ਕੀ ਤੁਸੀਂ ਜਾਣਦੇ ਹੋ?
ਪਹਿਲੀ ਸਦੀ ਦਾ ਸਭਾ ਘਰ: ਗਲੀਲ ਦੀ ਝੀਲ ਦੇ ਉੱਤਰ-ਪੂਰਬ ਤੋਂ 10 ਕਿਲੋਮੀਟਰ (ਲਗਭਗ 6 ਮੀਲ) ਦੂਰੀ ʼਤੇ ਗਮਾਲਾ ਸ਼ਹਿਰ ਵਿਚ ਪਹਿਲੀ ਸਦੀ ਦੇ ਇਕ ਪੁਰਾਣੇ ਸਭਾ ਘਰ ਦੇ ਖੰਡਰ ਮਿਲੇ ਹਨ। ਇਹ ਤਸਵੀਰ ਉਸ ਸਭਾ ਘਰ ਦੇ ਖੰਡਰਾਂ ਦੇ ਆਧਾਰ ʼਤੇ ਬਣਾਈ ਗਈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਸਭਾ ਘਰ ਕਿੱਦਾਂ ਦਾ ਸੀ
ਸਭਾ ਘਰ ਦੀ ਸ਼ੁਰੂਆਤ ਕਿਵੇਂ ਹੋਈ?
ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਭਾ ਘਰ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਇਕੱਠੇ ਹੋਣਾ।” ਇਹ ਨਾਂ ਢੁਕਵਾਂ ਹੈ ਕਿਉਂਕਿ ਪੁਰਾਣੇ ਸਮੇਂ ਤੋਂ ਹੀ ਯਹੂਦੀ ਹਿਦਾਇਤਾਂ ਲੈਣ ਅਤੇ ਭਗਤੀ ਕਰਨ ਲਈ ਸਭਾ ਘਰਾਂ ਵਿਚ ਇਕੱਠੇ ਹੁੰਦੇ ਸਨ। ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ ਸਭਾ ਘਰਾਂ ਬਾਰੇ ਕਿਤੇ ਵੀ ਸਾਫ਼-ਸਾਫ਼ ਨਹੀਂ ਦੱਸਿਆ ਗਿਆ, ਪਰ ਯੂਨਾਨੀ ਲਿਖਤਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਈਸਵੀ ਤਕ ਲੋਕ ਇਸ ਤਰ੍ਹਾਂ ਦੀਆਂ ਥਾਵਾਂ ਵਿਚ ਇਕੱਠੇ ਹੁੰਦੇ ਸਨ।
ਜ਼ਿਆਦਾਤਰ ਵਿਦਵਾਨ ਮੰਨਦੇ ਹਨ ਕਿ ਸਭਾ ਘਰਾਂ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਯਹੂਦੀ ਬਾਬਲ ਵਿਚ ਗ਼ੁਲਾਮ ਸਨ। ਐਨਸਾਈਕਲੋਪੀਡੀਆ ਜੁਡੇਈਕਾ ਦੱਸਦਾ ਹੈ: “ਗ਼ੁਲਾਮ ਯਹੂਦੀ ਕਿਸੇ ਓਪਰੇ ਦੇਸ਼ ਵਿਚ ਸਨ ਅਤੇ ਉਨ੍ਹਾਂ ਕੋਲ ਮੰਦਰ ਨਹੀਂ ਸੀ। ਨਿਰਾਸ਼ਾ ਵਿਚ ਹੌਸਲਾ ਪਾਉਣ ਲਈ ਉਹ ਕਦੇ-ਕਦਾਈਂ, ਸ਼ਾਇਦ ਸਬਤ ʼਤੇ, ਇਕੱਠੇ ਮਿਲ ਕੇ ਲਿਖਤਾਂ ਪੜ੍ਹਦੇ ਸਨ।” ਜਦੋਂ ਉਹ ਗ਼ੁਲਾਮੀ ਤੋਂ ਆਜ਼ਾਦ ਹੋਏ, ਤਾਂ ਇੱਦਾਂ ਲੱਗਦਾ ਹੈ ਕਿ ਉਹ ਪ੍ਰਾਰਥਨਾ ਕਰਨ ਅਤੇ ਲਿਖਤਾਂ ਪੜ੍ਹਨ ਲਈ ਮਿਲਦੇ ਰਹੇ ਅਤੇ ਉਹ ਜਿੱਥੇ ਵੀ ਜਾ ਕੇ ਵੱਸੇ, ਉੱਥੇ ਉਨ੍ਹਾਂ ਨੇ ਸਭਾ ਘਰ ਬਣਾ ਲਏ।
ਪਹਿਲੀ ਸਦੀ ਈਸਵੀ ਤਕ ਇਹ ਸਭਾ ਘਰ ਯਹੂਦੀ ਧਰਮ ਤੇ ਉਨ੍ਹਾਂ ਲੋਕਾਂ ਦੀ ਸਮਾਜਕ ਜ਼ਿੰਦਗੀ ਦਾ ਕੇਂਦਰ ਬਣ ਗਏ ਜੋ ਭੂਮੱਧ ਸਾਗਰ ਦੇ ਆਲੇ-ਦੁਆਲੇ, ਮੱਧ ਪੂਰਬ ਅਤੇ ਇਜ਼ਰਾਈਲ ਵਿਚ ਰਹਿੰਦੇ ਸਨ। ਯਰੂਸ਼ਲਮ ਦੀ ਇਕ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਲੀ ਲਵਾਈਨ ਦੱਸਦਾ ਹੈ: “[ਸਭਾ ਘਰ] ਅਧਿਐਨ ਕਰਨ, ਪਵਿੱਤਰ ਖਾਣਾ ਖਾਣ, ਮੁਕੱਦਮੇ ਸੁਣਨ, ਪੈਸੇ ਦਾਨ ਕਰਨ ਅਤੇ ਰਾਜਨੀਤਿਕ ਤੇ ਸਮਾਜਕ ਸਭਾਵਾਂ ਕਰਨ ਵਾਲੀ ਜਗ੍ਹਾ ਬਣ ਗਿਆ।” ਉਹ ਅੱਗੇ ਦੱਸਦਾ ਹੈ: “ਪਰ ਇੱਥੇ ਖ਼ਾਸ ਕਰਕੇ ਧਾਰਮਿਕ ਸੇਵਾਵਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ।” ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਅਕਸਰ ਸਭਾ ਘਰ ਕਿਉਂ ਜਾਂਦਾ ਸੀ। (ਮਰ. 1:21; 6:2; ਲੂਕਾ 4:16) ਉਹ ਉੱਥੇ ਹਾਜ਼ਰ ਹੋਏ ਲੋਕਾਂ ਨੂੰ ਸਿਖਾਉਂਦਾ ਸੀ, ਉਪਦੇਸ਼ ਅਤੇ ਹੌਸਲਾ ਦਿੰਦਾ ਸੀ। ਮਸੀਹੀ ਮੰਡਲੀ ਦੀ ਸਥਾਪਨਾ ਹੋਣ ਤੋਂ ਬਾਅਦ ਪੌਲੁਸ ਰਸੂਲ ਨੇ ਵੀ ਕਾਫ਼ੀ ਪ੍ਰਚਾਰ ਸਭਾ ਘਰਾਂ ਵਿਚ ਹੀ ਕੀਤਾ। ਪਰਮੇਸ਼ੁਰ ਦੇ ਨੇੜੇ ਜਾਣ ਦੀ ਇੱਛਾ ਰੱਖਣ ਵਾਲੇ ਲੋਕ ਸਭਾ ਘਰ ਜਾਂਦੇ ਸਨ। ਇਸ ਲਈ ਜਦੋਂ ਪੌਲੁਸ ਕਿਸੇ ਸ਼ਹਿਰ ਵਿਚ ਜਾਂਦਾ ਸੀ, ਤਾਂ ਉਹ ਅਕਸਰ ਪਹਿਲਾਂ ਸਭਾ ਘਰ ਜਾਂਦਾ ਸੀ ਅਤੇ ਉੱਥੇ ਪ੍ਰਚਾਰ ਕਰਦਾ ਸੀ।—ਰਸੂ. 17:1, 2; 18:4.