ਕੰਮ ਪੂਰਾ ਕਰਨ ਲਈ ਸਾਡੇ ਸਾਰਿਆਂ ਦੀ ਲੋੜ ਹੈ
1 ਯਿਸੂ ਮਸੀਹ ਦੇ ਹਰੇਕ ਚੇਲੇ ਨੂੰ ਇਹ ਸਮਝਣ ਦੀ ਲੋੜ ਹੈ ਕਿ ਰਾਜ ਦੇ ਪ੍ਰਚਾਰ-ਕੰਮ ਨੂੰ ਸਮਰਥਨ ਦੇਣ ਅਤੇ ਉਸ ਵਿਚ ਭਾਗ ਲੈਣ ਦੇ ਉਸ ਦੇ ਜਤਨ ਬਹੁਤ ਮਹੱਤਵਪੂਰਣ ਹਨ। ਯਿਸੂ ਨੂੰ ਪਤਾ ਸੀ ਕਿ ਉਸ ਦੇ ਚੇਲੇ ਵੱਖੋ-ਵੱਖਰੀ ਮਾਤਰਾ ਵਿਚ ਰਾਜ ਦੇ ਫਲ ਪੈਦਾ ਕਰਨਗੇ। (ਮੱਤੀ 13:23) ਹਾਲਾਂਕਿ ਪ੍ਰਚਾਰ ਕੰਮ ਦਾ ਵੱਡਾ ਭਾਗ ਬਹੁਤ ਸਾਰੇ ਮਿਹਨਤੀ ਪਾਇਨੀਅਰਾਂ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ, ਫਿਰ ਵੀ ਉਹ ਸਾਰੇ ਭੈਣ-ਭਰਾ ਵੀ ਸ਼ਲਾਘਾ ਦੇ ਯੋਗ ਹਨ ਜੋ ਆਪਣੀ ਸਮਰਥਾ ਅਨੁਸਾਰ ਜ਼ਿਆਦਾ ਤੋਂ ਜ਼ਿਆਦਾ ਫਲ ਪੈਦਾ ਕਰਨ ਦੁਆਰਾ ਜੋਸ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਨੀ ਜਾਰੀ ਰੱਖਦੇ ਹਨ।—ਯੂਹੰ. 15:8.
2 ਸਾਂਝੇ ਜਤਨਾਂ ਨਾਲ ਕਾਫ਼ੀ ਕੁਝ ਸੰਪੰਨ ਹੁੰਦਾ ਹੈ: ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਚੇਲਿਆਂ ਦੇ ਸਮੂਹਕ ਜਤਨ ਅਜਿਹੇ ਕੰਮ ਸੰਪੰਨ ਕਰਨਗੇ ਜੋ ਉਸ ਦੇ ਕੰਮ ਨਾਲੋਂ ਵੱਡੇ ਹੋਣਗੇ। (ਯੂਹੰ. 14:12) ਭਾਵੇਂ ਸਾਡੇ ਨਿੱਜੀ ਹਾਲਾਤ ਸਾਨੂੰ ਜ਼ਿਆਦਾ ਕਰਨ ਤੋਂ ਰੋਕਣ ਜਾਂ ਸਾਨੂੰ ਰਾਜ ਦੇ ਪ੍ਰਚਾਰ-ਕੰਮ ਵਿਚ ਬਹੁਤ ਸਮਾਂ ਲਗਾਉਣ ਦੀ ਇਜਾਜ਼ਤ ਦੇਣ, ਫਿਰ ਵੀ ਕੰਮ ਪੂਰਾ ਕਰਨ ਲਈ ਸਾਡੇ ਸਾਰਿਆਂ ਦੀ ਲੋੜ ਹੈ। ਇਹ ਠੀਕ ਪੌਲੁਸ ਦੇ ਕਥਨ ਅਨੁਸਾਰ ਹੈ: “ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ।”—ਅਫ਼. 4:16.
3 ਕੁਝ ਸ਼ਾਇਦ ਸੋਚਣ ਕਿ ਉਨ੍ਹਾਂ ਦੇ ਜਤਨ ਤਾਂ ਨਾ ਦੇ ਬਰਾਬਰ ਹਨ। ਪਰੰਤੂ, ਯਹੋਵਾਹ ਦੀਆਂ ਨਜ਼ਰਾਂ ਵਿਚ ਜੋ ਗੱਲ ਮਹੱਤਤਾ ਰੱਖਦੀ ਹੈ, ਉਹ ਇਹ ਹੈ ਕਿ ਅਸੀਂ ਆਪਣੇ ਪੂਰੇ ਪ੍ਰਾਣ ਨਾਲ ਸੇਵਾ ਕਰੀਏ। ਅਸੀਂ ਉਸ ਲਈ ਜੋ ਕੁਝ ਵੀ ਕਰਦੇ ਹਾਂ, ਉਸ ਨੂੰ ਯਹੋਵਾਹ ਵਡਮੁੱਲਾ ਸਮਝਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ।—ਤੁਲਨਾ ਕਰੋ ਲੂਕਾ 21:1-4.
4 ਕੰਮ ਨੂੰ ਲਗਾਤਾਰ ਸਮਰਥਨ ਦਿੰਦੇ ਰਹੋ: ਸਾਨੂੰ ਸਾਰਿਆਂ ਨੂੰ ਇਸ ਵਿਸ਼ਵ-ਵਿਆਪੀ ਕੰਮ ਨੂੰ ਮਾਲੀ ਯੋਗਦਾਨ ਦੇਣ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ। ਕੁਝ ਲੋਕ ਆਪਣੇ ਸਰੀਰਕ ਬਲ ਨੂੰ ਰਾਜ ਦੇ ਕੰਮ ਵਿਚ ਲਗਾਉਣ ਦੁਆਰਾ ਵੀ ਮਦਦ ਕਰ ਸਕਦੇ ਹਨ। ਹਰੇਕ ਵਿਅਕਤੀ ਸਭਾਵਾਂ ਵਿਚ ਚੰਗੀ ਤਰ੍ਹਾਂ ਨਾਲ ਤਿਆਰ ਕੀਤੀਆਂ ਟਿੱਪਣੀਆਂ ਦੇਣ ਅਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਭਾਗ ਲੈਣ ਦਾ ਜਤਨ ਕਰ ਸਕਦਾ ਹੈ। ਹਰ ਮੌਕੇ ਦਾ ਫ਼ਾਇਦਾ ਉਠਾ ਕੇ ਦੂਜਿਆਂ ਨੂੰ ਉਤਸ਼ਾਹ ਦੇਣ ਦੁਆਰਾ, ਅਸੀਂ ਕਲੀਸਿਯਾ ਦੀ ਅਧਿਆਤਮਿਕਤਾ ਨੂੰ ਵਡਮੁੱਲਾ ਯੋਗਦਾਨ ਦਿੰਦੇ ਹਾਂ, ਅਤੇ ਇਹ ਕਲੀਸਿਯਾ ਨੂੰ ਸੌਂਪੇ ਗਏ ਕੰਮ ਨੂੰ ਸੰਪੰਨ ਕਰਨ ਵਿਚ ਕਲੀਸਿਯਾ ਦੀ ਮਦਦ ਕਰੇਗਾ।
5 ਜੀ ਹਾਂ, ਕੰਮ ਪੂਰਾ ਕਰਨ ਲਈ ਸਾਡੇ ਸਾਰਿਆਂ ਦੀ ਲੋੜ ਹੈ। ਕਿਸੇ ਨੂੰ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ ਕਿ ਇਸ ਕੰਮ ਵਿਚ ਉਸ ਦੀ ਲੋੜ ਨਹੀਂ ਹੈ। ਯਹੋਵਾਹ ਦੀ ਸੇਵਾ ਕਰਨ ਦੇ ਸਾਡੇ ਸਾਂਝੇ ਜਤਨ, ਭਾਵੇਂ ਵੱਡੇ ਹੋਣ ਜਾਂ ਛੋਟੇ, ਸਾਨੂੰ ਪਰਮੇਸ਼ੁਰ ਦੇ ਸੱਚੇ ਉਪਾਸਕਾਂ ਦੇ ਇੱਕੋ-ਇਕ ਸਮੂਹ ਵਜੋਂ ਵਖਰਿਆਉਂਦੇ ਹਨ। (ਮਲਾ. 3:18) ਸਾਡੇ ਵਿੱਚੋਂ ਹਰੇਕ ਭੈਣ-ਭਰਾ ਯਹੋਵਾਹ ਦੀ ਵਡਿਆਈ ਕਰਨ ਵਿਚ ਅਤੇ ਦੂਜਿਆਂ ਦੀ ਯਹੋਵਾਹ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਵਿਚ ਮਦਦ ਕਰਨ ਵਿਚ ਅਰਥਪੂਰਣ ਭਾਗ ਲੈ ਸਕਦਾ ਹੈ।