ਕੀ ਤੁਸੀਂ ਸਹੀ ਅਤੇ ਗ਼ਲਤ ਵਿਚ ਫ਼ਰਕ ਦੇਖ ਸਕਦੇ ਹੋ?
“ਮੈਂ ਲਗਭਗ 25 ਲੋਕਾਂ ਦਾ ਖ਼ੂਨ ਕਰਨ ਲਈ ਨਿੱਜੀ ਤੌਰ ਤੇ ਜ਼ਿੰਮੇਵਾਰ ਸੀ। . . . ਉਹ ਤਸਵੀਰ ਦਿਨ-ਰਾਤ ਮੇਰੀਆਂ ਅੱਖਾਂ ਦੇ ਸਾਮ੍ਹਣੇ ਘੁੰਮਦੀ ਰਹਿੰਦੀ ਹੈ। ਮੈਨੂੰ ਡਰਾਉਣੇ ਸੁਪਨੇ ਆਉਂਦੇ ਹਨ। . . . ਜਦੋਂ ਮੈਂ ਕਿਤੇ ਜਾਂਦਾ ਹਾਂ ਤਾਂ ਮੈਨੂੰ ਕੋਈ ਅਜਿਹਾ ਚਿਹਰਾ ਦਿਸ ਪੈਂਦਾ ਹੈ ਜੋ ਮੈਨੂੰ ਉਨ੍ਹਾਂ ਲੋਕਾਂ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਦਾ ਮੈਂ ਖ਼ੂਨ ਕੀਤਾ ਸੀ। ਉਹ ਤਸਵੀਰ ਅਜੇ ਵੀ ਮੇਰੇ ਮਨ ਵਿਚ ਇੰਨੀ ਸਪੱਸ਼ਟ ਹੈ, ਜਿਵੇਂ ਕਿ ਇਹ ਘਟਨਾ ਅੱਜ ਹੀ, ਅਤੇ ਹੁਣੇ ਹੀ ਵਾਪਰੀ ਹੋਵੇ। . . . ਮੈਂ ਜੋ ਕੀਤਾ ਹੈ ਉਸ ਲਈ ਮੈਂ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਦਾ।”—ਵੀ. ਐੱਸ.
“ਮੈਨੂੰ ਉੱਥੇ ਜਾ ਕੇ ਦੁਸ਼ਮਣਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਗਿਆ ਸੀ। . . . ਮੈਂ ਇਕ ਪਲ ਵੀ ਰੁਕ ਕੇ ਨਹੀਂ ਸੋਚਿਆ ਕਿ ਮੇਰੇ ਦੁਸ਼ਮਣ ਆਦਮੀ, ਔਰਤਾਂ ਅਤੇ ਬੱਚੇ ਸਨ। . . . ਮੈਂ ਉਦੋਂ ਮਹਿਸੂਸ ਕੀਤਾ ਅਤੇ ਅਜੇ ਵੀ ਮਹਿਸੂਸ ਕਰਦਾ ਹਾਂ ਕਿ ਮੈਂ ਉਵੇਂ ਹੀ ਕੀਤਾ ਜਿਵੇਂ ਮੈਨੂੰ ਕਿਹਾ ਗਿਆ ਸੀ, ਅਤੇ ਮੈਂ ਹੁਕਮ ਦੀ ਪਾਲਣਾ ਕੀਤੀ ਹੈ ਅਤੇ ਮੈਂ ਨਹੀਂ ਸੋਚਦਾ ਕਿ ਮੈਂ ਕੁਝ ਗ਼ਲਤ ਕੀਤਾ ਹੈ।”—ਡਬਲਯੂ. ਸੀ.
ਮਾਰਚ 16, 1968 ਨੂੰ, ਇਨ੍ਹਾਂ ਦੋ ਆਦਮੀਆਂ ਨੇ ਅਜਿਹੇ ਕੰਮ ਵਿਚ ਹਿੱਸਾ ਲਿਆ ਜਿਸ ਨੂੰ ਬਾਅਦ ਵਿਚ ਘਿਣਾਉਣਾ ਜੰਗੀ ਅਪਰਾਧ ਕਿਹਾ ਗਿਆ। ਉਨ੍ਹਾਂ ਨੇ ਦੂਜੇ ਫ਼ੌਜੀਆਂ ਸਮੇਤ, ਵੀਅਤਨਾਮ ਦੇ ਇਕ ਛੋਟੇ ਪਿੰਡ ਵਿਚ ਜਾ ਕੇ ਸੈਂਕੜੇ ਲੋਕਾਂ ਦਾ ਕਤਲ ਕੀਤਾ—ਜਿਨ੍ਹਾਂ ਵਿਚ ਔਰਤਾਂ, ਬੱਚੇ, ਅਤੇ ਬੁੱਢੇ ਵੀ ਸ਼ਾਮਲ ਸਨ। ਪਰ ਧਿਆਨ ਦਿਓ ਕਿ ਇਨ੍ਹਾਂ ਦੋਨਾਂ ਫ਼ੌਜੀਆਂ ਨੇ ਕਿਸ ਤਰ੍ਹਾਂ ਬਿਲਕੁਲ ਉਲਟ ਮਹਿਸੂਸ ਕੀਤਾ। ਪਹਿਲੇ ਫ਼ੌਜੀ ਦਾ ਅੰਤਹਕਰਣ ਸਪੱਸ਼ਟ ਤੌਰ ਤੇ ਉਸ ਨੂੰ ਉਸ ਦੇ ਕੀਤੇ ਤੇ ਲਾਹਨਤਾਂ ਪਾ ਰਿਹਾ ਹੈ। ਦੂਜਾ ਮਹਿਸੂਸ ਕਰਦਾ ਹੈ ਕਿ ਉਸ ਨੇ ਜੋ ਕੀਤਾ ਉਹ ਸਹੀ ਸੀ। ਇੱਕੋ ਅਨੁਭਵ ਪ੍ਰਤੀ ਦੋ ਵਿਅਕਤੀ ਇੰਨਾ ਅਲੱਗ-ਅਲੱਗ ਕਿਵੇਂ ਮਹਿਸੂਸ ਕਰ ਸਕਦੇ ਹਨ?
ਇਸ ਦੇ ਜਵਾਬ ਦਾ ਸੰਬੰਧ ਅੰਤਹਕਰਣ ਨਾਲ ਹੈ—ਅਜਿਹੀ ਪਰਮੇਸ਼ੁਰ-ਦਿੱਤ ਯੋਗਤਾ ਜੋ ਸਾਨੂੰ ਈਮਾਨਦਾਰੀ ਨਾਲ ਆਪਣੀ ਜਾਂਚ ਅਤੇ ਆਪਣੇ ਕੰਮਾਂ ਤੇ ਇਰਾਦਿਆਂ ਦੀ ਜਾਂਚ ਕਰਨ ਵਿਚ ਮਦਦ ਦਿੰਦੀ ਹੈ। ਸਹੀ ਅਤੇ ਗ਼ਲਤ ਦੀ ਸਾਡੀ ਅੰਦਰੂਨੀ ਸੂਝ ਨੂੰ ਅੰਤਹਕਰਣ ਕਹਿੰਦੇ ਹਨ।
ਫ਼ੈਸਲੇ ਕਰਦੇ ਸਮੇਂ, ਕੁਝ ਲੋਕ ਇਸ ਕਹਾਵਤ ਦਾ ਸਹਾਰਾ ਲੈਂਦੇ ਹਨ, “ਆਪਣੇ ਅੰਤਹਕਰਣ ਦੀ ਆਵਾਜ਼ ਸੁਣੋ।” ਪਰੰਤੂ, ਅਫ਼ਸੋਸ ਦੀ ਗੱਲ ਹੈ ਕਿ ਅੰਤਹਕਰਣ ਹਮੇਸ਼ਾ ਭਰੋਸੇਯੋਗ ਨਹੀਂ ਹੁੰਦਾ ਹੈ। ਅਸਲ ਵਿਚ, ਬਹੁਤ ਸਾਰੇ ਲੋਕਾਂ ਨੇ ਭਿਆਨਕ ਜ਼ੁਲਮ ਹੋਣ ਦਿੱਤੇ ਹਨ ਜਾਂ ਉਨ੍ਹਾਂ ਵਿਚ ਭਾਗ ਵੀ ਲਿਆ ਹੈ, ਫਿਰ ਵੀ ਉਨ੍ਹਾਂ ਦੇ ਅੰਤਹਕਰਣ ਨੇ ਉਨ੍ਹਾਂ ਨੂੰ ਬਿਲਕੁਲ ਤੰਗ ਨਹੀਂ ਕੀਤਾ। (ਯੂਹੰਨਾ 16:2; ਰਸੂਲਾਂ ਦੇ ਕਰਤੱਬ 7:60) ਜਿਵੇਂ ਕਿ ਅੰਗ੍ਰੇਜ਼ ਨਾਵਲਕਾਰ ਸੈਮੁਅਲ ਬਟਲਰ ਨੇ ਇਕ ਵਾਰ ਕਿਹਾ, ਅੰਤਹਕਰਣ “ਛੇਤੀ ਹੀ ਉਨ੍ਹਾਂ ਨੂੰ ਟੋਕਣਾ ਛੱਡ ਦਿੰਦਾ ਹੈ ਜੋ ਇਸ ਦੀ ਆਵਾਜ਼ ਨੂੰ ਨਹੀਂ ਸੁਣਨਾ ਚਾਹੁੰਦੇ ਹਨ।”
ਕੀ ਤੁਸੀਂ ਆਪਣੇ ਅੰਤਹਕਰਣ ਉੱਤੇ ਭਰੋਸਾ ਰੱਖ ਸਕਦੇ ਹੋ? ਇਸ ਦਾ ਜਵਾਬ ਕਾਫ਼ੀ ਹੱਦ ਤਕ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਅੰਤਹਕਰਣ ਕਿੰਨਾ ਕੁ ਸਿੱਖਿਅਤ ਹੈ, ਜਿਵੇਂ ਕਿ ਅਗਲਾ ਲੇਖ ਦਿਖਾਵੇਗਾ।
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Upper war scene: U.S. Signal Corps photo