ਹਲੀਮ ਧਰਤੀ ਦੇ ਵਾਰਸ ਹੋਣਗੇ
“ਮੈਂ ਉਸ ਸਮੇਂ ਦੀ ਕਲਪਨਾ ਕਰਦਾ ਹਾਂ ਜਦ ਸਾਰੀ ਕਾਇਨਾਤ ਨੂੰ ਖ਼ੂਬਸੂਰਤ ਬਣਾਇਆ ਜਾਵੇਗਾ। ਇਹ ਇੰਨੀ ਛੇਤੀ ਹੋਣ ਵਾਲਾ ਨਹੀਂ, ਬਲਕਿ ਇਸ ਨੂੰ ਕਾਫ਼ੀ ਚਿਰ ਲੱਗੇਗਾ ਜਦ ਨਵਾਂ ਆਕਾਸ਼ ਅਤੇ ਨਵੀਂ ਧਰਤੀ ਬਣੇਗੀ।”—ਫਰਾਂਸੀਸੀ ਵਾਤਾਵਰਣ ਮਾਹਰ, ਜ਼ੇਨ ਮੋਰੀ ਪੈਲਟ।
ਧਰਤੀ ਦੇ ਵਾਤਾਵਰਣ ਅਤੇ ਸਮਾਜਕ ਹਾਲਾਤਾਂ ਤੋਂ ਦੁਖੀ ਬਹੁਤ ਸਾਰੇ ਲੋਕ ਉਦੋਂ ਕਿੰਨੇ ਖ਼ੁਸ਼ ਹੋਣਗੇ ਜਦ ਧਰਤੀ ਨੂੰ ਬਾਗ਼ ਦੀ ਤਰ੍ਹਾਂ ਸਾਫ਼-ਸੁਥਰਾ ਤੇ ਸੁੰਦਰ ਬਣਾ ਦਿੱਤਾ ਜਾਵੇਗਾ। ਇਹ ਉਮੀਦ ਕੋਈ 21ਵੀਂ ਸਦੀ ਦਾ ਸੁਪਨਾ ਨਹੀਂ ਹੈ। ਬਹੁਤ ਚਿਰ ਪਹਿਲਾਂ ਬਾਈਬਲ ਵਿਚ ਇਹ ਵਾਅਦਾ ਕੀਤਾ ਗਿਆ ਸੀ ਕਿ ਧਰਤੀ ਨੂੰ ਉਸੇ ਤਰ੍ਹਾਂ ਖ਼ੂਬਸੂਰਤ ਬਣਾ ਦਿੱਤਾ ਜਾਵੇਗਾ ਜਿਵੇਂ ਇਹ ਸ਼ੁਰੂ ਵਿਚ ਸੀ। ਯਿਸੂ ਨੇ ਵੀ ਕਿਹਾ ਸੀ: ‘ਹਲੀਮ ਧਰਤੀ ਦੇ ਵਾਰਸ ਹੋਣਗੇ’ ਅਤੇ “[ਪਰਮੇਸ਼ੁਰ] ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 5:5; 6:10) ਪਰ ਅੱਜ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਧਰਤੀ ਕਦੇ ਵੀ ਫਿਰਦੌਸ ਯਾਨੀ ਬਾਗ਼ ਵਰਗੀ ਸੁੰਦਰ ਨਹੀਂ ਬਣੇਗੀ ਜਿਸ ਤੇ ਸਿਰਫ਼ ਹਲੀਮ ਲੋਕ ਵੱਸਣਗੇ। ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਲੋਕਾਂ ਲਈ ਫਿਰਦੌਸ ਸ਼ਬਦ ਕੋਈ ਮਾਅਨਾ ਨਹੀਂ ਰੱਖਦਾ।
ਇਕ ਫ਼ਰਾਂਸੀਸੀ ਹਫ਼ਤਾਵਾਰ ਰਸਾਲਾ ਦੱਸਦਾ ਹੈ ਕਿ ਕਿਉਂ ਲੋਕਾਂ ਨੇ, ਖ਼ਾਸਕਰ ਕੈਥੋਲਿਕ ਲੋਕਾਂ ਨੇ ਫਿਰਦੌਸ (ਭਾਵੇਂ ਇਹ ਧਰਤੀ ਉੱਤੇ ਹੋਵੇ ਜਾਂ ਸਵਰਗ ਵਿਚ) ਦੇ ਵਿਚਾਰ ਨੂੰ ਤਿਆਗ ਦਿੱਤਾ ਹੈ। ਇਹ ਰਸਾਲਾ ਦੱਸਦਾ ਹੈ: ‘ਘੱਟੋ-ਘੱਟ 19 ਸਦੀਆਂ ਤਕ ਫਿਰਦੌਸ ਦੀ ਸਿੱਖਿਆ ਕੈਥੋਲਿਕ ਚਰਚ ਦੀ ਮੁੱਖ ਸਿੱਖਿਆ ਰਹੀ। ਪਰ ਅੱਜ-ਕੱਲ੍ਹ ਚਰਚ ਵਿਚ ਐਤਵਾਰ ਨੂੰ ਕੀਤੇ ਜਾਂਦੇ ਸਤਸੰਗਾਂ ਅਤੇ ਧਾਰਮਿਕ ਸਿੱਖਿਆ ਦੇਣ ਵਾਲੇ ਸਕੂਲਾਂ-ਕਾਲਜਾਂ ਵਿਚ ਇਸ ਸਿੱਖਿਆ ਦਾ ਜ਼ਿਕਰ ਤਕ ਨਹੀਂ ਕੀਤਾ ਜਾਂਦਾ।’ ਫਿਰਦੌਸ ਲਫ਼ਜ਼ ਲੋਕਾਂ ਵਾਸਤੇ ਇਕ ਬੁਝਾਰਤ ਬਣ ਕੇ ਰਹਿ ਗਿਆ ਹੈ। ਕੁਝ ਧਾਰਮਿਕ ਆਗੂ ਜਾਣ-ਬੁੱਝ ਕੇ ਇਹ ਲਫ਼ਜ਼ ਜ਼ਬਾਨ ਤੇ ਨਹੀਂ ਲਿਆਉਂਦੇ ਕਿਉਂਕਿ ਇਹ ਲਫ਼ਜ਼ ਸੁਣ ਕੇ ਆਮ ਤੌਰ ਤੇ ਲੋਕਾਂ ਦੇ “ਮਨਾਂ ਵਿਚ ਧਰਤੀ ਉੱਤੇ ਸੁਖ-ਚੈਨ ਦੇ ਖ਼ਿਆਲ ਆਉਂਦੇ ਹਨ।”
ਸਮਾਜ-ਵਿਗਿਆਨੀ ਅਤੇ ਧਰਮ-ਸ਼ਾਸਤਰੀ ਫ੍ਰੇਡੇਰੀਕ ਲਨਵੌਰ ਦਾ ਕਹਿਣਾ ਹੈ ਕਿ ਫਿਰਦੌਸ ਲੋਕਾਂ ਲਈ ਬਸ ‘ਇਕ ਲਫ਼ਜ਼ ਬਣ ਕੇ ਰਹਿ ਗਿਆ ਹੈ ਤੇ ਇਹ ਲਫ਼ਜ਼ ਸੁਣ ਕੇ ਮਨ ਵਿਚ ਕੋਈ ਸਪੱਸ਼ਟ ਤਸਵੀਰ ਨਹੀਂ ਬਣਦੀ।’ ਇਸੇ ਤਰ੍ਹਾਂ, ਫਿਰਦੌਸ ਬਾਰੇ ਕਈ ਕਿਤਾਬਾਂ ਲਿਖਣ ਵਾਲਾ ਇਤਿਹਾਸਕਾਰ ਜ਼ੌਨ ਡੈਲੂਮੋ ਨੇ ਕਿਹਾ ਕਿ ਫਿਰਦੌਸ ਸੰਬੰਧੀ ਬਾਈਬਲ ਦੀਆਂ ਭਵਿੱਖਬਾਣੀਆਂ ਧਰਤੀ ਤੇ ਪੂਰੀਆਂ ਨਹੀਂ ਹੋਣਗੀਆਂ। ਉਹ ਲਿਖਦਾ ਹੈ: “ਇਹ ਸਵਾਲ ਕਿ ‘ਫਿਰਦੌਸ ਹੈ ਕੀ?’ ਦਾ ਜਵਾਬ ਪਾਦਰੀ ਇਸ ਤਰ੍ਹਾਂ ਦਿੰਦੇ ਹਨ: ਸਾਡੇ ਮੁਕਤੀਦਾਤੇ ਦੇ ਮੁੜ ਜ਼ਿੰਦਾ ਹੋਣ ਸਦਕਾ ਇਕ ਦਿਨ ਅਸੀਂ ਇਕ ਜਗ੍ਹਾ ਇਕੱਠੇ ਹੋ ਜਾਵਾਂਗੇ ਤੇ ਉਸ ਵੇਲੇ ਸਾਨੂੰ ਇੰਨੀ ਖ਼ੁਸ਼ੀ ਮਿਲੇਗੀ ਕਿ ਉਹੀ ਸਾਡਾ ਫਿਰਦੌਸ ਹੋਵੇਗਾ।”
ਕੀ ਧਰਤੀ ਦੇ ਫਿਰਦੌਸ ਬਣਨ ਦੀ ਸਿੱਖਿਆ ਸਾਡੇ ਲਈ ਕੋਈ ਮਾਅਨੇ ਰੱਖਦੀ ਹੈ? ਭਵਿੱਖ ਵਿਚ ਧਰਤੀ ਦਾ ਕੀ ਬਣੇਗਾ? ਕੀ ਸਾਨੂੰ ਇਸ ਦੇ ਭਵਿੱਖ ਬਾਰੇ ਕੁਝ ਪਤਾ ਲੱਗ ਸਕਦਾ ਹੈ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।
[ਸਫ਼ਾ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
COVER: Emma Lee/Life File/Getty Images