ਸਾਰੇ ਲੋਕਾਂ ਨੂੰ ਯਹੋਵਾਹ ਦੇ ਨਾਂ ਬਾਰੇ ਦੱਸਣਾ
1 ਯਿਸੂ ਨੇ ਆਪਣੇ ਚੇਲਿਆਂ ਨੂੰ “ਧਰਤੀ ਦੇ ਬੰਨੇ ਤੀਕੁਰ” ਗਵਾਹਾਂ ਵਜੋਂ ਨਿਯੁਕਤ ਕੀਤਾ। (ਰਸੂ. 1:8) ਪਰ ਉਸ ਨੇ ਪਹਿਲਾਂ ਖ਼ੁਦ ਉਨ੍ਹਾਂ ਸਾਮ੍ਹਣੇ ਇਕ ਮਿਸਾਲ ਕਾਇਮ ਕੀਤੀ। ਜਦੋਂ ਵੀ ਅਤੇ ਜਿੱਥੇ ਕਿਤੇ ਵੀ ਉਸ ਨੂੰ ਲੋਕ ਮਿਲਦੇ ਸਨ ਉਹ ਉਨ੍ਹਾਂ ਨੂੰ ਮਨੁੱਖਜਾਤੀ ਲਈ ਪਰਮੇਸ਼ੁਰ ਦਾ ਮਕਸਦ ਦੱਸਦਾ ਸੀ। ਯਿਸੂ ਦੀ ਰੀਸ ਕਰਦੇ ਹੋਏ ਮਾਤਬਰ ਨੌਕਰ ਵਰਗ, ਯਹੋਵਾਹ ਦੇ ਨਾਂ ਨੂੰ ‘ਸਾਰੀ ਧਰਤੀ ਵਿੱਚ ਦੱਸਣ ਲਈ’ ਵੱਖੋ-ਵੱਖਰੇ ਤਰੀਕਿਆਂ ਨੂੰ ਇਸਤੇਮਾਲ ਕਰ ਰਿਹਾ ਹੈ।—ਯਸਾ. 12:4, 5.
2 ਬੀਤੇ ਸਮੇਂ ਵਿਚ ਕੀ ਕੀਤਾ ਗਿਆ ਸੀ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਬੀਤੇ ਸਾਲਾਂ ਦੌਰਾਨ ਅਖ਼ਬਾਰਾਂ ਵਿਚ ਬਾਈਬਲ ਸੰਬੰਧੀ ਉਪਦੇਸ਼ ਛਾਪੇ ਗਏ; ਲੱਖਾਂ ਹੀ ਲੋਕਾਂ ਨੂੰ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਇਆ ਗਿਆ; ਕਾਰਾਂ ਵਿਚ ਲਾਊਡ ਸਪੀਕਰ ਇਸਤੇਮਾਲ ਕੀਤੇ ਗਏ; ਫੋਨੋਗ੍ਰਾਫ ਦਾ ਕਾਫ਼ੀ ਇਸਤੇਮਾਲ ਕੀਤਾ ਗਿਆ ਤੇ ਕੁਝ ਸਮੇਂ ਲਈ ਰੇਡੀਓ ਦਾ ਵੀ ਇਸਤੇਮਾਲ ਕੀਤਾ ਗਿਆ। ਯਕੀਨਨ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ ਉੱਤੇ ਦਿੱਤਾ ਗਿਆ ਕਿ ਲੋਕਾਂ ਨੂੰ ਨਿੱਜੀ ਤੌਰ ਤੇ ਮਿਲਿਆ ਜਾਵੇ ਤਾਂਕਿ ਦਿਲਚਸਪੀ ਦਿਖਾਉਣ ਵਾਲਿਆਂ ਦੀ ਮਦਦ ਕੀਤੀ ਜਾ ਸਕੇ। ਸਿੱਟੇ ਵਜੋਂ, ਯਹੋਵਾਹ ਦੇ ਨਾਂ ਨੂੰ ਹਰ ਜਗ੍ਹਾ ਦੱਸਣ ਲਈ ਘਰ-ਘਰ ਦੀ ਸੇਵਕਾਈ ਇਕ ਅਸਰਦਾਰ ਜ਼ਰੀਆ ਸਾਬਤ ਹੋਈ ਹੈ।—ਰਸੂ. 5:42.
3 ਸਾਡੇ ਸਮੇਂ ਵਿਚ ਕੀ ਕੀਤਾ ਜਾ ਰਿਹਾ ਹੈ: ਜਿਉਂ-ਜਿਉਂ ਸਮਾਂ ਬਦਲਦਾ ਜਾਂਦਾ ਹੈ ਤਿਉਂ-ਤਿਉਂ ਜ਼ਿੰਦਗੀ ਦੀ ਰਫ਼ਤਾਰ ਤੇਜ਼ ਹੁੰਦੀ ਜਾਂਦੀ ਹੈ ਜਿਸ ਕਰਕੇ ਕਈ ਥਾਵਾਂ ਤੇ ਲੋਕ ਘਰਾਂ ਵਿਚ ਘੱਟ ਹੀ ਮਿਲਦੇ ਹਨ। ਬਹੁਤ ਥੋੜ੍ਹੇ ਲੋਕ ਅਧਿਆਤਮਿਕ ਗੱਲਾਂ ਨੂੰ ਪੜ੍ਹਨ ਲਈ ਸਮਾਂ ਕੱਢਣ ਅਤੇ ਇਨ੍ਹਾਂ ਉੱਤੇ ਮਨਨ ਕਰਨ ਵਿਚ ਦਿਲਚਸਪੀ ਰੱਖਦੇ ਹਨ। ਇਸ ਲਈ ਸਾਨੂੰ ਆਪਣੀ ਸੇਵਕਾਈ ਨੂੰ ਹਾਲਾਤਾਂ ਮੁਤਾਬਕ ਢਾਲ਼ਣਾ ਚਾਹੀਦਾ ਹੈ। ਘਰ-ਘਰ ਦੀ ਸੇਵਕਾਈ ਤੋਂ ਇਲਾਵਾ, ਸਾਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਅਸੀਂ ਉੱਥੇ ਜਾਈਏ ਜਿੱਥੇ ਲੋਕ ਹਨ ਅਤੇ ਆਪਣੀ ਆਸ ਬਾਰੇ ਲੋਕਾਂ ਨੂੰ ਉੱਤਰ ਦੇਣ ਲਈ “ਸਦਾ ਤਿਆਰ” ਰਹੀਏ। (1 ਪਤ. 3:15) ਇਸ ਦਾ ਮਤਲਬ ਸਹਿਕਰਮੀਆਂ, ਸਹਿਪਾਠੀਆਂ, ਸੜਕਾਂ ਉੱਤੇ ਲੋਕਾਂ ਨੂੰ ਅਤੇ ਪਾਰਕ ਵਿਚ ਜਾਂ ਪਾਰਕਿੰਗ ਥਾਵਾਂ ਤੇ, ਦੁਕਾਨਾਂ ਤੇ ਹੋਰ ਕਿਧਰੇ ਵੀ ਜਿੱਥੇ ਕਿਤੇ ਲੋਕ ਮਿਲਦੇ ਹਨ ਉਨ੍ਹਾਂ ਨੂੰ ਪ੍ਰਚਾਰ ਕਰਨ ਦਾ ਜਤਨ ਕਰਨਾ ਹੈ। ਯਹੋਵਾਹ ਦੀ ਮਦਦ ਨਾਲ ਸਾਡੇ ਜਤਨਾਂ ਨੂੰ ਚੰਗੀ ਸਫ਼ਲਤਾ ਮਿਲਦੀ ਹੈ। ਜਿੱਥੇ ਕਿਤੇ ਵੀ ਲੋਕ ਹਨ, ਕੀ ਤੁਸੀਂ ਉਨ੍ਹਾਂ ਨੂੰ ਮਿਲਣ ਦਾ ਜਤਨ ਕਰ ਰਹੇ ਹੋ?
4 ਆਓ ਅਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਨਾਂ ਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕਰੀਏ। ਸਾਨੂੰ ਆਪਣੀ ਸੇਵਕਾਈ ਨੂੰ ਪੂਰਾ ਕਰ ਕੇ ਬਹੁਤ ਜ਼ਿਆਦਾ ਸੰਤੁਸ਼ਟੀ ਮਿਲ ਸਕਦੀ ਹੈ ਅਤੇ ਅਸੀਂ ਆਸ ਰੱਖਦੇ ਹਾਂ ਕਿ ਯਹੋਵਾਹ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ।—ਯੂਹੰ. 6:44.