ਚਰਨੋਬਲ ਦੀ ਨਿਰਾਸਤਾ ਦੇ ਦਰਮਿਆਨ ਦ੍ਰਿੜ੍ਹ ਉਮੀਦ
ਯੂਕਰੇਨ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਅਪ੍ਰੈਲ 26, 1986, ਨੂੰ ਚਰਨੋਬਲ, ਯੂਕਰੇਨ, ਵਿਚ ਇਤਿਹਾਸ ਦਾ ਸਭ ਤੋਂ ਭੈੜਾ ਨਿਊਕਲੀ-ਊਰਜਾ-ਘਰ ਹਾਦਸਾ ਵਾਪਰਿਆ। ਬਾਅਦ ਵਿਚ ਉਸੇ ਹੀ ਸਾਲ ਮੀਖਾਏਲ ਗੋਰਬਾਚੋਫ, ਜੋ ਉਦੋਂ ਸੋਵੀਅਤ ਰਾਸ਼ਟਰਪਤੀ ਸੀ, ਨੇ ਟਿੱਪਣੀ ਕੀਤੀ ਕਿ ਇਹ ਦੁਰਘਟਨਾ ਇਕ ਨਿਰਦਈ ਯਾਦਗੀਰੀ ਸੀ ਕਿ “ਮਨੁੱਖਜਾਤੀ ਨੇ ਹਾਲੇ ਉਨ੍ਹਾਂ ਬਹੁਤ ਵੱਡੀਆਂ ਊਰਜਾ ਸ਼ਕਤੀਆਂ ਉੱਤੇ ਕਾਬੂ ਨਹੀਂ ਪਾਇਆ ਹੈ ਜਿਨ੍ਹਾਂ ਦੀ ਉਨ੍ਹਾਂ ਨੇ ਖੋਜ ਕੀਤੀ ਹੈ।”
ਚਰਨੋਬਲ ਦੀ ਬਿਪਤਾ ਦੇ ਅਰਥ ਉੱਤੇ ਜ਼ੋਰ ਦਿੰਦੇ ਹੋਏ, ਫਰਵਰੀ 1987 ਦੇ ਸਾਇਕਾਲਜੀ ਟੂਡੇ ਦੇ ਜਰਮਨ ਐਡੀਸ਼ਨ ਨੇ ਰਿਪੋਰਟ ਕੀਤਾ: “ਚਰਨੋਬਲ ਵਿਚ ਪਰਮਾਣੂ-ਭੱਠੀ ਦੀ ਤਬਾਹੀ . . . ਆਧੁਨਿਕ ਸਭਿਅਤਾ ਦੇ ਇਤਿਹਾਸ ਵਿਚ ਇਕ ਨਿਰਣਾਕਾਰੀ ਮੋੜ ਸੀ। ਅਤੇ ਉਹ ਇਕ ਅਜਿਹੀ ਆਫ਼ਤ ਸੀ ਜੋ ਸਾਨੂੰ ਸਦੀਆਂ ਲਈ ਭਰਪੂਰ ਰੂਪ ਵਿਚ ਪ੍ਰਭਾਵਿਤ ਕਰੇਗੀ।” ਦ ਨਿਊਯਾਰਕ ਟਾਈਮਜ਼ ਨੇ ਕਿਹਾ ਕਿ “ਉੱਨੀ ਹੀ ਦੀਰਘਕਾਲੀਨ ਰੇਡੀਏਸ਼ਨ ਸੰਸਾਰ ਦੀ ਹਵਾ, ਉਪਰਲੀ ਮਿੱਟੀ ਅਤੇ ਪਾਣੀ ਦੇ ਵਿਚ [ਛੱਡੀ ਜਾ ਚੁੱਕੀ ਸੀ] ਜਿੰਨੀ ਕਿ ਸਾਰੇ ਨਿਊਕਲੀ ਟੈਸਟ ਅਤੇ ਕਦੇ ਵੀ ਵਿਸਫੋਟ ਕੀਤੇ ਬੰਬਾਂ ਦੁਆਰਾ ਛੱਡੀ ਗਈ ਸੀ।”
ਜਰਮਨ ਅਖ਼ਬਾਰ ਹਾਨੋਫ਼ਰਸ਼ੇ ਆਲਗਮਾਈਨ ਨੇ ਪੂਰਵ-ਅਨੁਮਾਨ ਲਾਇਆ ਕਿ “ਅਗਲੇ 50 ਸਾਲਾਂ ਵਿਚ ਸਾਰੇ ਸੰਸਾਰ ਵਿਚ ਅੰਦਾਜ਼ੇ ਅਨੁਸਾਰ 60,000 ਲੋਕ ਸੋਵੀਅਤ ਪਰਮਾਣੂ-ਭੱਠੀ ਦੇ ਪਿਘਲਣ ਦੇ ਨਤੀਜੇ ਵਜੋਂ ਕੈਂਸਰ ਨਾਲ ਮਰ ਜਾਣਗੇ . . . ਹੋਰ 5,000 ਵਿਅਕਤੀ ਗੰਭੀਰ ਜਣਨਕ ਹਾਨੀ ਭੋਗਣਗੇ ਅਤੇ ਤਕਰੀਬਨ 1,000 ਵਿਅਕਤੀਆਂ ਵਿਚ ਜਨਮ ਤੋਂ ਹੀ ਸਿਹਤ ਖਾਮੀਆਂ ਹੋਣਗੀਆਂ।”
ਚਰਨੋਬਲ ਦੀ ਦੁਰਘਟਨਾ ਨੇ ਡਰ, ਚਿੰਤਾ ਅਤੇ ਅਨਿਸ਼ਚਿਤਤਾ ਦਾ ਇਕ ਬੱਦਲ ਉਤਪੰਨ ਕੀਤਾ, ਜਿਸ ਨੇ ਲੱਖਾਂ ਹੀ ਵਿਅਕਤੀਆਂ ਦੇ ਜੀਵਨਾਂ ਵਿਚ ਹਨੇਰਾ ਕਰ ਦਿੱਤਾ ਹੈ। ਫਿਰ ਵੀ, ਕੁਝ ਵਿਅਕਤੀਆਂ ਨੇ ਘੋਰ ਨਿਰਾਸਤਾ ਦੇ ਦਰਮਿਆਨ ਇਕ ਦ੍ਰਿੜ੍ਹ ਉਮੀਦ ਦਾ ਆਨੰਦ ਹਾਸਲ ਕੀਤਾ ਹੈ। ਰੁਡਨਿਕ ਪਰਿਵਾਰ ਉੱਤੇ ਗੌਰ ਕਰੋ, ਜਿਸ ਵਿਚ ਵਿਕਟਰ ਅਤੇ ਐਨਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਯਿਲਿਨਾ ਅਤੇ ਐਨਯਾ ਹਨ। ਅਪ੍ਰੈਲ 1986 ਵਿਚ ਰੁਡਨਿਕ ਪਰਿਵਾਰ ਪ੍ਰਿਪੇਤ ਵਿਚ ਰਹਿੰਦਾ ਸੀ, ਜੋ ਚਰਨੋਬਲ ਪਰਮਾਣੂ-ਭੱਠੀ ਤੋਂ ਤਿੰਨ ਕਿਲੋਮੀਟਰ ਨਾਲੋਂ ਘੱਟ ਦੂਰੀ ਤੇ ਹੈ।
ਹਾਦਸੇ ਦਾ ਦਿਨ
ਉਸ ਦੁਖਾਂਤਕ ਸਿਨੱਚਰਵਾਰ ਸਵੇਰ, ਵਿਗੜੀ ਹੋਈ ਪਰਮਾਣੂ-ਭੱਠੀ ਵਿਖੇ ਫਾਇਰਮੈਨ ਦੇ ਸੂਰਮਤਾਈ ਕਾਰਜ ਨੇ ਜ਼ਿਆਦਾ ਬਦਤਰ ਨਤੀਜੇ ਨੂੰ ਰੋਕ ਦਿੱਤਾ। ਘੰਟਿਆਂ ਦੇ ਅੰਦਰ-ਅੰਦਰ ਫਾਇਰਮੈਨ ਰੇਡੀਏਸ਼ਨ ਬੀਮਾਰੀ ਨਾਲ ਪੀੜਿਤ ਹੋ ਗਏ, ਅਤੇ ਉਨ੍ਹਾਂ ਵਿੱਚੋਂ ਕੁਝ ਬਾਅਦ ਵਿਚ ਮਰ ਗਏ। 1970 ਦੇ ਦਹਾਕੇ ਦੇ ਦੌਰਾਨ ਚਰਨੋਬਲ ਤੇ ਡਿਪਟੀ ਮੁੱਖ ਇੰਜੀਨੀਅਰ, ਗ੍ਰਿਗੋਰੀ ਮੈਡਵੱਡੇਫ਼ ਨੇ ਆਪਣੀ ਕਿਤਾਬ ਜਲੇ ਪ੍ਰਾਣ (ਅੰਗ੍ਰੇਜ਼ੀ) ਵਿਚ ਵਰਣਨ ਕੀਤਾ: “ਬੱਦਲ ਦਿਆਰ ਦੇ ਦਰਖ਼ਤਾਂ ਦੇ ਛੋਟੇ ਜੰਗਲ ਨੂੰ, ਜੋ ਪਰਮਾਣੂ-ਭੱਠੀ ਦੇ ਸਥਾਨ ਨੂੰ ਨਗਰ ਤੋਂ ਵੱਖਰਾ ਕਰਦਾ ਹੈ, ਰੇਡੀਓ-ਐਕਟਿਵ ਸੁਆਹ ਦੀ ਵਰਖਾ ਨਾਲ ਢੱਕਦੇ ਹੋਏ ਅੱਗੇ ਲੰਘ ਗਿਆ।” ਰਿਪੋਰਟ ਅਨੁਸਾਰ ਅਨੇਕ ਟਨ ਵਾਸ਼ਪੀਕ੍ਰਿਤ ਰੇਡੀਓ-ਐਕਟਿਵ ਸਾਮੱਗਰੀ ਵਾਯੂਮੰਡਲ ਵਿਚ ਛੱਡੀ ਗਈ ਸੀ!
ਹੈਰਾਨੀ ਦੀ ਗੱਲ ਹੈ ਕਿ 40,000 ਤੋਂ ਜ਼ਿਆਦਾ ਨਿਵਾਸੀਆਂ ਵਾਲੇ ਸ਼ਹਿਰ, ਪ੍ਰਿਪੇਤ ਵਿਚ ਉਸ ਸਿਨੱਚਰਵਾਰ ਨੂੰ ਜੀਵਨ ਸਾਧਾਰਣ ਤਰੀਕੇ ਨਾਲ ਚੱਲਦਾ ਜਾਪਦਾ ਸੀ। ਬੱਚੇ ਸੜਕਾਂ ਵਿਚ ਖੇਡਦੇ ਸਨ, ਅਤੇ ਲੋਕੀ ਮਈ 1 ਨੂੰ ਸੋਵੀਅਤ ਛੁੱਟੀ ਦੇ ਜਸ਼ਨ ਲਈ ਤਿਆਰ ਹੋ ਰਹੇ ਸਨ। ਹਾਦਸੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਅਤੇ ਖ਼ਤਰੇ ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਸੀ। ਐਨਾ ਰੁਡਨਿਕ ਆਪਣੀ ਤਿੰਨ-ਸਾਲਾ ਧੀ, ਯਿਲਿਨਾ ਨਾਲ ਬਾਹਰ ਸੈਰ ਕਰ ਰਹੀ ਸੀ, ਜਦੋਂ ਉਨ੍ਹਾਂ ਨੂੰ ਐਨਾ ਦਾ ਮਤਰੇਆ ਪਿਤਾ ਮਿਲਿਆ। ਉਸ ਨੇ ਹਾਦਸੇ ਬਾਰੇ ਸੁਣਿਆ ਸੀ। ਰੇਡੀਏਸ਼ਨ ਦੇ ਖ਼ਤਰੇ ਦੀ ਚਿੰਤਾ ਵਜੋਂ, ਉਹ ਤੁਰੰਤ ਹੀ ਉਨ੍ਹਾਂ ਨੂੰ ਕਾਰ ਵਿਚ ਆਪਣੇ ਘਰ ਲੈ ਗਿਆ ਜੋ ਤਕਰੀਬਨ ਪੰਦਰਾਂ ਕਿਲੋਮੀਟਰ ਦੂਰ ਸੀ।
ਉਹ ਰੇਡੀਓ-ਐਕਟਿਵ ਬੱਦਲ ਵਾਯੂਮੰਡਲ ਨੂੰ ਚੜ੍ਹ ਗਿਆ ਅਤੇ ਸੈਂਕੜੇ ਹੀ ਕਿਲੋਮੀਟਰ ਦਾ ਫ਼ਾਸਲਾ ਤੈ ਕਰਦੇ ਹੋਏ ਯੂਕਰੇਨ, ਬੈਲੋਰੱਸ਼ਾ (ਹੁਣ ਬੈਲਾਰੁਸ), ਰੂਸ ਅਤੇ ਪੋਲੈਂਡ ਦੇ ਪਾਰ, ਅਤੇ ਨਾਲ-ਨਾਲ ਜਰਮਨੀ, ਆਸਟ੍ਰੀਆ, ਅਤੇ ਸਵਿਟਜ਼ਰਲੈਂਡ ਦੇ ਉੱਪਰੋਂ ਦੀ ਲੰਘਿਆ। ਅਗਲੇ ਸੋਮਵਾਰ ਨੂੰ, ਡੈਨਮਾਰਕ ਅਤੇ ਸਵੀਡਨ ਵਿਚ ਵਿਗਿਆਨੀ ਚਿੰਤਾਤੁਰ ਹੋ ਗਏ ਜਦੋਂ ਉਨ੍ਹਾਂ ਨੇ ਰੇਡੀਓ-ਐਕਟਿਵਿਟੀ ਦੇ ਉੱਚੇ ਪੱਧਰ ਰਿਕਾਰਡ ਕੀਤੇ।
ਇਸ ਦਾ ਨਤੀਜਾ
ਸੋਵੀਅਤ ਸਿਪਾਹੀ, ਫਾਇਰਮੈਨ, ਉਸਾਰੀ ਮਾਹਰ, ਅਤੇ ਦੂਜੇ ਵਿਅਕਤੀ ਚਰਨੋਬਲ ਨੂੰ ਭੇਜੇ ਗਏ ਸਨ। ਇਹ ਸਮੂਹ—ਜਿਸ ਵਿਚ ਕੁਝ 6,00,000 ਵਿਅਕਤੀ ਸਨ—“ਸਮਾਪਕਾਂ” ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਨ੍ਹਾਂ ਨੇ ਵਿਗੜੀ ਹੋਈ ਪਰਮਾਣੂ-ਭੱਠੀ ਨੂੰ ਸਟੀਲ ਅਤੇ ਕੰਕਰੀਟ ਦੇ ਤਾਬੂਤ ਵਿਚ, ਜੋ ਦਸ ਮੰਜ਼ਲਾਂ ਉੱਚਾ ਅਤੇ ਦੋ ਮੀਟਰ ਮੋਟਾ ਸੀ, ਬੰਦ ਕਰਨ ਦੁਆਰਾ ਯੂਰਪ ਉੱਤੇ ਹੋਰ ਬਦਤਰ ਬਿਪਤਾ ਆਉਣ ਤੋਂ ਰੋਕ ਦਿੱਤਾ।
ਨਜ਼ਦੀਕੀ ਇਲਾਕਿਆਂ ਦਾ ਨਿਕਾਸ ਅਗਲੇ ਕੁਝ ਦਿਨਾਂ ਦੇ ਅੰਦਰ-ਅੰਦਰ ਆਰੰਭ ਹੋ ਗਿਆ। “ਸਾਨੂੰ ਆਪਣਾ ਘਰ ਤਿਆਗਣਾ ਪਿਆ, ਅਤੇ ਅਸੀਂ ਸਭ ਕੁਝ ਪਿੱਛੇ ਛੱਡ ਦਿੱਤਾ—ਕੱਪੜੇ, ਪੈਸੇ, ਦਸਤਾਵੇਜ਼, ਭੋਜਨ—ਜੋ ਵੀ ਸਾਡੇ ਕੋਲ ਸੀ,” ਵਿਕਟਰ ਨੇ ਦੱਸਿਆ। “ਅਸੀਂ ਬਹੁਤ ਚਿੰਤਿਤ ਸੀ, ਕਿਉਂਕਿ ਐਨਾ ਸਾਡੀ ਦੂਸਰੀ ਬੱਚੀ ਨਾਲ ਗਰਭਵਤੀ ਸੀ।”
ਕੁਝ 1,35,000 ਲੋਕਾਂ ਨੂੰ ਨਿਵਾਸ-ਬਦਲੀ ਕਰਨੀ ਪਈ—ਪਰਮਾਣੂ-ਭੱਠੀ ਦੇ ਲਗਭਗ 30 ਕਿਲੋਮੀਟਰ ਦੇ ਅੰਦਰ-ਅੰਦਰ ਸਾਰੀਆਂ ਬਸਤੀਆਂ ਖਾਲੀ ਕਰ ਦਿੱਤੀਆਂ ਗਈਆਂ ਸਨ। ਰੁਡਨਿਕ ਪਰਿਵਾਰ ਰਿਸ਼ਤੇਦਾਰਾਂ ਨਾਲ ਰਹਿਣ ਲੱਗ ਪਿਆ। ਲੇਕਿਨ, ਇਹ ਰਿਸ਼ਤੇਦਾਰ ਡਰਨ ਲੱਗ ਪਏ ਕਿ ਰੁਡਨਿਕ ਪਰਿਵਾਰ ਉਨ੍ਹਾਂ ਤਕ ਰੇਡੀਓ-ਐਕਟਿਵਿਟੀ ਫੈਲਾ ਦੇਵੇਗਾ। “ਉਹ ਪਰੇਸ਼ਾਨ ਹੋ ਗਏ,” ਐਨਾ ਕਹਿੰਦੀ ਹੈ, “ਅਤੇ ਅਖ਼ੀਰ ਵਿਚ ਉਨ੍ਹਾਂ ਨੇ ਸਾਨੂੰ ਚਲੇ ਜਾਣ ਲਈ ਬੇਨਤੀ ਕੀਤੀ।” ਦੂਜੇ ਨਿਕਾਸੀਆਂ ਦੇ ਨਾਲ ਵੀ ਅਜਿਹੇ ਦੁਖਦਾਈ ਅਨੁਭਵ ਹੋਏ ਸਨ। ਆਖ਼ਰਕਾਰ, ਸਤੰਬਰ 1986 ਵਿਚ ਰੁਡਨਿਕ ਪਰਿਵਾਰ ਕਲੂਗਾ ਵਿਚ ਜਾ ਵਸਿਆ ਜੋ ਕਿ ਮਾਸਕੋ, ਰੂਸ, ਤੋਂ ਲਗਭਗ 170 ਕਿਲੋਮੀਟਰ ਦੱਖਣ-ਪੱਛਮ ਵੱਲ ਹੈ।
“ਅਖ਼ੀਰ ਵਿਚ ਸਾਨੂੰ ਸਮਝ ਆਈ ਕਿ ਵਾਪਸ ਜਾਣ ਦੀ ਕੋਈ ਉਮੀਦ ਨਹੀਂ ਸੀ,” ਐਨਾ ਨੇ ਦੱਸਿਆ। “ਅਸੀਂ ਆਪਣਾ ਪਿਆਰਾ ਖ਼ਾਨਦਾਨੀ ਘਰ, ਜਿੱਥੇ ਅਸੀਂ ਜੰਮੇ-ਪਲੇ ਸੀ, ਖੋਹ ਬੈਠੇ। ਉਹ ਇਕ ਸੁੰਦਰ ਇਲਾਕਾ ਸੀ, ਜੋ ਫੁੱਲਾਂ ਅਤੇ ਘਾਹ ਦੇ ਮੈਦਾਨਾਂ ਨਾਲ ਢੱਕਿਆ ਹੋਇਆ ਸੀ ਅਤੇ ਖਾੜੀ ਵਿਚ ਕਮਲ ਦੇ ਫੁੱਲ ਸਨ। ਜੰਗਲ ਰਸਦਾਰ ਫਲਾਂ ਅਤੇ ਖੁੰਬਾਂ ਨਾਲ ਭਰਪੂਰ ਸੀ।”
ਨਾ ਕੇਵਲ ਯੂਕਰੇਨ ਦੀ ਸੁੰਦਰਤਾ ਖ਼ਰਾਬ ਕੀਤੀ ਗਈ ਪਰ ਸੋਵੀਅਤ ਸੰਘ ਦੇ ਅਨਾਜ-ਭੰਡਾਰ ਵਜੋਂ ਉਸ ਦੀ ਭੂਮਿਕਾ ਉੱਤੇ ਵੀ ਪ੍ਰਭਾਵ ਪਿਆ ਸੀ। ਉਸ ਪਤਝੜ ਦੀ ਰੁੱਤ, ਦੇਸ਼ ਦੀ ਬਹੁਤ ਸਾਰੀ ਫ਼ਸਲ ਦੂਸ਼ਿਤ ਹੋ ਗਈ ਸੀ। ਇਸੇ ਤਰ੍ਹਾਂ, ਸਕੈਂਡੇਨੇਵੀਆ ਵਿਚ, ਬਰਫਾਨੀ ਬਾਰਾਸਿੰਗੇ ਦਾ 70 ਫੀ ਸਦੀ ਮਾਸ ਉਪਭੋਗ ਲਈ ਅਯੋਗ ਠਹਿਰਾਇਆ ਗਿਆ ਸੀ ਕਿਉਂਕਿ ਪਸ਼ੂਆਂ ਨੇ ਰੇਡੀਏਸ਼ਨ-ਗ੍ਰਸਤ ਕਾਈਆਂ ਉੱਤੇ ਚਰਿਆ ਸੀ। ਅਤੇ ਜਰਮਨੀ ਦੇ ਕੁਝ ਇਲਾਕਿਆਂ ਵਿਚ, ਸਬਜ਼ੀਆਂ ਦੂਸ਼ਿਤ ਹੋਣ ਦੇ ਡਰ ਕਰਕੇ ਖੇਤਾਂ ਵਿਚ ਗਲਣ ਲਈ ਛੱਡ ਦਿੱਤੀਆਂ ਗਈਆਂ ਸਨ।
ਰੇਡੀਏਸ਼ਨ ਦਾ ਸਿਹਤ ਉੱਤੇ ਪ੍ਰਭਾਵ
ਸਰਕਾਰੀ ਅੰਕੜੇ ਜੋ ਹਾਦਸੇ ਤੋਂ ਪੰਜ ਸਾਲ ਬਾਅਦ ਪ੍ਰਕਾਸ਼ਿਤ ਕੀਤੇ ਗਏ ਸਨ, ਬਿਆਨ ਕਰਦੇ ਹਨ ਕਿ 5,76,000 ਲੋਕ ਰੇਡੀਏਸ਼ਨ ਤੋਂ ਪ੍ਰਭਾਵਿਤ ਹੋਏ ਸਨ। ਰਿਪੋਰਟ ਅਨੁਸਾਰ ਅਜਿਹੇ ਲੋਕਾਂ ਦੇ ਵਿਚਕਾਰ ਦੋਵੇਂ ਕੈਂਸਰੀ ਅਤੇ ਗ਼ੈਰ-ਕੈਂਸਰੀ ਬੀਮਾਰੀਆਂ ਦੇ ਜ਼ਿਆਦਾ ਮਾਮਲੇ ਹਨ। ਖ਼ਾਸ ਤੌਰ ਤੇ ਜਵਾਨ ਲੋਕ ਪ੍ਰਭਾਵਿਤ ਹੋਏ ਹਨ। ਦਸੰਬਰ 2, 1995 ਦੇ ਨਿਊ ਸਾਇੰਟਿਸਟ ਰਸਾਲੇ ਨੇ ਰਿਪੋਰਟ ਕੀਤਾ ਕਿ ਯੂਰਪ ਦਾ ਇਕ ਮੁੱਖ ਗਲ-ਗੰਢ ਮਾਹਰ ਇਹ ਵਿਸ਼ਵਾਸ ਕਰਦਾ ਹੈ ਕਿ “ਘਟੋ-ਘੱਟ 40 ਫੀ ਸਦੀ ਬੱਚੇ, ਜੋ ਇਕ ਸਾਲ ਤੋਂ ਘੱਟ ਉਮਰ ਵਿਚ ਚਰਨੋਬਲ ਦੀ ਰੇਡਿਆਈ ਝਾੜ ਦੇ ਸਭ ਤੋਂ ਜ਼ਿਆਦਾ ਪ੍ਰਭਾਵ ਹੇਠ ਸਨ, ਬਾਲਗਾਂ ਵਜੋਂ ਗਲ-ਗੰਢ ਕੈਂਸਰ ਵਿਕਸਿਤ ਕਰ ਸਕਦੇ ਹਨ।”
ਕਿਉਂਕਿ ਐਨਾ ਆਪਣੇ ਗਰਭ-ਅਵਸਥਾ ਦੇ ਦੌਰਾਨ ਰੇਡੀਏਸ਼ਨ ਦੇ ਪ੍ਰਭਾਵ ਹੇਠ ਸੀ, ਡਾਕਟਰਾਂ ਨੇ ਜ਼ੋਰ ਪਾਇਆ ਕਿ ਉਹ ਗਰਭਪਾਤ ਕਰਵਾ ਲਵੇ। ਜਦੋਂ ਵਿਕਟਰ ਅਤੇ ਐਨਾ ਨੇ ਇਨਕਾਰ ਕੀਤਾ, ਤਾਂ ਉਨ੍ਹਾਂ ਨੂੰ ਇਕ ਘੋਸ਼ਣਾ-ਪੱਤਰ ਤੇ ਇਹ ਵਾਅਦਾ ਕਰਦਿਆਂ ਦਸਤਖਤ ਕਰਨਾ ਪਿਆ ਕਿ ਉਹ ਬੱਚੇ ਦੀ ਦੇਖ-ਭਾਲ ਕਰਨਗੇ ਭਾਵੇਂ ਕਿ ਉਹ ਵਿਰੂਪਤ ਪੈਦਾ ਹੋਵੇ। ਹਾਲਾਂਕਿ ਐਨਯਾ ਵਿਰੂਪਤ ਨਹੀਂ ਹੈ, ਉਹ ਨਿਕਟ-ਦ੍ਰਿਸ਼ਟੀ ਦੋਸ਼, ਸੁਆਸੀ ਸਮੱਸਿਆਵਾਂ ਅਤੇ ਦਿਲ ਤੇ ਵਾਹਿਕਾ-ਸੰਬੰਧੀ ਬੀਮਾਰੀਆਂ ਨਾਲ ਪੀੜਿਤ ਹੈ। ਇਸ ਦੇ ਅਤਿਰਿਕਤ, ਬਿਪਤਾ ਤੋਂ ਬਾਅਦ ਰੁਡਨਿਕ ਪਰਿਵਾਰ ਦੇ ਦੂਜੇ ਸਦੱਸਾਂ ਦੀ ਸਿਹਤ ਵਿਗੜ ਗਈ ਹੈ। ਵਿਕਟਰ ਅਤੇ ਯਿਲਿਨਾ ਦੋਹਾਂ ਨੂੰ ਦਿਲ ਦੀਆਂ ਬੀਮਾਰੀਆਂ ਹਨ, ਅਤੇ ਐਨਾ ਅਨੇਕਾਂ ਵਿੱਚੋਂ ਇਕ ਹੈ ਜੋ ਚਰਨੋਬਲ ਅਪਾਹਜਾਂ ਦੇ ਤੌਰ ਤੇ ਦਰਜ ਕੀਤੀ ਗਈ ਹੈ।
ਸਭ ਤੋਂ ਜ਼ਿਆਦਾ ਰੇਡੀਏਸ਼ਨ-ਗ੍ਰਸਤ ਹੋਣ ਵਾਲਿਆਂ ਵਿਚ ਉਹ ਸਮਾਪਕ ਸਨ ਜਿਨ੍ਹਾਂ ਨੇ ਵਿਗੜੀ ਹੋਈ ਪਰਮਾਣੂ-ਭੱਠੀ ਨੂੰ ਬੰਦ ਕੀਤਾ ਸੀ। ਕਿਹਾ ਜਾਂਦਾ ਹੈ ਕਿ ਹਜ਼ਾਰਾਂ ਹੀ ਲੋਕ ਜਿਨ੍ਹਾਂ ਨੇ ਸਫ਼ਾਈ ਕਰਨ ਵਿਚ ਮਦਦ ਕੀਤੀ ਸੀ, ਆਪਣੇ ਸਮੇਂ ਤੋਂ ਪਹਿਲਾਂ ਮਰ ਗਏ ਹਨ। ਅਨੇਕ ਬਚਣ ਵਾਲੇ ਵਿਅਕਤੀ ਤੰਤੂ-ਸੰਬੰਧੀ ਅਤੇ ਮਨੋ-ਸਰੀਰਕ ਤਕਲੀਫ਼ਾਂ ਨਾਲ ਪੀੜਿਤ ਹਨ। ਹਤਾਸ਼ਾ ਵਿਆਪਕ ਹੈ ਅਤੇ ਖ਼ੁਦਕਸ਼ੀ ਸਾਧਾਰਣ ਹੈ।
ਐਂਜਲਾ ਬਚਣ ਵਾਲਿਆਂ ਵਿੱਚੋਂ ਇਕ ਹੈ ਜੋ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਲੱਗ ਪਈ। ਬਿਪਤਾ ਦੇ ਸਮੇਂ, ਉਹ ਯੂਕਰੇਨ ਦੀ ਰਾਜਧਾਨੀ, ਕੀਵ ਵਿਚ ਰਹਿੰਦੀ ਸੀ, ਜੋ ਚਰਨੋਬਲ ਤੋਂ 80 ਨਾਲੋਂ ਜ਼ਿਆਦਾ ਕਿਲੋਮੀਟਰ ਦੂਰ ਹੈ। ਲੇਕਿਨ ਬਾਅਦ ਵਿਚ, ਪਰਮਾਣੂ-ਭੱਠੀ ਦੇ ਸਥਾਨ ਤੇ ਸਮਾਪਕਾਂ ਨੂੰ ਰਸਦ ਪਹੁੰਚਾਉਣ ਵਿਚ ਉਸ ਨੇ ਸਮਾਂ ਲਗਾਇਆ ਸੀ। ਸਵੇਤਲਾਨਾ, ਇਕ ਹੋਰ ਬਚਣ ਵਾਲੀ, ਜੋ ਕੀਵ ਨੇੜੇ, ਇਰਪਨ ਵਿਚ ਰਹਿੰਦੀ ਹੈ, ਵਿਚ ਕੈਂਸਰ ਵਿਕਸਿਤ ਹੋ ਗਿਆ ਅਤੇ ਉਸ ਦੀ ਸਰਜਰੀ ਕੀਤੀ ਗਈ।
ਅਤੀਤ ਉੱਤੇ ਵਿਚਾਰ ਕਰਨਾ
ਅਪ੍ਰੈਲ 1996 ਵਿਚ, ਇਸ ਵੱਡੀ ਦੁਰਘਟਨਾ ਤੋਂ ਦਸ ਸਾਲ ਬਾਅਦ, ਮੀਖਾਏਲ ਗੋਰਬਾਚੋਫ ਨੇ ਸਵੀਕਾਰ ਕੀਤਾ: “ਅਸੀਂ ਉਸ ਪ੍ਰਕਾਰ ਦੀ ਸਥਿਤੀ ਲਈ ਬਿਲਕੁਲ ਤਿਆਰ ਨਹੀਂ ਸਨ।” ਉਸੇ ਸਮੇਂ ਤੇ, ਰੂਸ ਦੇ ਰਾਸ਼ਟਰਪਤੀ ਯੇਲਤਸਿਨ ਨੇ ਟਿੱਪਣੀ ਕੀਤੀ: “ਮਨੁੱਖਜਾਤੀ ਨੇ ਕਦੇ ਵੀ ਇਸ ਵਿਸਤਾਰ ਦੀ ਮੁਸੀਬਤ ਅਨੁਭਵ ਨਹੀਂ ਕੀਤੀ ਹੈ, ਜਿਸ ਦੇ ਨਤੀਜੇ ਇੰਨੇ ਗੰਭੀਰ ਹਨ ਕਿ ਉਨ੍ਹਾਂ ਨੂੰ ਦੂਰ ਕਰਨਾ ਅਤਿ ਅਧਿਕ ਮੁਸ਼ਕਲ ਹੈ।”
ਧਿਆਨ ਦੇਣ ਯੋਗ ਹੈ ਕਿ ਸਾਇਨਟਿਫ਼ਿਕ ਅਮੈਰੀਕਨ ਦੇ ਜਰਮਨ ਐਡੀਸ਼ਨ ਨੇ ਚਰਨੋਬਲ ਬਿਪਤਾ ਦੇ ਨਤੀਜੇ ਦੀ ਉਸ ਨਤੀਜੇ ਨਾਲ ਤੁਲਨਾ ਕੀਤੀ ਜੋ ਇਕ ਔਸਤ ਦਰਜੇ ਦੇ ਨਿਊਕਲੀ ਯੁੱਧ ਤੋਂ ਨਿਕਲਦਾ। ਕੁਝ ਲੋਕ ਅੰਦਾਜ਼ਾ ਲਗਾਉਂਦੇ ਹਨ ਕਿ ਉਸ ਦੁਰਘਟਨਾ ਦੇ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਲਗਭਗ 30,000 ਹੈ।
ਪਿਛਲੇ ਸਾਲ ਦੀ ਇਕ ਸਮਾਚਾਰ ਰਿਪੋਰਟ ਦੇ ਅਨੁਸਾਰ, ਹਾਦਸੇ ਦੀ ਦਸਵੀਂ ਵਰ੍ਹੇ-ਗੰਢ ਤਕ, ਨਿਊਕਲੀ-ਊਰਜਾ-ਘਰ ਦੇ ਆਲੇ-ਦੁਆਲੇ ਅਜੇ ਵੀ 29 ਕਿਲੋਮੀਟਰ ਦਾ ਇਲਾਕਾ ਸੀ ਜੋ ਮਾਨਵ ਜੀਵਨ ਲਈ ਅਯੋਗ ਹੈ। ਫਿਰ ਵੀ, ਰਿਪੋਰਟ ਨੇ ਨੋਟ ਕੀਤਾ ਕਿ, “647 ਦ੍ਰਿੜ੍ਹ ਨਿਵਾਸੀ ਚੋਰੀ-ਛਿੱਪੇ, ਰਿਸ਼ਵਤ ਦੇ ਕੇ ਜਾਂ ਖੁੱਲ੍ਹੇ-ਆਮ ਉਸ ਇਲਾਕੇ ਵਿਚ ਵਾਪਸ ਚਲੇ ਗਏ ਹਨ।” ਉਹ ਟਿੱਪਣੀ ਕਰਦਾ ਹੈ: “ਊਰਜਾ-ਘਰ ਦੇ 10 ਕਿਲੋਮੀਟਰ ਦੇ ਘੇਰੇ ਵਿਚ ਬਿਲਕੁਲ ਕੋਈ ਵੀ ਨਹੀਂ ਰਹਿੰਦਾ। ਇਸ ਦੇ ਆਲੇ-ਦੁਆਲੇ ਇਕ ਹੋਰ 20-ਕਿਲੋਮੀਟਰ-ਚੌੜਾ ਘੇਰਾ ਹੈ ਜਿੱਥੇ ਉਹ ਕੁਝ ਕੁ ਸੈਂਕੜੇ ਵਿਅਕਤੀ ਵਾਪਸ ਮੁੜ ਗਏ ਹਨ।”
ਵਿਆਪਕ ਡਰ ਦੇ ਦਰਮਿਆਨ ਵਿਸ਼ਵਾਸ
ਉਨ੍ਹਾਂ ਅਨੇਕ ਹਜ਼ਾਰਾਂ ਲਈ ਜੋ ਇਕ ਸਮੇਂ ਚਰਨੋਬਲ ਦੇ ਨੇੜੇ ਰਹਿੰਦੇ ਸਨ, ਜੀਵਨ ਬਹੁਤ ਔਖਾ ਸੀ ਅਤੇ ਅਜੇ ਵੀ ਬਹੁਤ ਔਖਾ ਹੈ। ਨਿਕਾਸੀਆਂ ਦੇ ਇਕ ਅਧਿਐਨ ਨੇ ਪ੍ਰਗਟ ਕੀਤਾ ਕਿ 80 ਫੀ ਸਦੀ ਲੋਕ ਆਪਣੇ ਨਵੇਂ ਘਰਾਂ ਵਿਚ ਨਾਖ਼ੁਸ਼ ਹਨ। ਉਹ ਉਦਾਸ, ਥੱਕੇ ਹੋਏ, ਪਰੇਸ਼ਾਨ, ਚਿੜਚਿੜੇ ਅਤੇ ਇਕੱਲੇ ਮਹਿਸੂਸ ਕਰਦੇ ਹਨ। ਚਰਨੋਬਲ ਕੇਵਲ ਇਕ ਨਿਊਕਲੀ ਹਾਦਸਾ ਹੀ ਨਹੀਂ ਸੀ—ਉਹ ਵਿਸ਼ਾਲ ਆਕਾਰ ਦਾ ਇਕ ਸਮਾਜਕ ਅਤੇ ਮਾਨਸਿਕ ਸੰਕਟ ਸੀ। ਕੋਈ ਹੈਰਾਨੀ ਨਹੀਂ ਹੈ ਕਿ ਅਨੇਕ ਲੋਕ ਘਟਨਾਵਾਂ ਨੂੰ ਜਾਂ ਤਾਂ ਪੂਰਵ-ਚਰਨੋਬਲ ਜਾਂ ਚਰਨੋਬਲ-ਉਪਰੰਤ ਦੇ ਤੌਰ ਤੇ ਜ਼ਿਕਰ ਕਰਦੇ ਹਨ।
ਅਨੇਕ ਦੂਜਿਆਂ ਦੀ ਤੁਲਨਾ ਵਿਚ, ਰੁਡਨਿਕ ਪਰਿਵਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਥਿਤੀ ਦਾ ਸਾਮ੍ਹਣਾ ਕਰਦੇ ਹਨ। ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ, ਨਤੀਜੇ ਵਜੋਂ, ਧਾਰਮਿਕਤਾ ਦੇ ਇਕ ਨਵੇਂ ਸੰਸਾਰ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਬਚਨ ਵਿਚ ਪਾਏ ਗਏ ਵਾਅਦਿਆਂ ਵਿਚ ਮਜ਼ਬੂਤ ਨਿਸ਼ਚਾ ਵਿਕਸਿਤ ਕੀਤੀ। (ਯਸਾਯਾਹ 65:17-25; 2 ਪਤਰਸ 3:13; ਪਰਕਾਸ਼ ਦੀ ਪੋਥੀ 21:3, 4) ਫਿਰ, 1995 ਵਿਚ, ਵਿਕਟਰ ਅਤੇ ਐਨਾ ਨੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ। ਬਾਅਦ ਵਿਚ ਉਨ੍ਹਾਂ ਦੀ ਧੀ ਯਿਲਿਨਾ ਨੇ ਵੀ ਬਪਤਿਸਮਾ ਲਿਆ।
ਵਿਕਟਰ ਵਿਆਖਿਆ ਕਰਦਾ ਹੈ: “ਬਾਈਬਲ ਦਾ ਅਧਿਐਨ ਕਰਨ ਦੁਆਰਾ ਅਸੀਂ ਆਪਣੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਨੂੰ ਅਤੇ ਧਰਤੀ ਉੱਤੇ ਮਨੁੱਖਜਾਤੀ ਲਈ ਉਸ ਦੇ ਮਕਸਦਾਂ ਨੂੰ ਜਾਣਨ ਦੇ ਯੋਗ ਹੋਏ। ਅਸੀਂ ਹੁਣ ਨਿਰਾਸ਼ ਨਹੀਂ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ, ਉਦੋਂ ਅਜਿਹੇ ਭਿਆਨਕ ਹਾਦਸੇ ਫਿਰ ਕਦੇ ਵੀ ਨਹੀਂ ਵਾਪਰਨਗੇ। ਅਸੀਂ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਚਰਨੋਬਲ ਦੇ ਨੇੜੇ ਸਾਡੇ ਪਿਆਰੇ ਘਰ ਦੇ ਆਲੇ-ਦੁਆਲੇ ਦਾ ਪੇਂਡੂ ਇਲਾਕਾ ਮੁੜ-ਕਾਇਮ ਹੋਵੇਗਾ ਅਤੇ ਇਕ ਅਦਭੁਤ ਪਰਾਦੀਸ ਦਾ ਹਿੱਸਾ ਬਣ ਜਾਵੇਗਾ।”
ਐਂਜਲਾ ਅਤੇ ਸਵੇਤਲਾਨਾ, ਜੋ ਧਾਰਮਿਕਤਾ ਦੇ ਨਵੇਂ ਸੰਸਾਰ ਬਾਰੇ ਪਰਮੇਸ਼ੁਰ ਦੇ ਵਾਅਦਿਆਂ ਵਿਚ ਭਰੋਸਾ ਰੱਖਦੀਆਂ ਹਨ, ਰੇਡੀਏਸ਼ਨ ਤੋਂ ਪੈਦਾ ਹੋਈਆਂ ਆਪਣੀਆਂ ਬੀਮਾਰੀਆਂ ਦੇ ਬਾਵਜੂਦ ਉਹੀ ਉੱਜਲ ਦ੍ਰਿਸ਼ਟੀਕੋਣ ਰੱਖਦੀਆਂ ਹਨ। “ਸ੍ਰਿਸ਼ਟੀਕਰਤਾ ਅਤੇ ਉਸ ਦੇ ਮਕਸਦਾਂ ਦੇ ਗਿਆਨ ਤੋਂ ਬਿਨਾਂ ਜੀਵਨ ਮੁਸ਼ਕਲ ਹੁੰਦਾ,” ਐਂਜਲਾ ਨੇ ਟਿੱਪਣੀ ਕੀਤੀ। “ਲੇਕਿਨ ਯਹੋਵਾਹ ਦੇ ਨਾਲ ਇਕ ਨਜ਼ਦੀਕੀ ਰਿਸ਼ਤਾ ਰੱਖਣਾ ਮੈਨੂੰ ਸਕਾਰਾਤਮਕ ਰਹਿਣ ਵਿਚ ਮਦਦ ਕਰਦਾ ਹੈ। ਮੇਰੀ ਇੱਛਾ ਹੈ ਕਿ ਮੈਂ ਇਕ ਪੂਰਣ-ਕਾਲੀ ਬਾਈਬਲ ਪ੍ਰਚਾਰਕ ਦੇ ਤੌਰ ਤੇ ਉਸ ਦੀ ਸੇਵਾ ਕਰਨੀ ਜਾਰੀ ਰੱਖਾਂ।” ਸਵੇਤਲਾਨਾ ਨੇ ਅੱਗੇ ਕਿਹਾ: “ਮੇਰੇ ਮਸੀਹੀ ਭੈਣ-ਭਰਾ ਮੇਰੇ ਲਈ ਇਕ ਵੱਡਾ ਸਹਾਰਾ ਹਨ।”
ਬਾਈਬਲ ਦੇ ਅਧਿਐਨ ਨੇ ਅਜਿਹਿਆਂ ਵਿਅਕਤੀਆਂ ਨੂੰ ਇਹ ਪ੍ਰਗਟ ਕੀਤਾ ਹੈ ਕਿ ਹਾਦਸੇ ਜੋ ‘ਸਮੇਂ ਅਤੇ ਅਣਚਿਤਵੀ ਘਟਨਾ’ ਦੁਆਰਾ ਪੈਦਾ ਹੁੰਦੇ ਹਨ, ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਭਾਵੇਂ ਉਹ ਜਿੱਥੇ ਵੀ ਰਹਿੰਦੇ ਹਨ ਅਤੇ ਉਹ ਜੋ ਕੋਈ ਵੀ ਹੋਣ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਲੇਕਿਨ ਬਾਈਬਲ ਵਿਦਿਆਰਥੀਆਂ ਨੇ ਇਹ ਵੀ ਸਿੱਖਿਆ ਹੈ ਕਿ ਉਨ੍ਹਾਂ ਦੀਆਂ ਮੁਸੀਬਤਾਂ ਭਾਵੇਂ ਕਿੰਨੀਆਂ ਹੀ ਤਬਾਹਕੁੰਨ ਹੋਣ, ਕੋਈ ਵੀ ਅਜਿਹਾ ਵਿਗਾੜ ਨਹੀਂ ਹੈ ਜੋ ਯਹੋਵਾਹ ਪਰਮੇਸ਼ੁਰ ਸੁਧਾਰ ਨਹੀਂ ਸਕਦਾ, ਕੋਈ ਵੀ ਜ਼ਖਮ ਨਹੀਂ ਹੈ ਜੋ ਉਹ ਭਰ ਨਹੀਂ ਸਕਦਾ, ਅਤੇ ਕੋਈ ਵੀ ਕਮੀ ਨਹੀਂ ਹੈ ਜੋ ਉਹ ਪੂਰੀ ਨਹੀਂ ਕਰ ਸਕਦਾ।
ਤੁਸੀਂ ਵੀ ਪਰਮੇਸ਼ੁਰ ਦੇ ਵਾਅਦਿਆਂ ਵਿਚ ਵਿਸ਼ਵਾਸ ਕਿਵੇਂ ਵਿਕਸਿਤ ਕਰ ਸਕਦੇ ਹੋ ਤਾਂ ਜੋ ਤੁਸੀਂ ਇਕ ਉੱਜਲ ਉਮੀਦ ਦਾ ਆਨੰਦ ਮਾਣ ਸਕੋ? ਬਾਈਬਲ ਦੀ ਕਹਾਉਤਾਂ ਦੀ ਪੋਥੀ ਦਾ ਲਿਖਾਰੀ ਜਵਾਬ ਦਿੰਦਾ ਹੈ: “ਮੈਂ ਅੱਜ ਦੇ ਦਿਨ ਓਹ ਤੈਨੂੰ, ਹਾਂ, ਤੈਨੂੰ ਹੀ ਜਤਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।” (ਕਹਾਉਤਾਂ 22:19) ਜੀ ਹਾਂ, ਤੁਹਾਨੂੰ ਨਿਯਮਿਤ ਬਾਈਬਲ ਅਧਿਐਨ ਕਰਨ ਦੁਆਰਾ ਗਿਆਨ ਹਾਸਲ ਕਰਨ ਦੀ ਜ਼ਰੂਰਤ ਹੈ। ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹ ਤੁਹਾਨੂੰ ਇੰਜ ਕਰਨ ਵਾਸਤੇ ਮਦਦ ਦੇਣ ਵਿਚ ਖ਼ੁਸ਼ ਹੋਣਗੇ। ਉਹ ਇਕ ਮੁਫ਼ਤ ਬਾਈਬਲ ਅਧਿਐਨ ਕਾਰਜਕ੍ਰਮ ਪੇਸ਼ ਕਰਦੇ ਹਨ ਜੋ ਤੁਹਾਡੇ ਲਈ ਉਪਯੁਕਤ ਸਮੇਂ ਅਤੇ ਥਾਂ ਤੇ ਕਰਵਾਇਆ ਜਾਵੇਗਾ।
[ਸਫ਼ੇ 20 ਉੱਤੇ ਸੁਰਖੀ]
“ਮਨੁੱਖਜਾਤੀ ਨੇ ਕਦੇ ਵੀ ਇਸ ਵਿਸਤਾਰ ਦੀ ਮੁਸੀਬਤ ਅਨੁਭਵ ਨਹੀਂ ਕੀਤੀ ਹੈ, ਜਿਸ ਦੇ ਨਤੀਜੇ ਇੰਨੇ ਗੰਭੀਰ ਹਨ ਕਿ ਉਨ੍ਹਾਂ ਨੂੰ ਦੂਰ ਕਰਨਾ ਅਤਿ ਅਧਿਕ ਮੁਸ਼ਕਲ ਹੈ।” ਰੂਸ ਦਾ ਰਾਸ਼ਟਰਪਤੀ ਯੇਲਤਸਿਨ
[ਸਫ਼ੇ 21 ਉੱਤੇ ਸੁਰਖੀ]
ਚਰਨੋਬਲ ਕੇਵਲ ਇਕ ਨਿਊਕਲੀ ਹਾਦਸਾ ਹੀ ਨਹੀਂ ਸੀ—ਉਹ ਵਿਸ਼ਾਲ ਆਕਾਰ ਦਾ ਇਕ ਸਮਾਜਕ ਅਤੇ ਮਾਨਸਿਕ ਸੰਕਟ ਸੀ
[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Tass/Sipa Press