ਪ੍ਰਸ਼ਨ ਡੱਬੀ
◼ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮੌਤ ਹੋਣ ਤੇ ਸਾਡੀ ਸਾਰੀ ਜਾਇਦਾਦ ਜਾਂ ਉਸ ਦਾ ਕੁਝ ਹਿੱਸਾ ਯਹੋਵਾਹ ਦੇ ਸੰਗਠਨ ਨੂੰ ਮਿਲੇ?
ਜਦੋਂ ਇਨਸਾਨ ਮਰਦਾ ਹੈ, ਤਾਂ ਉਸ ਦੀ ਜ਼ਮੀਨ-ਜਾਇਦਾਦ ਉਸ ਦੀ ਨਹੀਂ ਰਹਿ ਜਾਂਦੀ। (ਉਪ. 9:5, 6) ਇਸ ਕਰਕੇ ਕਈ ਭੈਣ-ਭਰਾ ਪਹਿਲਾਂ ਹੀ ਆਪਣੀ ਵਸੀਅਤ ਬਣਾ ਕੇ ਉਸ ਵਿਚ ਦੱਸ ਦਿੰਦੇ ਹਨ ਕਿ ਉਨ੍ਹਾਂ ਦੀ ਜਾਇਦਾਦ ਕਿਸ ਤਰ੍ਹਾਂ ਵੰਡੀ ਜਾਵੇ। (2 ਰਾਜ. 20:1) ਇਸ ਕਾਨੂੰਨੀ ਦਸਤਾਵੇਜ਼ ਵਿਚ ਆਮ ਤੌਰ ਤੇ ਇਹ ਵੀ ਸੰਕੇਤ ਕੀਤਾ ਜਾਂਦਾ ਹੈ ਕਿ ਵਿਅਕਤੀ ਕਿਸ ਨੂੰ ਆਪਣਾ ਟ੍ਰਸਟੀ ਬਣਾਉਣਾ ਚਾਹੁੰਦਾ ਹੈ ਜੋ ਉਸ ਦੇ ਮਰਨ ਤੋਂ ਬਾਅਦ ਉਸ ਦੀਆਂ ਹਿਦਾਇਤਾਂ ਦੀ ਪਾਲਣਾ ਕਰੇਗਾ। ਜੇ ਇਹ ਦਸਤਾਵੇਜ਼ ਨਹੀਂ ਬਣਾਇਆ ਜਾਂਦਾ, ਤਾਂ ਕਈ ਦੇਸ਼ਾਂ ਦੀਆਂ ਸਰਕਾਰਾਂ ਫ਼ੈਸਲਾ ਕਰਨਗੀਆਂ ਕਿ ਮਰ ਚੁੱਕੇ ਵਿਅਕਤੀ ਦੀ ਜਾਇਦਾਦ ਕਿਵੇਂ ਵੰਡੀ ਜਾਵੇਗੀ। ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਾਰੀ ਦੀ ਸਾਰੀ ਜਾਇਦਾਦ ਜਾਂ ਉਸ ਦਾ ਕੁਝ ਹਿੱਸਾ ਯਹੋਵਾਹ ਦੇ ਸੰਗਠਨ ਨੂੰ ਮਿਲੇ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇਕ ਕਾਨੂੰਨੀ ਦਸਤਾਵੇਜ਼ ਬਣਾਈਏ ਤੇ ਉਸ ਵਿਚ ਆਪਣੀ ਇਸ ਇੱਛਾ ਬਾਰੇ ਦੱਸੀਏ ਅਤੇ ਇਸ ਦੇ ਨਾਲ-ਨਾਲ ਅਸੀਂ ਸੋਚ-ਸਮਝ ਕੇ ਇਕ ਟ੍ਰਸਟੀ ਨੂੰ ਚੁਣੀਏ।
ਟ੍ਰਸਟੀ ਦੀ ਜ਼ਿੰਮੇਵਾਰੀ ਬਹੁਤ ਭਾਰੀ ਹੁੰਦੀ ਹੈ। ਜਾਇਦਾਦ ਕਿੰਨੀ ਕੁ ਵੱਡੀ ਹੈ ਅਤੇ ਪੈਸਾ ਕਿੰਨਾ ਕੁ ਕਿੱਥੇ-ਕਿੱਥੇ ਹੈ, ਉਸ ਨੂੰ ਇਕੱਠਾ ਕਰਨ ਅਤੇ ਵੰਡਣ ਲਈ ਕਾਫ਼ੀ ਕੁਝ ਕਰਨਾ ਪੈਂਦਾ ਹੈ ਅਤੇ ਇਹ ਕਰਨ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਸਰਕਾਰ ਦੀਆਂ ਮੰਗਾਂ ਨੂੰ ਵੀ ਪੂਰਾ ਕਰਨ ਦੀ ਲੋੜ ਹੁੰਦੀ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੰਡਲੀ ਦਾ ਕੋਈ ਵੀ ਭੈਣ-ਭਰਾ ਵਧੀਆ ਟ੍ਰਸਟੀ ਬਣ ਸਕਦਾ ਹੈ। ਜਿਸ ਵਿਅਕਤੀ ਨੂੰ ਅਸੀਂ ਚੁਣਦੇ ਹਾਂ, ਉਹ ਨਾ ਸਿਰਫ਼ ਕਾਬਲ ਅਤੇ ਭਰੋਸੇਯੋਗ ਹੋਣਾ ਚਾਹੀਦਾ ਹੈ, ਸਗੋਂ ਉਸ ਨੂੰ ਸਾਡੀ ਇੱਛਾ ਵੀ ਪੂਰੀ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਟ੍ਰਸਟੀ ਬਣਨ ਲਈ ਪੁੱਛਿਆ ਜਾਂਦਾ ਹੈ: ਜੇ ਤੁਹਾਨੂੰ ਕੋਈ ਪੁੱਛਦਾ ਹੈ ਕਿ ਤੁਸੀਂ ਉਸ ਦੀ ਮੌਤ ਤੋਂ ਬਾਅਦ ਇਹ ਕਾਨੂੰਨੀ ਜ਼ਿੰਮੇਵਾਰੀ ਸਾਂਭੋ, ਤਾਂ ਤੁਹਾਨੂੰ ਪਹਿਲਾਂ ਪ੍ਰਾਰਥਨਾ ਕਰ ਕੇ ਹਿਸਾਬ ਲਾਉਣਾ ਚਾਹੀਦਾ ਹੈ ਕਿ ਤੁਸੀਂ ਇਹ ਜ਼ਿੰਮੇਵਾਰੀ ਨਿਭਾ ਸਕੋਗੇ ਜਾਂ ਨਹੀਂ। (ਲੂਕਾ 14:28-32) ਉਸ ਵਿਅਕਤੀ ਦੇ ਮਰਨ ਤੇ ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਇਤਲਾਹ ਕਰਨੀ ਪਵੇਗੀ ਜਿਨ੍ਹਾਂ ਦੇ ਨਾਂ ਉਸ ਨੇ ਆਪਣੀ ਜਾਇਦਾਦ ਕੀਤੀ ਸੀ। ਜਦੋਂ ਤੁਹਾਡੇ ਕੋਲ ਅਧਿਕਾਰ ਹੋਵੇਗਾ, ਤਾਂ ਕਾਨੂੰਨ ਅਤੇ ਉਸ ਵਿਅਕਤੀ ਦੀ ਵਸੀਅਤ ਦੇ ਮੁਤਾਬਕ ਉਸ ਦੀ ਜਾਇਦਾਦ ਵੰਡਣੀ ਤੁਹਾਡੀ ਜ਼ਿੰਮੇਵਾਰੀ ਹੋਵੇਗੀ। ਜਾਇਦਾਦ ਭਾਵੇਂ ਛੋਟੀ ਹੋਵੇ ਜਾਂ ਵੱਡੀ, ਟ੍ਰਸਟੀ ਨੂੰ ਇਸ ਗੱਲੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਨਹੀਂ, ਸਗੋਂ ਗੁਜ਼ਰ ਚੁੱਕੇ ਵਿਅਕਤੀ ਦੀ ਵਸੀਅਤ ਦੇ ਅਨੁਸਾਰ ਜਾਇਦਾਦ ਵੰਡੇਗਾ। ਯਹੋਵਾਹ ਦੇ ਗਵਾਹਾਂ ਦੁਆਰਾ ਵਰਤੀ ਜਾਂਦੀ ਕਿਸੇ ਵੀ ਕਾਨੂੰਨੀ ਕਾਰਪੋਰੇਸ਼ਨ ਨੂੰ ਤੋਹਫ਼ੇ ਵਜੋਂ ਦਿੱਤਾ ਫ਼ੰਡ ਯਹੋਵਾਹ ਦੇ ਸੰਗਠਨ ਦੀ ਅਮਾਨਤ ਹੈ।—ਲੂਕਾ 16:10; 21:1-4.