ਸੰਸਾਰ-ਭਰ ਸ਼ਾਂਤੀ—ਕੌਣ ਲਿਆਵੇਗਾ?
ਕੀ ਸੰਸਾਰ-ਭਰ ਵਿਚ ਇੱਕੋ ਹੀ ਸਿੱਖਿਆ ਅਤੇ ਇੱਕੋ ਹੀ ਧਰਮ ਸਿਖਾਉਣ ਨਾਲ ਸ਼ਾਂਤੀ ਆਵੇਗੀ? ਸੰਯੁਕਤ ਰਾਸ਼ਟਰ-ਸੰਘ ਦੇ ਸਾਬਕਾ ਅਸਿਸਟੰਟ ਸੈਕਟਰੀ-ਜਨਰਲ ਡਾਕਟਰ ਰੌਬਰਟ ਮੁਲਰ ਦਾ ਇਹ ਸੁਪਨਾ ਹੈ, ਅਤੇ ਉਸ ਨੂੰ 1989 ਵਿਚ ਯੂਨੈਸਕੋ ਦਾ ਸ਼ਾਂਤੀ ਲਈ ਸਿਖਲਾਈ ਦਾ ਇਨਾਮ ਮਿਲਿਆ ਸੀ। ਦ ਵੈਨਕੂਵਰ ਸੰਨ ਅਖ਼ਬਾਰ ਵਿਚ ਰਿਪੋਰਟ ਕੀਤਾ ਗਿਆ ਸੀ ਕਿ ਡਾਕਟਰ ਮੁਲਰ ਦਾ “ਦ੍ਰਿੜ੍ਹ ਵਿਸ਼ਵਾਸ ਹੈ ਕਿ ਪੂਰੇ ਸੰਸਾਰ ਦਿਆਂ ਸਿੱਖਿਆਰਥੀਆਂ ਨੂੰ ਧਰਤੀ, ਮਨੁੱਖਜਾਤੀ ਅਤੇ ਅਹਿੰਸਾ ਬਾਰੇ ਮੂਲ ਅਸਲੀਅਤਾਂ ਅਤੇ ਕਦਰਾਂ-ਕੀਮਤਾਂ ਸਿਖਲਾਈਆਂ ਜਾਣੀਆਂ ਚਾਹੀਦੀਆਂ ਹਨ।” ਉਹ ਉਸ ਦਿਨ ਦੀ ਕਲਪਨਾ ਕਰਦਾ ਹੈ ਜਦੋਂ ਸੰਸਾਰ-ਭਰ ਵਿਚ ਸਿਖਲਾਈ ਦੇਣ ਵਾਲੀਆਂ ਸਾਰੀਆਂ ਸੰਸਥਾਵਾਂ, ਬੱਚਿਆਂ ਨੂੰ ਸਿਖਾਉਣਗੀਆਂ ਕਿ ਯੂ. ਐੱਨ. ਹੀ ਸ਼ਾਂਤੀ ਦੀ ਸਭ ਤੋਂ ਵਧੀਆ ਉਮੀਦ ਹੈ। ਸੰਨ ਦੀ ਰਿਪੋਰਟ ਅਨੁਸਾਰ ਉਹ ਇਹ ਵੀ ਵਿਸ਼ਵਾਸ ਕਰਦਾ ਹੈ ਕਿ “ਸੰਸਾਰ ਦਿਆਂ ਸਾਰਿਆਂ ਧਰਮਾਂ ਨੂੰ ਯੂ. ਐੱਨ. ਵਰਗੇ ਇਕ ਨਵੇਂ ਸੰਗਠਨ ਦੇ ਮੈਂਬਰ ਬਣਨਾ ਚਾਹੀਦਾ ਹੈ ਜਿਸ ਦਾ ਨਾਂ ਸੰਯੁਕਤ ਧਰਮ ਰੱਖਿਆ ਜਾਣਾ ਚਾਹੀਦਾ ਹੈ।” ਤਦ “ਸਾਰੀ ਧਾਰਮਿਕ ਸਿੱਖਿਆ ਅਹਿੰਸਾ ਨੂੰ ਅੱਗੇ ਵਧਾਵੇਗੀ।”
ਕੀ ਸੰਸਾਰ-ਭਰ ਸ਼ਾਂਤੀ ਕਦੀ ਵੀ ਇਕ ਅਸਲੀਅਤ ਹੋਵੇਗੀ? ਜ਼ਰੂਰ ਹੋਵੇਗੀ! ਪਰ ਕਿਸੇ ਮਨੁੱਖੀ ਜ਼ਰੀਏ ਰਾਹੀਂ ਨਹੀਂ। ਕੁਝ 2,700 ਸਾਲ ਤੋਂ ਜ਼ਿਆਦਾ ਸਮੇਂ ਪਹਿਲਾਂ, ਇਕ ਪ੍ਰੇਰਿਤ ਲੇਖਕ ਨੇ ਸ਼ਾਂਤੀ ਵਾਸਤੇ ਸਿੱਖਿਆ ਦੇ ਉਸ ਉੱਚੇ ਸ੍ਰੋਤ ਦਾ ਸੰਕੇਤ ਕੀਤਾ ਜਦੋਂ ਉਸ ਨੇ ਭਵਿੱਖਬਾਣੀ ਕੀਤੀ ਕਿ ਨੇਕਦਿਲ ਇਨਸਾਨ “ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ” ਅਤੇ ਉਨ੍ਹਾਂ ਦੀ ਸ਼ਾਂਤੀ “ਬਹੁਤ” ਹੋਵੇਗੀ।—ਯਸਾਯਾਹ 54:13.
ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਸ਼ਾਂਤੀ ਦਾਤਾ” ਹੈ। (ਰੋਮੀਆਂ 16:20) ਹੁਣ ਵੀ ਸੰਸਾਰ-ਭਰ ਵਿਚ ਕਮਾਲ ਦਾ ਸਿਖਲਾਈ ਪ੍ਰੋਗ੍ਰਾਮ ਚਾਲੂ ਹੈ ਜਿਸ ਰਾਹੀਂ ਪਰਮੇਸ਼ੁਰ ਆਪਣੇ ਲੋਕਾਂ ਨੂੰ ‘ਸ਼ਾਂਤੀ ਦੀ ਖੋਜ ਕਰਨ ਅਤੇ ਇਸ ਵਾਸਤੇ ਕੋਸ਼ਿਸ਼ ਕਰਦੇ ਵੀ ਰਹਿਣ,’ ਅਤੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣ’ ਅਤੇ ‘ਲੜਾਈ ਨਾ ਸਿੱਖਣ’ ਦੀ ਸਿੱਖਿਆ ਦੇ ਰਿਹਾ ਹੈ।—1 ਪਤਰਸ 3:11, ਪਵਿੱਤਰ ਬਾਈਬਲ ਨਵਾਂ ਅਨੁਵਾਦ; ਯਸਾਯਾਹ 2:2-4.
ਪਰਮੇਸ਼ੁਰ ਦੁਆਰਾ ਪ੍ਰਵਾਨ ਕੀਤੀ ਜਾਂਦੀ ਉਪਾਸਨਾ ਸੱਚਾਈ ਉੱਤੇ ਆਧਾਰਿਤ ਹੈ, ਨਾਲੇ ਪਖੰਡ ਅਤੇ ਧੋਖੇਬਾਜ਼ੀ ਤੋਂ ਆਜ਼ਾਦ ਹੈ, ਅਤੇ ਪਰਮੇਸ਼ੁਰ ਉਸ ਨੂੰ ਬਰਕਤ ਦਿੰਦਾ ਹੈ। (ਮੱਤੀ 15:7-9; ਯੂਹੰਨਾ 4:23, 24) ਸੱਚੀ ਉਪਾਸਨਾ ਹੀ, ਜੋ ਪਰਮੇਸ਼ੁਰ ਦੇ ਬਚਨ ਨਾਲ ਪੂਰੀ ਤਰ੍ਹਾਂ ਇਕਸਾਰ ਹੈ, ਅਜਿਹੇ ਲੋਕ ਉਤਪੰਨ ਕਰ ਸਕਦੀ ਹੈ ਜੋ ਸ਼ਾਂਤੀ ਅਤੇ ਏਕਤਾ ਵਿਚ ਰਹਿੰਦੇ ਹਨ ਅਤੇ ਇਕ ਦੂਸਰੇ ਨਾਲ ਸੱਚਾ ਪਿਆਰ ਕਰਦੇ ਹਨ।—ਯੂਹੰਨਾ 13:35.
ਪਰਮੇਸ਼ੁਰ ਦੇ ਬਚਨ ਵਿੱਚੋਂ ਸੰਸਾਰ-ਭਰ ਦੀ ਸ਼ਾਂਤੀ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ, ਅਸੀਂ ਤੁਹਾਨੂੰ ਇਸ ਰਸਾਲੇ ਦੇ ਪ੍ਰਕਾਸ਼ਕਾਂ ਨਾਲ ਸੰਪਰਕ ਕਰਨ ਦਾ ਸੱਦਾ ਦਿੰਦੇ ਹਾਂ।