ਸ਼ੁਕਰਗੁਜ਼ਾਰ ਹੋਵੋ ਅਤੇ ਖ਼ੁਸ਼ ਰਹੋ
“ਸ਼ੁਕਰਗੁਜ਼ਾਰੀ ਦੀ ਭਾਵਨਾ ਇਕ ਬੁਨਿਆਦੀ ਮਨੁੱਖੀ ਤਜਰਬਾ ਹੈ,” ਕੈਨੇਡਾ ਦੀ ਇਕ ਅਖ਼ਬਾਰ ਕੈਲਗਰੀ ਹੈਰਲਡ ਨੇ ਕਿਹਾ। ਹੈਰਲਡ ਨੇ ਇਕ ਐਲੀਮੈਂਟਰੀ ਸਕੂਲ ਦੇ ਨੌਂ ਸਾਲ ਦੀ ਉਮਰ ਦੇ ਵਿਦਿਆਰਥੀਆਂ ਦੇ ਹਵਾਲੇ ਦਿੱਤੇ। ਉਨ੍ਹਾਂ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਲਿਖਣ ਲਈ ਕਿਹਾ ਜਿਨ੍ਹਾਂ ਲਈ ਉਹ ਸ਼ੁਕਰਗੁਜ਼ਾਰ ਸਨ। ਇਕ ਬੱਚੇ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਸ਼ੁਕਰਗੁਜ਼ਾਰ ਸੀ ‘ਕਿਉਂਕਿ ਉਨ੍ਹਾਂ ਨੇ ਉਸ ਦੀ ਦੇਖ-ਭਾਲ ਕੀਤੀ।’ ਇਕ ਛੋਟੀ ਕੁੜੀ ਨੇ ਵੀ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ: “ਉਹ ਮੈਨੂੰ ਮਹਿਫੂਜ਼ ਤੇ ਸਿਹਤਮੰਦ ਰੱਖਦੇ ਹਨ, ਮੇਰੀ ਦੇਖ-ਭਾਲ ਕਰਦੇ ਹਨ, ਮੈਨੂੰ ਪਿਆਰ ਕਰਦੇ ਹਨ, ਖਾਣਾ ਖਿਲਾਉਂਦੇ ਹਨ। ਜੇ ਮੇਰੇ ਮਾਪੇ ਨਾ ਹੁੰਦੇ, ਤਾਂ ਮੈਂ ਪੈਦਾ ਹੀ ਨਾ ਹੁੰਦੀ।”
ਇਕ ਨਾਸ਼ੁਕਰਾ ਵਿਅਕਤੀ ਕਦੀ ਖ਼ੁਸ਼ ਨਹੀਂ ਹੁੰਦਾ। ਇਕ ਫ਼ਿਲਾਸਫ਼ਰ ਤੇ ਧਰਮ-ਸ਼ਾਸਤਰੀ ਜੇ. ਆਈ. ਪੈਕਰ ਮੁਤਾਬਕ “ਅਸੀਂ ਪਰਮੇਸ਼ੁਰ ਉੱਤੇ ਅਤੇ ਆਪਸ ਵਿਚ ਇਕ-ਦੂਜੇ ਉੱਤੇ ਨਿਰਭਰ ਰਹਿਣ ਲਈ ਬਣਾਏ ਗਏ ਹਾਂ।” ਇਹ ਟਿੱਪਣੀ ਸਾਨੂੰ ਸਦੀਆਂ ਪਹਿਲਾਂ ਦਿੱਤੀ ਗਈ ਬਾਈਬਲ ਦੀ ਬੁੱਧੀਮਾਨ ਸਲਾਹ ਦੀ ਯਾਦ ਕਰਾਉਂਦੀ ਹੈ ਜੋ ਕਹਿੰਦੀ ਹੈ: “ਤੁਸੀਂ ਧੰਨਵਾਦ ਕਰਿਆ ਕਰੋ।” (ਕੁਲੁੱਸੀਆਂ 3:15) ਦੂਜਿਆਂ ਪ੍ਰਤੀ ਸ਼ੁਕਰਗੁਜ਼ਾਰ ਹੋਣ ਅਤੇ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਨ ਨਾਲ ਸਾਨੂੰ ਇਕ-ਦੂਜੇ ਨਾਲ ਪਿਆਰ ਭਰਿਆ ਰਿਸ਼ਤਾ ਕਾਇਮ ਕਰਨ ਵਿਚ ਮਦਦ ਮਿਲੇਗੀ।
ਇਸ ਤੋਂ ਇਲਾਵਾ, ਸ਼ੁਕਰਗੁਜ਼ਾਰ ਹੋਣ ਅਤੇ ਇਕ-ਦੂਜੇ ਦੀ ਕਦਰ ਕਰਨ ਨਾਲ ਅਸੀਂ ਇਹ ਵੀ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਧੰਨਵਾਦੀ ਹਾਂ ਤੇ ਇਹ ਉਸ ਦੀਆਂ ਅੱਖਾਂ ਤੋਂ ਛੁਪਿਆ ਨਹੀਂ ਰਹਿੰਦਾ। ਬਾਈਬਲ ਕਹਿੰਦੀ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਪਰਮੇਸ਼ੁਰ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਇਨਸਾਨਾਂ ਵੱਲੋਂ ਉਸ ਦੇ ਨਾਮ ਲਈ ਦਿਖਾਏ ਪਿਆਰ ਨੂੰ ਯਾਦ ਰੱਖਦਾ ਹੈ ਤੇ ਉਸ ਦੀ ਬੜੀ ਕਦਰ ਕਰਦਾ ਹੈ। (ਇਬਰਾਨੀਆਂ 6:10) ਜੀ ਹਾਂ, ਸਾਡੇ ਕੋਲ ਧੰਨਵਾਦੀ ਹੋਣ ਦਾ ਚੰਗਾ ਕਾਰਨ ਹੈ ਕਿਉਂਕਿ ਹਰ ਰੋਜ਼ ਇਹ ਪਰਮੇਸ਼ੁਰੀ ਗੁਣ ਦਿਖਾਉਣ ਨਾਲ ਇਕ ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਨਾਲ ਹੀ ਸਾਡੀ ਖ਼ੁਸ਼ੀ ਵੀ ਵਧਦੀ ਹੈ। ਜਿਵੇਂ ਕਹਾਉਤਾਂ 15:13 ਕਹਿੰਦਾ ਹੈ: “ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ।”