ਕੀ ਤੁਸੀਂ ਜਾਣਦੇ ਹੋ?
ਪ੍ਰਾਰਥਨਾ ਦੇ ਅੰਤ ਵਿਚ ਲੋਕ “ਆਮੀਨ” ਕਿਉਂ ਕਹਿੰਦੇ ਹਨ?
ਅੰਗ੍ਰੇਜ਼ੀ ਅਤੇ ਯੂਨਾਨੀ ਭਾਸ਼ਾਵਾਂ ਵਿਚ “ਆਮੀਨ” ਸ਼ਬਦ ਇਬਰਾਨੀ ਭਾਸ਼ਾ ਤੋਂ ਲਿਆ ਗਿਆ ਹੈ। ਆਮ ਤੌਰ ਤੇ ਜਦ ਕੋਈ ਪ੍ਰਾਰਥਨਾ ਕਰਦਾ, ਅਸੀਸ ਜਾਂ ਸਰਾਪ ਦਿੰਦਾ ਜਾਂ ਸਹੁੰ ਖਾਂਦਾ ਹੈ, ਤਾਂ ਸਾਰੇ ਮਿਲ ਕੇ ਆਮੀਨ ਕਹਿੰਦੇ ਹਨ। ਇਸ ਦਾ ਮਤਲਬ ਹੈ “ਇਸੇ ਤਰ੍ਹਾਂ ਹੋਵੇ” ਜਾਂ “ਸੱਤ ਬਚਨ।” ਆਮੀਨ ਕਹਿਣ ਦਾ ਮਤਲਬ ਹੈ ਕਿ ਸੁਣਨ ਵਾਲੇ ਕਹੀਆਂ ਗੱਲਾਂ ਨਾਲ ਸਹਿਮਤ ਹਨ। ਇਕ ਸ਼ਬਦ-ਕੋਸ਼ ਨੇ ਸਮਝਾਇਆ ਕਿ ‘ਆਮੀਨ ਦਾ ਅਰਥ ਹੈ ਕਿ ਗੱਲ ਪੱਕੀ ਹੈ, ਸੱਚ ਹੈ, ਭਰੋਸੇਯੋਗ ਹੈ ਅਤੇ ਇਸ ਉੱਤੇ ਕੋਈ ਸ਼ੱਕ ਨਹੀਂ ਹੈ।’ ਪੁਰਾਣੇ ਜ਼ਮਾਨੇ ਵਿਚ ਆਮੀਨ ਉਦੋਂ ਵੀ ਕਿਹਾ ਜਾਂਦਾ ਸੀ ਜਦ ਕੋਈ ਇਨਸਾਨ ਨੇਮ ਬੰਨ੍ਹਦਾ ਸੀ ਜਾਂ ਕਸਮ ਖਾਂਦਾ ਸੀ। ਇਸ ਤਰ੍ਹਾਂ ਉਹ ਕਾਨੂੰਨੀ ਤੌਰ ਤੇ ਨੇਮ ਜਾਂ ਕਸਮ ਤੋੜਣ ਦੇ ਨਤੀਜੇ ਵੀ ਸਵੀਕਾਰ ਕਰਦਾ ਸੀ।—ਬਿਵਸਥਾ ਸਾਰ 27:15-26.
ਪ੍ਰਚਾਰ ਕਰਦੇ ਅਤੇ ਸਿੱਖਿਆ ਦਿੰਦੇ ਸਮੇਂ ਯਿਸੂ ਨੇ ਆਪਣੀਆਂ ਕੁਝ ਗੱਲਾਂ “ਆਮੀਨ” ਕਹਿ ਕੇ ਸ਼ੁਰੂ ਕੀਤੀਆਂ। ਇੱਦਾਂ ਕਰਨ ਨਾਲ ਉਸ ਨੇ ਦਿਖਾਇਆ ਕਿ ਜੋ ਵੀ ਗੱਲ ਉਹ ਕਹਿਣ ਵਾਲਾ ਸੀ ਉਹ ਪੱਕੀ ਤੇ ਭਰੋਸੇਯੋਗ ਸੀ। ਜਦ ਉਸ ਨੇ ਯੂਨਾਨੀ ਭਾਸ਼ਾ ਵਿਚ “ਆਮੀਨ” ਕਿਹਾ ਸੀ, ਤਾਂ ਪੰਜਾਬੀ ਵਿਚ ਇਸ ਦਾ ਤਰਜਮਾ “ਸਤ” ਜਾਂ “ਸੱਚ” ਕੀਤਾ ਗਿਆ ਹੈ। (ਮੱਤੀ 5:18; 6:2, 5; ERV) ਜਦ ਯਿਸੂ ਇਸ ਯੂਨਾਨੀ ਸ਼ਬਦ ਨੂੰ ਦੋ ਵਾਰ ਕਹਿੰਦਾ ਸੀ, ਤਾਂ ਪੰਜਾਬੀ ਵਿਚ ਇਸ ਦਾ ਤਰਜਮਾ “ਸੱਚ ਸੱਚ” ਕੀਤਾ ਗਿਆ ਹੈ। (ਯੂਹੰਨਾ 1:51) ਬਾਈਬਲ ਵਿਚ ਸਿਰਫ਼ ਯੂਹੰਨਾ ਦੀ ਇੰਜੀਲ ਵਿਚ ਯਿਸੂ ਨੇ ਆਮੀਨ ਸ਼ਬਦ ਇਸ ਤਰ੍ਹਾਂ ਵਰਤਿਆ ਸੀ।
ਬਾਈਬਲ ਦੇ ਯੂਨਾਨੀ ਹਿੱਸੇ ਵਿਚ ਯਿਸੂ ਨੂੰ “ਆਮੀਨ” ਕਿਹਾ ਗਿਆ ਹੈ ਕਿਉਂਕਿ ਉਸ ਦੀ ਗਵਾਹੀ ‘ਵਫ਼ਾਦਾਰ ਅਤੇ ਸੱਚੀ’ ਹੈ।—ਪਰਕਾਸ਼ ਦੀ ਪੋਥੀ 3:14. (w09 6/1)
[ਸਫ਼ਾ 13 ਉੱਤੇ ਤਸਵੀਰ]
“ਆਮੀਨ,” ਪਰਕਾਸ਼ ਦੀ ਪੋਥੀ 3:14. ਪੰਜਵੀਂ ਸਦੀ ਈ. ਦਾ ਕੋਡੈਕਸ ਐਲੈਗਸੈਂਡ੍ਰੀਨਸ
ਪ੍ਰਾਰਥਨਾ ਵਿਚ ਯਿਸੂ ਨੇ ਯਹੋਵਾਹ ਨੂੰ “ਅੱਬਾ, ਹੇ ਪਿਤਾ” ਕਿਉਂ ਕਿਹਾ ਸੀ?
ਅਰਾਮੀ ਭਾਸ਼ਾ ਵਿਚ “ਅੱਬਾ” ਦਾ ਮਤਲਬ ਹੈ “ਪਿਤਾ” ਜਾਂ “ਹੇ ਪਿਤਾ।” ਬਾਈਬਲ ਵਿਚ ਇਹ ਸ਼ਬਦ ਤਿੰਨ ਵਾਰ ਵਰਤਿਆ ਗਿਆ ਹੈ ਅਤੇ ਹਰ ਵਾਰ ਇਹ ਪ੍ਰਾਰਥਨਾ ਵਿਚ ਸਿਰਫ਼ ਯਹੋਵਾਹ ਪਰਮੇਸ਼ੁਰ ਲਈ ਵਰਤਿਆ ਗਿਆ ਹੈ। ਜਦ ਯਿਸੂ ਧਰਤੀ ʼਤੇ ਸੀ, ਤਾਂ ਇਸ ਸ਼ਬਦ ਦਾ ਕੀ ਮਤਲਬ ਸੀ?
ਬਾਈਬਲ ਬਾਰੇ ਇਕ ਐਨਸਾਈਕਲੋਪੀਡੀਆ ਮੁਤਾਬਕ “ਯਿਸੂ ਦੇ ਜ਼ਮਾਨੇ ਵਿਚ ਆਮ ਬੋਲੀ ਵਿਚ ਬੱਚੇ ਆਪਣੇ ਪਿਤਾਵਾਂ ਨੂੰ ‘ਅੱਬਾ’ ਕਹਿ ਕੇ ਬੁਲਾਉਂਦੇ ਹੁੰਦੇ ਸਨ। ਜਦ ਕੋਈ ਬੱਚਾ ਆਪਣੇ ਪਿਤਾ ਨੂੰ ਇਸ ਤਰ੍ਹਾਂ ਬੁਲਾਉਂਦਾ ਸੀ, ਤਾਂ ਪਤਾ ਲੱਗਦਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਬਹੁਤ ਗੂੜ੍ਹਾ ਤੇ ਨਿੱਘਾ ਸੀ ਤੇ ਬੱਚਾ ਆਪਣੇ ਪਿਤਾ ਦਾ ਆਦਰ ਕਰਦਾ ਸੀ।” ਇਸ ਸ਼ਬਦ ਤੋਂ ਪਿਤਾ ਲਈ ਬੱਚੇ ਦਾ ਪਿਆਰ ਝਲਕਦਾ ਸੀ ਅਤੇ ਸ਼ਾਇਦ ਉਨ੍ਹਾਂ ਪਹਿਲੇ ਸ਼ਬਦਾਂ ਵਿੱਚੋਂ ਸੀ ਜੋ ਬੱਚਾ ਕਹਿਣਾ ਸਿੱਖਦਾ ਸੀ। ਯਿਸੂ ਨੇ “ਅੱਬਾ” ਉਦੋਂ ਕਿਹਾ ਸੀ ਜਦ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਗਥਸਮਨੀ ਦੇ ਬਾਗ਼ ਵਿਚ ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਤਰਲੇ ਕੀਤੇ ਸਨ। ਉਸ ਸਮੇਂ ਯਿਸੂ ਨੇ ਯਹੋਵਾਹ ਨੂੰ “ਅੱਬਾ, ਹੇ ਪਿਤਾ” ਕਹਿ ਕੇ ਪੁਕਾਰਿਆ ਸੀ।—ਮਰਕੁਸ 14:36.
ਇਹ ਐਨਸਾਈਕਲੋਪੀਡੀਆ ਅੱਗੇ ਦੱਸਦਾ ਹੈ: ‘ਯੂਨਾਨੀ-ਰੋਮੀ ਜ਼ਮਾਨੇ ਵਿਚ “ਅੱਬਾ” ਯਹੂਦੀ ਲਿਖਤਾਂ ਵਿਚ ਬਹੁਤ ਘੱਟ ਵਰਤਿਆ ਜਾਂਦਾ ਸੀ, ਸ਼ਾਇਦ ਇਸ ਕਰਕੇ ਕਿਉਂਕਿ ਰੱਬ ਨੂੰ ਇਸ ਤਰ੍ਹਾਂ ਬੁਲਾਉਣਾ ਆਦਰਯੋਗ ਨਹੀਂ ਸੀ ਸਮਝਿਆ ਜਾਂਦਾ। ਪਰ ਯਿਸੂ ਇਹ ਸ਼ਬਦ ਵਰਤ ਕੇ ਦਿਖਾ ਰਿਹਾ ਸੀ ਕਿ ਉਸ ਦਾ ਯਹੋਵਾਹ ਨਾਲ ਰਿਸ਼ਤਾ ਬਹੁਤ ਨਜ਼ਦੀਕ ਸੀ।’ ਪੌਲੁਸ ਰਸੂਲ ਨੇ ਵੀ ਦੋ ਹਵਾਲਿਆਂ ਵਿਚ “ਅੱਬਾ” ਸ਼ਬਦ ਵਰਤਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਵੀ ਇਸ ਸ਼ਬਦ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਵਰਤਦੇ ਸਨ।—ਰੋਮੀਆਂ 8:15; ਗਲਾਤੀਆਂ 4:6. (w09 4/1)