ਤੁਸੀਂ ਭਵਿੱਖ ਬਾਰੇ ਜਾਣ ਸਕਦੇ ਹੋ!
ਕਾਫ਼ੀ ਲੋਕ ਭਵਿੱਖ ਬਾਰੇ ਡੂੰਘੀਆਂ ਸੋਚਾਂ ਸੋਚਦੇ ਹਨ। ਉਹ ਸਮਝਦਾਰੀ ਨਾਲ ਯੋਜਨਾਵਾਂ ਬਣਾਉਂਦੇ ਹਨ ਅਤੇ ਪੈਸੇ ਵੀ ਜੋੜਦੇ ਹਨ ਤਾਂਕਿ ਆਉਣ ਵਾਲੇ ਸਮੇਂ ਵਿਚ ਉਹ ਸੁਰੱਖਿਅਤ ਮਹਿਸੂਸ ਕਰਨਗੇ। ਪਰ ਕੀ ਭਲਕੇ ਹੋਣ ਵਾਲੀਆਂ ਘਟਨਾਵਾਂ ਬਾਰੇ ਪੱਕੀ ਤਰ੍ਹਾਂ ਜਾਣਨ ਦਾ ਕੋਈ ਤਰੀਕਾ ਹੈ?
ਭਵਿੱਖ ਬਾਰੇ ਪਤਾ ਕਰਨ ਲਈ ਮਨੁੱਖਾਂ ਨੇ ਅਨੇਕ ਤਜਰਬੇ ਕੀਤੇ ਹਨ। ਅੱਜ-ਕੱਲ੍ਹ ਦੇ ਸਮਾਜਕ ਰੁਝਾਨਾਂ ਦੀ ਜਾਂਚ ਕਰਨ ਵਾਲੇ ਬੰਦੇ ਇਨ੍ਹਾਂ ਤਜਰਬਿਆਂ ਦੇ ਆਧਾਰ ਤੇ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਕੀ ਕੁਝ ਹੋਵੇਗਾ। ਅਰਥਵਿਗਿਆਨੀ ਵੀ ਆਪਣੇ ਖੇਤਰ ਵਿਚ ਅਜਿਹੇ ਢੰਗ ਵਰਤਦੇ ਹਨ। ਜੋਤਸ਼ੀ ਜਨਮ-ਪੱਤਰੀਆਂ ਪੜ੍ਹਦੇ ਹਨ, ਅਤੇ ਜਾਦੂ-ਟੂਣੇ ਕਰਦੇ ਹਨ, ਅਤੇ ਕਾਫ਼ੀ ਲੋਕ ਉਨ੍ਹਾਂ ਤੋਂ ਪੁੱਛਾਂ ਪੁਆਉਂਦੇ ਹਨ। ਮਿਸਾਲ ਲਈ, ਨੋਸਟ੍ਰਾਡਾਮੁਸ ਨਾਂ ਦਾ ਫਰਾਂਸੀਸੀ ਜੋਤਸ਼ੀ ਹਾਲੇ ਵੀ ਆਪਣੀਆਂ ਭਵਿੱਖਬਾਣੀਆਂ ਲਈ ਪ੍ਰਸਿੱਧ ਹੈ ਭਾਵੇਂ ਕਿ ਉਹ ਕਈ ਸਦੀਆਂ ਪਹਿਲਾਂ ਗੁਜ਼ਰ ਚੁੱਕਾ ਹੈ।
ਇਨ੍ਹਾਂ ਸਾਰਿਆਂ ਅਖਾਉਤੀ ਜੋਤਸ਼ੀਆਂ ਜਾਂ ਅਗੰਮ ਗਿਆਨੀਆਂ ਵਿੱਚੋਂ ਕੋਈ ਵੀ ਭਰੋਸੇਯੋਗ ਨਹੀਂ ਸਾਬਤ ਹੋਇਆ ਹੈ ਅਤੇ ਇਨ੍ਹਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਕਿਉਂ? ਕਿਉਂਕਿ ਉਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਬਚਨ, ਬਾਈਬਲ, ਵੱਲ ਕੋਈ ਧਿਆਨ ਨਹੀਂ ਦਿੰਦੇ। ਇਸ ਕਰਕੇ ਉਹ ਅਜਿਹੇ ਮੂਲ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਹਨ ਜਿਵੇਂ ਕਿ ‘ਮੈਨੂੰ ਕਿਵੇਂ ਪੂਰਾ ਭਰੋਸਾ ਹੋ ਸਕਦਾ ਹੈ ਕਿ ਬਾਈਬਲ ਵਿਚ ਪਹਿਲਾਂ ਦੱਸੀਆਂ ਗਈਆਂ ਗੱਲਾਂ ਜ਼ਰੂਰ ਪੂਰੀਆਂ ਹੋਣਗੀਆਂ? ਮਨੁੱਖਾਂ ਲਈ ਪਰਮੇਸ਼ੁਰ ਦੇ ਮਕਸਦ ਨਾਲ ਇਹ ਗੱਲਾਂ ਕਿਵੇਂ ਢੁਕਦੀਆਂ ਹਨ? ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨ੍ਹਾਂ ਭਵਿੱਖਬਾਣੀਆਂ ਤੋਂ ਕੀ ਲਾਭ ਮਿਲ ਸਕਦਾ ਹੈ?’ ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ।
ਬਾਈਬਲ ਦੀ ਭਵਿੱਖਬਾਣੀ ਹੋਰਨਾਂ ਤਰੀਕਿਆਂ ਵਿਚ ਵੀ ਬਿਹਤਰ ਹੈ। ਇਹ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਨਾਲੋਂ ਵੱਖਰੀ ਹੈ। ਉਹ ਸਭ ਕੁਝ ਕਿਸਮਤ ਦੇ ਹੱਥ ਵਿਚ ਨਹੀਂ ਛੱਡਦੀ, ਪਰ ਵਿਅਕਤੀਆਂ ਨੂੰ ਖ਼ੁਦ ਫ਼ੈਸਲੇ ਕਰਨ ਦਿੰਦੀ ਹੈ। (ਬਿਵਸਥਾ ਸਾਰ 30:19) ਨੋਸਟ੍ਰਾਡਾਮੁਸ ਦੀਆਂ ਲਿਖਤਾਂ ਵਿਚ ਕੋਈ ਨੈਤਿਕ ਗੱਲਾਂ ਨਹੀਂ ਪਾਈਆਂ ਜਾਂਦੀਆਂ ਹਨ। ਇਹ ਘਾਟ ਪੂਰੀ ਕਰਨ ਲਈ ਇਨ੍ਹਾਂ ਲਿਖਤਾਂ ਵਿਚ ਭੇਤ ਪਾਏ ਜਾਂਦੇ ਹਨ ਅਤੇ ਉਹ ਵੀ ਵਧਾ-ਚੜ੍ਹਾ ਕੇ ਦੱਸੇ ਗਏ ਹਨ। ਪਰ ਬਾਈਬਲ ਦੀ ਭਵਿੱਖਬਾਣੀ ਦਾ ਨੈਤਿਕ ਆਧਾਰ ਮਜ਼ਬੂਤ ਹੈ। ਉਹ ਸਮਝਾਉਂਦੀ ਹੈ ਕਿ ਰੱਬ ਨੇ ਆਪਣਾ ਮਕਸਦ ਕਿਉਂ ਪੂਰਾ ਕਰਨਾ ਹੈ। (2 ਇਤਹਾਸ 36:15) ਅਤੇ ਯਹੋਵਾਹ ਦੀਆਂ ਭਵਿੱਖਬਾਣੀਆਂ ਕਦੇ ਵੀ ਅਸਫ਼ਲ ਨਹੀਂ ਹੁੰਦੀਆਂ ਕਿਉਂਕਿ “ਪਰਮੇਸ਼ੁਰ . . . ਝੂਠ ਬੋਲ ਨਹੀਂ ਸੱਕਦਾ।” (ਤੀਤੁਸ 1:2) ਇਸ ਲਈ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਉੱਤੇ ਚੱਲਣ ਵਾਲਿਆਂ ਵਿਅਕਤੀਆਂ ਕੋਲ ਗਿਆਨ ਹੁੰਦਾ ਹੈ, ਉਨ੍ਹਾਂ ਦੇ ਜੀਵਨ ਮਕਸਦ-ਭਰੇ ਹੁੰਦੇ ਹਨ, ਅਤੇ ਉਹ ਖ਼ੁਸ਼ ਹੁੰਦੇ ਹਨ। ਉਹ ਆਪਣੇ ਕੀਮਤੀ ਸਮੇਂ ਨੂੰ ਬਰਬਾਦ ਨਹੀਂ ਕਰਦੇ ਅਤੇ ਨਾ ਹੀ ਆਪਣੇ ਪੈਸੇ ਦਾ ਫਜ਼ੂਲ ਖ਼ਰਚ ਕਰਦੇ ਹਨ।—ਜ਼ਬੂਰ 25:12, 13.
ਯਹੋਵਾਹ ਦੇ ਗਵਾਹਾਂ ਦੇ 1999/2000 ਦੇ “ਪਰਮੇਸ਼ੁਰ ਦਾ ਅਗੰਮ ਵਾਕ” ਜ਼ਿਲ੍ਹਾ ਮਹਾਂ-ਸੰਮੇਲਨਾਂ ਤੇ ਇਨ੍ਹਾਂ ਅਤੇ ਹੋਰਨਾਂ ਕਈ ਨੁਕਤਿਆਂ ਦੀ ਚਰਚਾ ਕੀਤੀ ਗਈ ਸੀ। ਇਹ ਸੰਮੇਲਨ ਸੰਸਾਰ ਭਰ ਪੇਸ਼ ਕੀਤੇ ਗਏ ਸਨ। ਭਾਸ਼ਣਾਂ, ਇੰਟਰਵਿਊਆਂ, ਪੇਸ਼ਕਾਰੀਆਂ, ਅਤੇ ਬਾਈਬਲ ਦੇ ਇਕ ਡਰਾਮੇ ਦੁਆਰਾ ਹਾਜ਼ਰੀਨ ਦਾ ਧਿਆਨ ਉਨ੍ਹਾਂ ਦੀ ਵਧੀਆ ਵਿਰਾਸਤ ਵੱਲ ਖਿੱਚਿਆ ਗਿਆ ਸੀ। ਪਰਮੇਸ਼ੁਰ ਦੇ ਅਗੰਮ ਵਾਕ ਦਾ ਅਧਿਐਨ ਕਰ ਕੇ ਉਸ ਨੂੰ ਲਾਗੂ ਕਰਨ ਵਾਲੇ ਵਿਅਕਤੀ ਇਸ ਵਿਰਾਸਤ ਦਾ ਆਨੰਦ ਮਾਣਦੇ ਹਨ। ਅਗਲੇ ਲੇਖ ਵਿਚ ਮਹਾਂ-ਸੰਮੇਲਨ ਦੀਆਂ ਖ਼ਾਸ ਦਿਲਚਸਪ ਗੱਲਾਂ ਬਾਰੇ ਦੱਸਿਆ ਜਾਵੇਗਾ।