ਪਾਠਕਾਂ ਵੱਲੋਂ ਸਵਾਲ
ਕੀ ਸ਼ਤਾਨ ਕੋਲ ਸਾਡੇ ਸੋਚ-ਵਿਚਾਰ ਜਾਣਨ ਦੀ ਕਾਬਲੀਅਤ ਹੈ?
ਇਸ ਤਰ੍ਹਾਂ ਲੱਗਦਾ ਹੈ ਕਿ ਨਾ ਤਾਂ ਸ਼ਤਾਨ ਅਤੇ ਨਾ ਹੀ ਉਸ ਦੇ ਦੂਤਾਂ ਕੋਲ ਸਾਡੇ ਸੋਚ-ਵਿਚਾਰ ਜਾਣਨ ਦੀ ਸ਼ਕਤੀ ਹੈ।
ਉਨ੍ਹਾਂ ਕੁਝ ਨਾਵਾਂ ਵੱਲ ਧਿਆਨ ਦਿਓ ਜਿਨ੍ਹਾਂ ਦੁਆਰਾ ਸ਼ਤਾਨ ਦਾ ਵਰਣਨ ਕੀਤਾ ਜਾਂਦਾ ਹੈ। ਉਸ ਨੂੰ ਸ਼ਤਾਨ (ਵਿਰੋਧੀ), ਇਬਲੀਸ (ਤੁਹਮਤ ਲਗਾਉਣ ਵਾਲਾ), ਸੱਪ (ਮਤਲਬ ਕਿ ਧੋਖੇਬਾਜ਼), ਪਰਤਾਉਣ ਵਾਲਾ ਅਤੇ ਝੂਠ ਬੋਲਣ ਵਾਲਾ ਸੱਦਿਆ ਗਿਆ ਹੈ। (ਅੱਯੂਬ 1:6; ਮੱਤੀ 4:3; ਯੂਹੰਨਾ 8:44; 2 ਕੁਰਿੰਥੀਆਂ 11:3; ਪਰਕਾਸ਼ ਦੀ ਪੋਥੀ 12:9) ਇਨ੍ਹਾਂ ਵਿੱਚੋਂ ਕਿਸੇ ਵੀ ਨਾਂ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਉਹ ਸਾਡੇ ਸੋਚ-ਵਿਚਾਰ ਜਾਣਨ ਦੀ ਸ਼ਕਤੀ ਰੱਖਦਾ ਹੈ।
ਇਸ ਦੇ ਉਲਟ ਯਹੋਵਾਹ ਨੂੰ “ਮਨਾਂ ਦਾ ਪਰਖਣ ਵਾਲਾ” ਸੱਦਿਆ ਗਿਆ ਹੈ। (ਕਹਾਉਤਾਂ 17:3; 1 ਸਮੂਏਲ 16:7; 1 ਇਤਹਾਸ 29:17) ਇਬਰਾਨੀਆਂ 4:13 ਬਿਆਨ ਕਰਦਾ ਹੈ: “ਸਰਿਸ਼ਟੀ ਦੀ ਕੋਈ ਵਸਤ [ਯਹੋਵਾਹ] ਤੋਂ ਲੁਕੀ ਹੋਈ ਨਹੀਂ, ਪਰ ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਨੂੰ ਵੀ ਸਾਡੇ ਸੋਚ-ਵਿਚਾਰ ਜਾਂਚਣ ਦੀ ਕਾਬਲੀਅਤ ਸੌਂਪੀ ਹੈ। ਮੁਰਦਿਆਂ ਵਿੱਚੋਂ ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੇ ਐਲਾਨ ਕੀਤਾ: “ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ।”—ਪਰਕਾਸ਼ ਦੀ ਪੋਥੀ 2:23.
ਬਾਈਬਲ ਵਿਚ ਕਿਤੇ ਨਹੀਂ ਲਿਖਿਆ ਕਿ ਸ਼ਤਾਨ ਦੀ ਇਨਸਾਨਾਂ ਦੇ ਮਨਾਂ ਜਾਂ ਹਿਰਦਿਆਂ ਦੀ ਜਾਂਚ ਕਰਨ ਦੀ ਕਾਬਲੀਅਤ ਹੈ। ਇਹ ਮਹੱਤਵਪੂਰਣ ਨੁਕਤਾ ਹੈ ਕਿਉਂਕਿ ਪੌਲੁਸ ਰਸੂਲ ਸਾਨੂੰ ਇਹ ਤਸੱਲੀ ਦਿੰਦਾ ਹੈ ਕਿ “ਅਸੀਂ [ਸ਼ਤਾਨ] ਦਿਆਂ ਚਾਲਿਆਂ ਤੋਂ ਅਣਜਾਣ ਨਹੀਂ” ਹਾਂ। (2 ਕੁਰਿੰਥੀਆਂ 2:11) ਤਾਂ ਫਿਰ ਸਾਨੂੰ ਡਰਨਾ ਨਹੀਂ ਚਾਹੀਦਾ ਕਿ ਕਿਤੇ ਸ਼ਤਾਨ ਕੋਲ ਅਜਿਹੀ ਕੋਈ ਕਾਬਲੀਅਤ ਹੈ ਜਿਸ ਤੋਂ ਅਸੀਂ ਅਣਜਾਣ ਹਾਂ।
ਪਰ ਫਿਰ ਵੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਵਿਰੋਧੀ ਸਾਡੀਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਪਛਾਣ ਨਹੀਂ ਸਕਦਾ। ਸ਼ਤਾਨ ਨੇ ਸਦੀਆਂ ਦੌਰਾਨ ਮਨੁੱਖਜਾਤ ਦੇ ਰਹਿਣ-ਬਹਿਣ ਅਤੇ ਤੌਰ-ਤਰੀਕਿਆਂ ਉੱਤੇ ਗੌਰ ਕੀਤਾ ਹੈ। ਸਾਡੇ ਤੌਰ-ਤਰੀਕੇ ਜਾਣਨ ਲਈ, ਸਾਡੇ ਮਨੋਰੰਜਨ ਦੀ ਚੋਣ ਦੇਖਣ ਲਈ, ਸਾਡੀਆਂ ਗੱਲਾਂ-ਬਾਤਾਂ ਸੁਣਨ ਲਈ ਸ਼ਤਾਨ ਨੂੰ ਸੋਚ-ਵਿਚਾਰ ਜਾਂਚਣ ਦੀ ਕੋਈ ਖ਼ਾਸ ਸ਼ਕਤੀ ਨਹੀਂ ਚਾਹੀਦੀ। ਉਹ ਸਾਡੇ ਚਿਹਰੇ ਜਾਂ ਰਵੱਈਏ ਤੋਂ ਅੰਦਾਜ਼ਾ ਲਾ ਸਕਦਾ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਤੇ ਕੀ ਮਹਿਸੂਸ ਕਰ ਰਹੇ ਹਾਂ।
ਆਮ ਤੌਰ ਤੇ ਸ਼ਤਾਨ ਉਹੀ ਚਾਲ-ਢਾਲ ਇਸਤੇਮਾਲ ਕਰਦਾ ਹੈ ਜੋ ਉਸ ਨੇ ਅਦਨ ਦੇ ਬਾਗ਼ ਵਿਚ ਇਸਤੇਮਾਲ ਕੀਤਾ ਸੀ ਯਾਨੀ ਝੂਠ, ਧੋਖੇਬਾਜ਼ੀ ਅਤੇ ਕਿਸੇ ਗੱਲ ਨੂੰ ਤੋੜ-ਮਰੋੜ ਕੇ ਦੱਸਣਾ। (ਉਤਪਤ 3:1-5) ਇਹ ਸੱਚ ਹੈ ਕਿ ਮਸੀਹੀਆਂ ਨੂੰ ਸ਼ਤਾਨ ਤੋਂ ਇਸ ਲਈ ਨਹੀਂ ਡਰਨਾ ਚਾਹੀਦਾ ਕਿ ਉਹ ਉਨ੍ਹਾਂ ਦੇ ਸੋਚ-ਵਿਚਾਰ ਜਾਂਚ ਲਵੇਗਾ। ਪਰ ਫਿਰ ਵੀ, ਉਨ੍ਹਾਂ ਨੂੰ ਇਸ ਤੋਂ ਖ਼ਬਰਦਾਰ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਦੇ ਮਨਾਂ ਵਿਚ ਕੋਈ ਗ਼ਲਤ ਸੋਚ ਨਾ ਪਾ ਦੇਵੇ। ਉਹ ਚਾਹੁੰਦਾ ਹੈ ਕਿ ਮਸੀਹੀਆਂ ਦੀ ‘ਬੁੱਧ ਵਿਗੜ ਜਾਵੇ ਅਤੇ ਉਨ੍ਹਾਂ ਕੋਲੋਂ ਸੱਚਾਈ ਜਾਂਦੀ ਰਹਿ ਜਾਵੇ।’ (1 ਤਿਮੋਥਿਉਸ 6:5) ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸ਼ਤਾਨ ਦੀ ਦੁਨੀਆਂ ਵਿਚ ਨਿਕੰਮੇ ਗਿਆਨ ਤੇ ਮਨੋਰੰਜਨ ਦਾ ਹੜ੍ਹ ਹੈ। ਇਸ ਹਮਲੇ ਤੋਂ ਬਚਣ ਲਈ ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਮਨਾਂ ਦੀ ਰੱਖਿਆ ਕਰਨ ਲਈ “ਮੁਕਤੀ ਦਾ ਟੋਪ” ਪਹਿਨਣ। (ਅਫ਼ਸੀਆਂ 6:17) ਮਸੀਹੀ ਆਪਣੇ ਮਨਾਂ ਨੂੰ ਬਾਈਬਲ ਸੱਚਾਈ ਨਾਲ ਭਰ ਕੇ ਅਤੇ ਸ਼ਤਾਨ ਦੀ ਭ੍ਰਿਸ਼ਟ ਦੁਨੀਆਂ ਤੋਂ ਦੂਰ ਰਹਿ ਕੇ ਇਸ ਤਰ੍ਹਾਂ ਕਰ ਸਕਦੇ ਹਨ।
ਸ਼ਤਾਨ ਇਕ ਭਿਆਨਕ ਦੁਸ਼ਮਣ ਜ਼ਰੂਰ ਹੈ। ਪਰ ਸਾਨੂੰ ਉਸ ਜਾਂ ਉਸ ਦੇ ਭੂਤਾਂ ਤੋਂ ਹੱਦ ਤੋਂ ਵੱਧ ਨਹੀਂ ਡਰਨਾ ਚਾਹੀਦਾ। ਯਾਕੂਬ 4:7 ਦੇ ਸ਼ਬਦਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ: “ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।” ਜੇ ਅਸੀਂ ਇਸ ਸਲਾਹ ਤੇ ਚੱਲਾਂਗੇ ਤਾਂ ਅਸੀਂ ਵੀ ਯਿਸੂ ਵਾਂਗ ਕਹਿ ਸਕਾਂਗੇ ਕਿ ਸਾਡੇ ਉੱਤੇ ਸ਼ਤਾਨ ਦਾ ਕੋਈ ਅਧਿਕਾਰ ਨਹੀਂ ਹੈ।—ਯੂਹੰਨਾ 14:30, ਪਵਿੱਤਰ ਬਾਈਬਲ ਨਵਾਂ ਅਨੁਵਾਦ।