲੱਗੇ: “ਤੂੰ ਪੱਕਾ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੂੰ ਗਲੀਲ ਤੋਂ ਹੈਂ।” 71 ਪਰ ਉਹ ਆਪਣੇ ਆਪ ਨੂੰ ਸਰਾਪ ਦੇਣ ਲੱਗਾ ਅਤੇ ਸਹੁੰ ਖਾ ਕੇ ਕਹਿਣ ਲੱਗਾ: “ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਮੈਂ ਨਹੀਂ ਜਾਣਦਾ ਉਸ ਬੰਦੇ ਨੂੰ!” 72 ਉਸੇ ਵੇਲੇ ਕੁੱਕੜ ਨੇ ਦੂਸਰੀ ਵਾਰ ਬਾਂਗ ਦਿੱਤੀ+ ਅਤੇ ਪਤਰਸ ਨੂੰ ਯਾਦ ਆਇਆ ਕਿ ਯਿਸੂ ਨੇ ਉਸ ਨੂੰ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ ਉਹ ਫੁੱਟ-ਫੁੱਟ ਕੇ ਰੋਣ ਲੱਗ ਪਿਆ।
-
-
ਲੂਕਾ 22:54-62ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
54 ਫਿਰ ਉਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕਰ ਲਿਆ+ ਅਤੇ ਮਹਾਂ ਪੁਜਾਰੀ ਦੇ ਘਰ ਲੈ ਗਏ; ਪਰ ਪਤਰਸ ਥੋੜ੍ਹਾ ਦੂਰ ਰਹਿ ਕੇ ਪਿੱਛੇ-ਪਿੱਛੇ ਆ ਗਿਆ।+ 55 ਜਦੋਂ ਲੋਕ ਵਿਹੜੇ ਵਿਚਕਾਰ ਅੱਗ ਬਾਲ਼ ਕੇ ਇਸ ਦੇ ਆਲੇ-ਦੁਆਲੇ ਬੈਠੇ ਹੋਏ ਸਨ, ਤਾਂ ਪਤਰਸ ਵੀ ਉਨ੍ਹਾਂ ਨਾਲ ਬੈਠਾ ਹੋਇਆ ਸੀ।+ 56 ਪਰ ਇਕ ਨੌਕਰਾਣੀ ਨੇ ਉਸ ਨੂੰ ਅੱਗ ਲਾਗੇ ਬੈਠਾ ਦੇਖ ਲਿਆ ਅਤੇ ਉਸ ਨੂੰ ਧਿਆਨ ਨਾਲ ਦੇਖ ਕੇ ਕਿਹਾ: “ਇਹ ਆਦਮੀ ਵੀ ਉਸ ਦੇ ਨਾਲ ਸੀ।” 57 ਪਰ ਉਸ ਨੇ ਇਸ ਗੱਲ ਦਾ ਇਨਕਾਰ ਕਰਦੇ ਹੋਏ ਕਿਹਾ: “ਮੈਂ ਨਹੀਂ ਜਾਣਦਾ ਉਸ ਬੰਦੇ ਨੂੰ।” 58 ਕੁਝ ਸਮੇਂ ਬਾਅਦ ਇਕ ਹੋਰ ਆਦਮੀ ਨੇ ਉਸ ਨੂੰ ਦੇਖ ਕੇ ਕਿਹਾ: “ਤੂੰ ਵੀ ਉਸੇ ਦਾ ਚੇਲਾ ਹੈਂ।” ਪਰ ਪਤਰਸ ਨੇ ਕਿਹਾ: “ਮੈਂ ਨਹੀਂ ਉਸ ਦਾ ਚੇਲਾ।”+ 59 ਫਿਰ ਲਗਭਗ ਇਕ ਘੰਟੇ ਬਾਅਦ ਇਕ ਹੋਰ ਆਦਮੀ ਨੇ ਜ਼ੋਰ ਦੇ ਕੇ ਕਿਹਾ: “ਇਹ ਪੱਕਾ ਉਸ ਦੇ ਨਾਲ ਸੀ ਕਿਉਂਕਿ ਇਹ ਵੀ ਗਲੀਲ ਤੋਂ ਹੈ!” 60 ਪਰ ਪਤਰਸ ਨੇ ਕਿਹਾ: “ਮੈਨੂੰ ਨਹੀਂ ਪਤਾ ਤੂੰ ਕੀ ਕਹਿ ਰਿਹਾ ਹੈਂ।” ਜਦੋਂ ਉਹ ਅਜੇ ਇਹ ਗੱਲ ਕਹਿ ਹੀ ਰਿਹਾ ਸੀ, ਉਸੇ ਵੇਲੇ ਕੁੱਕੜ ਨੇ ਬਾਂਗ ਦੇ ਦਿੱਤੀ। 61 ਤਦ ਪ੍ਰਭੂ ਨੇ ਮੁੜ ਕੇ ਪਤਰਸ ਨੂੰ ਦੇਖਿਆ ਅਤੇ ਪਤਰਸ ਨੂੰ ਪ੍ਰਭੂ ਦੀ ਇਹ ਗੱਲ ਯਾਦ ਆਈ: “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਇਸ ਗੱਲ ਤੋਂ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਜਾਣਦਾ ਹੈਂ।”+ 62 ਉਹ ਬਾਹਰ ਜਾ ਕੇ ਭੁੱਬਾਂ ਮਾਰ-ਮਾਰ ਰੋਇਆ।
-
-
ਯੂਹੰਨਾ 18:15-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਹੁਣ ਸ਼ਮਊਨ ਪਤਰਸ ਇਕ ਹੋਰ ਚੇਲੇ ਨਾਲ ਯਿਸੂ ਦੇ ਪਿੱਛੇ-ਪਿੱਛੇ ਆ ਗਿਆ।+ ਉਹ ਚੇਲਾ ਮਹਾਂ ਪੁਜਾਰੀ ਨੂੰ ਜਾਣਦਾ ਸੀ ਅਤੇ ਉਹ ਯਿਸੂ ਨਾਲ ਮਹਾਂ ਪੁਜਾਰੀ ਦੇ ਘਰ ਦੇ ਵਿਹੜੇ ਵਿਚ ਚਲਾ ਗਿਆ, 16 ਪਰ ਪਤਰਸ ਬਾਹਰ ਦਰਵਾਜ਼ੇ* ਕੋਲ ਖੜ੍ਹਾ ਰਿਹਾ। ਇਸ ਲਈ ਉਹ ਚੇਲਾ, ਜਿਹੜਾ ਮਹਾਂ ਪੁਜਾਰੀ ਨੂੰ ਜਾਣਦਾ ਸੀ, ਦਰਵਾਜ਼ੇ ʼਤੇ ਬੈਠੀ ਨੌਕਰਾਣੀ ਨਾਲ ਗੱਲ ਕਰ ਕੇ ਪਤਰਸ ਨੂੰ ਅੰਦਰ ਲੈ ਆਇਆ। 17 ਨੌਕਰਾਣੀ ਨੇ ਪਤਰਸ ਨੂੰ ਕਿਹਾ: “ਕਿਤੇ ਤੂੰ ਵੀ ਉਸ ਆਦਮੀ ਦਾ ਚੇਲਾ ਤਾਂ ਨਹੀਂ?” ਉਸ ਨੇ ਕਿਹਾ: “ਨਹੀਂ-ਨਹੀਂ।”+
-