ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 4/8 ਸਫ਼ੇ 20-21
  • ਸਾਡੇ ਗੁਆਂਢੀ ਡਾਲਫਿਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਗੁਆਂਢੀ ਡਾਲਫਿਨ
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਹ ਕਿਉਂ ਇੰਨੀ ਘੱਟ ਨਜ਼ਰ ਆਉਂਦੀ ਹੈ
  • ਕੀ ਇਹ ਡਾਲਫਿਨ ਹੈ?
  • ਅਸੀਂ ਜੋ ਥੋੜ੍ਹਾ-ਬਹੁਤ ਜਾਣਦੇ ਹਾਂ
  • ਕੀ ਇਸ ਦਾ ਕੋਈ ਭਵਿੱਖ ਹੈ?
  • ਡਾਲਫਿਨ ਦੀ ਸੁਣਨ ਦੀ ਕਾਬਲੀਅਤ
    ਇਹ ਕਿਸ ਦਾ ਕਮਾਲ ਹੈ?
  • ਸ੍ਰਿਸ਼ਟੀ ਪਰਮੇਸ਼ੁਰ ਦੀ ਮਹਿਮਾ ਕਰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
ਜਾਗਰੂਕ ਬਣੋ!—1998
g98 4/8 ਸਫ਼ੇ 20-21

ਸਾਡੇ ਗੁਆਂਢੀ ਡਾਲਫਿਨ

ਆਸਟ੍ਰੇਲੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ

ਇਹ ਨਿੱਘਾ, ਘੱਟ ਡੂੰਘਾ ਅਤੇ ਤਪਤ-ਖੰਡੀ ਪਾਣੀ ਪਸੰਦ ਕਰਦੀ ਹੈ, ਚਾਹੇ ਉਹ ਲੂਣਾ ਹੋਵੇ ਜਾਂ ਅਲੂਣਾ, ਗੰਧਲਾ ਹੋਵੇ ਜਾਂ ਸਾਫ਼। ਇਸ ਦਾ ਦਾਇਰਾ ਭਾਰਤ ਦੀ ਬੰਗਾਲ ਦੀ ਖਾੜੀ ਤੋਂ ਲੈ ਕੇ ਮਲਾਇਆ ਦੀਪ-ਸਮੂਹ ਨਾਲ ਲੱਗਦੇ ਸਮੁੰਦਰ ਰਾਹੀਂ ਉੱਤਰੀ ਆਸਟ੍ਰੇਲੀਆ ਤਕ ਹੈ।

ਪਰ, ਘੱਟ ਹੀ ਲੋਕਾਂ ਨੇ ਕਦੇ ਇਰਾਵਦੀ ਡਾਲਫਿਨ ਦੇਖੀ ਜਾਂ ਉਸ ਬਾਰੇ ਸੁਣਿਆ ਹੈ—ਖ਼ਾਸ ਕਰਕੇ ਆਸਟ੍ਰੇਲੀਆਈ ਲੋਕਾਂ ਨੇ, ਜਿਨ੍ਹਾਂ ਦੇ ਉੱਤਰੀ ਤਟ ਤੇ ਸ਼ਾਇਦ ਇਨ੍ਹਾਂ ਦੀ ਸਭ ਤੋਂ ਵੱਡੀ ਸੰਖਿਆ ਪਾਈ ਜਾਂਦੀ ਹੈ। ਕੀ ਇਹ ਹੈਰਾਨੀ ਦੀ ਗੱਲ ਹੈ? ਹਾਂ ਅਤੇ ਨਾ।

ਉੱਨੀਵੀਂ ਸਦੀ ਵਿਚ, ਜੰਤੂ ਵਿਗਿਆਨੀ ਜੌਨ ਐਂਡਰਸਨ ਨੇ ਮਿਆਨਮਾਰ (ਉਦੋਂ ਬਰਮਾ) ਦੇ ਇਰਾਵਦੀ ਦਰਿਆ ਵਿਚ ਇਸ ਨੀਲੇ-ਭੂਸਲੇ ਰੰਗ ਦੀਆਂ ਡਾਲਫਿਨਾਂ ਦੇ ਸਮੂਹ ਦੇਖੇ, ਜਿਨ੍ਹਾਂ ਦੇ ਗੋਲ ਅਤੇ ਬਿਨਾਂ ਚੁੰਝ ਵਾਲੇ ਸਿਰ ਸਨ। ਉਸ ਨੇ ਇਨ੍ਹਾਂ ਨੂੰ ਇਰਾਵਦੀ ਡਾਲਫਿਨ ਸੱਦਿਆ।

ਇਹ ਕਿਉਂ ਇੰਨੀ ਘੱਟ ਨਜ਼ਰ ਆਉਂਦੀ ਹੈ

ਇਰਾਵਦੀ ਡਾਲਫਿਨਾਂ ਗਰਮ ਅਤੇ ਸਿੱਲ੍ਹੇ ਤਟਵਰਤੀ, ਨਦ-ਮੁੱਖ (estuary), ਅਤੇ ਦਰਿਆਈ ਇਲਾਕਿਆਂ ਵਿਚ ਵਧਦੀਆਂ-ਫੁੱਲਦੀਆਂ ਹਨ। ਇਹ ਚਿੱਕੜ ਭਰੇ ਪਾਣੀਆਂ, ਝਾੜੀਆਂ, ਅਤੇ ਜੰਗਲ ਵਿਚ ਮੱਛਰਾਂ ਦੇ ਝੁੰਡ ਅਤੇ ਕੁਝ ਥਾਵਾਂ ਵਿਚ ਮਗਰਮੱਛਾਂ ਦੇ ਅੰਗ-ਸੰਗ ਵੀ ਰਹਿੰਦੀਆਂ ਹਨ—ਅਜਿਹੇ ਇਲਾਕੇ ਜੋ ਮਾਨਵ ਨੂੰ ਨਹੀਂ ਭਾਉਂਦੇ।

ਇਨ੍ਹਾਂ ਇਲਾਕਿਆਂ ਵਿਚ ਪਾਣੀ ਵੀ ਆਮ ਤੌਰ ਤੇ ਗੰਧਲਾ ਹੁੰਦਾ ਹੈ, ਇਸ ਲਈ ਤੁਸੀਂ ਇਕ ਡਾਲਫਿਨ ਨੂੰ ਕੇਵਲ ਉਦੋਂ ਹੀ ਦੇਖ ਸਕੋਗੇ ਜਦੋਂ ਉਹ ਸਾਹ ਲੈਣ ਲਈ ਥੋੜ੍ਹੇ ਚਿਰ ਲਈ ਪਾਣੀ ਤੋਂ ਉੱਪਰ ਆਉਂਦੀ ਹੈ। ਫਿਰ ਵੀ ਇਸ ਦਾ ਪੂਰਾ ਸਰੀਰ ਘੱਟ ਹੀ ਨਜ਼ਰ ਆਉਂਦਾ ਹੈ। ਉਸ ਦੀ ਪਿੱਠ ਦਾ ਥੋੜ੍ਹਾ ਹਿੱਸਾ ਦਿਖਾਈ ਦਿੰਦਾ ਹੈ, ਅਤੇ ਤੁਲਨਾ ਵਿਚ ਉਸ ਦੀ ਪਿੱਠ ਦਾ ਖੰਭੜਾ ਦੂਜੀਆਂ ਡਾਲਫਿਨਾਂ ਨਾਲੋਂ ਛੋਟਾ ਹੁੰਦਾ ਹੈ।

ਪਰ ਕੁਝ ਸਥਾਨਾਂ ਵਿਚ ਇਰਾਵਦੀ ਡਾਲਫਿਨਾਂ ਆਮ ਨਜ਼ਰ ਆਉਂਦੀਆਂ ਹਨ। ਮਿਆਨਮਾਰ ਦੇ ਇਰਾਵਦੀ ਦਰਿਆ, ਅਤੇ ਡਾਲਫਿਨ ਦੇ ਏਸ਼ੀਆਈ ਇਲਾਕਿਆਂ ਦੇ ਦੂਜੇ ਦਰਿਆਵਾਂ ਵਿਚ ਕੰਮ ਕਰਨ ਵਾਲੇ ਮਛਿਆਰੇ ਅਤੇ ਕਿਸ਼ਤੀਆਂ ਚਲਾਉਣ ਵਾਲੇ ਕਾਮੇ ਅਕਸਰ ਇਨ੍ਹਾਂ ਨੂੰ ਸ਼ਿਕਾਰ ਕਰਦੇ ਹੋਏ ਅਤੇ ਦੂਰ ਨਦੀ ਦੇ ਉਪਰਲੇ ਪਾਸੇ ਉੱਛਲਦੇ ਹੋਏ ਦੇਖਦੇ ਹਨ। ਪਾਣੀ ਦੇ ਫੁਹਾਰਿਆਂ ਵਾਂਗ, ਜਾਂ ਕਿਸੇ ਬਾਗ਼ ਵਿਚ ਤਲਾਬ ਦੇ ਛੋਟੇ ਬੁੱਤਾਂ ਵਾਂਗ, ਡਾਲਫਿਨਾਂ ਆਪਣੇ ਮੂੰਹ ਵਿੱਚੋਂ ਪਾਣੀ ਦੀਆਂ ਪਿਚਕਾਰੀਆਂ ਮਾਰਦੀਆਂ ਦੇਖੀਆਂ ਜਾਂਦੀਆਂ ਹਨ।

ਆਸਟ੍ਰੇਲੀਆਈ ਪਾਣੀਆਂ ਵਿਚ, ਇਰਾਵਦੀ ਡਾਲਫਿਨਾਂ ਪੱਛਮੀ ਕਿਨਾਰੇ, ਮਹਾਂਦੀਪ ਦੇ ਉੱਪਰਲੇ ਹਿੱਸੇ, ਅਤੇ ਪੂਰਬੀ ਕਿਨਾਰੇ ਦੇ ਨਾਲ-ਨਾਲ ਪਾਈਆਂ ਜਾਂਦੀਆਂ ਹਨ। ਆਮ ਤੌਰ ਤੇ ਇਹ ਸਮੂਹਾਂ ਵਿਚ ਦੇਖੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ 6 ਤੋਂ ਘੱਟ ਹੁੰਦੀ ਹੈ ਪਰ ਕਦੇ-ਕਦੇ ਇਕੱਠੀਆਂ 15 ਵੀ ਦੇਖੀਆਂ ਗਈਆਂ ਹਨ। ਇਨ੍ਹਾਂ ਦੇ ਏਸ਼ੀਆਈ ਰਿਸ਼ਤੇਦਾਰਾਂ ਦੇ ਅਤੁੱਲ, ਆਸਟ੍ਰੇਲੀਆਈ ਡਾਲਫਿਨਾਂ ਕਦੀ ਵੀ ਪਾਣੀ ਦੀਆਂ ਪਿਚਕਾਰੀਆਂ ਮਾਰਦੀਆਂ ਨਹੀਂ ਦੇਖੀਆਂ ਗਈਆਂ ਹਨ।

ਕੀ ਇਹ ਡਾਲਫਿਨ ਹੈ?

ਇਰਾਵਦੀਆਂ ਤਟ ਦੇ ਨੇੜੇ-ਨੇੜੇ ਰਹਿੰਦੀਆਂ ਹਨ ਅਤੇ ਘੱਟ ਚਿੱਕੜ ਵਾਲੇ ਪਾਣੀਆਂ ਵਿਚ ਵੱਸਣ ਵਾਲੇ ਆਪਣੇ ਫੁਰਤੀਲੇ ਰਿਸ਼ਤੇਦਾਰਾਂ ਦੀ ਤੁਲਨਾ ਵਿਚ ਸੁਸਤ ਤੈਰਾਕ ਹਨ। ਫਿਰ ਵੀ, ਵਿਗਿਆਨੀਆਂ ਨੂੰ ਇਨ੍ਹਾਂ ਦਾ ਅਧਿਐਨ ਕਰਨ ਵਿਚ ਮੁਸ਼ਕਲਾਂ ਆਈਆਂ ਹਨ। ਇਨ੍ਹਾਂ ਦਾ ਗੰਦਾ ਵਾਤਾਵਰਣ ਇਸ ਦਾ ਮੁੱਖ ਕਾਰਨ ਹੈ। ਫਿਰ ਵੀ, ਜਕਾਰਟਾ, ਇੰਡੋਨੇਸ਼ੀਆ, ਵਿਖੇ ਜਯਾ ਅੰਕੌਲ ਓਸ਼ਨੇਰਿਅਮ ਵਿਚ ਜੀਉਂਦੀਆਂ ਇਰਾਵਦੀ ਡਾਲਫਿਨਾਂ ਦਾ ਅਧਿਐਨ ਕੀਤਾ ਗਿਆ ਹੈ।

ਕਿਉਂ ਜੋ ਇਰਾਵਦੀਆਂ ਬਾਰੇ ਥੋੜ੍ਹਾ ਹੀ ਗਿਆਨ ਉਪਲਬਧ ਹੈ, ਹਾਲ ਹੀ ਦੇ ਸਮੇਂ ਤਕ ਜੀਵ-ਵਿਗਿਆਨੀ ਅਨਿਸ਼ਚਿਤ ਸਨ ਕਿ ਇਨ੍ਹਾਂ ਦਾ ਵ੍ਹੇਲ-ਡਾਲਫਿਨ ਨਸਲ ਨਾਲ ਕੀ ਸੰਬੰਧ ਹੈ। ਜ਼ਾਹਰਾ ਤੌਰ ਤੇ, ਇਨ੍ਹਾਂ ਦੀਆਂ ਕਈ ਵਿਸ਼ੇਸ਼ਤਾਵਾਂ ਡਾਲਫਿਨਾਂ ਨਾਲ ਮਿਲਦੀਆਂ-ਜੁਲਦੀਆਂ ਹਨ। ਪਰ ਰੂਪ ਵਿਚ, ਨਾ ਕਿ ਰੰਗ ਵਿਚ (ਇਹ ਹਲਕੇ ਨੀਲੇ-ਭੂਸਲੇ ਤੋਂ ਲੈ ਕੇ ਗੂੜ੍ਹੇ ਨੀਲੇ-ਭੂਸਲੇ ਰੰਗ ਦੀਆਂ ਹੁੰਦੀਆਂ ਹਨ), ਇਹ ਕਰੀਬ-ਕਰੀਬ ਕਿਸੇ ਛੋਟੇ ਪ੍ਰਕਾਰ ਦੀ ਆਰਕਟਿਕ ਬਲੂਗਾ ਵ੍ਹੇਲ, ਜਾਂ ਚਿੱਟੀ ਵ੍ਹੇਲ ਵਰਗੀਆਂ ਜਾਪਦੀਆਂ ਹਨ। ਇਨ੍ਹਾਂ ਦੀ ਅਨੋਖੇ ਢੰਗ ਨਾਲ ਲਚਕੀਲੀ ਗਰਦਨ ਵੀ ਬਲੂਗਾ ਵ੍ਹੇਲ ਵਰਗੀ ਹੈ। ਤਾਂ ਫਿਰ, ਇਹ ਹੈ ਕੀ—ਬਲੂਗਾ ਵ੍ਹੇਲ ਦੀ ਭੂਮੱਧ-ਰੇਖੀ ਹਾਨਣ ਜਾਂ ਇਕ ਅਸਲੀ ਡਾਲਫਿਨ?

ਪਤਾ ਲਗਾਉਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਇਸ ਦੀਆਂ ਅਨੇਕ ਸਰੀਰੀ ਅਤੇ ਜੀਨ-ਸੰਬੰਧੀ ਵਿਸ਼ੇਸ਼ਤਾਵਾਂ ਨੂੰ ਜਾਂਚ ਦੀ ਤਕੜੀ ਉੱਤੇ ਤੋਲੀਏ ਅਤੇ ਦੇਖੀਏ ਕਿ ਕਿਸ ਦਾ ਪਲੜਾ ਭਾਰਾ ਹੈ—ਬਲੂਗਾ ਵ੍ਹੇਲ ਦਾ ਜਾਂ ਡਾਲਫਿਨ ਦਾ। ਸਬੂਤ ਦਿਖਾਉਂਦਾ ਹੈ ਕਿ ਇਹ ਡਾਲਫਿਨ ਪਰਿਵਾਰ ਤੋਂ ਹਨ।

ਅਸੀਂ ਜੋ ਥੋੜ੍ਹਾ-ਬਹੁਤ ਜਾਣਦੇ ਹਾਂ

ਜਨਮ ਤੇ, ਇਰਾਵਦੀ ਡਾਲਫਿਨਾਂ ਦੇ ਬੱਚਿਆਂ ਦੀ ਲੰਬਾਈ ਇਕ ਮੀਟਰ ਤੋਂ ਥੋੜ੍ਹੀ ਘੱਟ ਹੁੰਦੀ ਹੈ ਅਤੇ ਉਨ੍ਹਾਂ ਦਾ ਭਾਰ ਲਗਭਗ 12 ਕਿਲੋ ਹੁੰਦਾ ਹੈ। ਨਰ ਡਾਲਫਿਨਾਂ ਵੱਡੀਆਂ ਹੋ ਕੇ ਤਕਰੀਬਨ 2.75 ਮੀਟਰ ਲੰਬੀਆਂ ਹੁੰਦੀਆਂ ਹਨ, ਅਤੇ ਮਾਦਾ ਡਾਲਫਿਨਾਂ ਦੀ ਲੰਬਾਈ ਇਸ ਤੋਂ ਥੋੜ੍ਹੀ ਜਿਹੀ ਘੱਟ ਹੁੰਦੀ ਹੈ। ਉਹ ਸ਼ਾਇਦ 28 ਸਾਲਾਂ ਤਕ ਜੀਉਣ।

ਮਰੀਆਂ ਹੋਈਆਂ ਇਰਾਵਦੀ ਡਾਲਫਿਨਾਂ ਦੇ ਪੇਟ ਤੋਂ ਲਏ ਗਏ ਨਮੂਨੇ ਦਿਖਾਉਂਦੇ ਹਨ ਕਿ ਉਨ੍ਹਾਂ ਦੀ ਖ਼ੁਰਾਕ ਵਿਚ ਸਕੁਇਡ, ਸ਼ਰਿੰਪ, ਝੀਂਗੇ, ਅਤੇ ਮੱਛੀਆਂ ਸ਼ਾਮਲ ਹਨ, ਖ਼ਾਸ ਕਰਕੇ ਉਹ ਮੱਛੀਆਂ ਜੋ ਸਮੁੰਦਰਾਂ ਅਤੇ ਦਰਿਆਵਾਂ ਦੇ ਤਲ ਤੇ ਰਹਿੰਦੀਆਂ ਹਨ। ਕੁਝ ਵਿਗਿਆਨੀ ਇਹ ਅਨੁਮਾਨ ਲਾਉਂਦੇ ਹਨ ਕਿ ਏਸ਼ੀਆਈ ਡਾਲਫਿਨਾਂ ਦੀ ਆਪਣੇ ਮੂੰਹ ਵਿੱਚੋਂ ਪਾਣੀ ਦੀ ਪਿਚਕਾਰੀ ਮਾਰਨ ਦੀ ਅਨੋਖੀ ਆਦਤ ਸ਼ਾਇਦ ਉਨ੍ਹਾਂ ਨੂੰ ਗੰਧਲੇ ਪਾਣੀਆਂ ਵਿਚ ਮੱਛੀਆਂ ਦਾ ਸ਼ਿਕਾਰ ਕਰਨ ਵਿਚ ਮਦਦ ਦਿੰਦੀ ਹੈ।

ਦੂਜੀਆਂ ਡਾਲਫਿਨਾਂ ਦੇ ਵਾਂਗ, ਇਰਾਵਦੀ ਡਾਲਫਿਨਾਂ ਵੀ ਕੜਿੱਕ-ਕੜਿੱਕ ਦੀ ਨਿਆਰੀ ਆਵਾਜ਼ ਕੱਢਦੀਆਂ ਹਨ। ਮਿਊਜ਼ੀਅਮ ਆਫ਼ ਟ੍ਰਾਪੀਕਲ ਕਵੀਨਜ਼ਲੈਂਡ ਦੇ ਡਾ. ਪੀਟਰ ਆਰਨਲਡ ਨੇ ਜਾਗਰੂਕ ਬਣੋ! ਨੂੰ ਦੱਸਿਆ ਕਿ “ਜਯਾ ਅੰਕੌਲ ਓਸ਼ਨੇਰਿਅਮ ਵਿਚ ਕੀਤੀ ਰਿਸਰਚ ਦੇ ਅਨੁਸਾਰ, ਇਹ ਸੰਭਵ ਹੈ ਕਿ ਇਰਾਵਦੀ ਡਾਲਫਿਨ ਆਪਣੀ ਕੜਿੱਕ-ਕੜਿੱਕ ਦੀ ਗੂੰਜ ਨਾਲ, ਸ਼ਿਕਾਰ ਨੂੰ ਭਾਲਣ ਲਈ ਇਸਤੇਮਾਲ ਕਰਦੀ ਹੈ, ਜਿਵੇਂ ਦੂਜੀਆਂ ਡਾਲਫਿਨਾਂ ਕਰਦੀਆਂ ਹਨ।”

ਕੀ ਇਸ ਦਾ ਕੋਈ ਭਵਿੱਖ ਹੈ?

ਵਿਗਿਆਨੀਆਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਸੰਸਾਰ ਵਿਚ ਕਿੰਨੀਆਂ ਇਰਾਵਦੀ ਡਾਲਫਿਨਾਂ ਰਹਿੰਦੀਆਂ ਹਨ। ਪਰ ਚਿੰਤਾ ਵੱਧ ਰਹੀ ਹੈ ਕਿ ਇਹ ਲੁਪਤ ਹੋਣ ਦੇ ਖ਼ਤਰੇ ਵਿਚ ਹਨ। ਦੱਖਣ-ਪੂਰਬੀ ਏਸ਼ੀਆ ਦੇ ਕੁਝ ਇਲਾਕਿਆਂ ਵਿਚ ਇਨ੍ਹਾਂ ਦੀ ਗਿਣਤੀ ਘੱਟ ਰਹੀ ਹੈ, ਅਤੇ ਦੂਜੇ ਇਲਾਕਿਆਂ ਵਿਚ ਇਹ ਹੁਣ ਬਿਲਕੁਲ ਹੀ ਨਹੀਂ ਪਾਈਆਂ ਜਾਂਦੀਆਂ ਹਨ।

ਇਹ ਅਕਸਰ ਇਸ ਕਰਕੇ ਹੁੰਦਾ ਹੈ ਕਿਉਂਕਿ ਦਰਖ਼ਤ ਵੱਢੇ ਜਾਂਦੇ ਹਨ ਜਿਸ ਕਾਰਨ ਦਰਿਆ ਪ੍ਰਦੂਸ਼ਿਤ ਹੋ ਜਾਂਦੇ ਅਤੇ ਗਾਰੇ ਨਾਲ ਭਰ ਜਾਂਦੇ ਹਨ। ਆਸਟ੍ਰੇਲੀਆ ਵਿਚ, ਇਰਾਵਦੀ ਡਾਲਫਿਨ ਦਾ ਜ਼ਿਆਦਾਤਰ ਇਲਾਕਾ ਕਾਫ਼ੀ ਹੱਦ ਤਕ ਮਨੁੱਖਾਂ ਤੋਂ ਖਾਲੀ ਹੈ। ਪਰ ਪੂਰਬੀ ਕਿਨਾਰੇ ਤੇ ਸਥਿਤ ਜ਼ਿਆਦਾ ਸੁੰਦਰ ਇਲਾਕਿਆਂ ਵਿਚ, ਸ਼ਹਿਰ ਬਣਾਉਣ ਅਤੇ ਟੂਰਿਜ਼ਮ ਨੇ ਭਾਰਾ ਨੁਕਸਾਨ ਪਹੁੰਚਾਇਆ ਹੈ। ਕਈ ਇਰਾਵਦੀ ਡਾਲਫਿਨਾਂ ਮਛਿਆਰਿਆਂ ਦੇ ਜਾਲਾਂ ਵਿਚ ਫਸ ਕੇ, ਅਤੇ ਕਈ ਸਮੁੰਦਰ ਦੇ ਰੇਤਲੇ ਕੰਢਿਆਂ ਤੇ ਤੈਰਾਕਾਂ ਨੂੰ ਸ਼ਾਰਕਾਂ ਤੋਂ ਬਚਾਉਣ ਲਈ ਲਾਏ ਗਏ ਜਾਲਾਂ ਵਿਚ ਫਸ ਕੇ ਡੁੱਬ ਜਾਂਦੀਆਂ ਹਨ। ਜਦੋਂ ਮਛਿਆਰੇ ਇਰਾਵਦੀ ਡਾਲਫਿਨਾਂ ਦੇ ਭੋਜਨ ਦੀ ਸਪਲਾਈ ਵਿੱਚੋਂ ਹੱਦੋਂ ਵੱਧ ਮੱਛੀਆਂ ਫੜਦੇ ਹਨ, ਤਾਂ ਇਹ ਵੀ ਉਨ੍ਹਾਂ ਦੀ ਗਿਣਤੀ ਉੱਤੇ ਪ੍ਰਭਾਵ ਪਾਉਂਦਾ ਹੈ।

ਫਿਰ ਵੀ, ਸਭ ਤੋਂ ਵੱਡਾ ਸੰਭਾਵੀ ਖ਼ਤਰਾ ਸ਼ਾਇਦ ਉਨ੍ਹਾਂ ਪ੍ਰਦੂਸ਼ਕਾਂ ਤੋਂ ਹੈ ਜੋ ਦਰਿਆਵਾਂ ਅਤੇ ਨਦ-ਮੁੱਖਾਂ ਵਿਚ ਵਧਦੀ ਗਿਣਤੀ ਵਿਚ ਵਹਾਏ ਜਾਂਦੇ ਹਨ। ਸਭ ਤੋਂ ਹਾਨੀਕਾਰਕ ਹਨ ਸਿੰਥੈਟਿਕ ਜੈਵ ਪਦਾਰਥ, ਜਿਵੇਂ ਕਿ ਪੋਲੀਕਲੋਰੀਨੇਟਿਡ ਬਾਈਫੀਨਲਜ਼ (ਪੀ.ਸੀ.ਬੀ.) ਜੋ ਵਾਤਾਵਰਣ ਵਿਚ ਕਾਇਮ ਰਹਿੰਦੇ ਹਨ। ਪੀ.ਸੀ.ਬੀ. ਨੂੰ ਇਲੈਕਟ੍ਰਾਨਿਕ ਤੱਤਾਂ, ਪੇਂਟ, ਮਸ਼ੀਨੀ ਤੇਲ, ਲੱਕੜ ਤੇ ਧਾਤ ਲਈ ਲੇਪ, ਅਤੇ ਦੂਜੇ ਉਤਪਾਦਨਾਂ ਵਿਚ ਵਰਤਿਆ ਗਿਆ ਹੈ।

ਚੰਗੀ ਖ਼ਬਰ ਇਹ ਹੈ ਕਿ ਆਸਟ੍ਰੇਲੀਆਈ ਪ੍ਰਕਿਰਤੀ ਸੁਰੱਖਿਆ ਏਜੰਸੀ, ਆਪਣੇ ਲੇਖ ਆਸਟ੍ਰੇਲੀਆਈ ਥਣਧਾਰੀ ਜਲ-ਜੀਵਾਂ ਸੰਬੰਧੀ ਕਾਰਵਾਈ ਦੀ ਯੋਜਨਾ (ਅੰਗ੍ਰੇਜ਼ੀ) ਵਿਚ ਕਹਿੰਦੀ ਹੈ: “ਕੁਈਨਜ਼ਲੈਂਡ ਵਿਚ [ਇਰਾਵਦੀ ਡਾਲਫਿਨਾਂ ਦਾ] ਕਾਫ਼ੀ ਇਲਾਕਾ ਗ੍ਰੇਟ ਬੈਰੀਅਰ ਰੀਫ਼ ਮਰੀਨ ਪਾਰਕ ਦੀ ਨਿਗਰਾਨੀ ਅਧੀਨ ਹੈ; ਇਸ ਲਈ ਕੁਈਨਜ਼ਲੈਂਡ ਦੇ ਪਾਣੀਆਂ ਵਿਚ ਇਰਾਵਦੀ ਡਾਲਫਿਨਾਂ ਦੀ ਦੇਖ-ਭਾਲ ਦੀ ਅੱਛੀ ਸੰਭਾਵਨਾ ਹੈ।”

ਇਨ੍ਹਾਂ ਦੀ ਬਿਹਤਰ ਦੇਖ-ਭਾਲ ਲਈ ਏਜੰਸੀ ਇਕ ਹੋਰ ਸਲਾਹ ਵੀ ਦਿੰਦੀ ਹੈ ਕਿ ਹੰਪਬੈਕ ਵ੍ਹੇਲ, ਦੱਖਣੀ ਰਾਈਟ ਵ੍ਹੇਲ, ਅਤੇ ਬੌਟਲ-ਨੋਜ਼ਡ ਡਾਲਫਿਨ ਦੇ ਨਾਲ-ਨਾਲ, ਜਨਤਕ ਜਾਣਕਾਰੀ ਪ੍ਰੋਗ੍ਰਾਮਾਂ ਵਿਚ ਇਰਾਵਦੀ ਡਾਲਫਿਨ ਨੂੰ ਵੀ ਪ੍ਰਮੁੱਖ ਧਿਆਨ ਦਿੱਤਾ ਜਾਵੇ। ਇਹ ਇਰਾਵਦੀ ਡਾਲਫਿਨਾਂ ਲਈ—ਨਾਲੇ ਸਾਡੇ ਲਈ ਵੀ—ਲਾਭਦਾਇਕ ਹੋਵੇਗਾ।

[ਸਫ਼ੇ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਤਸਵੀਰਾਂ: Courtesy Dr. Tony Preen

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ