“ਇਸ ਕੰਮ ਤੋਂ ਸਾਰਿਆਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ”
ਦੱਖਣੀ ਸ਼ਾਂਤ ਮਹਾਂਸਾਗਰ ਵਿਚ ਟੂਵਾਲੂ ਦਾ ਮੁਲਕ ਹੈ ਜੋ ਨੌਂ ਟਾਪੂਆਂ ਦਾ ਸਮੂਹ ਦਾ ਬਣਿਆ ਹੋਇਆ ਹੈ ਉਸ ਦੀ ਆਬਾਦੀ ਲਗਭਗ 10,500 ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” ਇਸ ਕਰਕੇ ਟੂਵਾਲੂ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ, ਆਪਣੀ ਭਾਸ਼ਾ ਵਿਚ ਬਾਈਬਲ ਪ੍ਰਕਾਸ਼ਨ ਚਾਹੁੰਦੇ ਸਨ। (1 ਤਿਮੋਥਿਉਸ 2:4) ਟੂਵਾਲੂ ਭਾਸ਼ਾ ਵਿਚ ਕੋਈ ਸ਼ਬਦ-ਕੋਸ਼ ਨਾ ਹੋਣ ਕਰਕੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਨਾ ਔਖਾ ਸੀ। ਟੂਵਾਲੂ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਮਿਸ਼ਨਰੀ ਰਹਿੰਦਾ ਸੀ। ਉਸ ਨੇ 1979 ਵਿਚ ਇਸ ਕੰਮ ਨੂੰ ਆਪਣੇ ਜ਼ਿੰਮੇ ਲੈ ਲਿਆ। ਇਹ ਮਿਸ਼ਨਰੀ ਅਤੇ ਉਸ ਦੀ ਪਤਨੀ ਉੱਥੇ ਦੇ ਇਕ ਪਰਿਵਾਰ ਨਾਲ ਰਹੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਟੂਵਾਲੂ ਭਾਸ਼ਾ ਸਿੱਖ ਲਈ। ਫਿਰ ਹੌਲੀ-ਹੌਲੀ ਉਨ੍ਹਾਂ ਨੇ ਟੂਵਾਲੂ ਭਾਸ਼ਾ ਦੇ ਸ਼ਬਦਾਂ ਦੀ ਲਿਸਟ ਬਣਾਈ। ਸਾਲ 1984 ਵਿਚ ਟੂਵਾਲੂ ਭਾਸ਼ਾ ਵਿਚ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੁਸਤਕ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਸੀ।
ਟੂਵਾਲੂ ਮੁਲਕ ਦੇ ਸਾਬਕਾ ਮੰਤਰੀ ਡਾਕਟਰ ਟੀ. ਪੁਆਪੁਆ ਨੇ ਚਿੱਠੀ ਲਿਖ ਕੇ ਇਸ ਪੁਸਤਕ ਲਈ ਆਪਣੀ ਕਦਰ ਦਿਖਾਈ। ਉਸ ਨੇ ਲਿਖਿਆ: “ਇਹ ਨਵੀਂ ਪੁਸਤਕ ਟੂਵਾਲੂ ਦੀਆਂ ਖੂਬੀਆਂ ਨੂੰ ਹੋਰ ਵੀ ਵਧਾਵੇਗਾ। ਤੁਹਾਨੂੰ ਬਹੁਤ ਖ਼ੁਸ਼ੀ ਹੋਈ ਹੋਣੀ ਹੈ ਕਿ ਤੁਸੀਂ ਇਹ ਕੰਮ ਕੀਤਾ ਅਤੇ ਖ਼ਾਸ ਕਰਕੇ ਇਸ ਦੇਸ਼ ਦੇ ਲੋਕਾਂ ਦੀ ਰੂਹਾਨੀ ਤੌਰ ਤੇ ਮਦਦ ਕੀਤੀ ਹੈ। ਮੈਨੂੰ ਯਕੀਨ ਹੈ ਕਿ ਪੜ੍ਹਾਈ-ਲਿਖਾਈ ਦੀਆਂ ਪਾਠ-ਪੁਸਤਕਾਂ ਛਾਪਣ ਦੇ ਸੰਬੰਧ ਵਿਚ, ਤੁਹਾਡੀ ਕਾਮਯਾਬੀ ਟੂਵਾਲੂ ਦੇ ਇਤਿਹਾਸ ਵਿਚ ਲਿਖੀ ਜਾਵੇਗੀ। ਇਸ ਕੰਮ ਤੋਂ ਸਾਰਿਆਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ।”
ਸਾਲ 1993 ਵਿਚ ਟੂਵਾਲੂ-ਅੰਗ੍ਰੇਜ਼ੀ ਸ਼ਬਦ-ਕੋਸ਼ ਛਾਪਿਆ ਗਿਆ। ਇਹ ਸ਼ਬਦ-ਕੋਸ਼ ਉਸੇ ਲਿਸਟ ਤੋਂ ਬਣਾਇਆ ਗਿਆ ਸੀ ਜੋ ਅਨੁਵਾਦਕ ਨੇ ਪਹਿਲਾਂ ਬਣਾਇਆ ਸੀ। ਇਹ ਆਮ ਲੋਕਾਂ ਦੀ ਵਰਤੋਂ ਲਈ ਸਭ ਤੋਂ ਪਹਿਲਾ ਸ਼ਬਦ-ਕੋਸ਼ ਸੀ। ਹਾਲ ਹੀ ਵਿਚ, ਟੂਵਾਲੂ ਦੇ ਰਾਸ਼ਟਰੀ ਭਾਸ਼ਾ ਬੋਰਡ ਨੇ ਇਸ ਸ਼ਬਦ-ਕੋਸ਼ ਨੂੰ ਵਰਤਣ ਦੀ ਇਜਾਜ਼ਤ ਮੰਗੀ ਤਾਂਕਿ ਉਹ ਟੂਵਾਲੂ ਭਾਸ਼ਾ ਵਿਚ ਆਪਣਾ ਪਹਿਲਾ ਸ਼ਬਦ-ਕੋਸ਼ ਬਣਾ ਸਕਣ।
ਪਹਿਲੀ ਜਨਵਰੀ 1989 ਤੋਂ ਲੈ ਕੇ ਟੂਵਾਲੂ ਵਿਚ ਹਰ ਮਹੀਨੇ ਪਹਿਰਾਬੁਰਜ ਰਸਾਲਾ ਛਾਪਿਆ ਜਾਂਦਾ ਹੈ। ਕਿਉਂ ਨਾ ਇਸ ਕਾਪੀ ਦੇ ਦੂਜੇ ਸਫ਼ੇ ਤੇ ਦੇਖੋ ਕਿ ਪਹਿਰਾਬੁਰਜ ਰਸਾਲਾ ਤੁਹਾਡੀ ਮਾਂ-ਬੋਲੀ ਵਿਚ ਛਾਪਿਆ ਜਾਂਦਾ ਹੈ ਕਿ ਨਹੀਂ। ਤੁਸੀਂ ਇਸ ਰਸਾਲੇ ਨੂੰ ਆਪਣੀ ਮਾਂ-ਬੋਲੀ ਵਿਚ ਪੜ੍ਹ ਕੇ ਹੋਰ ਵੀ ਆਨੰਦ ਮਾਣੋਗੇ।