ਰਾਜ ਨੂੰ ਪਹਿਲੀ ਥਾਂ ਦਿੰਦੇ ਰਹੋ
1 ਜਦੋਂ ਅਸੀਂ ਆਰਥਿਕ ਪਰੇਸ਼ਾਨੀਆਂ ਅਤੇ ਹੋਰ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਉਦੋਂ ਸਾਡੇ ਲਈ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣਾ ਅਤੇ ਦਿੰਦੇ ਰਹਿਣਾ ਮੁਸ਼ਕਲ ਹੋ ਸਕਦਾ ਹੈ। ਅਸੀਂ ਮੁਸ਼ਕਲਾਂ ਦੇ ਬਾਵਜੂਦ ਵੀ ਰਾਜ ਨੂੰ ਕਿਵੇਂ ਪਹਿਲੀ ਥਾਂ ਦਿੰਦੇ ਰਹਿ ਸਕਦੇ ਹਾਂ? ਜੇ ਸਾਨੂੰ ਕਿਸੇ ਅਜਿਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ਕਰਕੇ ਸਾਨੂੰ ਸਭਾਵਾਂ ਜਾਂ ਪ੍ਰਚਾਰ ਵਿਚ ਜਾਣ ਲਈ ਸਮਾਂ ਨਹੀਂ ਮਿਲੇਗਾ, ਤਾਂ ਉਦੋਂ ਅਸੀਂ ਕੀ ਕਰਾਂਗੇ? ਕੀ ਅਸੀਂ ਰਾਜ ਨੂੰ ਦੂਜੀ ਥਾਂ ਤੇ ਰੱਖ ਦਿਆਂਗੇ?
2 ਮਜ਼ਬੂਤ ਨਿਹਚਾ ਦੀ ਲੋੜ: ਜਦੋਂ ਅਜਿਹੇ ਹਾਲਾਤਾਂ ਵਿਚ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ, ਤਾਂ ਸਾਨੂੰ ਯਹੋਵਾਹ ਅਤੇ ਯਿਸੂ ਦੇ ਇਸ ਵਾਅਦੇ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਜੇ ਅਸੀਂ ਰਾਜ ਨੂੰ ਪਹਿਲੀ ਥਾਂ ਦਿੰਦੇ ਹਾਂ, ਤਾਂ ਉਹ ਸਾਡੀ ਜ਼ਰੂਰ ਮਦਦ ਕਰਨਗੇ। (ਜ਼ਬੂ. 37:25; ਮੱਤੀ 6:31-34) ਦੁਨਿਆਵੀ ਦਬਾਅ ਅਤੇ ਪ੍ਰਭਾਵ ਸਾਡੀ ਅਧਿਆਤਮਿਕ ਨਜ਼ਰ ਨੂੰ ਧੁੰਦਲਾ ਕਰ ਸਕਦੇ ਹਨ ਅਤੇ ਸਾਨੂੰ ਰਾਜ ਨੂੰ ਪਹਿਲ ਦੇਣ ਤੋਂ ਰੋਕ ਸਕਦੇ ਹਨ। ਕਈਆਂ ਨੇ ਤਰੱਕੀ ਨੂੰ ਜਾਂ ਹੋਰ ਪੈਸੇ ਕਮਾਉਣ ਦੇ ਮੌਕਿਆਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੱਤੀ ਹੈ। ਪਰ ਪੌਲੁਸ ਵਾਂਗ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਿੰਦਗੀ ਵਿਚ ਕਿਹੜੀ ਚੀਜ਼ ਸੱਚ-ਮੁੱਚ ਅਹਿਮੀਅਤ ਰੱਖਦੀ ਹੈ।—ਫ਼ਿਲਿ. 3:7, 8.
3 ਕੀ ਸੁਧਾਰ ਕਰਨ ਦੀ ਲੋੜ ਹੈ? ਕੀ ਤੁਸੀਂ ਉੱਚ-ਸਿੱਖਿਆ ਨੂੰ ਆਪਣੀ ਜਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਚੀਜ਼ ਸਮਝਦੇ ਹੋ? ਇਕ ਨੌਜਵਾਨ ਗਵਾਹ ਦੇ ਤਜਰਬੇ ਉੱਤੇ ਗੌਰ ਕਰੋ: ਉਸ ਨੂੰ ਹਾਈ ਸਕੂਲ ਵਿੱਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਰਾਸ਼ਟਰੀ ਗੀਤ ਨਹੀਂ ਗਾਇਆ ਸੀ। ਅਦਾਲਤ ਵਿਚ ਇਸ ਬਾਰੇ ਲੰਮੇ ਸਮੇਂ ਤਕ ਮੁਕੱਦਮਾ ਚੱਲਦਾ ਰਿਹਾ, ਪਰ ਅਖ਼ੀਰ ਸੱਚੀ ਉਪਾਸਨਾ ਦੀ ਸ਼ਾਨਦਾਰ ਜਿੱਤ ਹੋਈ। ਇਹ ਨੌਜਵਾਨ ਦੁਬਾਰਾ ਤੋਂ ਸਕੂਲ ਗਿਆ। ਫਿਰ ਉਸ ਨੇ ਕਾਲਜ ਵਿਚ ਵੀ ਦਾਖ਼ਲਾ ਲਿਆ। ਪਰ ਕਾਲਜ ਦੇ ਅਨੈਤਿਕ ਮਾਹੌਲ ਨੂੰ ਦੇਖ ਕੇ ਉਹ ਐਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਕੁਝ ਮਹੀਨਿਆਂ ਵਿਚ ਹੀ ਕਾਲਜ ਦੀ ਪੜ੍ਹਾਈ ਛੱਡ ਦਿੱਤੀ। ਬੈਥਲ ਵਿਚ ਬਾਰਾਂ ਸਾਲ ਬਿਤਾਉਣ ਤੋਂ ਬਾਅਦ, ਉਹ ਹੁਣ ਮਹਿਸੂਸ ਕਰਦਾ ਹੈ ਕਿ ਉਸ ਨੇ ਉੱਚ-ਸਿੱਖਿਆ ਲੈਣ ਨਾਲੋਂ ਬੈਥਲ ਪਰਿਵਾਰ ਦਾ ਮੈਂਬਰ ਬਣ ਕੇ ਜ਼ਿਆਦਾ ਫ਼ਾਇਦਾ ਉਠਾਇਆ ਹੈ। ਪਰਮੇਸ਼ੁਰ ਦਾ ਹੁਕਮ ਹੈ ਕਿ ਅਸੀਂ ਪਹਿਲਾਂ ਉਸ ਦੇ ਰਾਜ ਦੀ ਭਾਲ ਕਰੀਏ ਅਤੇ ਉਹ ਵਾਅਦਾ ਕਰਦਾ ਹੈ ਕਿ ਜਿਹੜੇ ਵਿਅਕਤੀ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਨੂੰ “ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”
4 ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਭੈਣ-ਭਰਾਵਾਂ ਨੇ ਆਪਣੇ ਬਿਜ਼ਨਿਸ ਨੂੰ ਜਾਂ ਹੋਰ ਪੈਸੇ ਕਮਾਉਣ ਦੇ ਸੁਨਹਿਰੇ ਮੌਕਿਆਂ ਨੂੰ ਤਿਆਗ ਕੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਇਆ ਹੈ ਅਤੇ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ ਹੈ। ਸੇਵਕਾਈ ਸਿਖਲਾਈ ਸਕੂਲ ਵਿਚ ਸਿਖਲਾਈ ਲੈਣ ਵਾਲੇ ਜਵਾਨ ਤੇ ਅਣਵਿਆਹੇ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਨੇ ਇਸੇ ਤਰ੍ਹਾਂ ਕੀਤਾ ਹੈ ਜੋ ਹੁਣ ਕਲੀਸਿਯਾਵਾਂ ਵਿਚ ਸੇਵਾ ਕਰਨ ਦਾ ਆਨੰਦ ਮਾਣ ਰਹੇ ਹਨ। ਪੌਲੁਸ ਦੀ ਸ਼ਾਨਦਾਰ ਮਿਸਾਲ ਦੀ ਰੀਸ ਕਰਦੇ ਹੋਏ ਉਹ ਬੁਨਿਆਦੀ ਚੀਜ਼ਾਂ ਨਾਲ ਹੀ ਪੂਰੀ ਤਰ੍ਹਾਂ ਸੰਤੁਸ਼ਟ ਹਨ।—1 ਕੁਰਿੰ. 10:33; 1 ਤਿਮੋ. 6:6-8; ਇਬ. 13:5.
5 ਜ਼ਿੰਦਗੀ ਪ੍ਰਤੀ ਸਾਡੇ ਨਜ਼ਰੀਏ ਦਾ ਦੁਨੀਆਂ ਭਾਵੇਂ ਮਖੌਲ ਉਡਾਵੇ, ਪਰ ਸਾਡੇ ਉੱਤੇ ਯਹੋਵਾਹ ਦੀ ਅਸੀਸ ਹੈ। (1 ਕੁਰਿੰ. 1:26-31) ਕੀ ਇਹ ਜਾਣ ਕੇ ਸਾਨੂੰ ਹੌਸਲਾ ਨਹੀਂ ਮਿਲਦਾ ਕਿ ਉਹ ਆਪਣਾ ਕੰਮ ਪੂਰਾ ਕਰਨ ਲਈ ਸਾਨੂੰ ਹਰ ਸੰਭਵ ਤਰੀਕੇ ਨਾਲ ਇਸਤੇਮਾਲ ਕਰੇਗਾ ਤੇ ਸਾਡੀ ਮਦਦ ਵੀ ਕਰੇਗਾ? ਅੱਜ ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਦਾ ਐਲਾਨ ਕਰਨ ਦਾ ਇਹ ਮੌਕਾ ਸਾਨੂੰ ਦੁਬਾਰਾ ਕਦੇ ਨਹੀਂ ਮਿਲੇਗਾ। ਇਸ ਲਈ, ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲੀ ਥਾਂ ਦਿੰਦੇ ਰਹਿਣ ਦਾ ਹੁਣੇ ਸਮਾਂ ਹੈ।