ਬ੍ਰਾਂਚ ਤੋਂ ਚਿੱਠੀ
ਪਿਆਰੇ ਰਾਜ ਪ੍ਰਕਾਸ਼ਕੋ:
ਪੂਰੇ ਭਾਰਤ ਵਿਚ ਭਰਾਵਾਂ ਨੂੰ ਇਹ ਸੁਣ ਕੇ ਬੜੀ ਖ਼ੁਸ਼ੀ ਹੋਈ ਕਿ ਤਾਮਿਲਨਾਡੂ ਵਿਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਪਿਛਲੇ ਕੁਝ ਸਾਲਾਂ ਦੌਰਾਨ ਉੱਥੇ ਦੇ ਭਰਾਵਾਂ ਨੇ ਸਿੱਖਿਆ ਕਿ ਪ੍ਰਚਾਰ ਕਰਨ ਵੇਲੇ ਲੋਕਾਂ ਨਾਲ ਅਤੇ ਉੱਚ ਅਧਿਕਾਰੀਆਂ ਨਾਲ ਕਿਵੇਂ ਗੱਲ ਕਰਨੀ ਹੈ। (1 ਪਤ. 3:15) ਭਰਾਵਾਂ ਨੇ ਪ੍ਰਚਾਰ ਦੇ ਕੰਮ ਵਿਚ ਆਪਣਾ ਜੋਸ਼ ਬਰਕਰਾਰ ਰੱਖਣ ਦੇ ਨਾਲ-ਨਾਲ ਸਾਵਧਾਨੀ ਵੀ ਵਰਤੀ। ਰਟੇ-ਰਟਾਏ ਤਰੀਕੇ ਨਾਲ ਗੱਲ ਕਰਨ ਦੀ ਬਜਾਇ ਉਨ੍ਹਾਂ ਨੇ ਲੋਕਾਂ ਨਾਲ ਪਿਆਰ ਤੇ ਸਮਝਦਾਰੀ ਨਾਲ ਗੱਲ ਕੀਤੀ ਜਿਸ ਦੇ ਬਹੁਤ ਚੰਗੇ ਨਤੀਜੇ ਨਿਕਲੇ।—ਕਹਾ. 16:21, 23.
ਹੋਰ ਦੇਸ਼ਾਂ ਵਿਚ ਵੀ ਸਾਡੇ ਭਰਾਵਾਂ ਨੇ ਪਰਮੇਸ਼ੁਰ ਦੇ ਕੰਮਾਂ ਵਿਚ ਹੋਰ ਮਿਹਨਤ ਕਰਨ ਲਈ ਲੱਕ ਬੰਨ੍ਹਿਆ ਹੋਇਆ ਹੈ। ਅਮਰੀਕਾ ਵਿਚ ਵਾਲਕਿਲ ਪ੍ਰਿੰਟਰੀ ਵਿਚ ਦੋ ਨਵੀਆਂ ਪ੍ਰੈੱਸਾਂ ਲਾਈਆਂ ਗਈਆਂ ਹਨ। ਹਰ ਪ੍ਰੈੱਸ ਘੰਟੇ ਵਿਚ 90,000 ਰਸਾਲੇ ਛਾਪ ਸਕਦੀ ਹੈ। ਇਸ ਤੋਂ ਇਲਾਵਾ, ਸਖ਼ਤ ਜਿਲਦਾਂ ਵਾਲੀਆਂ ਕਿਤਾਬਾਂ ਤਿਆਰ ਕਰਨ ਦੀ ਮਸ਼ੀਨ ਵੀ ਲਾਈ ਗਈ ਹੈ ਜਿਸ ਉੱਤੇ ਇਕ ਮਿੰਟ ਵਿਚ 120 ਕਿਤਾਬਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਪ੍ਰਿੰਟਰੀ ਨੂੰ ਵਾਲਕਿਲ ਨਾਂ ਦੀ ਥਾਂ ਤੇ ਤਬਦੀਲ ਕਰਨ ਕਰਕੇ ਬਰੁਕਲਿਨ ਵਿਚ 360 ਫਰਮਨ ਸਟ੍ਰੀਟ ਉੱਤੇ ਸਥਿਤ ਇਮਾਰਤ ਨੂੰ ਵੇਚ ਦਿੱਤਾ ਗਿਆ ਹੈ।
ਭਾਰਤ ਵਿਚ ਯਿਸੂ ਦੀ ਮੌਤ ਦੇ ਯਾਦਗਾਰੀ ਮਹੀਨੇ ਦੌਰਾਨ ਭਰਾਵਾਂ ਨੇ ਆਪਣੇ ਜੋਸ਼ ਦਾ ਵਧੀਆ ਸਬੂਤ ਦਿੱਤਾ। ਅਪ੍ਰੈਲ ਮਹੀਨੇ ਵਿਚ ਕੁੱਲ 2,368 ਭੈਣ-ਭਰਾਵਾਂ ਨੇ ਸਹਿਯੋਗੀ ਪਾਇਨੀਅਰੀ ਕੀਤੀ ਅਤੇ 18,114 ਬਾਈਬਲ ਸਟੱਡੀਆਂ ਕਰਾਈਆਂ ਗਈਆਂ। ਪ੍ਰਭੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 61,538 ਲੋਕ ਹਾਜ਼ਰ ਹੋਏ ਸਨ।
ਅਸੀਂ ਹੁਣ ਬੜੇ ਉਤਸ਼ਾਹ ਨਾਲ “ਪਰਮੇਸ਼ੁਰ ਦੇ ਨਾਲ-ਨਾਲ ਚੱਲੋ” ਜ਼ਿਲ੍ਹਾ ਸੰਮੇਲਨਾਂ ਦੀ ਉਡੀਕ ਕਰ ਰਹੇ ਹਾਂ। ਇਸ ਤੋਂ ਇਲਾਵਾ, ਭਾਰਤ ਵਿਚ ਸੇਵਕਾਈ ਸਿਖਲਾਈ ਸਕੂਲ ਦੀ ਛੇਵੀਂ ਕਲਾਸ ਅਕਤੂਬਰ ਵਿਚ ਸ਼ੁਰੂ ਹੋ ਜਾਵੇਗੀ। ਅਸੀਂ ਸਾਰੇ ਬਹੁਤ ਹੀ ਖ਼ੁਸ਼ ਹਾਂ ਕਿ 2005 ਸੇਵਾ ਸਾਲ ਵਿਚ ਵੀ ਅਸੀਂ ਸਾਰੇ “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ” ਜਾਵਾਂਗੇ।—1 ਕੁਰਿੰ. 15:58.
ਤੁਹਾਡੇ ਭਰਾ,
ਭਾਰਤ ਬ੍ਰਾਂਚ ਆਫਿਸ