“ਮੈਂ ਇਕ ਸ਼ਾਂਤਮਈ ਮਾਹੌਲ ਨੂੰ ਮਹਿਸੂਸ ਕਰ ਸਕਦਾ ਸੀ”
ਜਰਮਨ ਭਾਸ਼ਾ ਬੋਲਣ ਵਾਲਾ ਇਕ ਆਦਮੀ ਗਵਾਹਾਂ ਦੀ ‘ਜਾਸੂਸੀ’ ਕਰਨ ਲਈ, ਯਹੋਵਾਹ ਦੇ ਗਵਾਹਾਂ ਦੁਆਰਾ ਆਯੋਜਿਤ ਕੀਤੇ ਗਏ ਇਕ ਮਹਾਂ-ਸੰਮੇਲਨ ਵਿਚ ਗਿਆ। ਕਿਉਂ? ਉਸ ਦਾ ਟੀਚਾ ਸੀ ਕਿ ਉਹ “ਇਸ ਧੜੇ ਦਾ ਪਰਦਾ ਫ਼ਾਸ਼ ਕਰੇ ਅਤੇ ਆਪਣੇ ਦੋਸਤਾਂ ਨੂੰ ਗੁਮਰਾਹ ਹੋਣ ਤੋਂ ਬਚਾਏ।” ਮਹਾਂ-ਸੰਮੇਲਨ ਵਿਚ ਹਾਜ਼ਰ ਹੋਣ ਤੋਂ ਬਾਅਦ, ਉਸ ਨੇ ਆਪਣੇ ਦੋਸਤਾਂ ਨੂੰ ਹੇਠਾਂ ਦਿੱਤੀ ਗਈ ਚਿੱਠੀ ਲਿਖੀ:
“ਜਦੋਂ ਮੈਂ ਮਹਾਂ-ਸੰਮੇਲਨ ਵਾਲੀ ਜਗ੍ਹਾ ਤੇ ਪਹੁੰਚਿਆ, ਤਾਂ ਮੈਂ ਬੜਾ ਹੈਰਾਨ ਹੋਇਆ ਕਿ ਕੀ ਮੈਂ ਸਹੀ ਜਗ੍ਹਾ ਤੇ ਪਹੁੰਚਿਆ ਹਾਂ ਕਿ ਨਹੀਂ। ਸਟੇਡੀਅਮ ਦੇ ਬਾਹਰ ਕੋਈ ਵੀ ਵਿਅਕਤੀ ਨਜ਼ਰ ਨਹੀਂ ਆ ਰਿਹਾ ਸੀ, ਅਤੇ ਫ਼ਰਸ਼ ਉੱਤੇ ਕਿਸੇ ਤਰ੍ਹਾਂ ਦੇ ਸੋਡੇ ਜਾਂ ਬੀਅਰ ਦੇ ਡੱਬੇ ਨਹੀਂ ਖਿੱਲਰੇ ਪਏ ਸਨ। ਜਦੋਂ ਮੈਂ ਨੇੜੇ ਗਿਆ, ਤਾਂ ਸਟੇਡੀਅਮ ਦੇ ਦਰਵਾਜ਼ੇ ਤੇ ਮੈਂ ਦੋ ਸੱਜਣ ਆਦਮੀਆਂ ਨੂੰ ਖੜ੍ਹੇ ਦੇਖਿਆ। ਉਨ੍ਹਾਂ ਨੇ ਮੈਨੂੰ ਜੀ ਆਇਆਂ ਕਿਹਾ ਅਤੇ ਮੈਨੂੰ ਅੰਦਰ ਜਾਣ ਦਿੱਤਾ।
“ਮੈਂ ਇਹ ਆਸ ਕਰ ਰਿਹਾ ਸੀ ਕਿ ਉੱਥੇ ਇਕੱਠੇ ਹੋਏ ਹਜ਼ਾਰਾਂ ਲੋਕ ਬਹੁਤ ਰੌਲਾ ਪਾ ਰਹੇ ਹੋਣਗੇ, ਪਰ ਉੱਥੇ ਤਾਂ ਬੜੀ ਹੀ ਸ਼ਾਂਤੀ ਸੀ। ‘ਖ਼ੈਰ,’ ਮੈਂ ਸੋਚਿਆ, ‘ਸ਼ਾਇਦ ਸਟੇਡੀਅਮ ਵਿਚ ਬਹੁਤ ਥੋੜ੍ਹੇ ਲੋਕ ਹੋਣਗੇ, ਜੋ ਕਿ ਦੂਰ-ਦੂਰ ਬੈਠੇ ਹੋਣਗੇ।’
“ਜਦੋਂ ਮੈਂ ਅੰਦਰ ਗਿਆ, ਤਾਂ ਅਚਾਨਕ ਉਸ ਵੇਲੇ ਮੰਚ ਤੇ ਖੇਡੇ ਜਾ ਰਹੇ ਡਰਾਮੇ ਨੇ ਮੇਰਾ ਧਿਆਨ ਖਿੱਚ ਲਿਆ। ਬਾਅਦ ਵਿਚ, ਮੈਨੂੰ ਅਹਿਸਾਸ ਹੋਇਆ ਕਿ ਸਟੇਡੀਅਮ ਧਿਆਨ ਨਾਲ ਸੁਣਨ ਵਾਲੇ ਹਜ਼ਾਰਾਂ ਦਰਸ਼ਕਾਂ ਨਾਲ ਭਰਿਆ ਹੋਇਆ ਸੀ। ਮੈਂ ਇਕ ਸ਼ਾਂਤਮਈ ਮਾਹੌਲ ਨੂੰ ਮਹਿਸੂਸ ਕਰ ਸਕਦਾ ਸੀ। ਮਹਾਂ-ਸੰਮੇਲਨ ਦੇ ਬਾਕੀ ਰਹਿੰਦੇ ਹਿੱਸੇ ਦੌਰਾਨ, ਮੈਂ ਜੋ ਕੁਝ ਵੀ ਸੁਣਿਆ, ਦੇਖਿਆ, ਅਤੇ ਮਹਿਸੂਸ ਕੀਤਾ, ਉਸ ਨੇ ਮੇਰੇ ਉੱਤੇ ਗਹਿਰਾ ਪ੍ਰਭਾਵ ਪਾਇਆ।
“ਗਵਾਹਾਂ ਨਾਲ ਮਿਲਦੇ ਸਮੇਂ ਮੈਂ ਉਨ੍ਹਾਂ ਦੇ ਖ਼ੁਸ਼ੀ ਭਰੇ ਚਿਹਰੇ ਅਤੇ ਪ੍ਰੇਮ ਦੇ ਪ੍ਰਗਟਾਵਿਆਂ ਨੂੰ ਹੀ ਦੇਖਦਾ ਰਿਹਾ। ਅਚਾਨਕ ਹੀ, ਮੈਂ ਆਪਣੇ ਇਸ ਵਿਚਾਰ ਨੂੰ ਨਹੀਂ ਦਬਾ ਸਕਿਆ ਕਿ ‘ਇਹ ਹੀ ਸੱਚ-ਮੁੱਚ ਪਰਮੇਸ਼ੁਰ ਦੇ ਲੋਕ ਹਨ!’”
‘ਆਪਣੇ ਦੋਸਤਾਂ ਨੂੰ ਗੁਮਰਾਹ ਹੋਣ ਤੋਂ ਬਚਾਉਣ’ ਦੀ ਬਜਾਇ, ਉਸ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਦੇ ਨਾਲ ਬਾਈਬਲ ਅਧਿਐਨ ਕਰਨ। ਨਤੀਜਾ ਕੀ ਨਿਕਲਿਆ? ਅੱਜ, ਉਹ ਇਕ ਮਸੀਹੀ ਬਜ਼ੁਰਗ ਹੈ। ਉਹ ਅਤੇ ਉਸ ਦਾ ਪਰਿਵਾਰ ਜ਼ੁਗ, ਸਵਿਟਰਜ਼ਰਲੈਂਡ ਦੀ ਇਕ ਕਲੀਸਿਯਾ ਵਿਚ ਸਰਗਰਮੀ ਨਾਲ ਸੇਵਾ ਕਰ ਰਹੇ ਹਨ।