ਭਾਗ 12
ਜ਼ਿੰਦਗੀ ਨੂੰ ਸੇਧ ਦੇਣ ਵਾਲੀ ਪਰਮੇਸ਼ੁਰੀ ਬੁੱਧ
ਪਰਮੇਸ਼ੁਰ ਦੀ ਪ੍ਰੇਰਣਾ ਨਾਲ ਸੁਲੇਮਾਨ ਅਤੇ ਹੋਰਨਾਂ ਨੇ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਸਲਾਹ ਦਿੱਤੀ। ਅਸੀਂ ਉਨ੍ਹਾਂ ਦੀ ਸਲਾਹ ਨੂੰ ਕਹਾਉਤਾਂ ਦੀ ਕਿਤਾਬ ਵਿਚ ਪੜ੍ਹ ਸਕਦੇ ਹਾਂ
ਕੀ ਯਹੋਵਾਹ ਬੁੱਧੀਮਾਨ ਰਾਜਾ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਸਾਨੂੰ ਉਸ ਦੀ ਸਲਾਹ ʼਤੇ ਗੌਰ ਕਰ ਕੇ ਦੇਖਣਾ ਚਾਹੀਦਾ ਹੈ। ਕੀ ਉਸ ਦੀ ਸਲਾਹ ਉੱਤੇ ਚੱਲ ਕੇ ਸਾਡਾ ਭਲਾ ਹੁੰਦਾ ਹੈ? ਕੀ ਉਸ ਦੀ ਸਲਾਹ ਮੰਨਣ ਨਾਲ ਸਾਡੀ ਜ਼ਿੰਦਗੀ ਬਿਹਤਰ ਬਣਦੀ ਹੈ? ਬੁੱਧੀਮਾਨ ਰਾਜਾ ਸੁਲੇਮਾਨ ਨੇ ਕਈ ਸਾਰੀਆਂ ਕਹਾਵਤਾਂ ਲਿਖੀਆਂ ਜੋ ਜ਼ਿੰਦਗੀ ਦੇ ਤਕਰੀਬਨ ਹਰ ਪਹਿਲੂ ਨਾਲ ਸੰਬੰਧ ਰੱਖਦੀਆਂ ਹਨ। ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ।
ਪਰਮੇਸ਼ੁਰ ਉੱਤੇ ਭਰੋਸਾ ਰੱਖੋ। ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਲਈ ਉਸ ਉੱਤੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਨੇ ਲਿਖਿਆ ਸੀ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਪਰਮੇਸ਼ੁਰ ਦੀ ਸੇਧ ਵਿਚ ਚੱਲ ਕੇ ਅਤੇ ਉਸ ਦਾ ਕਹਿਣਾ ਮੰਨ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਉਸ ਉੱਤੇ ਭਰੋਸਾ ਰੱਖਦੇ ਹਾਂ। ਇਸ ਦੇ ਨਾਲ-ਨਾਲ, ਸਾਡੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ। ਪਰਮੇਸ਼ੁਰ ਦੇ ਰਾਹਾਂ ʼਤੇ ਚੱਲ ਕੇ ਅਸੀਂ ਉਸ ਦਾ ਦਿਲ ਖ਼ੁਸ਼ ਕਰਦੇ ਹਾਂ ਅਤੇ ਸਾਡੀ ਆਗਿਆਕਾਰੀ ਕਰਕੇ ਉਹ ਸ਼ਤਾਨ ਦੇ ਮਿਹਣਿਆਂ ਦਾ ਜਵਾਬ ਦੇ ਸਕਦਾ ਹੈ।—ਕਹਾਉਤਾਂ 27:11.
ਦੂਸਰਿਆਂ ਨਾਲ ਸਮਝਦਾਰੀ ਨਾਲ ਪੇਸ਼ ਆਓ। ਪਰਮੇਸ਼ੁਰ ਵੱਲੋਂ ਪਤੀਆਂ, ਪਤਨੀਆਂ ਤੇ ਬੱਚਿਆਂ ਨੂੰ ਦਿੱਤੀ ਸਲਾਹ ਅੱਜ ਬਹੁਤ ਫ਼ਾਇਦੇਮੰਦ ਹੈ। ਪਰਮੇਸ਼ੁਰ ਪਤੀ ਨੂੰ ਸਲਾਹ ਦਿੰਦਾ ਹੈ: “ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।” (ਕਹਾਉਤਾਂ 5:18-20) ਕਹਿਣ ਦਾ ਮਤਲਬ ਕਿ ਪਤੀ ਆਪਣੀ ਪਤਨੀ ਨਾਲ ਵਫ਼ਾਦਾਰੀ ਨਿਭਾਵੇ। ਵਿਆਹੀਆਂ ਤੀਵੀਆਂ ਦੇ ਫ਼ਾਇਦੇ ਲਈ ਕਹਾਉਤਾਂ ਦੀ ਕਿਤਾਬ ਵਿਚ ਇਕ ਪਤਨੀ ਦੀਆਂ ਖੂਬੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਕਰਕੇ ਉਸ ਦਾ ਪਤੀ ਅਤੇ ਬੱਚੇ ਉਸ ਦਾ ਮਾਣ ਕਰਦੇ ਹਨ। (ਕਹਾਉਤਾਂ ਦਾ 31ਵਾਂ ਅਧਿਆਇ) ਅਤੇ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣ ਦੀ ਤਾਕੀਦ ਕੀਤੀ ਗਈ ਹੈ। (ਕਹਾਉਤਾਂ 6:20) ਇਸ ਕਿਤਾਬ ਵਿਚ ਦੋਸਤੀ ਕਰਨ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ ਗਈ ਹੈ ਕਿਉਂਕਿ ਬੰਦਾ ਇਕੱਲਾ ਰਹਿ ਕੇ ਖ਼ੁਦਗਰਜ਼ ਬਣ ਜਾਂਦਾ ਹੈ। (ਕਹਾਉਤਾਂ 18:1) ਪਰ ਦੂਜੇ ਪਾਸੇ, ਦੋਸਤਾਂ ਦਾ ਸਾਡੇ ਉੱਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ, ਇਸ ਲਈ ਸਾਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ।—ਕਹਾਉਤਾਂ 13:20; 17:17.
ਸਮਝਦਾਰੀ ਨਾਲ ਆਪਣਾ ਖ਼ਿਆਲ ਰੱਖੋ। ਕਹਾਉਤਾਂ ਦੀ ਕਿਤਾਬ ਵਿਚ ਹੱਦੋਂ ਵੱਧ ਸ਼ਰਾਬ ਪੀਣ, ਆਪਣੇ ਮਨ ਵਿਚ ਚੰਗੇ ਖ਼ਿਆਲ ਲਿਆਉਣ, ਮਾੜੇ ਖ਼ਿਆਲ ਕੱਢਣ ਅਤੇ ਮਿਹਨਤ ਕਰਨ ਬਾਰੇ ਬਹੁਤ ਵਧੀਆ ਸਲਾਹ ਮਿਲਦੀ ਹੈ। (ਕਹਾਉਤਾਂ 6:6; 14:30; 20:1) ਇਸ ਵਿਚ ਪਰਮੇਸ਼ੁਰ ਦੀ ਸਲਾਹ ਤੋਂ ਉਲਟ ਜਾਣ ਵਾਲੀ ਇਨਸਾਨਾਂ ਦੀ ਸਲਾਹ ʼਤੇ ਚੱਲਣ ਤੋਂ ਖ਼ਬਰਦਾਰ ਕੀਤਾ ਗਿਆ ਹੈ ਕਿਉਂਕਿ ਇਸ ਦੇ ਬੁਰੇ ਨਤੀਜੇ ਨਿਕਲਦੇ ਹਨ। (ਕਹਾਉਤਾਂ 14:12) ਨਾਲੇ ਇਸ ਵਿਚ ਆਪਣੇ ਦਿਲ ਨੂੰ ਮਾੜੀਆਂ ਗੱਲਾਂ ਤੋਂ ਬਚਾਉਣ ਦੀ ਤਾਕੀਦ ਕੀਤੀ ਗਈ ਹੈ ਕਿਉਂਕਿ “ਜੀਉਣ ਦੀਆਂ ਧਾਰਾਂ [ਦਿਲ] ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:23.
ਇਸ ਸਲਾਹ ਉੱਤੇ ਚੱਲ ਕੇ ਦੁਨੀਆਂ ਦੇ ਲੱਖਾਂ ਹੀ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੀ ਹੈ। ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਹਕੂਮਤ ਅਧੀਨ ਰਹਿੰਦੇ ਹਨ।
—ਇਹ ਜਾਣਕਾਰੀ ਕਹਾਉਤਾਂ ਦੀ ਕਿਤਾਬ ਵਿੱਚੋਂ ਲਈ ਗਈ ਹੈ।