“ਢਬ ਸਿਰ ਤੇ ਜੁਗਤੀ ਨਾਲ” ਕੀਤਾ ਗਿਆ ਬੰਦੋਬਸਤ
1 ਜ਼ਿਲ੍ਹਾ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਮਿਲ ਕੇ ਜਤਨ ਕਰਨ ਦੀ ਲੋੜ ਹੁੰਦੀ ਹੈ। ਜ਼ਿਲ੍ਹਾ ਸੰਮੇਲਨ ਦੀ ਪ੍ਰਬੰਧਕ ਕਮੇਟੀ ਸੰਮੇਲਨ ਲਈ ਹਾਲ ਅਤੇ ਭਰਾਵਾਂ ਦੇ ਠਹਿਰਨ ਲਈ ਥਾਵਾਂ ਦਾ ਇੰਤਜ਼ਾਮ ਕਰਦੀ ਹੈ। ਸਾਰੇ ਭੈਣ-ਭਰਾ ਅਤੇ ਪਰਿਵਾਰ ਆਪਣੇ ਆਉਣ-ਜਾਣ ਤੇ ਠਹਿਰਨ ਦੀਆਂ ਥਾਵਾਂ ਬਾਰੇ ਯੋਜਨਾਵਾਂ ਬਣਾਉਂਦੇ ਹਨ। ਕਲੀਸਿਯਾਵਾਂ ਸੰਮੇਲਨ ਚਲਾਉਣ ਲਈ ਕਈ ਲੋੜੀਂਦੇ ਵਿਭਾਗਾਂ ਵਿਚ ਮਦਦ ਕਰਦੀਆਂ ਹਨ। ਇਸ ਸਭ ਦਾ ਮੁੱਖ ਮਕਸਦ ਹੈ ਕਿ “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”—1 ਕੁਰਿੰ. 14:40.
2 ਸੰਮੇਲਨ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਆਪਣਾ ਸਹਿਯੋਗ ਦਿੰਦੇ ਸਮੇਂ ਇਹ ਗੱਲ ਚੇਤੇ ਰੱਖੋ ਕਿ ਸੰਮੇਲਨ ਦੀ ਤਿਆਰੀ ਕਰਨ ਵਿਚ ਕਈ ਮਹੀਨੇ ਜਾਂ ਕਈ ਵਾਰੀ ਸਾਲ ਲੱਗ ਜਾਂਦੇ ਹਨ। ਇਨ੍ਹਾਂ ਇੰਤਜ਼ਾਮਾਂ ਵਿਚ ਸੈਂਕੜੇ ਭਰਾ ਕਾਫ਼ੀ ਸਮਾਂ ਲਗਾਉਂਦੇ ਹਨ। ਇਸ ਵਿਚ ਕਿਰਾਏ ਤੇ ਹਾਲ ਬੁੱਕ ਕਰਨਾ, ਸਾਜ਼-ਸਾਮਾਨ ਇਕੱਠਾ ਕਰਨਾ ਅਤੇ ਵੱਖ-ਵੱਖ ਕੰਮਾਂ ਲਈ ਭਰਾਵਾਂ ਦਾ ਪ੍ਰਬੰਧ ਕਰਨਾ ਸ਼ਾਮਲ ਹੈ। ਪਹਿਲਾਂ ਤਿਆਰੀ ਕਰਨ ਨਾਲ ਸਾਰਿਆਂ ਨੂੰ ਹੀ ਅਧਿਆਤਮਿਕ ਬਰਕਤਾਂ ਮਿਲਦੀਆਂ ਹਨ। ਮਦਦ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ?
3 ਠਹਿਰਨ ਦੇ ਇੰਤਜ਼ਾਮਾਂ ਵਿਚ ਸਹਿਯੋਗ ਦਿਓ: ਸਾਡੇ ਸਾਰਿਆਂ ਲਈ ਜ਼ਰੂਰੀ ਹੈ ਕਿ ਅਸੀਂ ਜ਼ਿਲ੍ਹਾ ਸੰਮੇਲਨ ਦੇ ਇੰਤਜ਼ਾਮਾਂ ਵਿਚ ਸਹਿਯੋਗ ਦੇਈਏ। ਇਹ ਸਹਿਯੋਗ ਦੇਣਾ ਖ਼ਾਸਕਰ ਉਦੋਂ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਆਪਣੇ ਠਹਿਰਨ ਲਈ ਕਮਰਿਆਂ ਦਾ ਇੰਤਜ਼ਾਮ ਕਰਦੇ ਹਾਂ। ਹਰ ਸੰਮੇਲਨ ਲਈ ਸੈਂਕੜੇ ਹੀ ਕਮਰਿਆਂ ਦੀ ਲੋੜ ਪੈਂਦੀ ਹੈ। ਜ਼ਿਆਦਾਤਰ ਭੈਣ-ਭਰਾ ਅਮੀਰ ਨਹੀਂ ਹਨ ਜਿਸ ਕਰਕੇ ਉਨ੍ਹਾਂ ਨੂੰ ਘੱਟ ਕਿਰਾਏ ਵਾਲੇ ਕਮਰਿਆਂ ਦੀ ਲੋੜ ਹੁੰਦੀ ਹੈ। ਭਰਾਵਾਂ ਨੇ ਹੋਟਲ ਵਾਲਿਆਂ ਨਾਲ ਸਭ ਤੋਂ ਵਾਜਬ ਰੇਟ ਤੈ ਕਰਨ ਵਿਚ ਕਾਫ਼ੀ ਮਿਹਨਤ ਕੀਤੀ ਹੈ। ਸਾਨੂੰ ਪਿਆਰ ਨਾਲ ਦੂਜਿਆਂ ਦੀਆਂ ਲੋੜਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ‘ਸਾਨੂੰ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਨੀ’ ਚਾਹੀਦੀ ਹੈ।—ਫ਼ਿਲਿ. 2:4.
4 ਠਹਿਰਨ ਦੀ ਥਾਂ ਦਾ ਬੰਦੋਬਸਤ ਕਰਨ ਲਈ ਸੰਮੇਲਨ ਦੀਆਂ ਹਿਦਾਇਤਾਂ ਤੇ ਚੱਲਣ ਨਾਲ ਸਾਰਿਆਂ ਨੂੰ ਹੀ ਫ਼ਾਇਦੇ ਹੁੰਦੇ ਹਨ। ਇਨ੍ਹਾਂ ਹਿਦਾਇਤਾਂ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਬੇਲੋੜੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਕਿੱਦਾਂ? ਜਦੋਂ ਅਸੀਂ ਇਨ੍ਹਾਂ ਸੁਝਾਵਾਂ ਤੇ ਚੱਲਦੇ ਹਾਂ, ਤਾਂ ਹੋਟਲ ਵਾਲਿਆਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ ਕਿ ਉਨ੍ਹਾਂ ਨੇ ਕਿੰਨੇ ਕਮਰੇ ਬੁੱਕ ਕਰਨੇ ਹਨ ਤੇ ਕਿੰਨੇ ਲੋਕ ਹੋਟਲ ਵਿਚ ਠਹਿਰਨਗੇ। ਇਸ ਨਾਲ ਉਨ੍ਹਾਂ ਨੂੰ ਸਾਰੇ ਇੰਤਜ਼ਾਮ ਕਰਨ ਵਿਚ ਮਦਦ ਮਿਲਦੀ ਹੈ ਅਤੇ ਉਹ ਭਵਿੱਖ ਵਿਚ ਸਾਡੇ ਲਈ ਕਮਰਿਆਂ ਦੇ ਕਿਰਾਏ ਵੀ ਘੱਟ ਕਰ ਸਕਦੇ ਹਨ। ਜੇ ਸਾਡੇ ਵਿੱਚੋਂ ਬਹੁਤ ਸਾਰੇ ਭੈਣ-ਭਰਾ ਆਪਣੀ ਬੁਕਿੰਗ ਰੱਦ ਕਰ ਦਿੰਦੇ ਹਨ ਜਾਂ ਕੋਈ ਹੋਰ ਬੰਦੋਬਸਤ ਕਰਦੇ ਹਨ, ਤਾਂ ਇਸ ਨਾਲ ਹੋਟਲ ਦੀ ਮੈਨੇਜਮੈਂਟ ਨੂੰ ਤਾਂ ਪਰੇਸ਼ਾਨੀ ਹੁੰਦੀ ਹੀ ਹੈ, ਸਗੋਂ ਨਾਲ ਹੀ ਸਾਡੇ ਭੈਣ-ਭਰਾਵਾਂ ਨੂੰ ਵੀ ਮੁਸ਼ਕਲ ਹੁੰਦੀ ਹੈ ਜੋ ਸ਼ਾਇਦ ਉਸੇ ਹੋਟਲ ਵਿਚ ਠਹਿਰਨਾ ਚਾਹੁੰਦੇ ਸਨ। ਹੋ ਸਕਦਾ ਹੈ ਭਵਿੱਖ ਵਿਚ ਹੋਟਲ ਦੀ ਮੈਨੇਜਮੈਂਟ ਸੰਮੇਲਨਾਂ ਵੇਲੇ ਸਾਨੂੰ ਬਹੁਤ ਘੱਟ ਕਮਰੇ ਦੇਵੇ, ਇਹ ਸੋਚਦੇ ਹੋਏ ਕਿ ਅਸੀਂ ਆਪਣੇ ਵਾਅਦੇ ਦੇ ਪੱਕੇ ਨਹੀਂ ਹਾਂ। ਕਿੰਨਾ ਚੰਗਾ ਹੋਵੇਗਾ ਜੇ ਅਸੀਂ ਆਪਣੇ ਵਾਅਦੇ ਦੇ ਪੱਕੇ ਰਹੀਏ ਤੇ ਸਾਡੀ “ਹਾਂ ਦੀ ਹਾਂ” ਹੋਵੇ!—ਮੱਤੀ 5:37.
5 ਇਨ੍ਹਾਂ ਚੰਗੇ ਨਤੀਜਿਆਂ ਤੇ ਗੌਰ ਕਰੋ: ਇਕ ਸੰਮੇਲਨ ਤੋਂ ਬਾਅਦ ਇਕ ਕੈਂਪਸਾਈਟ ਦੇ ਮੈਨੇਜਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਯਹੋਵਾਹ ਦੇ ਗਵਾਹ ਹਰ ਗੱਲ ਵਿਚ ਬੜੇ ਈਮਾਨਦਾਰ ਹਨ। ਪਿਛਲੇ ਹਫ਼ਤੇ ਮੇਰੇ ਕੈਂਪਸਾਈਟ ਵਿਚ 40 ਗਵਾਹ ਠਹਿਰੇ ਸਨ ਤੇ ਉਨ੍ਹਾਂ ਨੇ ਕੋਈ ਮੁਸ਼ਕਲ ਖੜ੍ਹੀ ਨਹੀਂ ਕੀਤੀ। ਇਸ ਦੇ ਉਲਟ, ਸਿਰਫ਼ ਇਹੀ ਲੋਕ ਹਨ ਜੋ ਸਾਨੂੰ ਆ ਕੇ ਦੱਸਦੇ ਹਨ ਕਿ ਉਨ੍ਹਾਂ ਦੇ ਟ੍ਰੇਲਰ (ਘਰਨੁਮਾ ਗੱਡੀ) ਜਾਂ ਟੈਂਟ ਵਿਚ ਵਾਧੂ ਵਿਅਕਤੀ ਠਹਿਰੇ ਹਨ। ਜਿੱਥੇ ਤਕ ਮੇਰਾ ਖ਼ਿਆਲ ਹੈ, ਉਹ ਸਭ ਤੋਂ ਚੰਗੇ ਗਾਹਕ ਹਨ।” ਕਿੰਨਾ ਚੰਗਾ ਹੋਵੇਗਾ ਜੇ ਉਨ੍ਹਾਂ ਸਾਰਿਆਂ ਨੂੰ ਇੱਦਾਂ ਦਾ ਹੀ ਚੰਗਾ ਅਨੁਭਵ ਹੋਵੇ ਜੋ ਸਾਨੂੰ ਠਹਿਰਨ ਲਈ ਜਗ੍ਹਾ ਕਿਰਾਏ ਤੇ ਦਿੰਦੇ ਹਨ! ਇਸ ਦੁਆਰਾ ਉਨ੍ਹਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਗਵਾਹੀ ਮਿਲੇਗੀ!
6 ਇਕ ਵਾਰ, ਇਕ ਹੋਟਲ ਲੜੀ ਦੇ ਰੀਜਨਲ ਮੈਨੇਜਰ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਵਰਗਾ ਮੈਂ ਇੱਦਾਂ ਦਾ ਕੋਈ ਵੀ ਵੱਡਾ ਸਾਰਾ ਗਰੁੱਪ ਨਹੀਂ ਦੇਖਿਆ ਜਿਸ ਨੇ ਆਪਣੇ ਵਿਸ਼ਵਾਸਾਂ ਨੂੰ ਆਪਣੇ ਕੰਮਾਂ ਦੁਆਰਾ ਪ੍ਰਗਟ ਕੀਤਾ ਹੋਵੇ। ਸਾਨੂੰ ਉਮੀਦ ਹੈ ਕਿ ਤੁਸੀਂ ਫਿਰ ਆਓਗੇ।” ਇਹ ਟਿੱਪਣੀ ਦਿਖਾਉਂਦੀ ਹੈ ਕਿ ਚੰਗਾ ਚਾਲ-ਚਲਣ ਨਾ ਸਿਰਫ਼ ਸਾਨੂੰ ਤਾਜ਼ਗੀ ਦਿੰਦਾ ਹੈ, ਸਗੋਂ ਸਾਨੂੰ ਦੇਖਣ ਵਾਲੇ ਬਹੁਤ ਸਾਰੇ ਦੁਨਿਆਵੀ ਲੋਕਾਂ ਨੂੰ ਵੀ ਤਰੋਤਾਜ਼ਾ ਕਰਦਾ ਹੈ।
7 ਸਹਿਯੋਗ ਦੇਣ ਦੇ ਬੁਨਿਆਦੀ ਤਰੀਕੇ: ਕਮਰੇ ਬੁੱਕ ਕਰਨ ਵੇਲੇ ਅਸੀਂ ਕੁਝ ਆਸਾਨ ਤਰੀਕਿਆਂ ਨਾਲ ਸੰਮੇਲਨ ਦਾ ਪ੍ਰਬੰਧ ਕਰਨ ਵਾਲੇ ਭਰਾਵਾਂ ਨੂੰ ਸਹਿਯੋਗ ਦੇ ਸਕਦੇ ਹਾਂ। (1) ਤੁਹਾਨੂੰ ਹੋਟਲ ਵਿਚ ਜਿੰਨੇ ਕਮਰਿਆਂ ਦੀ ਲੋੜ ਹੈ, ਉਸ ਨਾਲੋਂ ਜ਼ਿਆਦਾ ਕਮਰੇ ਬੁੱਕ ਨਾ ਕਰੋ। (2) ਆਪਣੇ ਕਮਰੇ ਦੀ ਬੁਕਿੰਗ ਲਈ ਵਾਜਬ ਪੇਸ਼ਗੀ ਰਕਮ ਭੇਜੋ। (3) ਹੋਟਲ ਵਿਚ ਆਏ ਮਹਿਮਾਨਾਂ ਨੂੰ ਮੁਫ਼ਤ ਨਾਸ਼ਤਾ ਦੇਣ ਦੇ ਇੰਤਜ਼ਾਮ ਦੀ ਦੁਰਵਰਤੋਂ ਨਾ ਕਰੋ। (4) ਯਾਦ ਰੱਖੋ ਕਿ ਹੋਟਲਾਂ ਦੇ ਮਾਲਕ ਸਾਡੇ ਤੋਂ ਆਪਣੇ ਨਿਯਮਾਂ ਦੀ ਪਾਲਣਾ ਕਰਨ ਦੀ ਉਮੀਦ ਰੱਖਦੇ ਹਨ।
8 ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਵਜੋਂ, ਸਾਡੇ ਕੋਲ ਮੌਕਾ ਹੈ ਕਿ ਅਸੀਂ ਆਪਣੇ ਸਾਰੇ ਕੰਮਾਂ ਵਿਚ ਉਸ ਦੀ ਸ਼ਖ਼ਸੀਅਤ ਦੇ ਗੁਣ ਦਿਖਾਈਏ। ਸੰਮੇਲਨਾਂ ਨਾਲ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਹੁੰਦੀ ਹੈ, ਇਸ ਲਈ ਸੰਮੇਲਨ ਸੰਬੰਧੀ ਯੋਜਨਾਵਾਂ ਬਣਾਉਂਦੇ ਸਮੇਂ ਅਤੇ ਸੰਮੇਲਨ ਦੌਰਾਨ ਵੀ ਸਾਨੂੰ ਉਸ ਦੇ ਵਧੀਆ ਗੁਣ ਦਿਖਾਉਣੇ ਚਾਹੀਦੇ ਹਨ। ਚੇਤੇ ਰੱਖੋ ਕਿ ਯਹੋਵਾਹ ‘ਘਮਸਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।’ (1 ਕੁਰਿੰ. 14:33) ਇਸ ਲਈ, ਜਦੋਂ ਅਸੀਂ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਦੀ ਤਿਆਰੀ ਕਰਦੇ ਹਾਂ ਅਤੇ ਉਸ ਵਿਚ ਹਾਜ਼ਰ ਹੁੰਦੇ ਹਾਂ, ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਸਾਡੇ ਚਾਲ-ਚਲਣ ਤੇ ਤੌਰ-ਤਰੀਕਿਆਂ ਤੋਂ ਦੂਜੇ ਲੋਕ ਯਹੋਵਾਹ ਦੇ ਸ਼ਾਂਤੀ ਦੇ ਗੁਣ ਨੂੰ ਪਛਾਣ ਸਕਣ। ਅਸੀਂ ਚਾਹੁੰਦੇ ਹਾਂ ਕਿ ਨੇਕਦਿਲ ਲੋਕ ਇਹ ਜਾਣ ਸਕਣ ਕਿ ਯਹੋਵਾਹ ਦੀਆਂ ਸੰਗਤਾਂ ਦੇ ਇਕੱਠ ਦਾ “ਢਬ ਸਿਰ ਤੇ ਜੁਗਤੀ ਨਾਲ” ਬੰਦੋਬਸਤ ਕੀਤਾ ਜਾਂਦਾ ਹੈ।—ਜ਼ਬੂ. 68.26.