ਵਿਆਹ—ਕੀ ਤੁਸੀਂ ਇਸ ਬਾਰੇ ਸੋਚ ਰਹੇ ਹੋ?
ਜੇ ਅਸੀਂ ਦੁਨੀਆਂ ਵਿਚ ਹੋ ਰਹੇ ਤਲਾਕਾਂ ਦੀ ਤੁਲਨਾ ਇਕ ਭੁਚਾਲ ਨਾਲ ਕਰੀਏ, ਤਾਂ ਸੰਯੁਕਤ ਰਾਜ ਅਮਰੀਕਾ ਇਸ ਭੁਚਾਲ ਦਾ ਕੇਂਦਰ ਹੋਵੇਗਾ। ਹਾਲ ਹੀ ਦੇ ਇਕ ਸਾਲ ਦੌਰਾਨ, ਉੱਥੇ ਦਸ ਲੱਖ ਤੋਂ ਜ਼ਿਆਦਾ ਵਿਆਹ ਟੁੱਟ ਗਏ—ਔਸਤ ਹਰ ਮਿੰਟ ਵਿਚ ਦੋ ਵਿਆਹ। ਪਰ ਤੁਸੀਂ ਸ਼ਾਇਦ ਚੰਗੀ ਤਰ੍ਹਾਂ ਜਾਣਦੇ ਹੀ ਹੋਵੋਗੇ ਕਿ ਸਿਰਫ਼ ਸੰਯੁਕਤ ਰਾਜ ਅਮਰੀਕਾ ਹੀ ਵਿਆਹੁਤਾ ਜੀਵਨ ਦੀ ਇਸ ਮੰਦਹਾਲੀ ਦਾ ਸਾਮ੍ਹਣਾ ਨਹੀਂ ਕਰ ਰਿਹਾ ਹੈ।
ਇਕ ਅਧਿਐਨ ਅਨੁਸਾਰ, ਕੈਨੇਡਾ, ਇੰਗਲੈਂਡ ਅਤੇ ਵੇਲਜ਼, ਫ਼ਰਾਂਸ, ਯੂਨਾਨ, ਅਤੇ ਨੀਦਰਲੈਂਡਜ਼ ਵਿਚ ਤਲਾਕ ਦੀ ਦਰ, ਸਾਲ 1970 ਤੋਂ ਲੈ ਕੇ ਹੁਣ ਤਕ ਦੁਗਣੀ ਨਾਲੋਂ ਵੀ ਜ਼ਿਆਦਾ ਹੋ ਚੁੱਕੀ ਹੈ।
ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਜੋੜੇ ਇਸ ਕਰਕੇ ਵਿਆਹ ਕਰਾਉਂਦੇ ਹਨ, ਕਿਉਂਕਿ ਉਹ ਇਕ ਦੂਸਰੇ ਨੂੰ ਪਿਆਰ ਕਰਦੇ ਹਨ, ਅਤੇ ਆਪਣੀ ਬਾਕੀ ਦੀ ਜ਼ਿੰਦਗੀ ਇਕੱਠੇ ਬਸਰ ਕਰਨੀ ਚਾਹੁੰਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਖ਼ੁਸ਼ੀਆਂ ਭਰੇ ਵਿਆਹੁਤਾ ਜੀਵਨ ਦਾ ਸੁਪਨਾ ਅਕਸਰ ਸੁਪਨਾ ਬਣ ਕੇ ਹੀ ਰਹਿ ਜਾਂਦਾ ਹੈ। ਜਦੋਂ ਅਜਿਹੇ ਲੋਕਾਂ ਦੀ ਅੱਖ ਖੁੱਲ੍ਹੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਕਰਾਉਣ ਵਿਚ ਜਲਦਬਾਜ਼ੀ ਕੀਤੀ ਜਾਂ ਗ਼ਲਤ ਵਿਅਕਤੀ ਨਾਲ ਵਿਆਹ ਕਰਾਇਆ, ਜਾਂ ਕਿ ਜਲਦਬਾਜ਼ੀ ਵਿਚ ਗ਼ਲਤ ਵਿਅਕਤੀ ਨਾਲ ਵਿਆਹ ਕਰਾ ਲਿਆ।
ਇੰਨੇ ਸਾਰੇ ਵਿਆਹ ਕਿਉਂ ਟੁੱਟਦੇ ਹਨ? ਵਿਆਹ ਤੋਂ ਪਹਿਲਾਂ ਇਕ ਦੂਸਰੇ ਨੂੰ ਜਾਣਨ ਬਾਰੇ ਲਿਖੀ ਗਈ ਕਿਤਾਬ ਦੀ ਲੇਖਕਾ ਕਹਿੰਦੀ ਹੈ: “ਤਿਆਰੀ ਦੀ ਘਾਟ ਇਸ ਦਾ ਮੁੱਖ ਕਾਰਨ ਹੈ।” ਉਹ ਅੱਗੇ ਕਹਿੰਦੀ ਹੈ: “ਜਦੋਂ ਮੈਂ ਵਿਆਹੁਤਾ ਜੀਵਨ ਦੀਆਂ ਮੁਸ਼ਕਲਾਂ ਨਾਲ ਜੂਝ ਰਹੇ ਜੋੜਿਆਂ ਨੂੰ ਮਿਲਦੀ ਹਾਂ, ਤਾਂ ਦੋ ਭਾਵਨਾਵਾਂ ਮੈਨੂੰ ਘੇਰ ਲੈਂਦੀਆਂ ਹਨ—ਤਰਸ ਅਤੇ ਗੁੱਸਾ। ਤਰਸ ਮੈਨੂੰ ਇਸ ਕਰਕੇ ਆਉਂਦਾ ਹੈ ਕਿਉਂਕਿ ਉਨ੍ਹਾਂ ਦੇ ਸੰਤੋਖਜਨਕ ਵਿਆਹੁਤਾ ਜੀਵਨ ਦੇ ਸੁਪਨੇ ਪੂਰੇ ਨਹੀਂ ਹੋਏ। ਅਤੇ ਗੁੱਸਾ ਮੈਨੂੰ ਇਸ ਕਰਕੇ ਆਉਂਦਾ ਹੈ ਕਿਉਂਕਿ ਉਹ ਇਸ ਮਾਮਲੇ ਦੀ ਗੁੰਝਲਤਾ ਪ੍ਰਤੀ ਬਿਲਕੁਲ ਅਣਜਾਣ ਸਨ।”
ਅਸਲ ਵਿਚ, ਜਦੋਂ ਬਹੁਤ ਸਾਰੇ ਲੋਕ ਵਿਆਹ ਕਰਾਉਂਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਥੋੜ੍ਹੀ ਜਾਂ ਬਿਲਕੁਲ ਜਾਣਕਾਰੀ ਨਹੀਂ ਹੁੰਦੀ ਕਿ ਵਿਆਹੁਤਾ ਜੀਵਨ ਨੂੰ ਕਿਸ ਤਰ੍ਹਾਂ ਸਫ਼ਲ ਬਣਾਉਣਾ ਹੈ। ਫਿਰ ਵੀ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਇਕ ਅਧਿਆਪਕ ਨੇ ਟਿੱਪਣੀ ਕੀਤੀ: “ਸਾਡੇ ਕਿੰਨੇ ਸਾਰੇ ਨੌਜਵਾਨ ਕਾਲਜ ਵਿਚ ਚੂਹਿਆਂ ਕਿਰਲੀਆਂ ਵਰਗੇ ਜੀਵ-ਜੰਤੂਆਂ ਦੇ ਵਿਵਹਾਰ ਦਾ ਅਧਿਐਨ ਕਰਦੇ ਹਨ, ਪਰ ਉਹ ਦੋ ਇਨਸਾਨਾਂ, ਪਤੀ ਅਤੇ ਪਤਨੀ ਦੇ ਵਿਵਹਾਰ ਬਾਰੇ ਕੁਝ ਵੀ ਨਹੀਂ ਸਿੱਖਦੇ।”
ਕੀ ਤੁਸੀਂ ਭਵਿੱਖ ਵਿਚ ਵਿਆਹ ਕਰਾਉਣ ਬਾਰੇ ਸੋਚ ਰਹੇ ਹੋ? ਜਾਂ ਜੇ ਤੁਸੀਂ ਵਿਆਹ ਕਰਾ ਲਿਆ ਹੈ, ਤਾਂ ਕੀ ਤੁਸੀਂ ਆਪਣੇ ਵਿਆਹੁਤਾ ਜੀਵਨ ਬਾਰੇ ਸੋਚ ਰਹੇ ਹੋ? ਜੇਕਰ ਤੁਸੀਂ ਸੋਚ ਰਹੇ ਹੋ, ਤਾਂ ਤੁਹਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸਲੀ ਜੀਵਨ ਵਿਚ ਪਤੀ-ਪਤਨੀ ਦਾ ਰਿਸ਼ਤਾ ਫ਼ਿਲਮਾਂ, ਟੈਲੀਵਿਯਨਾਂ ਦੇ ਨਾਟਕਾਂ, ਅਤੇ ਰੁਮਾਂਟਿਕ ਨਾਵਲਾਂ ਵਿਚ ਦਿਖਾਏ ਜਾਂਦੇ ਰਿਸ਼ਤੇ ਨਾਲੋਂ ਬਹੁਤ ਵੱਖਰਾ ਹੁੰਦਾ ਹੈ। ਫਿਰ ਵੀ, ਇਕ ਦੂਸਰੇ ਨੂੰ ਪਿਆਰ ਕਰਨ ਵਾਲੇ ਦੋ ਸਿਆਣੇ ਵਿਅਕਤੀਆਂ ਦੇ ਵਿਆਹ ਨੂੰ ਪਰਮੇਸ਼ੁਰ ਦੀ ਅਸੀਸ ਕਿਹਾ ਜਾ ਸਕਦਾ ਹੈ। (ਕਹਾਉਤਾਂ 18:22; 19:14) ਫਿਰ, ਤੁਸੀਂ ਕਿਸ ਤਰ੍ਹਾਂ ਯਕੀਨੀ ਹੋ ਸਕਦੇ ਹੋ ਕਿ ਤੁਸੀਂ ਵਿਆਹ ਦੀਆਂ ਮੰਗਾਂ ਪੂਰੀਆਂ ਕਰਨ ਲਈ ਤਿਆਰ ਹੋ? ਜੀਵਨ-ਸਾਥੀ ਦੀ ਚੋਣ ਕਰਦੇ ਸਮੇਂ ਤੁਹਾਨੂੰ ਕਿਨ੍ਹਾਂ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ? ਜਾਂ ਜੇ ਤੁਸੀਂ ਪਹਿਲਾਂ ਹੀ ਵਿਆਹੇ ਹੋਏ ਹੋ, ਤਾਂ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਸਥਾਈ ਖ਼ੁਸ਼ੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?