ਇਸਰਾਏਲ ਵਿਚ ਪਰਮੇਸ਼ੁਰ ਦਾ ਨਾਂ ਲਿਆ ਗਿਆ
ਸਦੀਆਂ ਤੋਂ ਰਵਾਇਤੀ ਯਹੂਦੀ ਧਰਮ ਨੇ ਆਪਣੇ ਪੈਰੋਕਾਰਾਂ ਨੂੰ ਪਰਮੇਸ਼ੁਰ ਦਾ ਨਾਂ, ਯਹੋਵਾਹ, ਲੈਣ ਤੋਂ ਸਖ਼ਤੀ ਨਾਲ ਵਰਜਿਆ ਹੈ। ਮਿਸ਼ਨਾ ਅਨੁਸਾਰ, ਜੋ ਵੀ ਕੋਈ ਪਰਮੇਸ਼ੁਰ ਦਾ ਨਾਂ ਲਵੇਗਾ, “ਆਉਣ ਵਾਲੇ ਸੰਸਾਰ ਵਿਚ ਉਸ ਦਾ ਕੋਈ ਹਿੱਸਾ ਨਹੀਂ ਹੋਵੇਗਾ।”—ਸੈਨਹੈਡਰਿਨ 10:1.a
ਇਸਰਾਏਲ ਦੇ ਸਾਬਕਾ ਮੁੱਖ ਰੱਬੀ, ਜੋ ਇਕ ਸਫ਼ਾਰਦੀ ਯਹੂਦੀ ਸੀ, ਨੇ 30 ਜਨਵਰੀ, 1995 ਨੂੰ ਜਾਣ-ਬੁੱਝ ਕੇ ਪਰਮੇਸ਼ੁਰ ਦਾ ਨਾਂ ਲਿਆ। ਉਸ ਨੇ ਇਹ ਨਾਂ ਇਕ ਤੀਕੂਨ ਪੜ੍ਹਦੇ ਸਮੇਂ ਲਿਆ, ਜੋ ਕਿ ਯਹੂਦੀ ਕਬਾਲਾ ਦੀ ਸੁਧਾਰ ਪ੍ਰਾਰਥਨਾ ਹੈ। ਇਹ ਪ੍ਰਾਰਥਨਾ ਇਸ ਲਈ ਕੀਤੀ ਜਾਂਦੀ ਹੈ ਤਾਂਕਿ ਪਰਮੇਸ਼ੁਰ ਬ੍ਰਹਿਮੰਡ ਵਿਚ ਕੁਝ ਹੱਦ ਤਕ ਸੰਤੁਲਨ ਨੂੰ ਮੁੜ ਕਾਇਮ ਕਰੇ, ਜੋ ਉਪਾਸਕਾਂ ਦੇ ਅਨੁਸਾਰ, ਬੁਰੀਆਂ ਤਾਕਤਾਂ ਕਰਕੇ ਵਿਗੜ ਗਿਆ ਹੈ। ਅਖ਼ਬਾਰ ਯੇਦੀਓਤ ਅਹਾਰੋਨੋਤ ਦੇ 6 ਫਰਵਰੀ, 1995 ਦੇ ਅੰਕ ਨੇ ਕਿਹਾ: “ਇਸ ਪ੍ਰਾਰਥਨਾ ਦੀ ਰੀਤ ਵਿਚ ਇੰਨੀ ਤਾਕਤ ਹੈ ਕਿ ਇਸ ਪ੍ਰਾਰਥਨਾ ਦੇ ਸ਼ਬਦ ਸਿਰਫ਼ ਇਕ ਖ਼ਾਸ ਪੁਸਤਕ ਵਿਚ ਹੀ ਪਾਏ ਜਾਂਦੇ ਹਨ ਅਤੇ ਇਹ ਪੁਸਤਕ ਆਮ ਲੋਕਾਂ ਨੂੰ ਨਹੀਂ ਵੇਚੀ ਜਾਂਦੀ ਹੈ।” ਇਹ ਮੰਨਿਆ ਜਾਂਦਾ ਹੈ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦੇ ਨਾਂ ਨੂੰ ਜਪਣ ਨਾਲ ਇਹ ਪ੍ਰਾਰਥਨਾ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ।
ਇਹ ਧਿਆਨ ਦੇਣ ਯੋਗ ਗੱਲ ਹੈ ਕਿ ਬਾਈਬਲ ਪਰਮੇਸ਼ੁਰ ਦੇ ਸੇਵਕਾਂ ਨੂੰ ਪਰਮੇਸ਼ੁਰ ਦਾ ਨਾਂ, ਯਹੋਵਾਹ, ਇਸਤੇਮਾਲ ਕਰਨ ਲਈ ਕਹਿੰਦੀ ਹੈ। (ਕੂਚ 3:15; ਕਹਾਉਤਾਂ 18:10; ਯਸਾਯਾਹ 12:4; ਸਫ਼ਨਯਾਹ 3:9) ਬਾਈਬਲ ਦੇ ਇਬਰਾਨੀ ਮੂਲ-ਪਾਠ ਵਿਚ ਇਹ ਨਾਂ ਲਗਭਗ 7,000 ਵਾਰ ਆਉਂਦਾ ਹੈ। ਪਰ ਬਾਈਬਲ ਸਾਨੂੰ ਪਰਮੇਸ਼ੁਰ ਦੇ ਨਾਂ ਦੀ ਦੁਰਵਰਤੋਂ ਕਰਨ ਤੋਂ ਚੇਤਾਵਨੀ ਦਿੰਦੀ ਹੈ। ਦਸਾਂ ਹੁਕਮਾਂ ਵਿੱਚੋਂ ਤੀਸਰਾ ਹੁਕਮ ਇਸ ਤਰ੍ਹਾਂ ਕਹਿੰਦਾ ਹੈ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।” (ਕੂਚ 20:7) ਪਰਮੇਸ਼ੁਰ ਦਾ ਨਾਂ ਕਿਵੇਂ ਵਿਅਰਥ ਲਿਆ ਜਾ ਸਕਦਾ ਹੈ? ਯਹੂਦੀ ਪ੍ਰਕਾਸ਼ਨ ਸੋਸਾਇਟੀ ਵੱਲੋਂ ਕੀਤੀ ਗਈ ਵਿਆਖਿਆ ਕਹਿੰਦੀ ਹੈ ਕਿ ‘ਵਿਅਰਥ ਲੈਣਾ’ ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਸਿਰਫ਼ “ਫ਼ਜ਼ੂਲ ਵਿਚ” ਨਾਂ ਲੈਣਾ ਹੀ ਨਹੀਂ ਸਗੋਂ “ਬੇਲੋੜੀ ਅਰਦਾਸ ਕਰਨਾ ਵੀ ਸ਼ਾਮਲ ਹੋ ਸਕਦਾ ਹੈ।”
ਤਾਂ ਫਿਰ, ਸਾਨੂੰ ਕਬਾਲਾ ਦੀ ਤੀਕੂਨ ਨਾਮਕ ਸੁਧਾਰ ਪ੍ਰਾਰਥਨਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਇਸ ਦੀ ਸ਼ੁਰੂਆਤ ਕਿੱਥੋਂ ਹੋਈ? 12ਵੀਂ ਅਤੇ 13ਵੀਂ ਸਦੀ ਸਾ.ਯੁ. ਵਿਚ, ਯਹੂਦੀ ਧਰਮ ਦਾ ਇਕ ਰਹੱਸਮਈ ਰੂਪ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ, ਜਿਸ ਨੂੰ ਕਬਾਲਾ ਕਿਹਾ ਜਾਂਦਾ ਸੀ। 16ਵੀਂ ਸਦੀ ਵਿਚ, ਇਸਹਾਕ ਲੂਰੀਆ ਨਾਂ ਦੇ ਇਕ ਰੱਬੀ ਨੇ ਕਬਾਲਾ ਦੀ ਪ੍ਰਾਰਥਨਾ ਦੀ ਰੀਤ ਵਿਚ “ਤੀਕੂਨੀਮ” ਦੀ ਸ਼ੁਰੂਆਤ ਕੀਤੀ। ਪਰਮੇਸ਼ੁਰ ਦੇ ਨਾਂ ਨੂੰ ਇਕ ਰਹੱਸਮਈ ਮੰਤਰ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਸੀ, ਜਿਸ ਵਿਚ ਉਨ੍ਹਾਂ ਦੀ ਸੋਚ ਮੁਤਾਬਕ ਬਹੁਤ ਸ਼ਕਤੀ ਸੀ ਤੇ ਇਹ ਕਬਾਲਾ ਦੀ ਇਕ ਰੀਤ ਬਣ ਗਈ। ਕੀ ਤੁਸੀਂ ਸੋਚਦੇ ਹੋ ਕਿ ਇਹ ਪਰਮੇਸ਼ੁਰ ਦੇ ਨਾਂ ਦਾ ਉਚਿਤ ਪ੍ਰਯੋਗ ਹੈ?—ਬਿਵਸਥਾ ਸਾਰ 18:10-12.
ਇਸ ਸਵਾਲ ਦਾ ਜਵਾਬ ਤੁਸੀਂ ਭਾਵੇਂ ਹਾਂ ਵਿਚ ਦਿਓ ਜਾਂ ਨਾ ਵਿਚ, ਪਰ ਤੁਸੀਂ ਸਹਿਮਤ ਹੋਵੋਗੇ ਕਿ ਆਧੁਨਿਕ ਦਿਨ ਦੇ ਇਸਰਾਏਲ ਵਿਚ ਪਰਮੇਸ਼ੁਰ ਦੇ ਨਾਂ ਨੂੰ ਖੁੱਲ੍ਹੇ-ਆਮ ਲੈਣਾ ਇਕ ਬਹੁਤ ਹੀ ਵਿਲੱਖਣ ਜਿਹੀ ਘਟਨਾ ਸੀ। ਪਰੰਤੂ ਪਰਮੇਸ਼ੁਰ ਨੇ ਖ਼ੁਦ ਪਹਿਲਾਂ ਹੀ ਦੱਸਿਆ ਸੀ: “ਅਤੇ ਓਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ। ਯਹੋਵਾਹ ਨੂੰ ਗਾਓ, ਉਸ ਨੇ ਸ਼ਾਨਦਾਰ ਕੰਮ ਜੋ ਕੀਤੇ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।”—ਯਸਾਯਾਹ 12:4, 5.
ਖ਼ੁਸ਼ੀ ਦੀ ਗੱਲ ਹੈ ਕਿ ਇਸਰਾਏਲ ਵਿਚ ਅਤੇ ਇਸੇ ਤਰ੍ਹਾਂ ਸੰਸਾਰ ਭਰ ਦੇ 230 ਤੋਂ ਜ਼ਿਆਦਾ ਦੇਸ਼ਾਂ ਵਿਚ, ਯਹੋਵਾਹ ਦੇ ਗਵਾਹ ਆਪਣੇ ਗੁਆਂਢੀਆਂ ਨੂੰ ਯਹੋਵਾਹ ਬਾਰੇ ਸਹੀ ਗਿਆਨ ਦੇਣ ਦਾ ਹਰ ਸੰਭਵ ਜਤਨ ਕਰ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਲੋਕ ਜ਼ਬੂਰ 91:14 ਵਰਗੇ ਸ਼ਾਸਤਰਵਚਨਾਂ ਦੇ ਅਰਥਾਂ ਦੀ ਕਦਰ ਕਰਨਗੇ, ਜਿੱਥੇ ਲਿਖਿਆ ਹੈ: “ਉਸ ਨੇ ਤਾਂ ਮੇਰੇ ਨਾਲ [ਯਹੋਵਾਹ ਨਾਲ] ਪ੍ਰੀਤ ਲਾਈ ਹੈ, ਸੋ ਮੈਂ ਉਹ ਨੂੰ ਛੁਡਾਵਾਂਗਾ, ਮੈਂ ਉਹ ਨੂੰ ਉੱਚਾ ਕਰਾਂਗਾ, ਉਹ ਨੇ ਮੇਰਾ ਨਾਮ ਜੋ ਜਾਤਾ ਹੈ।”
[ਫੁਟਨੋਟ]
a ਮਿਸ਼ਨਾ, ਪਰਮੇਸ਼ੁਰ ਦੀ ਬਿਵਸਥਾ ਉੱਤੇ ਕੀਤੀਆਂ ਗਈਆਂ ਵਿਆਖਿਆਵਾਂ ਦਾ ਇਕ ਸੰਗ੍ਰਹਿ ਹੈ। ਇਹ ਤਾਨਾਈਮ (ਸਿੱਖਿਅਕ) ਕਹਿਲਾਉਣ ਵਾਲੇ ਰੱਬੀਆਂ ਦੁਆਰਾ ਕੀਤੀ ਗਈ ਵਿਆਖਿਆ ਉੱਤੇ ਆਧਾਰਿਤ ਹੈ। ਇਸ ਨੂੰ ਦੂਜੀ ਸਦੀ ਸਾ.ਯੁ. ਦੇ ਅੰਤ ਅਤੇ ਤੀਸਰੀ ਸਦੀ ਦੇ ਸ਼ੁਰੂਆਤ ਵਿਚ ਲਿਖਤੀ ਰੂਪ ਦਿੱਤਾ ਗਿਆ।
[ਸਫ਼ੇ 28 ਉੱਤੇ ਤਸਵੀਰ]
ਇੱਥੇ ਨਗੇਬ ਵਿਚ ਯਹੋਵਾਹ ਦੇ ਲੋਕ ਉਸ ਦੇ ਨਾਂ ਬਾਰੇ ਅਤੇ ਬਚਨ ਬਾਰੇ ਦੂਜਿਆਂ ਨੂੰ ਦੱਸਦੇ ਹਨ
[ਸਫ਼ੇ 29 ਉੱਤੇ ਤਸਵੀਰ]
ਪੋਸਟਰ ਵਿਚ ਪਰਮੇਸ਼ੁਰ ਦਾ ਨਾਂ ਦਿਖਾਇਆ ਗਿਆ ਹੈ