ਕੁਝ ਪ੍ਰਸਿੱਧ ਬਾਗ਼ਾਂ ਤੇ ਨਜ਼ਰ ਮਾਰਨੀ
ਪਰਾਦੀਸ ਨਾਲ ਮਾਨਵ ਦਾ ਅਨੁਭਵ ਅਦਨ ਨਾਮਕ ਇਕ ਇਲਾਕੇ ਵਿਚ, ਜੋ ਸ਼ਾਇਦ ਆਧੁਨਿਕ ਤੁਰਕੀ ਦੇ ਵਾਨ ਝੀਲ ਦੇ ਨੇੜੇ ਸੀ, ਸਥਾਪਿਤ ਕੀਤੇ ਗਏ ਇਕ ਬਾਗ਼ ਵਿਚ ਆਰੰਭ ਹੋਇਆ। ਇਕ ਦਰਿਆ ਜੋ ਚਾਰ ਦਰਿਆਵਾਂ ਵਿਚ ਵੰਡ ਜਾਂਦਾ ਸੀ ਆਦਮ ਅਤੇ ਹੱਵਾਹ ਲਈ ਬਾਗ਼ ਨੂੰ ਪਾਣੀ ਦਿੰਦਾ ਸੀ, ਜਿਨ੍ਹਾਂ ਨੇ “ਉਸ ਦੀ ਵਾਹੀ ਤੇ ਰਾਖੀ” ਕਰਨੀ ਸੀ। ਅਜਿਹੇ ਬਾਗ਼ ਦੀ ਦੇਖ-ਭਾਲ ਕਰਨੀ ਕਿੰਨਾ ਹੀ ਆਨੰਦਦਾਇਕ ਹੁੰਦਾ, ਜਿਸ ਵਿਚ “ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਅਰ ਖਾਣ ਵਿੱਚ ਚੰਗਾ” ਸੀ, ਦੀ ਭਰਮਾਰ ਸੀ!—ਉਤਪਤ 2:8-15.
ਅਦਨ ਇਕ ਸੰਪੂਰਣ ਘਰ ਸੀ। ਨਿਰਸੰਦੇਹ, ਪਰਮੇਸ਼ੁਰ ਦੇ ਉੱਤਮ ਮੁਢਲੇ ਡੀਜ਼ਾਈਨ ਨੂੰ ਆਪਣੇ ਨਮੂਨੇ ਵਜੋਂ ਇਸਤੇਮਾਲ ਕਰਦੇ ਹੋਏ, ਆਦਮ ਤੇ ਹੱਵਾਹ ਅਤੇ ਉਨ੍ਹਾਂ ਦੀ ਔਲਾਦ ਨੇ ਇਸ ਦੀਆਂ ਸਰਹੱਦਾਂ ਨੂੰ ਵਧਾਉਣਾ ਸੀ। ਆਖ਼ਰਕਾਰ, ਸਾਰੀ ਧਰਤੀ ਸੁਖਾਵੇਂ ਢੰਗ ਨਾਲ ਲੋਕਾਂ ਨਾਲ ਭਰਿਆ ਇਕ ਪਰਾਦੀਸ ਬਣ ਜਾਂਦੀ। ਪਰੰਤੂ ਸਾਡੇ ਪ੍ਰਥਮ ਮਾਪਿਆਂ ਦੀ ਜਾਣ-ਬੁੱਝ ਕੇ ਕੀਤੀ ਅਵੱਗਿਆ ਦੇ ਕਾਰਨ, ਉਨ੍ਹਾਂ ਨੂੰ ਇਸ ਸ਼ਰਨ-ਸਥਾਨ ਤੋਂ ਕੱਢਿਆ ਗਿਆ। ਦੁੱਖ ਦੀ ਗੱਲ ਹੈ ਕਿ ਮਾਨਵ ਪਰਿਵਾਰ ਦੇ ਹੋਰ ਸਾਰੇ ਜੀਅ ਅਦਨ ਵਿਚ ਇਸ ਘਰ ਤੋਂ ਬਾਹਰ ਪੈਦਾ ਹੋਏ ਸਨ।
ਫਿਰ ਵੀ, ਸ੍ਰਿਸ਼ਟੀਕਰਤਾ ਨੇ ਮਨੁੱਖਜਾਤੀ ਨੂੰ ਪਰਾਦੀਸ ਵਿਚ ਜੀਉਣ ਲਈ ਬਣਾਇਆ ਸੀ। ਇਸ ਲਈ ਇਹ ਸੁਭਾਵਕ ਸੀ ਕਿ ਭਾਵੀ ਪੀੜ੍ਹੀਆਂ ਆਪਣੇ ਆਪ ਨੂੰ ਇਸ ਦੀਆਂ ਨਕਲਾਂ ਨਾਲ ਘੇਰਨ ਦੀ ਕੋਸ਼ਿਸ਼ ਕਰਦੀਆਂ।
ਮੁਢਲੇ ਬਾਗ਼
ਬਾਬਲ ਦੇ ਹੈਂਗਿੰਗ ਗਾਡਨਜ਼ ਪ੍ਰਾਚੀਨ ਸੰਸਾਰ ਦੇ ਅਜੂਬਿਆਂ ਵਿੱਚੋਂ ਇਕ ਅਜੂਬੇ ਦੇ ਤੌਰ ਤੇ ਅਭਿਨੰਦਨ ਕੀਤੇ ਗਏ ਹਨ। ਇਹ 2,500 ਤੋਂ ਵੱਧ ਸਾਲ ਪਹਿਲਾਂ ਰਾਜਾ ਨਬੂਕਦਨੱਸਰ ਦੁਆਰਾ ਆਪਣੀ ਮਾਦੀ ਪਤਨੀ ਲਈ ਲਗਾਏ ਗਏ ਸਨ ਜੋ ਆਪਣੀ ਜਨਮ-ਭੂਮੀ ਦਿਆਂ ਬਣਾਂ ਅਤੇ ਪਹਾੜੀਆਂ ਲਈ ਤਾਂਘਦੀ ਸੀ। ਬੂਟਿਆਂ ਨਾਲ ਭਰੇ ਹੋਏ ਡਾਟਦਾਰ ਕਮਰਿਆਂ ਵਾਲੀ ਇਸ 22-ਮੀਟਰ-ਉੱਚੀ ਪੌੜੀਦਾਰ ਇਮਾਰਤ ਵਿਚ ਵੱਡੇ ਦਰਖ਼ਤਾਂ ਦੇ ਪੋਸਣ ਲਈ ਚੋਖੀ ਮਿੱਟੀ ਸੀ। ਸੰਭਵ ਹੈ ਕਿ ਜਿਉਂ-ਜਿਉਂ ਓਦਰੀ ਹੋਈ ਰਾਣੀ ਇਸ ਅਦਨ ਵਰਗੇ ਪੌੜੀਦਾਰ ਖੇਤਰ ਵਿਚ ਸੈਰ ਕਰਦੀ ਸੀ ਉਸ ਨੂੰ ਤਸੱਲੀ ਮਿਲੀ ਹੋਵੇਗੀ।
ਮਿਸਰ ਦੀ ਉਪਜਾਊ ਨੀਲ ਵਾਦੀ ਵਿਚ ਭੋਂ-ਦ੍ਰਿਸ਼ ਬਾਗ਼ਬਾਨੀ ਪ੍ਰਚਲਿਤ ਸੀ। ਦ ਆਕਸਫ਼ੋਰਡ ਕੰਪੈਨੀਅਨ ਟੂ ਗਾਡਨਜ਼ ਕਹਿੰਦੀ ਹੈ: “ਮਿਸਰ, ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਬਾਗ਼ਾਂ ਦੀਆਂ ਤਸਵੀਰਾਂ ਦਾ ਸ੍ਰੋਤ ਹੈ ਅਤੇ ਬਾਗ਼ਬਾਨੀ ਦੀ ਅਸਾਧਾਰਣ ਤੌਰ ਤੇ ਚਿਰਕਾਲੀ . . . ਰੀਤ ਦਾ ਸਥਾਨ ਹੈ।” ਥੀਬਜ਼ ਵਿਖੇ ਇਕ ਮਿਸਰੀ ਅਧਿਕਾਰੀ ਦੇ ਭੋਂ-ਦ੍ਰਿਸ਼ ਬਾਗ਼ ਦਾ ਨਕਸ਼ਾ, ਜੋ ਲਗਭਗ 1400 ਸਾ.ਯੁ.ਪੂ. ਦਾ ਹੈ, ਸਰੋਵਰ, ਦਰਖ਼ਤਾਂ ਵਾਲੇ ਛਾਂਦਾਰ ਰਸਤੇ, ਅਤੇ ਪੈਵਿਲੀਅਨ ਦਿਖਾਉਂਦਾ ਹੈ। ਸ਼ਾਹੀ ਬਾਗ਼ਾਂ ਪਿੱਛੋਂ ਮੰਦਰਾਂ ਦੇ ਬਾਗ਼ ਆਪਣੇ ਦਰਖ਼ਤਾਂ ਦੇ ਝੁੰਡਾਂ, ਫੁੱਲਾਂ ਅਤੇ ਝਾੜੀਆਂ ਨਾਲ ਸਭ ਤੋਂ ਵੱਧ ਹਰੇ-ਭਰੇ ਸਨ, ਜਿਨ੍ਹਾਂ ਦੀ ਸਿੰਜਾਈ ਜਲ-ਪੰਛੀਆਂ, ਮੱਛੀਆਂ ਅਤੇ ਕਮਲ ਦੇ ਫੁੱਲਾਂ ਨਾਲ ਭਰੇ ਹੋਏ ਸਰੋਵਰਾਂ ਅਤੇ ਝੀਲਾਂ ਤੋਂ ਨਿਕਲਦੀਆਂ ਨਹਿਰਾਂ ਨਾਲ ਕੀਤੀ ਜਾਂਦੀ ਸੀ।—ਤੁਲਨਾ ਕਰੋ ਕੂਚ 7:19.
ਫਾਰਸੀਆਂ ਨੇ ਵੀ ਬਾਗ਼ਾਂ ਦੇ ਸੰਸਾਰ ਵਿਚ ਜਲਦੀ ਹੀ ਵਿਸ਼ੇਸ਼ਤਾ ਪ੍ਰਾਪਤ ਕੀਤੀ। ਫਾਰਸ ਅਤੇ ਮਿਸਰ ਦੇ ਬਾਗ਼ ਇੰਨੇ ਮਨਮੋਹਣੇ ਸਨ ਕਿ ਚੌਥੀ ਸਦੀ ਸਾ.ਯੁ.ਪੂ. ਵਿਚ ਜਦੋਂ ਸਿਕੰਦਰ ਮਹਾਨ ਦੀਆਂ ਜੇਤੂ ਫ਼ੌਜਾਂ ਯੂਨਾਨ ਨੂੰ ਪਰਤੀਆਂ, ਤਾਂ ਉਹ ਬੀਜਾਂ, ਪੌਦਿਆਂ, ਅਤੇ ਜੁਗਤਾਂ ਦੀ ਬਹੁਤਾਤ ਨਾਲ ਆਈਆਂ। ਅਥੇਨੈ ਵਿਚ, ਅਰਸਤੂ ਅਤੇ ਉਸ ਦੇ ਸ਼ਗਿਰਦ ਥੀਓਫ੍ਰਾਸਤਸ ਨੇ ਬਨਸਪਤੀ-ਸਮੂਹ ਦੀ ਵੱਧ ਰਹੀ ਮਾਤਰਾ ਨੂੰ ਇਕੱਠਿਆਂ ਕੀਤਾ ਤੇ ਪੌਦਿਆਂ ਦਾ ਅਧਿਐਨ ਅਤੇ ਵਰਗੀਕਰਣ ਕਰਨ ਲਈ, ਇਕ ਬਨਸਪਤੀ ਬਾਗ਼ ਸਥਾਪਿਤ ਕੀਤਾ। ਉਨ੍ਹਾਂ ਤੋਂ ਪਹਿਲਾਂ ਦੇ ਮਿਸਰੀਆਂ ਅਤੇ ਫਾਰਸੀਆਂ ਵਾਂਗ, ਅਨੇਕ ਅਮੀਰ ਯੂਨਾਨੀਆਂ ਕੋਲ ਖੁੱਲ੍ਹੇ-ਡੁੱਲ੍ਹੇ ਬਾਗ਼ ਸਨ।
ਰੋਮੀ ਸ਼ਹਿਰ ਵਾਸੀਆਂ ਨੇ ਸ਼ਹਿਰ ਦੀ ਸੀਮਿਤ ਜਗ੍ਹਾ ਵਿਚ ਆਪਣੇ ਘਰਾਂ ਅੰਦਰ ਹੀ ਬਾਗ਼ ਲਗਾਏ। ਅਮੀਰ ਲੋਕਾਂ ਨੇ ਆਪਣੀਆਂ ਦਿਹਾਤੀ ਹਵੇਲੀਆਂ ਵਿਚ ਸ਼ਾਨਦਾਰ ਐਸ਼ ਬਗ਼ੀਚੇ ਲਗਾਏ। ਤਾਨਾਸ਼ਾਹ ਨੀਰੋ ਵੀ ਆਪਣਾ ਅਦਨ ਚਾਹੁੰਦਾ ਸੀ, ਇਸ ਲਈ ਉਸ ਨੇ ਬੇਰਹਿਮੀ ਨਾਲ ਸੈਂਕੜਿਆਂ ਪਰਿਵਾਰਾਂ ਨੂੰ ਘਰੋਂ ਕੱਢ ਦਿੱਤਾ, ਉਨ੍ਹਾਂ ਦੇ ਮਕਾਨਾਂ ਨੂੰ ਢਾਹ ਦਿੱਤਾ, ਅਤੇ ਆਪਣੇ ਰਾਜਮਹਿਲ ਦੇ ਆਲੇ-ਦੁਆਲੇ 125 ਏਕੜ ਤੋਂ ਜ਼ਿਆਦਾ ਜ਼ਮੀਨ ਵਿਚ ਨਿੱਜੀ ਬਗ਼ੀਚਾ ਲਗਾਇਆ। ਬਾਅਦ ਵਿਚ, ਲਗਭਗ 138 ਸਾ.ਯੁ., ਟਿਵੋਲੀ ਵਿਖੇ ਸਮਰਾਟ ਹੇਡਰਿਅਨ ਦੀ ਹਵੇਲੀ ਵਿਚ, ਰੋਮੀ ਭੋਂ-ਦ੍ਰਿਸ਼ ਬਾਗ਼ਬਾਨੀ ਆਪਣੇ ਸਿਖਰ ਤੇ ਪਹੁੰਚੀ। ਹਵੇਲੀ ਦੀ 600 ਏਕੜ ਜ਼ਮੀਨ ਵਿਚ ਬਗ਼ੀਚੇ, ਤਲਾਬ, ਝੀਲ, ਅਤੇ ਫੁਹਾਰੇ ਸਨ।
ਪ੍ਰਾਚੀਨ ਇਸਰਾਏਲੀਆਂ ਕੋਲ ਵੀ ਬਾਗ਼ ਅਤੇ ਬਗ਼ੀਚੇ ਸਨ। ਯਹੂਦੀ ਇਤਿਹਾਸਕਾਰ ਜੋਸੀਫ਼ਸ ਨਦੀਆਂ ਨਾਲ ਭਰੇ ਹੋਏ ਆਨੰਦਦਾਇਕ ਬਗ਼ੀਚਿਆਂ ਬਾਰੇ ਲਿਖਦਾ ਹੈ, ਜੋ ਯਰੂਸ਼ਲਮ ਤੋਂ ਕੁਝ ਤੇਰਾਂ-ਸੋਲਾਂ ਕਿਲੋਮੀਟਰ ਦੀ ਦੂਰੀ ਤੇ, ਏਟਾਮ ਨਾਮਕ ਇਕ ਜਗ੍ਹਾ ਤੇ ਸਥਿਤ ਸਨ। ਏਟਾਮ ਦੇ ਬਗ਼ੀਚੇ ਸ਼ਾਇਦ ਉਨ੍ਹਾਂ ‘ਬਗੀਚਿਆਂ, ਬਾਗਾਂ, ਤਲਾਬਾਂ, ਅਤੇ ਰੱਖਾਂ’ ਵਿਚ ਸ਼ਾਮਲ ਸਨ ਜੋ ਬਾਈਬਲ ਕਹਿੰਦੀ ਹੈ ਕਿ ਸੁਲੇਮਾਨ ਨੇ ‘ਆਪਣੇ ਲਈ ਬਣਾਏ।’ (ਉਪਦੇਸ਼ਕ ਦੀ ਪੋਥੀ 2:5, 6) ਯਰੂਸ਼ਲਮ ਤੋਂ ਬਾਹਰ ਜ਼ੈਤੂਨ ਦੇ ਪਹਾੜ ਉੱਤੇ ਗਥਸਮਨੀ ਦਾ ਬਾਗ਼ ਸੀ, ਜੋ ਯਿਸੂ ਮਸੀਹ ਕਾਰਨ ਪ੍ਰਸਿੱਧ ਸੀ। ਇੱਥੇ, ਯਿਸੂ ਨੇ ਸ਼ਰਨ ਪਾਈ ਜਿੱਥੇ ਉਹ ਆਪਣੇ ਚੇਲਿਆਂ ਨੂੰ ਸ਼ਾਂਤੀਪੂਰਵਕ ਸਿਖਾ ਸਕਦਾ ਸੀ।—ਮੱਤੀ 26:36; ਯੂਹੰਨਾ 18:1, 2.
ਅਰਬੀ ਬਾਗ਼ਾਂ ਤੋਂ ਵਿਲਾਇਤੀ ਬਾਗ਼ਾਂ ਤਕ
ਸੱਤਵੀਂ ਸਦੀ ਸਾ.ਯੁ. ਵਿਚ ਜਦੋਂ ਅਰਬੀ ਫ਼ੌਜਾਂ ਪੂਰਬ ਅਤੇ ਪੱਛਮ ਵੱਲ ਫੈਲੀਆਂ, ਤਾਂ ਸਿਕੰਦਰ ਦੇ ਵਾਂਗ, ਉਨ੍ਹਾਂ ਨੂੰ ਵੀ ਫਾਰਸ ਦੇ ਬਾਗ਼ ਮਿਲੇ। (ਤੁਲਨਾ ਕਰੋ ਅਸਤਰ 1:5.) ਹਾਵਡ ਲਾਕਸਟਨ ਲਿਖਦਾ ਹੈ: “ਅਰਬੀ ਲੋਕਾਂ ਨੇ ਫਾਰਸੀ ਬਾਗ਼ਾਂ ਨੂੰ ਕਾਫ਼ੀ ਹੱਦ ਤਕ ਉਸ ਪਰਾਦੀਸ ਦੇ ਸਮਾਨ ਪਾਇਆ ਜਿਸ ਦਾ ਕੁਰਾਨ ਵਿਚ ਵਫ਼ਾਦਾਰਾਂ ਨੂੰ ਵਾਅਦਾ ਕੀਤਾ ਗਿਆ ਸੀ।” ਆਪਣੇ ਫਾਰਸੀ ਨਮੂਨੇ ਵਾਂਗ, ਪ੍ਰਤਿਰੂਪੀ ਅਰਬੀ ਬਾਗ਼, ਮੂਰੀ ਸਪੇਨ ਤੋਂ ਲੈ ਕੇ ਕਸ਼ਮੀਰ ਤਕ, ਚਾਰ ਨਦੀਆਂ ਦੁਆਰਾ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਸੀ ਜੋ ਗੱਭੇ ਇਕ ਤਲਾਬ ਜਾਂ ਇਕ ਫੁਹਾਰੇ ਵਿਚ ਇਕੱਠੀਆਂ ਹੁੰਦੀਆਂ ਸਨ, ਜੋ ਕਿ ਅਦਨ ਦੇ ਚਾਰ ਦਰਿਆਵਾਂ ਦੀ ਯਾਦ ਦਿਲਾਉਂਦਾ ਹੈ।
ਉੱਤਰੀ ਭਾਰਤ ਵਿਚ, ਕਸ਼ਮੀਰ ਦੀ ਸੁੰਦਰ ਵਾਦੀ ਵਿਚ ਡਲ ਝੀਲ ਦੇ ਲਾਗੇ, 17ਵੀਂ-ਸਦੀ ਮੁਗਲ ਸ਼ਾਸਕਾਂ ਨੇ 700 ਤੋਂ ਵੱਧ ਪਰਾਦੀਸੀ ਬਾਗ਼ ਲਗਾਏ। ਇਨ੍ਹਾਂ ਨੇ ਆਪਣੇ ਸੈਂਕੜੇ ਫੁਹਾਰਿਆਂ, ਪੌੜੀਆਂ, ਅਤੇ ਝਰਨਿਆਂ ਨਾਲ ਇਕ ਰੰਗ-ਬਰੰਗਾ ਨਜ਼ਾਰਾ ਪੇਸ਼ ਕੀਤਾ। ਸ਼ਾਹ ਜਹਾਂ (ਤਾਜ ਮਹੱਲ ਦਾ ਉਸਰਈਆ) ਦੁਆਰਾ ਡਲ ਝੀਲ ਦੇ ਕਿਨਾਰੇ ਤੇ ਉਸਾਰੇ ਗਏ ਕਾਲੇ ਸੰਗਮਰਮਰ ਦੇ ਮੰਡਪ ਉੱਤੇ ਅਜੇ ਵੀ ਇਹ ਸ਼ਿਲਾ-ਲੇਖ ਹੈ: “ਜੇਕਰ ਇਸ ਧਰਤੀ ਉੱਤੇ ਕੋਈ ਫ਼ਿਰਦੌਸ ਹੈ, ਤਾਂ ਉਹ ਇੱਥੇ ਹੈ, ਐਨ ਇੱਥੇ ਹੀ ਇੱਥੇ ਹੈ।”
ਕੁਝ ਸਦੀਆਂ ਪਹਿਲਾਂ, ਯੂਰਪ ਮੱਧਕਾਲ ਤੋਂ ਲੰਘ ਕੇ 14ਵੀਂ-ਸਦੀ ਪੁਨਰ-ਜਾਗ੍ਰਿਤੀ ਕਾਲ ਵਿਚ ਪ੍ਰਵੇਸ਼ ਹੋ ਗਿਆ ਸੀ। ਰੋਮ ਦੀ ਬਾਗ਼ਬਾਨੀ ਰੀਤ, ਜੋ ਪੰਜਵੀਂ ਸਦੀ ਸਾ.ਯੁ. ਵਿਚ ਮੱਧਕਾਲ ਦੇ ਆਰੰਭ ਹੋਣ ਤੇ ਲਤਾੜੀ ਗਈ ਸੀ, ਦੁਬਾਰਾ ਖਿੜਨ ਲੱਗ ਪਈ—ਇਸ ਵਾਰੀ ਗਿਰਜੇ ਦੇ ਅਧਿਕਾਰ ਦੇ ਅਧੀਨ। ਈਸਾਈ-ਜਗਤ ਨੇ ਬਾਗ਼ ਨੂੰ ਇਕ ‘ਆਰਜ਼ੀ ਪਰਾਦੀਸ’ ਵਜੋਂ ਵਿਚਾਰਿਆ। ਈਸਾਈ ਮੱਠ ਦੇ ਇਕ ਨੌਵੀਂ-ਸਦੀ ਨਕਸ਼ੇ ਉੱਤੇ “ਪਰਾਦੀਸ” ਨਾਮਕ ਦੋ ਬਾਗ਼ ਦਿਖਾਏ ਗਏ ਹਨ। ਈਸਾਈ-ਜਗਤ ਦੇ ਬਾਗ਼ ਛੇਤੀ ਹੀ ਹੋਰ ਵਿਸ਼ਾਲ ਤੇ ਉੱਤਮ ਬਣ ਗਏ, ਪਰੰਤੂ ਅਧਿਆਤਮਿਕ ਆਦਰਸ਼ਾਂ ਨੂੰ ਪ੍ਰਤਿਬਿੰਬਤ ਕਰਨ ਦੀ ਬਜਾਇ, ਅਨੇਕ ਸ਼ਕਤੀ ਅਤੇ ਧਨ ਦੇ ਪ੍ਰਤੀਕ ਬਣ ਗਏ।
ਸੰਨ 1495 ਵਿਚ, ਜਦੋਂ ਫ਼ਰਾਂਸ ਦੇ ਚਾਰਲਸ VIII ਨੇ ਨੇਪਲਜ਼, ਇਟਲੀ ਉੱਤੇ ਵਿਜੇ ਪ੍ਰਾਪਤ ਕੀਤੀ, ਉਦੋਂ ਉਸ ਨੇ ਘਰ ਨੂੰ ਲਿਖ ਕੇ ਭੇਜਿਆ: “ਤੁਸੀਂ ਸੱਚ ਨਹੀਂ ਮੰਨੋਗੇ ਕਿ ਇਸ ਸ਼ਹਿਰ ਵਿਚ ਮੇਰੇ ਕੋਲ ਕਿੰਨੇ ਸੁੰਦਰ ਬਾਗ਼ ਹਨ . . . ਇੰਜ ਜਾਪਦਾ ਹੈ ਕਿ ਇਸ ਨੂੰ ਇਕ ਪਾਰਥਿਵ ਪਰਾਦੀਸ ਬਣਾਉਣ ਲਈ ਸਿਰਫ਼ ਆਦਮ ਅਤੇ ਹੱਵਾਹ ਦੀ ਕਮੀ ਹੈ।” ਪਰੰਤੂ ਜੇਕਰ ਚਾਰਲਸ 17ਵੀਂ ਸਦੀ ਤਕ ਜੀਉਂਦਾ ਰਹਿੰਦਾ, ਤਾਂ ਉਹ ਫ਼ਰਾਂਸੀਸੀ ਮਿੱਟੀ ਉੱਤੇ ਰਾਜਾ ਲੂਈ XIV ਦੇ ਵਿਸ਼ਾਲ ਬਾਗ਼ ਦੇਖਦਾ। ਪੁਸਤਕ ਦ ਗਾਡਨ ਦ੍ਰਿੜ੍ਹਤਾ ਨਾਲ ਕਹਿੰਦੀ ਹੈ ਕਿ ਵਾਸਾਈ ਦੇ ਰਾਜਮਹਿਲ ਵਿਖੇ ਬਾਗ਼ “ਅਜੇ ਵੀ ਸੰਸਾਰ ਦੇ ਸਭ ਤੋਂ ਵੱਡੇ ਅਤੇ ਉੱਤਮ ਹੋਣ ਦਾ ਦਾਅਵਾ ਕਰ ਸਕਦੇ ਹਨ।”
ਮਗਰ, ਪੁਨਰ-ਜਾਗ੍ਰਿਤੀ ਕਾਲ ਨੇ ਪਰਾਦੀਸ ਨੂੰ ਇਕ ਨਵੀਂ ਪਰਿਭਾਸ਼ਾ ਦਿੱਤੀ: ਕੁਦਰਤ ਨੂੰ ਸੂਝਵਾਨ ਮਾਨਵ ਲਈ ਉਪਯੋਗੀ ਹੋਣਾ ਚਾਹੀਦਾ ਹੈ ਅਤੇ ਮਾਨਵ ਨੂੰ ਬਾਗ਼ ਵਿੱਚੋਂ ਸਾਰੇ ਜੰਗਲੀਪੁਣੇ ਨੂੰ ਸੋਧਣ ਦੁਆਰਾ ਇਸ ਨੂੰ ਸੁਵਿਵਸਥਿਤ ਬਣਾਉਣਾ ਚਾਹੀਦਾ ਹੈ। ਦਰਖ਼ਤ ਅਤੇ ਫੁੱਲ ਸਾਰੇ ਸਹੀ ਰੇਖਾਗਣਿਤੀ ਆਕਾਰਾਂ ਵਿਚ ਸਜਾਏ ਜਾਂਦੇ ਸਨ। ਇਸ ਤਰ੍ਹਾਂ, ਮੁਢਲੀ ਰੋਮੀ ਟੋਪਿਆਰੀ ਨੇ ਇਕ ਵਿਸ਼ਾਲ ਪੁਨਰ-ਉਭਾਰ ਦਾ ਆਨੰਦ ਮਾਣਿਆ, ਜੋ ਦਰਖ਼ਤਾਂ ਅਤੇ ਝਾੜੀਆਂ ਨੂੰ ਛਾਂਗਣ ਅਤੇ ਇੱਛਿਤ ਰੂਪ ਵਿਚ ਉਨ੍ਹਾਂ ਨੂੰ ਉਗਾਉਣ ਦੁਆਰਾ ਰੂਪ ਦੇਣ ਦੀ ਕਲਾ ਸੀ।
ਫਿਰ, 18ਵੀਂ ਅਤੇ 19ਵੀਂ ਸਦੀਆਂ ਵਿਚ, ਸਮੁੰਦਰੀ ਖੋਜ-ਯਾਤਰਾ ਅਤੇ ਵਪਾਰ ਨੇ ਨਵੇਂ ਪੌਦਿਆਂ ਅਤੇ ਬਾਗ਼ਬਾਨੀ ਦੀਆਂ ਧਾਰਣਾਵਾਂ ਨੂੰ ਪੱਛਮੀ ਸੰਸਾਰ ਅੱਗੇ ਪ੍ਰਗਟ ਕੀਤਾ। ਇੰਗਲੈਂਡ ਨੇ ਵੀ ਬਾਗ਼ਬਾਨੀ ਨੂੰ ਵਿਸ਼ੇਸ਼ਤਾ ਦੇਣੀ ਸ਼ੁਰੂ ਕੀਤੀ। “18ਵੀਂ-ਸਦੀ ਇੰਗਲੈਂਡ ਵਿਚ,” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ, “ਮਾਨਵ ਵਧਦੀ ਮਾਤਰਾ ਵਿਚ ਉਸ ਕੁਦਰਤ ਤੋਂ ਬਾਖ਼ਬਰ ਹੋ ਗਿਆ ਜਿਸ ਦਾ ਉਹ ਇਕ ਹਿੱਸਾ ਸੀ। ਕੁਦਰਤ ਉੱਤੇ ਆਪਣੀ ਮਨੁੱਖੀ ਰੇਖਾਗਣਿਤੀ ਵਿਵਸਥਾ ਥੋਪਣ ਦੀ ਬਜਾਇ, ਉਹ ਆਪਣਾ ਜੀਵਨ ਇਸ ਦੇ ਅਨੁਕੂਲ ਬਣਾਉਣ ਬਾਰੇ ਵਿਚਾਰਨ ਲੱਗ ਪਿਆ।” ਵਿਲੀਅਮ ਕੈਂਟ ਅਤੇ ਲਾਂਸਲਟ ਬ੍ਰਾਉਨ ਵਰਗੇ ਆਦਮੀ ਭੋਂ-ਦ੍ਰਿਸ਼ ਬਾਗ਼ਬਾਨੀ ਵਿਚ ਉੱਤਮ ਸਨ। ਇੰਗਲੈਂਡ ਵਿਚ ਬ੍ਰਾਉਨ ਨੇ ਦੋ ਸੌ ਤੋਂ ਵੱਧ ਜਗੀਰਾਂ ਤਿਆਰ ਕੀਤੀਆਂ। ਦੋ ਆਦਮੀਆਂ, ਟੋਮਸ ਜੈਫਰਸਨ ਅਤੇ ਜੌਨ ਐਡਮਜ਼, ਜੋ ਸੰਯੁਕਤ ਰਾਜ ਦੇ ਰਾਸ਼ਟਰਪਤੀ ਬਣੇ, ਨੇ 1786 ਵਿਚ ਵਿਲਾਇਤੀ ਬਾਗ਼ਾਂ ਦਾ ਅਧਿਐਨ ਕਰਨ ਲਈ ਇੰਗਲੈਂਡ ਦਾ ਦੌਰਾ ਕੀਤਾ।
ਪੂਰਬ ਦੇ ਭੋਂ-ਦ੍ਰਿਸ਼ ਬਾਗ਼
ਚੀਨ ਦੀ ਬਾਗ਼ਬਾਨੀ ਰੀਤ ਦਾ ਪੂਰਬੀ ਸਭਿਅਤਾ ਉੱਤੇ ਉਸੇ ਤਰ੍ਹਾਂ ਦਾ ਅਸਰ ਹੋਇਆ ਹੈ, ਜਿਸ ਤਰ੍ਹਾਂ ਮਿਸਰ, ਯੂਨਾਨ, ਅਤੇ ਰੋਮ ਦੀਆਂ ਰੀਤਾਂ ਦਾ ਪੱਛਮੀ ਸਭਿਅਤਾ ਉੱਤੇ ਹੋਇਆ ਹੈ। ਮੁੱਢ ਵਿਚ, ਚੀਨਵਾਸੀ ਇਕ ਸਰਬਾਤਮਵਾਦੀ ਧਰਮ ਦਾ ਅਭਿਆਸ ਕਰਦੇ ਸਨ, ਜਿਸ ਵਿਚ ਦਰਿਆਵਾਂ, ਚਟਾਨਾਂ, ਅਤੇ ਪਹਾੜਾਂ ਨੂੰ ਭੌਤਿਕ ਰੂਪ ਧਾਰੀਆਂ ਹੋਈਆਂ ਆਤਮਾਵਾਂ ਵਜੋਂ ਦੇਖਿਆ ਜਾਂਦਾ ਸੀ ਅਤੇ ਇਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਸੀ। ਇਸ ਮਗਰੋਂ, ਤਾਓਵਾਦ, ਕਨਫਿਊਸ਼ਸਵਾਦ, ਤੇ ਬੁੱਧ ਧਰਮ ਦੇਸ਼ ਵਿਚ ਫੈਲ ਗਏ ਅਤੇ ਉਨ੍ਹਾਂ ਨੇ ਆਪਣੇ ਤਰੀਕੇ ਨਾਲ ਬਾਗ਼ ਲਗਾਏ।
ਜਪਾਨ ਦੇ ਸਾਗਰ ਦੇ ਦੂਜੇ ਪਾਸੇ, ਜਪਾਨੀ ਬਾਗ਼ਾਂ ਨੇ ਆਪਣੀ ਖ਼ੁਦ ਦੀ ਸ਼ੈਲੀ ਵਿਕਸਿਤ ਕੀਤੀ, ਜਿੱਥੇ ਰੂਪ ਨੂੰ ਰੰਗ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ ਅਤੇ ਹਰੇਕ ਚੀਜ਼ ਦਾ ਆਪਣਾ ਸਹੀ ਟਿਕਾਣਾ ਹੁੰਦਾ ਹੈ। ਇਕ ਸੀਮਿਤ ਖੇਤਰ ਵਿਚ, ਕੁਦਰਤ ਦੀ ਸੁੰਦਰਤਾ ਅਤੇ ਵੰਨ-ਸੁਵੰਨਤਾ ਨੂੰ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਵਿਚ, ਮਾਲੀ ਆਪਣੇ ਪੱਥਰਾਂ ਨੂੰ ਧਿਆਨ ਨਾਲ ਟਿਕਾਉਂਦਾ ਹੈ ਅਤੇ ਅਤਿ ਸਾਵਧਾਨੀ ਨਾਲ ਆਪਣੇ ਬਾਗ਼ ਨੂੰ ਬੀਜਦਾ ਅਤੇ ਇੱਛਿਤ ਰੂਪ ਵਿਚ ਉਗਾਉਂਦਾ ਹੈ। ਇਹ ਬੋਨਸਾਈ (ਅਰਥਾਤ “ਗਮਲੇ ਵਿਚ ਲਾਇਆ ਪੌਦਾ”) ਵਿਚ ਸਪੱਸ਼ਟ ਹੈ, ਜੋ ਕਿ ਇਕ ਛੋਟੇ ਦਰਖ਼ਤ ਜਾਂ ਸ਼ਾਇਦ ਰੁੱਖਾਂ ਦੇ ਝੁੰਡ ਨੂੰ ਸਹੀ ਰੂਪ ਅਤੇ ਅਨੁਪਾਤ ਵਿਚ ਉਗਾਉਣ ਦੀ ਕਲਾ ਹੈ।
ਭਾਵੇਂ ਕਿ ਉਸ ਦੀ ਸ਼ੈਲੀ ਪੱਛਮੀ ਪ੍ਰਤਿਰੂਪ ਤੋਂ ਸ਼ਾਇਦ ਵੱਖਰੀ ਹੋਵੇ, ਪੂਰਬੀ ਬਾਗ਼ ਵੀ ਪਰਾਦੀਸ ਲਈ ਤਾਂਘ ਨੂੰ ਪ੍ਰਤਿਬਿੰਬਤ ਕਰਦਾ ਹੈ। ਉਦਾਹਰਣ ਲਈ, ਜਪਾਨੀ ਬਾਗ਼ਾਂ ਦਾ ਇਤਿਹਾਸਕਾਰ ਵੀਬੇ ਕਾਉਟਰਟ ਲਿਖਦਾ ਹੈ ਕਿ ਜਪਾਨ ਵਿਚ ਹੇਆਨ ਅਵਧੀ ਦੇ ਦੌਰਾਨ (794-1185), ਮਾਲੀਆਂ ਨੇ “ਧਰਤੀ ਉੱਤੇ ਪਰਾਦੀਸ” ਦਾ ਵਾਤਾਵਰਣ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਇਕ ਵਿਸ਼ਵ-ਵਿਆਪੀ ਸ਼ੌਕ
ਸ਼ਿਕਾਰੀ-ਉਗਰਾਹੀਆ ਕਬੀਲਿਆਂ ਨੂੰ ਵੀ ਸ਼ਾਮਲ ਕਰਦੇ ਹੋਏ, ਜੋ “ਕੁਦਰਤੀ” ਬਾਗ਼ਾਂ—ਜੰਗਲਾਂ, ਬਣਾਂ, ਅਤੇ ਚਰਾਗਾਹਾਂ—ਵਿਚ ਰਹਿੰਦੇ ਸਨ ਬਾਗ਼ ਦਾ ਸ਼ੌਕ ਵਿਸ਼ਵ-ਵਿਆਪੀ ਹੈ। “ਮੈਕਸੀਕੋ ਦੇ ਐਜ਼ਟੈਕ ਅਤੇ ਪੀਰੂ ਦੇ ਇੰਕਾ” ਬਾਰੇ ਬ੍ਰਿਟੈਨਿਕਾ ਕਹਿੰਦਾ ਹੈ, “ਸਪੇਨੀ ਵਿਜੇਤਿਆਂ ਨੇ ਪੌੜੀਦਾਰ ਪਹਾੜੀਆਂ, ਰੁੱਖਾਂ ਦੇ ਝੁੰਡਾਂ, ਫੁਹਾਰਿਆਂ, ਅਤੇ ਸਜਾਵਟੀ ਸਰੋਵਰਾਂ ਵਾਲੇ ਵਿਸਤ੍ਰਿਤ ਬਾਗ਼ਾਂ ਦੀ ਰਿਪੋਰਟ ਦਿੱਤੀ . . . ਜੋ ਪੱਛਮ ਵਿਚ ਸਮਕਾਲੀਨ ਬਾਗ਼ਾਂ ਤੋਂ ਜ਼ਿਆਦਾ ਭਿੰਨ ਨਹੀਂ ਸਨ।”
ਜੀ ਹਾਂ, ਨੀਲ ਦੇ ਦੋਵੇਂ ਪਾਸੇ ਪ੍ਰਾਚੀਨ ਰੁੱਖਾਂ ਦੇ ਝੁੰਡ, ਪੂਰਬ ਦੇ ਭੋਂ-ਦ੍ਰਿਸ਼ ਬਾਗ਼, ਆਧੁਨਿਕ ਸ਼ਹਿਰੀ ਬਗ਼ੀਚੇ, ਅਤੇ ਬਨਸਪਤੀ ਬਾਗ਼—ਇਹ ਕੀ ਪ੍ਰਗਟ ਕਰਦੇ ਹਨ? ਮਨੁੱਖਜਾਤੀ ਦੀ ਪਰਾਦੀਸ ਲਈ ਤਾਂਘ। “ਪਰਾਦੀਸ ਦੇ” ਇਸ ਸਥਾਈ “ਉਦਰੇਵੇਂ” ਉੱਤੇ ਟਿੱਪਣੀ ਕਰਦੇ ਹੋਏ, ਲੇਖਕ ਟੈਰੀ ਕੌਮੀਟੋ ਨੇ ਬਿਆਨ ਕੀਤਾ: “ਬਾਗ਼ ਉਹ ਸਥਾਨ ਹੁੰਦੇ ਹਨ ਜਿੱਥੇ ਮਨੁੱਖ ਆਰਾਮ ਅਨੁਭਵ ਕਰਦੇ ਹਨ।” ਅਤੇ ਕਿਹੜਾ ਮਨੁੱਖ ਇਹ ਕਹਿਣ ਵਿਚ ਆਨੰਦ ਨਾ ਮਾਣੇਗਾ ਕਿ, ‘ਮੇਰਾ ਘਰ ਅਦਨ ਦੇ ਬਾਗ਼ ਵਰਗਾ ਹੈ’? ਲੇਕਿਨ ਕੀ ਇਕ ਵਿਸ਼ਵ-ਵਿਆਪੀ ਅਦਨ—ਅਤੇ ਨਾ ਸਿਰਫ਼ ਅਮੀਰਾਂ ਲਈ—ਕੇਵਲ ਇਕ ਸੁਪਨਾ ਹੀ ਹੈ? ਜਾਂ ਕੀ ਇਹ ਇਕ ਭਾਵੀ ਨਿਸ਼ਚਿਤਤਾ ਹੈ?
[ਸਫ਼ੇ 7 ਉੱਤੇ ਤਸਵੀਰ]
ਚਿੱਤਰਕਾਰ ਦੀ ਕਲਪਨਾ ਅਨੁਸਾਰ ਬਾਬਲ ਦੇ ਹੈਂਗਿੰਗ ਗਾਡਨਜ਼
[ਸਫ਼ੇ 7 ਉੱਤੇ ਤਸਵੀਰ]
ਜਪਾਨ ਵਿਚ ਇਕ ਰਵਾਇਤੀ ਬਾਗ਼
[ਸਫ਼ੇ 7 ਉੱਤੇ ਤਸਵੀਰ]
ਵਾਸਾਈ, ਫ਼ਰਾਂਸ
ਪੂਰੇ ਇਤਿਹਾਸ ਦੇ ਦੌਰਾਨ, ਮਾਨਵ ਦੀ ਪਰਾਦੀਸ ਲਈ ਤਾਂਘ ਰਹੀ ਹੈ
[ਕ੍ਰੈਡਿਟ ਲਾਈਨ]
French Government Tourist Office/Rosine Mazin