ਸੰਸਾਰ ਉੱਤੇ ਨਜ਼ਰ
ਮਾਂ ਦਾ ਦੁੱਧ ਸਭ ਤੋਂ ਚੰਗਾ ਹੈ
“ਮਾਂ ਦਾ ਦੁੱਧ ਸਭ ਤੋਂ ਵਧੀਆ ਦਵਾਈ ਹੈ,” ਨਿਊਜ਼ਵੀਕ ਕਹਿੰਦਾ ਹੈ। “ਜਿਹੜੇ ਬੱਚੇ [ਮਾਂ ਦਾ ਦੁੱਧ] ਚੁੰਘਦੇ ਹਨ ਉਨ੍ਹਾਂ ਨੂੰ ਦਿਮਾਗ਼ ਦੇ ਸਹੀ ਵਿਕਾਸ ਲਈ ਲੋੜੀਂਦੀ ਖ਼ੁਰਾਕ ਮਿਲਦੀ ਹੈ, ਨਾਲੋਂ-ਨਾਲ ਅਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਤੋਂ ਲੈ ਕੇ ਮਰੋੜ, ਲੂਤ ਅਤੇ ਨਮੂਨੀਆ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਘੱਟਦਾ ਹੈ।” ਇਸ ਲਈ ਬਾਲ ਰੋਗ ਵਿਗਿਆਨ ਦੀ ਅਮਰੀਕੀ ਅਕੈਡਮੀ ਅਤੇ ਖ਼ੁਰਾਕ-ਸੰਬੰਧੀ ਵਿਗਿਆਨ ਦੀ ਅਮਰੀਕੀ ਸੰਸਥਾ, ਮਾਵਾਂ ਨੂੰ ਆਪਣੇ ਨਵ-ਜੰਮੇ ਬੱਚਿਆਂ ਨੂੰ ਘੱਟੋ-ਘੱਟ ਇਕ ਸਾਲ ਲਈ ਦੁੱਧ ਚੁੰਘਾਉਣ ਦੀ ਪ੍ਰੇਰਣਾ ਦਿੰਦੀਆਂ ਹਨ। “ਫਿਰ ਵੀ ਇਹ ਵਧੀਆ ਸ੍ਰੋਤ ਬਹੁਤ ਘੱਟ ਵਰਤਿਆ ਜਾਂਦਾ ਹੈ,” ਨਿਊਜ਼ਵੀਕ ਨੋਟ ਕਰਦਾ ਹੈ। ਇਹ ਕਿਉਂ? ਅਕਸਰ ਗ਼ਲਤ ਜਾਣਕਾਰੀ ਦੇ ਕਾਰਨ। ਕੁਝ ਮਾਵਾਂ ਫ਼ਿਕਰ ਕਰਦੀਆਂ ਹਨ ਕਿ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਦੀ ਛਾਤੀ ਵਿੱਚੋਂ ਚੋਖਾ ਦੁੱਧ ਨਹੀਂ ਉਤਰੇਗਾ। ਦੂਸਰੀਆਂ ਸੋਚਦੀਆਂ ਹਨ ਕਿ ਜਲਦੀ ਹੀ ਖਾਣ ਦੀਆਂ ਹੋਰ ਚੀਜ਼ਾਂ ਦੇਣੀਆਂ ਜ਼ਰੂਰੀ ਹਨ। “ਅਸਲੀਅਤ ਇਹ ਹੈ ਕਿ ਬਹੁਤੀਆਂ ਮਾਵਾਂ 6 ਮਹੀਨਿਆਂ ਤਕ ਆਪਣਿਆਂ ਬੱਚਿਆਂ ਦੀਆਂ ਖ਼ੁਰਾਕ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੀਆਂ ਹਨ, ਜਿਸ ਵੇਲੇ ਖਾਣ ਦੀਆਂ ਹੋਰ ਚੀਜ਼ਾਂ ਸਹਿਜੇ-ਸਹਿਜੇ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ,” ਲੇਖ ਕਹਿੰਦਾ ਹੈ। “ਅਤੇ ਭਾਵੇਂ ਹੋਰ ਜੋ ਮਰਜ਼ੀ ਉਹ ਖਾ ਰਹੇ ਹੋਣ, 2 ਸਾਲਾਂ ਦੀ ਉਮਰ ਦੇ ਬੱਚੇ ਹਾਲੇ ਵੀ ਮਾਂ ਦੇ ਦੁੱਧ ਵਿੱਚੋਂ ਰੋਗਨਾਸ਼ਕ ਚੀਜ਼ਾਂ ਅਤੇ ਫੈਟੀ ਐਸਿਡਾਂ ਤੋਂ ਲਾਭ ਉਠਾ ਸਕਦੇ ਹਨ।” ਮਾਵਾਂ ਲਈ ਵੀ ਫ਼ਾਇਦੇ ਹੁੰਦੇ ਹਨ: ਦੁੱਧ ਚੁੰਘਾਉਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਘੱਟਦਾ ਹੈ ਅਤੇ ਜਨਮ ਦੇਣ ਤੋਂ ਬਾਅਦ ਭਾਰ ਜਲਦੀ ਘੱਟ ਜਾਂਦਾ ਹੈ।
ਗ਼ਰੀਬੀ—ਕਿਸੇ ਵੀ ਦੇਸ਼ ਦੀ ਕਦਰ ਨਹੀਂ ਕਰਦੀ
ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਦੇ ਅਨੁਸਾਰ, ਹਾਲ ਹੀ ਵਿਚ ਸੰਯੁਕਤ ਰਾਸ਼ਟਰ-ਸੰਘ ਦੀ ਇਕ ਰਿਪੋਰਟ ਨੇ ਪ੍ਰਗਟ ਕੀਤਾ ਕਿ ਗ਼ਰੀਬੀ, ਦੁਨੀਆਂ ਦੇ ਸਭ ਤੋਂ ਅਮੀਰ ਦੇਸ਼ਾਂ ਵਿਚ ਵੀ ਵੱਧ ਰਹੀ ਹੈ। ਕਾਰੋਬਾਰੀ ਦੇਸ਼ਾਂ ਵਿਚ ਕਈਆਂ ਲੋਕਾਂ ਨੂੰ “ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ” ਨਹੀਂ ਮਿਲਦੀਆਂ, ਜਿਵੇਂ ਕਿ ਨੌਕਰੀ, ਪੜ੍ਹਾਈ-ਲਿਖਾਈ, ਅਤੇ ਸਿਹਤ ਦੀ ਦੇਖ-ਭਾਲ ਕਰਨ ਦਾ ਪ੍ਰਬੰਧ। ਰਿਪੋਰਟ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੀ ਆਬਾਦੀ ਵਿੱਚੋਂ 16.5 ਫੀ ਸਦੀ ਲੋਕ ਗ਼ਰੀਬੀ ਵਿਚ ਰਹਿੰਦੇ ਹਨ। ਵਲਾਇਤ ਵਿਚ ਇਹ ਅੰਕ 15 ਫੀ ਸਦੀ ਹੈ। ਸੰਸਾਰ ਦੇ ਕਾਰੋਬਾਰੀ ਹਿੱਸੇ ਵਿਚ, 10 ਕਰੋੜ ਲੋਕ ਬੇਘਰ ਹਨ, 3 ਕਰੋੜ, 70 ਲੱਖ ਬੇਰੋਜ਼ਗਾਰ ਹਨ, ਅਤੇ ਲਗਭਗ 20 ਕਰੋੜ ਲੋਕਾਂ ਦੀ “60 ਸਾਲਾਂ ਤੋਂ ਘੱਟ ਜੀਉਣ ਦੀ ਸੰਭਾਵਨਾ ਹੈ।”
ਹਾਥੀ ਦੇ ਹੱਕ
ਭਾਰਤ ਦੇ ਕਈਆਂ ਇਲਾਕਿਆਂ ਵਿਚ, ਹਾਥੀ ਵੀ ਕਾਮਿਆਂ ਵਿਚ ਗਿਣੇ ਜਾਂਦੇ ਹਨ। ਦ ਵੀਕ ਰਸਾਲਾ ਰਿਪੋਰਟ ਕਰਦਾ ਹੈ ਕਿ ਭਾਰਤ ਦੇ ਉੱਤਰ ਪ੍ਰਦੇਸ਼ ਵਿਚ, ਹਾਥੀਆਂ ਨੂੰ ਸਰਕਾਰੀ ਨੌਕਰਾਂ ਵਜੋਂ ਤਨਖ਼ਾਹ ਲੈਣ ਵਾਲੇ ਨੌਕਰਾਂ ਦੀ ਸੂਚੀ ਵਿਚ ਦਰਜ ਕੀਤਾ ਜਾਂਦਾ ਹੈ। ਲਗਭਗ 10 ਸਾਲਾਂ ਦੀ ਉਮਰ ਤੋਂ ਕੰਮ ਸ਼ੁਰੂ ਕਰਦੇ ਹੋਏ, ਇਕ ਹਾਥੀ 50 ਸਾਲਾਂ ਤਕ ਆਪਣੇ ਮਾਲਕ ਦੀ ਸੇਵਾ ਕਰ ਸਕਦਾ ਹੈ। ਰਿਟਾਇਰ ਹੋਣ ਤੇ, ਦੂਸਰੇ ਸਰਕਾਰੀ ਨੌਕਰਾਂ ਵਾਂਗ ਹਾਥੀ ਨੂੰ ਪੈਨਸ਼ਨ ਮਿਲਦੀ ਹੈ। ਅਤੇ ਹਾਥੀ ਦੀ ਚੰਗੀ ਦੇਖ-ਭਾਲ ਕਰਨ ਲਈ ਅਤੇ ਉਸ ਨੂੰ ਚੰਗਾ ਖਾਣਾ ਦੇਣ ਲਈ ਇਕ ਮਹਾਵਤ ਨਿਯੁਕਤ ਕੀਤਾ ਜਾਂਦਾ ਹੈ। ਹਥਣੀ ਦੇ ਕੰਮ ਵਾਲੇ ਜੀਵਨ ਦੌਰਾਨ ਇਕ ਲਾਭ ਇਹ ਹੈ ਕਿ ਬੱਚਾ ਹੋਣ ਦੇ ਸਮੇਂ ਉਸ ਨੂੰ ਪਸ਼ੂ ਘਰ ਵਿਚ ਇਕ ਸਾਲ ਦੀ ਛੁੱਟੀ ਮਿਲਦੀ ਹੈ। ਇਸ ਤੋਂ ਬਾਅਦ ਉਹ ਦੁਬਾਰਾ ਕਈ ਮਹੱਤਵਪੂਰਣ ਕੰਮ ਕਰੇਗੀ, ਜਿਵੇਂ ਕਿ ਲੱਕੜ ਢੋਣੀ, ਜੰਗਲੀ ਹਾਥੀਆਂ ਨੂੰ ਫੜਨ ਅਤੇ ਸਿਖਲਾਈ ਦੇਣ ਵਿਚ ਮਦਦ ਕਰਨੀ, ਅਤੇ ਸਰਕਾਰੀ ਬਾਗ਼ਾਂ ਅਤੇ ਸੁਰੱਖਿਅਤ ਜੰਗਲ ਦਿਆਂ ਖੇਤਰਾਂ ਦੀ ਪਹਿਰੇਦਾਰੀ ਕਰਨੀ।
1999 ਵਿਚ ਛੇ ਅਰਬ ਆਬਾਦੀ
ਫਰਾਂਸੀਸੀ ਅਖ਼ਬਾਰ ਲ ਮੌਂਡ ਰਿਪੋਰਟ ਕਰਦਾ ਹੈ ਕਿ ਇਸ ਸਾਲ ਦੌਰਾਨ ਸੰਸਾਰ ਦੀ ਆਬਾਦੀ ਛੇ ਅਰਬ ਤੋਂ ਉੱਪਰ ਹੋ ਜਾਵੇਗੀ। ਫਿਰ ਵੀ, ਆਬਾਦੀ ਅੱਗੇ ਨਾਲੋਂ ਘੱਟ ਵੱਧ ਰਹੀ ਹੈ। ਸਾਲਾਨਾ ਵਾਧਾ 1960 ਦੇ ਦਹਾਕੇ ਨਾਲੋਂ 30 ਫੀ ਸਦੀ ਘੱਟ ਹੈ। ਇਸ ਦੇ ਹੌਲੀ ਹੋਣ ਦੇ ਕੁਝ ਕਾਰਨ ਇਹ ਹਨ ਕਿ ਗਰਭ-ਨਿਰੋਧਕ ਜ਼ਿਆਦਾ ਵਰਤੇ ਜਾਂਦੇ ਹਨ ਅਤੇ ਕੁੜੀਆਂ ਜ਼ਿਆਦਾ ਪੜ੍ਹੀਆਂ-ਲਿਖੀਆਂ ਹਨ। ਰਿਪੋਰਟ ਦੇ ਅਨੁਸਾਰ, 15 ਤੋਂ 24 ਸਾਲਾਂ ਦੀ ਉਮਰ ਵਾਲਿਆਂ ਨੌਜਵਾਨਾਂ ਦੀ ਗਿਣਤੀ ਹੁਣ ਇਕ ਅਰਬ ਤੋਂ ਜ਼ਿਆਦਾ ਹੈ, ਜਦ ਕਿ ਕੁਝ 57 ਕਰੋੜ, 80 ਲੱਖ ਲੋਕਾਂ ਦੀ ਉਮਰ 60 ਸਾਲਾਂ ਤੋਂ ਵੱਧ ਹੈ।
ਆਪਣੇ ਛੋਟੇ ਬੱਚੇ ਨਾਲ ਗੱਲਬਾਤ ਕਰੋ
ਲੰਡਨ ਦਾ ਡੇਲੀ ਟੈਲੀਗ੍ਰਾਫ਼ ਰਿਪੋਰਟ ਕਰਦਾ ਹੈ ਕਿ ਹਰ ਰੋਜ਼ 30 ਮਿੰਟਾਂ ਲਈ ਛੋਟੇ ਬੱਚਿਆਂ ਨਾਲ ਗੱਲਬਾਤ ਕਰਨ ਨਾਲ ਉਨ੍ਹਾਂ ਦੀ ਬੁੱਧੀ ਅਤੇ ਬੋਲਣ ਦੀ ਯੋਗਤਾ ਵੱਧ ਸਕਦੀ ਹੈ। ਖੋਜਕਾਰਾਂ ਨੇ ਨੌਂਆਂ ਮਹੀਨਿਆਂ ਦੇ 140 ਬੱਚਿਆਂ ਦਾ ਅਧਿਐਨ ਕੀਤਾ। ਅੱਧੇ ਸਮੂਹ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵਧੀਆ ਤਰੀਕੇ ਵਿਚ ਗੱਲਬਾਤ ਕਰਨ ਦੀ ਸਲਾਹ ਦਿੱਤੀ ਗਈ ਸੀ, ਪਰ ਬਾਕੀਆਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਸਲਾਹ ਨਹੀਂ ਦਿੱਤੀ ਗਈ। ਰਿਪੋਰਟ ਕਹਿੰਦੀ ਹੈ ਕਿ ਸੱਤਾਂ ਸਾਲਾਂ ਬਾਅਦ ‘ਜਿਸ ਸਮੂਹ ਨਾਲ ਗੱਲਬਾਤ ਕੀਤੀ ਗਈ ਸੀ, ਉਸ ਸਮੂਹ ਦੇ ਬੱਚਿਆਂ ਦੀ ਔਸਤ ਬੁੱਧੀ ਦੂਸਰੇ ਸਮੂਹ ਦਿਆਂ ਬੱਚਿਆਂ ਨਾਲੋਂ ਇਕ ਸਾਲ ਤੇ ਤਿੰਨ ਮਹੀਨੇ ਵੱਧ ਸੀ,’ ਅਤੇ ਉਨ੍ਹਾਂ ਦੀ ਬੋਲਣ ਦੀ ਯੋਗਤਾ “ਕਾਫ਼ੀ ਹੱਦ ਤਕ ਬਿਹਤਰ” ਸੀ। ਖੋਜਕਾਰ ਡਾ. ਸੈਲੀ ਵੌਰਡ ਮੰਨਦੀ ਹੈ ਕਿ ਸਮਾਜ ਵਿਚ ਵੱਡੀਆਂ ਤਬਦੀਲੀਆਂ ਦੇ ਕਾਰਨ ਅੱਜ-ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਨਾਲ ਅੱਗੇ ਨਾਲੋਂ ਘੱਟ ਬੋਲਦੇ ਹਨ। ਉਦਾਹਰਣ ਲਈ, ਜ਼ਿਆਦਾ ਮਾਵਾਂ ਬਾਹਰ ਨੌਕਰੀ ਕਰਦੀਆਂ ਹਨ, ਅਤੇ ਕਈਆਂ ਘਰਾਂ ਵਿਚ ਵਿਡਿਓ-ਟੇਪਾਂ ਨੇ ਗੱਲਬਾਤ ਦੀ ਥਾਂ ਲੈ ਲਈ ਹੈ।