“ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ”?
“ਜਦ ਲਹਿੰਦੇ ਪਾਸੇ ਬੱਦਲ ਉੱਠਦਾ ਵੇਖਦੇ ਹੋ ਤੁਸੀਂ ਝੱਟ ਆਖਦੇ ਹੋ, ਮੀਂਹ ਆਉਂਦਾ ਹੈ ਅਤੇ ਉਸੇ ਤਰਾਂ ਹੁੰਦਾ ਹੈ। ਅਰ ਜਦ ਦੱਖਣ ਦੀ ਵਾਉ ਵਗਦੀ ਹੈ ਤਦ ਆਖਦੇ ਹੋ ਭਈ ਗਰਮੀ ਹੋਵੇਗੀ ਅਤੇ ਉਹ ਹੁੰਦੀ ਹੈ।” ਇੰਜੀਲ ਦੇ ਲੇਖਕ ਲੂਕਾ ਨੇ ਯਿਸੂ ਦੇ ਇਹ ਸ਼ਬਦ ਲਿਖੇ ਸਨ। ਪ੍ਰਾਚੀਨ ਫਲਸਤੀਨ ਵਿਚ ਇਸ ਤਰ੍ਹਾਂ ਪਤਾ ਲਗਾਇਆ ਜਾਂਦਾ ਸੀ ਕਿ ਮੌਸਮ ਕਿਹੋ ਜਿਹਾ ਹੋਵੇਗਾ। (ਲੂਕਾ 12:54, 55) ਕੁਝ ਹਾਲਤਾਂ ਅਧੀਨ, ਪ੍ਰਾਚੀਨ ਲੋਕ ਨਿਸ਼ਾਨ ਦੇਖ ਕੇ ਨੇੜੇ ਦੇ ਭਵਿੱਖ ਲਈ ਮੌਸਮ ਦਾ ਸਹੀ ਅਨੁਮਾਨ ਲਗਾ ਸਕਦੇ ਸਨ।
ਅੱਜ-ਕੱਲ੍ਹ, ਮੌਸਮ ਦੇ ਵਿਗਿਆਨੀ ਲੰਬੇ ਸਮਿਆਂ ਲਈ ਮੌਸਮ ਉੱਤੇ ਧਿਆਨ ਰੱਖਣ ਵਾਸਤੇ ਬਹੁਤ ਹੀ ਗੁੰਝਲਦਾਰ ਯੰਤਰ ਵਰਤਦੇ ਹਨ, ਜਿਵੇਂ ਕਿ ਧਰਤੀ ਦੁਆਲੇ ਚੱਕਰ ਕੱਟਣ ਵਾਲੇ ਸੈਟੇਲਾਈਟ, ਡੌਪਲਰ ਰੇਡਾਰ, ਅਤੇ ਸ਼ਕਤੀਸ਼ਾਲੀ ਕੰਪਿਊਟਰ। ਲੇਕਿਨ ਉਨ੍ਹਾਂ ਦੇ ਅਨੁਮਾਨ ਅਕਸਰ ਗ਼ਲਤ ਹੁੰਦੇ ਹਨ। ਇਹ ਕਿਉਂ?
ਕਈ ਕਾਰਨਾਂ ਕਰਕੇ ਮੌਸਮ ਦਾ ਸਹੀ ਅਨੁਮਾਨ ਲਗਾਉਣਾ ਔਖਾ ਹੁੰਦਾ ਹੈ। ਉਦਾਹਰਣ ਲਈ, ਤਾਪਮਾਨ, ਸਿੱਲ੍ਹ, ਏਰ ਪ੍ਰੇਸ਼ਰ, ਅਤੇ ਹਵਾ ਦੀ ਰਫ਼ਤਾਰ ਤੇ ਦਿਸ਼ਾ ਇਸ ਨੂੰ ਗੁੰਝਲਦਾਰ ਬਣਾ ਸਕਦੇ ਹਨ। ਇਸ ਦੇ ਨਾਲ-ਨਾਲ ਸੂਰਜ, ਬੱਦਲ, ਅਤੇ ਸਮੁੰਦਰ ਦੇ ਆਪਸੀ ਪ੍ਰਭਾਵ, ਜੋ ਵਿਗਿਆਨੀ ਅਜੇ ਵੀ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ, ਹੋਰ ਸਮੱਸਿਆ ਖੜ੍ਹੀ ਕਰਦਾ ਹੈ। ਇਸ ਲਈ, ਮੌਸਮ ਦਾ ਬਿਲਕੁਲ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ।
ਮੌਸਮ ਦੇ ਸੰਬੰਧ ਵਿਚ ਮਨੁੱਖਾਂ ਦੀ ਸੀਮਿਤ ਵਿਦਿਆ ਸਾਨੂੰ ਅੱਯੂਬ ਨੂੰ ਪੁੱਛੇ ਗਏ ਸਵਾਲਾਂ ਦੀ ਯਾਦ ਦਿਲਾਉਂਦੀ ਹੈ: “ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ? ਕਿਹ ਦੇ ਗਰਭ ਤੋਂ ਬਰਫ਼ ਜੰਮੀ, . . . ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੀਕ ਉੱਚੀ ਕਰ ਸੱਕਦਾ ਹੈਂ, ਭਈ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ? . . . ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ, ਯਾ ਟੁੱਟਦੇ ਤਾਰੇ ਨੂੰ ਕਿਸ ਨੇ ਸਮਝ ਬਖ਼ਸ਼ੀ? ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸੱਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਹਲ ਸੱਕਦਾ ਹੈ?”—ਅੱਯੂਬ 38:28-37.
ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ, ਕੇਵਲ ਯਹੋਵਾਹ ਪਰਮੇਸ਼ੁਰ ਕੋਲ ਹੀ ਹਨ। ਹਾਂ, ਮਨੁੱਖ ਭਾਵੇਂ ਜਿੰਨੇ ਮਰਜ਼ੀ ਬੁੱਧੀਮਾਨ ਕਿਉਂ ਨਾ ਲੱਗਣ, ਸਾਡੇ ਸ੍ਰਿਸ਼ਟੀਕਰਤਾ ਦੀ ਬੁੱਧ ਉਨ੍ਹਾਂ ਨਾਲੋਂ ਬਹੁਤ ਉੱਤਮ ਹੈ। ਇਹ ਬਹੁਤ ਪ੍ਰੇਮਪੂਰਣ ਗੱਲ ਹੈ ਕਿ ਉਸ ਨੇ ਬਾਈਬਲ ਦਿਆਂ ਸਫ਼ਿਆਂ ਵਿਚ ਆਪਣੀ ਬੁੱਧ ਸਾਡੇ ਲਈ ਪੇਸ਼ ਕੀਤੀ ਹੈ। ਇਸ ਗਿਆਨ ਨਾਲ ਅਸੀਂ ਆਪਣਾ ਰਾਹ ਸਫ਼ਲ ਬਣਾ ਸਕਦੇ ਹਾਂ।—ਕਹਾਉਤਾਂ 5:1, 2.