ਪਾਠ 103
“ਤੇਰਾ ਰਾਜ ਆਵੇ”
ਯਹੋਵਾਹ ਨੇ ਵਾਅਦਾ ਕੀਤਾ ਹੈ: ‘ਨਾ ਕੋਈ ਰੋਵੇਗਾ ਅਤੇ ਨਾ ਹੀ ਕਿਸੇ ਨੂੰ ਕੋਈ ਦੁੱਖ-ਦਰਦ ਹੋਵੇਗਾ। ਬੀਮਾਰੀ ਅਤੇ ਮੌਤ ਨਹੀਂ ਰਹੇਗੀ। ਮੈਂ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵਾਂਗਾ। ਪੁਰਾਣੇ ਸਮੇਂ ਦੀਆਂ ਬੁਰੀਆਂ ਗੱਲਾਂ ਭੁਲਾ ਦਿੱਤੀਆਂ ਜਾਣਗੀਆਂ।’
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਸੀ ਤਾਂਕਿ ਉਹ ਖ਼ੁਸ਼ੀ ਅਤੇ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀ ਭਗਤੀ ਕਰਨੀ ਸੀ ਅਤੇ ਸਾਰੀ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰਨਾ ਸੀ। ਪਰ ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਫਿਰ ਵੀ ਯਹੋਵਾਹ ਦਾ ਮਕਸਦ ਨਹੀਂ ਬਦਲਿਆ। ਇਸ ਕਿਤਾਬ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਜੋ ਵੀ ਵਾਅਦਾ ਕਰਦਾ ਹੈ, ਉਹ ਜ਼ਰੂਰ ਪੂਰਾ ਹੁੰਦਾ ਹੈ। ਅਬਰਾਹਾਮ ਨਾਲ ਕੀਤੇ ਆਪਣੇ ਵਾਅਦੇ ਅਨੁਸਾਰ ਉਸ ਦੇ ਰਾਜ ਰਾਹੀਂ ਧਰਤੀ ਦੇ ਲੋਕਾਂ ਨੂੰ ਬਹੁਤ ਸ਼ਾਨਦਾਰ ਬਰਕਤਾਂ ਮਿਲਣਗੀਆਂ।
ਜਲਦੀ ਹੀ ਸ਼ੈਤਾਨ, ਉਸ ਦੇ ਦੁਸ਼ਟ ਦੂਤਾਂ ਅਤੇ ਬੁਰੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦਿੱਤਾ ਜਾਵੇਗਾ। ਬਚੇ ਹੋਏ ਲੋਕ ਯਹੋਵਾਹ ਦੀ ਭਗਤੀ ਕਰਨਗੇ। ਅਸੀਂ ਨਾ ਤਾਂ ਬੀਮਾਰ ਹੋਵਾਂਗੇ ਤੇ ਨਾ ਹੀ ਮਰਾਂਗੇ। ਇਸ ਦੀ ਬਜਾਇ, ਜਦੋਂ ਅਸੀਂ ਸਾਰੇ ਜਣੇ ਹਰ ਸਵੇਰ ਉੱਠਾਂਗੇ, ਤਾਂ ਤਰੋ-ਤਾਜ਼ਾ ਮਹਿਸੂਸ ਕਰਾਂਗੇ ਅਤੇ ਖ਼ੁਸ਼ ਹੋਵਾਂਗੇ ਕਿ ਸਾਨੂੰ ਕਿੰਨੀ ਵਧੀਆ ਜ਼ਿੰਦਗੀ ਮਿਲੀ ਹੈ। ਸਾਰੀ ਧਰਤੀ ਬਾਗ਼ ਵਰਗੀ ਬਣਾਈ ਜਾਵੇਗੀ। ਸਾਰਿਆਂ ਕੋਲ ਵਧੀਆ ਭੋਜਨ ਹੋਵੇਗਾ ਅਤੇ ਸੋਹਣੇ ਘਰ ਹੋਣਗੇ। ਲੋਕ ਰੁੱਖੇ ਜਾਂ ਹਿੰਸਕ ਤਰੀਕੇ ਨਾਲ ਨਹੀਂ, ਸਗੋਂ ਪਿਆਰ ਨਾਲ ਪੇਸ਼ ਆਉਣਗੇ। ਜੰਗਲੀ ਜਾਨਵਰ ਸਾਡੇ ਤੋਂ ਨਹੀਂ ਡਰਨਗੇ ਤੇ ਨਾ ਹੀ ਅਸੀਂ ਉਨ੍ਹਾਂ ਤੋਂ ਡਰਾਂਗੇ।
ਉਹ ਸਮਾਂ ਕਿੰਨਾ ਜ਼ਿਆਦਾ ਵਧੀਆ ਹੋਵੇਗਾ ਜਦੋਂ ਯਹੋਵਾਹ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ! ਅਸੀਂ ਪੁਰਾਣੇ ਜ਼ਮਾਨੇ ਦੇ ਲੋਕਾਂ ਦਾ ਸੁਆਗਤ ਕਰਾਂਗੇ, ਜਿਵੇਂ ਹਾਬਲ, ਨੂਹ, ਅਬਰਾਹਾਮ, ਸਾਰਾਹ, ਮੂਸਾ, ਰੂਥ, ਅਸਤਰ ਅਤੇ ਦਾਊਦ। ਉਹ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣ ਵਿਚ ਸਾਡੀ ਮਦਦ ਕਰਨਗੇ। ਨਵੀਂ ਦੁਨੀਆਂ ਵਿਚ ਸਾਡੇ ਕੋਲ ਬਹੁਤ ਸਾਰਾ ਮਜ਼ੇਦਾਰ ਕੰਮ ਕਰਨ ਨੂੰ ਹੋਵੇਗਾ।
ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉੱਥੇ ਹੋਵੋ। ਤੁਹਾਨੂੰ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਪਤਾ ਲੱਗਣਗੀਆਂ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਆਓ ਆਪਾਂ ਹਰ ਰੋਜ਼ ਯਹੋਵਾਹ ਦੇ ਹੋਰ ਨੇੜੇ ਹੁੰਦੇ ਜਾਈਏ! ਆਓ ਇੱਦਾਂ ਹੁਣ ਅਤੇ ਹਮੇਸ਼ਾ ਲਈ ਕਰਦੇ ਰਹੀਏ!
“ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਸਿਰਜੀਆਂ।”—ਪ੍ਰਕਾਸ਼ ਦੀ ਕਿਤਾਬ 4:11