ਅਧਿਐਨ ਲਈ ਸੁਝਾਅ
ਬਾਈਬਲ ਬਿਰਤਾਂਤਾਂ ਦੀ ਕਲਪਨਾ ਕਰੋ
ਬਾਈਬਲ ਵਿਚ ਇੱਦਾਂ ਦੀਆਂ ਕਈ ਸੱਚੀਆਂ ਕਹਾਣੀਆਂ ਦਰਜ ਹਨ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਜੇ ਅਸੀਂ ਆਪਣੇ ਮਨ ਵਿਚ ਉਨ੍ਹਾਂ ਕਹਾਣੀਆਂ ਦੀ ਤਸਵੀਰ ਬਣਾਈਏ ਜਾਂ ਉਨ੍ਹਾਂ ਦੀ ਕਲਪਨਾ ਕਰੀਏ, ਤਾਂ ਅਸੀਂ ਉਨ੍ਹਾਂ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝ ਪਾਵਾਂਗੇ ਅਤੇ ਸਾਨੂੰ ਉਨ੍ਹਾਂ ਤੋਂ ਹੋਰ ਵੀ ਫ਼ਾਇਦਾ ਹੋਵੇਗਾ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?
ਉੱਚੀ ਪੜ੍ਹੋ। ਜਦੋਂ ਅਸੀਂ ਬਾਈਬਲ ਦੇ ਕਿਸੇ ਬਿਰਤਾਂਤ ਨੂੰ ਉੱਚੀ ਪੜ੍ਹਦੇ ਹਾਂ, ਤਾਂ ਅਸੀਂ ਹੋਰ ਵੀ ਵਧੀਆ ਢੰਗ ਨਾਲ ਕਲਪਨਾ ਕਰ ਪਾਉਂਦੇ ਹਾਂ ਕਿ ਕੀ ਹੋ ਰਿਹਾ ਹੈ। ਆਪਣੇ ਪਰਿਵਾਰ ਨਾਲ ਬਾਈਬਲ ਪੜ੍ਹਦੇ ਵੇਲੇ ਤੁਸੀਂ ਹਰ ਜਣੇ ਨੂੰ ਇਕ ਜਾਂ ਦੋ ਕਿਰਦਾਰ ਦੇ ਸਕਦੇ ਹੋ ਅਤੇ ਉਨ੍ਹਾਂ ਨੂੰ ਭਾਵਨਾਵਾਂ ਨਾਲ ਪੜ੍ਹਨ ਲਈ ਕਹਿ ਸਕਦੇ ਹੋ। ਇਸ ਤਰ੍ਹਾਂ ਉਸ ਬਿਰਤਾਂਤ ਵਿਚ ਜਾਨ ਪੈ ਜਾਵੇਗੀ।
ਮਨ ਦੀਆਂ ਅੱਖਾਂ ਨਾਲ ਦੇਖੋ। ਸੋਚੋ ਕਿ ਬਿਰਤਾਂਤ ਵਿਚ ਜੋ ਕਿਰਦਾਰ ਹੈ, ਉਹ ਕਿਸ ਹਾਲਾਤ ਵਿਚ ਹੈ ਅਤੇ ਕਿਵੇਂ ਮਹਿਸੂਸ ਕਰ ਰਿਹਾ ਹੈ। ਜਿਵੇਂ ਸੋਚੋ,‘ ਉਸ ਨੇ ਇਸ ਤਰ੍ਹਾਂ ਕਿਉਂ ਕਿਹਾ ਜਾਂ ਕਿਉਂ ਕੀਤਾ? ਜੇ ਮੈਂ ਉਹ ਦੀ ਜਗ੍ਹਾ ਹੁੰਦਾ, ਤਾਂ ਮੈਂ ਕੀ ਸੋਚਦਾ ਜਾਂ ਕੀ ਕਰਦਾ?’
ਤਸਵੀਰ ਬਣਾਓ। ਬਾਈਬਲ ਦੇ ਬਿਰਤਾਂਤਾਂ ਦੀ ਤਸਵੀਰ ਜਾਂ ਡਰਾਇੰਗ ਬਣਾਉਣ ਨਾਲ ਤੁਸੀਂ ਉਨ੍ਹਾਂ ਦੀ ਕਲਪਨਾ ਕਰ ਸਕੋਗੇ ਅਤੇ ਉਨ੍ਹਾਂ ਨੂੰ ਯਾਦ ਰੱਖ ਸਕੋਗੇ। ਇਹ ਜ਼ਰੂਰੀ ਨਹੀਂ ਕਿ ਤੁਸੀਂ ਡਰਾਇੰਗ ਕਰਨ ਵਿਚ ਬਹੁਤ ਮਾਹਰ ਹੋਵੋ, ਸਗੋਂ ਤੁਸੀਂ ਇਕ ਸਾਧਾਰਣ ਜਿਹੀ ਤਸਵੀਰ ਵੀ ਬਣਾ ਸਕਦੇ ਹੋ।