ਇਕ ਖ਼ਾਸ ਮੌਕਾ ਕੀ ਤੁਸੀਂ ਉੱਥੇ ਹੋਵੋਗੇ?
ਅੱਜ ਤੋਂ 3,500 ਸਾਲ ਪਹਿਲਾਂ, ਯਹੋਵਾਹ ਪਰਮੇਸ਼ੁਰ ਨੇ ਮਿਸਰ ਵਿਚ ਗ਼ੁਲਾਮ ਹਰੇਕ ਇਸਰਾਏਲੀ ਘਰਾਣੇ ਨੂੰ ਇਕ ਲੇਲਾ ਜਾਂ ਇਕ ਬੱਕਰੀ ਕੱਟ ਕੇ ਉਸ ਦਾ ਲਹੂ ਆਪਣੇ ਘਰਾਂ ਦੀਆਂ ਚੁਗਾਠਾਂ ਤੇ ਲਾਉਣ ਦਾ ਹੁਕਮ ਦਿੱਤਾ ਸੀ। ਇਹ ਇਕ ਯਾਦਗਾਰੀ ਦਿਨ ਸੀ। ਉਸੇ ਰਾਤ, ਪਰਮੇਸ਼ੁਰ ਦਾ ਦੂਤ ਨਿਸ਼ਾਨ ਲਾਏ ਹੋਏ ਘਰਾਂ ਦੇ ਉੱਤੋਂ ਦੀ ਲੰਘ ਗਿਆ, ਪਰ ਉਸ ਨੇ ਮਿਸਰੀਆਂ ਦੇ ਸਾਰੇ ਘਰਾਂ ਦੇ ਪਲੌਠੇ ਪੁੱਤਰਾਂ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਇਸਰਾਏਲੀ ਮਿਸਰ ਤੋਂ ਆਜ਼ਾਦ ਹੋ ਗਏ। ਇਸੇ ਘਟਨਾ ਦੀ ਯਾਦ ਵਿਚ ਯਹੂਦੀ ਲੋਕ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਂਦੇ ਹਨ।
ਆਪਣੇ ਚੇਲਿਆਂ ਨਾਲ ਆਖ਼ਰੀ ਪਸਾਹ ਦਾ ਤਿਉਹਾਰ ਮਨਾਉਣ ਤੋਂ ਬਾਅਦ, ਯਿਸੂ ਮਸੀਹ ਨੇ ਇਕ ਅਜਿਹਾ ਸਮਾਰਕ ਮਨਾਉਣ ਦੀ ਸ਼ੁਰੂਆਤ ਕੀਤੀ ਜੋ ਉਸ ਦੀ ਬਲੀਦਾਨ-ਰੂਪੀ ਮੌਤ ਦੀ ਯਾਦ ਦਿਲਾਉਂਦਾ। ਉਸ ਨੇ ਆਪਣੇ ਚੇਲਿਆਂ ਨੂੰ ਪਤੀਰੀ ਰੋਟੀ ਦਿੰਦੇ ਹੋਏ ਕਿਹਾ: “ਲਓ ਖਾਓ, ਇਹ ਮੇਰਾ ਸਰੀਰ ਹੈ।” ਫਿਰ ਉਸ ਨੇ ਦਾਖ-ਰਸ ਦਾ ਪਿਆਲਾ ਦੇ ਕੇ ਉਨ੍ਹਾਂ ਨੂੰ ਕਿਹਾ: “ਤੁਸੀਂ ਸਾਰੇ ਇਸ ਵਿੱਚੋਂ ਪੀਓ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।” ਯਿਸੂ ਨੇ ਇਹ ਵੀ ਕਿਹਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਮੱਤੀ 26:26-28; ਲੂਕਾ 22:19, 20) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦਾ ਇਹ ਸਮਾਰੋਹ ਮਨਾਉਣ ਦਾ ਹੁਕਮ ਦਿੱਤਾ।
ਇਸ ਸਾਲ ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਬੁੱਧਵਾਰ, 19 ਅਪ੍ਰੈਲ ਨੂੰ ਸੂਰਜ ਡੁੱਬਣ ਤੋਂ ਬਾਅਦ ਮਨਾਈ ਜਾਵੇਗੀ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਸ ਖ਼ਾਸ ਰਾਤ ਨੂੰ ਇਕੱਠੇ ਹੋਣਗੇ, ਤਾਂਕਿ ਉਹ ਯਿਸੂ ਦੇ ਦੱਸੇ ਗਏ ਤਰੀਕੇ ਮੁਤਾਬਕ ਇਸ ਸਮਾਰਕ ਨੂੰ ਮਨਾਉਣ। ਸਾਡੇ ਨਾਲ ਇਹ ਸਮਾਰਕ ਮਨਾਉਣ ਲਈ ਤੁਹਾਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਕਿਰਪਾ ਕਰ ਕੇ ਇਸ ਖ਼ਾਸ ਸਭਾ ਦੇ ਸਹੀ ਸਮੇਂ ਅਤੇ ਜਗ੍ਹਾ ਬਾਰੇ ਜਿੱਥੇ ਤੁਸੀਂ ਰਹਿੰਦੇ ਹੋ, ਉੱਥੋਂ ਦੇ ਯਹੋਵਾਹ ਦੇ ਗਵਾਹਾਂ ਤੋਂ ਪਤਾ ਕਰੋ।