ਸਾਨੂੰ ਖ਼ੁਸ਼ ਖ਼ਬਰੀ ਸੌਂਪੀ ਗਈ ਹੈ
1 ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਰਾਜ ਦੀ ਖ਼ੁਸ਼ ਖ਼ਬਰੀ ਸੌਂਪੀ ਹੈ! (1 ਥੱਸ. 2:4) ਕੁਝ ਲੋਕ ਇਸ ਸੋਹਣੇ ਸੰਦੇਸ਼ ਨੂੰ ਸੁਣਨਾ ਨਹੀਂ ਚਾਹੁੰਦੇ, ਪਰ ਸੱਚੇ ਦਿਲ ਵਾਲੇ ਲੋਕ ਇਸ ਸੰਦੇਸ਼ ਦੀ ਸੁਗੰਧ ਵੱਲ ਖਿੱਚੇ ਜਾਂਦੇ ਹਨ। (2 ਕੁਰਿੰ. 2:14-16) ਜਿਹੜੇ ਲੋਕ ਇਸ ਖ਼ੁਸ਼ ਖ਼ਬਰੀ ਨੂੰ ਸੁਣ ਕੇ ਇਸ ਅਨੁਸਾਰ ਚੱਲਦੇ ਹਨ, ਉਹ ਮੁਕਤੀ ਹਾਸਲ ਕਰਨਗੇ। (ਰੋਮੀ. 1:16) ਸਾਨੂੰ ਇਹ ਖ਼ੁਸ਼ ਖ਼ਬਰੀ ਕਿਉਂ ਸੁਣਾਉਣੀ ਚਾਹੀਦੀ ਹੈ?
2 ਯਿਸੂ ਅਤੇ ਰਸੂਲ: ਯਿਸੂ ਹਮੇਸ਼ਾ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੰਦਾ ਸੀ। (ਲੂਕਾ 4:18, 43) ਉਹ ਲੋਕਾਂ ਨਾਲ ਇੰਨਾ ਪਿਆਰ ਕਰਦਾ ਸੀ ਅਤੇ ਖ਼ੁਸ਼ ਖ਼ਬਰੀ ਨੂੰ ਇੰਨਾ ਅਹਿਮ ਸਮਝਦਾ ਸੀ ਕਿ ਉਹ ਥੱਕਾ-ਟੁੱਟਾ ਅਤੇ ਭੁੱਖਾ ਹੋਣ ਦੇ ਬਾਵਜੂਦ ਵੀ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦਾ ਸੀ। (ਮਰ. 6:30-34) ਉਸ ਨੇ ਆਪਣੇ ਕੰਮਾਂ ਅਤੇ ਕਥਨਾਂ ਰਾਹੀਂ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਰਾਜ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਸੀ।—ਮੱਤੀ 28:18-20; ਮਰ. 13:10.
3 ਯਿਸੂ ਦੀ ਰੀਸ ਕਰਦੇ ਹੋਏ ਉਸ ਦੇ ਚੇਲਿਆਂ ਨੇ ਬੜੇ ਜੋਸ਼ ਨਾਲ ਰਾਜ ਦਾ ਸੰਦੇਸ਼ ਸੁਣਾਇਆ। ਇਕ ਵਾਰ ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ ਅਤੇ ਉਨ੍ਹਾਂ ਨੂੰ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਪਰ ਫਿਰ ਵੀ ਉਹ “ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ।” (ਰਸੂ. 5:40-42) ਪੌਲੁਸ ਰਸੂਲ ਨੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਸਖ਼ਤ ਮਿਹਨਤ ਕੀਤੀ। (1 ਕੁਰਿੰ. 15:9, 10; ਕੁਲੁ. 1:29) ਉਹ ਆਪਣੇ ਆਪ ਨੂੰ ਦੂਸਰਿਆਂ ਦਾ ਕਰਜ਼ਦਾਰ ਸਮਝਦਾ ਸੀ। ਇਸ ਕਰਜ਼ ਨੂੰ ਉਤਾਰਨ ਲਈ ਉਹ ਆਪਣੇ ਆਰਾਮ ਦੀ ਪਰਵਾਹ ਕੀਤੇ ਬਗੈਰ, ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਿਚ ਰੁੱਝਿਆ ਰਹਿੰਦਾ ਸੀ।—ਰਸੂ. 20:24; ਰੋਮੀ. 1:14-16.
4 ਅੱਜ ਸਾਡੇ ਲਈ ਵੱਡੇ ਮਾਣ ਦੀ ਗੱਲ: ਜੇ ਅਸੀਂ ਇਸ ਪਵਿੱਤਰ ਕੰਮ ਦੀ ਅਹਿਮੀਅਤ ਨੂੰ ਸਮਝਦੇ ਹਾਂ, ਤਾਂ ਅਸੀਂ ਹੋਰ ਜ਼ਿਆਦਾ ਪ੍ਰਚਾਰ ਕਰਨ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰਾਂਗੇ। (ਰੋਮੀ. 15:16) ਐਡਵਰਡ ਅਪਾਹਜ ਸੀ। ਉਹ ਇਕ ਹੋਟਲ ਦੇ ਬਾਹਰ ਆਪਣੀ ਵ੍ਹੀਲ-ਚੇਅਰ ਤੇ ਬੈਠ ਕੇ ਹੋਟਲ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦਾ ਸੀ। ਪਰ ਉਹ ਹੋਰ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਇਕ ਪਿਕ-ਅੱਪ ਟਰੱਕ ਵਿਚ ਕੁਝ ਖ਼ਾਸ ਤਬਦੀਲੀਆਂ ਕੀਤੀਆਂ ਤਾਂਕਿ ਉਹ ਇਸ ਨੂੰ ਆਪ ਚਲਾ ਸਕੇ। ਇਸ ਗੱਡੀ ਦੀ ਮਦਦ ਨਾਲ ਉਸ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਕਈ ਸਾਲਾਂ ਤਕ ਪਾਇਨੀਅਰੀ ਕੀਤੀ। ਐਡਵਰਡ ਵਾਂਗ, ਅੱਜ ਵੀ ਕਈ ਭੈਣ-ਭਰਾਵਾਂ ਨੇ ਆਪਣੇ ਹਾਲਾਤਾਂ ਵਿਚ ਫੇਰ-ਬਦਲ ਕੀਤੇ ਹਨ ਤਾਂਕਿ ਉਹ ਖ਼ੁਸ਼ ਖ਼ਬਰੀ ਸੁਣਾਉਣ ਵਿਚ ਜ਼ਿਆਦਾ ਸਮਾਂ ਬਿਤਾ ਸਕਣ।
5 ਆਓ ਆਪਾਂ ਵੀ ਯਿਸੂ ਅਤੇ ਉਸ ਦੇ ਰਸੂਲਾਂ ਵਾਂਗ ਪ੍ਰਚਾਰ ਦੇ ਕੰਮ ਨੂੰ ਹਮੇਸ਼ਾ ਪਹਿਲ ਦਿੰਦੇ ਰਹੀਏ। ਇਸ ਤਰ੍ਹਾਂ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰਦੇ ਹਾਂ ਅਤੇ ਖ਼ੁਸ਼ ਖ਼ਬਰੀ ਦੀ ਅਹਿਮੀਅਤ ਨੂੰ ਸਮਝਦੇ ਹਾਂ।