ਕੀ ਤੁਸੀਂ ਪਰਮੇਸ਼ੁਰ ਦੇ ਪ੍ਰੇਮ ਦੀ ਕਦਰ ਕਰਦੇ ਹੋ?
ਅੱਯੂਬ ਨਾਂ ਦੇ ਇਕ ਆਦਮੀ ਨੇ ਪਾਪੀ ਮਨੁੱਖਾਂ ਦੀ ਹਾਲਤ ਬਾਰੇ ਇਕ ਵਾਰ ਇਹ ਕਿਹਾ: “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ। ਉਹ ਫੁੱਲ ਵਾਂਙੁ ਨਿੱਕਲਦਾ, ਫੇਰ ਤੋੜਿਆ ਜਾਂਦਾ ਹੈ, ਉਹ ਸਾਯੇ ਵਾਂਙੁ ਢਲ ਜਾਂਦਾ ਅਤੇ ਠਹਿਰਦਾ ਨਹੀਂ।” (ਅੱਯੂਬ 14:1, 2) ਉਸ ਸਮੇਂ ਅੱਯੂਬ ਦੀ ਜ਼ਿੰਦਗੀ ਦੁੱਖਾਂ-ਤਕਲੀਫ਼ਾਂ ਨਾਲ ਭਰੀ ਹੋਈ ਸੀ। ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ?
ਭਾਵੇਂ ਕਿ ਅਸੀਂ ਬਹੁਤ ਸਾਰੇ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਦੇ ਹੋਈਏ ਫਿਰ ਵੀ ਸਾਡੇ ਕੋਲ ਪਰਮੇਸ਼ੁਰ ਵੱਲੋਂ ਇਕ ਵੱਡੀ ਉਮੀਦ ਹੈ। ਇਹ ਉਮੀਦ ਉਸ ਦੇ ਰਹਿਮ ਅਤੇ ਦਇਆ ਉੱਤੇ ਆਧਾਰਿਤ ਹੈ। ਯਾਦ ਰੱਖਣ ਵਾਲੀ ਪਹਿਲੀ ਗੱਲ ਇਹ ਹੈ ਕਿ ਸਾਡਾ ਦਿਆਲੂ ਸਵਰਗੀ ਪਿਤਾ ਮਨੁੱਖਜਾਤੀ ਦੇ ਪਾਪਾਂ ਲਈ ਰਿਹਾਈ ਦੀ ਕੀਮਤ ਭਰ ਚੁੱਕਾ ਹੈ। ਯੂਹੰਨਾ 3:16, 17 ਦੇ ਅਨੁਸਾਰ ਯਿਸੂ ਮਸੀਹ ਨੇ ਕਿਹਾ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ। ਪਰਮੇਸ਼ੁਰ ਨੇ ਪੁੱਤ੍ਰ [ਯਿਸੂ] ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਜਗਤ ਉਹ ਦੇ ਰਾਹੀਂ ਬਚਾਇਆ ਜਾਵੇ।”
ਨਾਲੇ ਪਾਪੀ ਮਨੁੱਖਾਂ ਪ੍ਰਤੀ ਪਰਮੇਸ਼ੁਰ ਦੀ ਮਿਹਰ ਉੱਤੇ ਗੌਰ ਕਰੋ। ਪੌਲੁਸ ਰਸੂਲ ਨੇ ਕਿਹਾ: “ਉਸ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ ਅਤੇ ਉਨ੍ਹਾਂ ਦੇ ਥਾਪੇ ਹੋਏ ਸਮੇਂ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ। ਭਈ ਓਹ ਪਰਮੇਸ਼ੁਰ ਨੂੰ ਭਾਲਣ ਭਈ ਕੀ ਜਾਣੀਏ ਉਸ ਨੂੰ ਟੋਹ ਕੇ ਲੱਭ ਲੈਣ ਭਾਵੇਂ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” (ਰਸੂਲਾਂ ਦੇ ਕਰਤੱਬ 17:26, 27) ਜ਼ਰਾ ਰੁਕੋ ਅਤੇ ਇਸ ਬਾਰੇ ਸੋਚੋ! ਭਾਵੇਂ ਕਿ ਅਸੀਂ ਇੰਨੇ ਪਾਪੀ ਇਨਸਾਨ ਹਾਂ, ਫਿਰ ਵੀ ਅਸੀਂ ਆਪਣੇ ਪ੍ਰੇਮਮਈ ਕਰਤਾਰ ਨਾਲ ਇਕ ਨਿੱਜੀ ਰਿਸ਼ਤੇ ਦਾ ਆਨੰਦ ਮਾਣ ਸਕਦੇ ਹਾਂ।
ਅਸੀਂ ਇਹ ਜਾਣਦੇ ਹਾਂ ਕਿ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ ਅਤੇ ਉਸ ਨੇ ਸਾਡੇ ਸਦੀਪਕ ਭਲੇ ਲਈ ਪ੍ਰਬੰਧ ਕੀਤੇ ਹਨ। ਇਸ ਲਈ ਅਸੀਂ ਪੂਰੇ ਭਰੋਸੇ ਨਾਲ ਭਵਿੱਖ ਦਾ ਸਾਮ੍ਹਣਾ ਕਰ ਸਕਦੇ ਹਾਂ। (1 ਪਤਰਸ 5:7; 2 ਪਤਰਸ 3:13) ਨਿਸ਼ਚੇ ਹੀ, ਸਾਨੂੰ ਬਾਈਬਲ, ਅਰਥਾਤ ਪਰਮੇਸ਼ੁਰ ਦੇ ਬਚਨ ਤੋਂ ਆਪਣੇ ਪ੍ਰੇਮਮਈ ਪਿਤਾ ਬਾਰੇ ਹੋਰ ਸਿੱਖਿਆ ਲੈਣੀ ਚਾਹੀਦੀ ਹੈ।