ਆਪਣਿਆਂ ਮਾਪਿਆਂ ਨੂੰ ਇਕ ਖ਼ਾਸ ਚਿੱਠੀ
ਹਾਲ ਹੀ ਵਿਚ ਸਪੇਨ ਦੀਆਂ ਦੋ ਮੁਟਿਆਰਾਂ ਨੇ ਆਪਣੇ ਮਾਪਿਆਂ ਨੂੰ ਕਦਰਦਾਨੀ ਦੀ ਇਕ ਚਿੱਠੀ ਲਿਖੀ। ਹੇਠਾਂ ਉਸ ਚਿੱਠੀ ਵਿੱਚੋਂ ਕੁਝ ਗੱਲਾਂ ਹਨ:
ਸਾਡੇ ਪਿਆਰੇ ਪਿਤਾ ਅਤੇ ਮਾਤਾ ਜੀ, ਪੇਪੇ ਅਤੇ ਵਿਤੈਂਟਾ ਨੂੰ:
ਕਿੱਥੋਂ ਸ਼ੁਰੂ ਕਰੀਏ? ਅਸੀਂ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਚਾਹੁੰਦੀਆਂ ਹਾਂ, ਅਤੇ ਇਨ੍ਹਾਂ ਨੂੰ ਥੋੜ੍ਹਿਆਂ ਸ਼ਬਦਾਂ ਵਿਚ ਲਿਖਣਾ ਔਖਾ ਹੈ। ਅਸੀਂ ਆਪਣੇ 17 ਅਤੇ 15 ਸਾਲਾਂ ਦੇ ਜੀਵਨ ਲਈ ਤੁਹਾਡਾ ਸ਼ੁਕਰੀਆ ਕਰਨਾ ਚਾਹੁੰਦੀਆਂ ਹਨ, ਅਜਿਹੇ ਸਾਲ ਜੋ ਦੇਖ-ਭਾਲ ਅਤੇ ਪਿਆਰ ਨਾਲ ਭਰੇ ਹੋਏ ਸਨ।
ਅਸੀਂ ਤੁਹਾਡੀ ਰਾਇ ਅਤੇ ਅਸੂਲਾਂ ਬਾਰੇ ਹਮੇਸ਼ਾ ਜਾਣਿਆ ਹੈ। ਕਦੀ-ਕਦੀ ਅਸੀਂ ਸੋਚਦੀਆਂ ਸਨ ਕਿ ਸਾਨੂੰ ਕਿਸੇ ਖ਼ਾਸ ਵਕਤ ਤੇ ਕਿਉਂ ਘਰ ਪਹੁੰਚਣਾ ਪੈਂਦਾ ਸੀ, ਪਰ ਹੁਣ, ਜਦੋਂ ਅਸੀਂ ਦੂਸਰਿਆਂ ਨੌਜਵਾਨਾਂ ਦਿਆਂ ਹਾਲਾਤਾਂ ਵੱਲ ਦੇਖਦੇ ਹਾਂ, ਜਿਨ੍ਹਾਂ ਉੱਤੇ ਕੋਈ ਪਾਬੰਦੀ ਨਹੀਂ ਲਾਈ ਗਈ ਸੀ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਅਸੂਲਾਂ ਨੇ ਸਾਨੂੰ ਸੰਭਾਲ ਕੇ ਰੱਖਿਆ ਸੀ।
ਤੁਹਾਡੀ ਮਿਸਾਲ ਨੇ ਸਾਡੀ ਬਹੁਤ ਮਦਦ ਕੀਤੀ, ਕਿ ਤੁਸੀਂ ਬਿਨਾਂ ਕਿਸੇ ਚੰਗੇ ਕਾਰਨ ਤੋਂ ਕਿੰਗਡਮ ਹਾਲ ਤੇ ਮਸੀਹੀ ਸਭਾਵਾਂ ਕਦੀ ਮਿੱਸ ਨਹੀਂ ਕੀਤੀਆਂ, ਅਤੇ ਐਤਵਾਰ ਨੂੰ ਤੁਹਾਡੇ ਨਾਲ ਪ੍ਰਚਾਰ ਕੰਮ ਵਿਚ ਬਾਹਰ ਜਾ ਕੇ ਵੀ ਸਾਨੂੰ ਬਹੁਤ ਮਦਦ ਮਿਲੀ। ਐਤਵਾਰ ਦੀ ਸਵੇਰ ਨੂੰ ਸਾਨੂੰ ਇਹ ਪੁੱਛਣ ਦੀ ਲੋੜ ਨਹੀਂ ਕਿ ਕੀ ਅਸੀਂ ਖੇਤਰ ਸੇਵਕਾਈ ਵਿਚ ਜਾ ਰਹੇ ਹਾਂ ਕਿ ਨਹੀਂ। ਸਾਨੂੰ ਚੰਗਾ ਭਲਾ ਪਤਾ ਹੈ ਕਿ ਅਸੀਂ ਜਾ ਰਹੇ ਹਾਂ!
ਸਾਡੀ ਪਰਵਰਿਸ਼ ਵਿਚ ਪਰਾਹੁਣਚਾਰੀ ਸਿੱਖਣੀ ਵੀ ਸ਼ਾਮਲ ਰਹੀ ਹੈ। ਸਾਡੇ ਘਰ ਕਈ ਪਰਾਹੁਣੇ ਆਉਂਦੇ-ਜਾਂਦੇ ਰਹੇ, ਅਤੇ ਤੁਸੀਂ ਉਨ੍ਹਾਂ ਨੂੰ ਹਮੇਸ਼ਾ ਸਭ ਤੋਂ ਚੰਗੀਆਂ ਚੀਜ਼ਾਂ ਦਿੰਦੇ ਹੁੰਦੇ ਸਨ। ਅਸੀਂ ਬਚਪਨ ਦੌਰਾਨ ਇਹ ਖ਼ੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਅਸੀਂ ਖ਼ੁਸ਼ ਹਾਂ ਕਿ ਸਾਡੇ ਕੋਲ ਤੁਹਾਡੇ ਵਰਗੇ ਅਨੋਖੇ ਮਾਪੇ ਹਨ।
ਤੁਹਾਡੇ ਵਰਗਾ ਹੋਰ ਕੋਈ ਨਹੀਂ ਜੋ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਅਤੇ ਸਮਝਦਾ ਹੈ। ਤੁਸੀਂ ਸਾਡੇ ਸਭ ਤੋਂ ਚੰਗੇ ਦੋਸਤ ਹੋ ਜਿਨ੍ਹਾਂ ਉੱਤੇ ਅਸੀਂ ਪੂਰਾ ਭਰੋਸਾ ਰੱਖ ਸਕਦੀਆਂ ਹਾਂ।
ਅਖ਼ੀਰ ਵਿਚ, ਅਸੀਂ ਕਹਿਣਾ ਚਾਹੁੰਦੀਆਂ ਹਾਂ ਕਿ ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੀਆਂ ਹਾਂ। ਤੁਸੀਂ ਸਾਡੇ ਮਾਂ-ਬਾਪ ਹੋ, ਅਤੇ ਅਸੀਂ ਤੁਹਾਨੂੰ ਹੋਰ ਕਿਸੇ ਨਾਲ ਕਦੀ ਨਹੀਂ ਬਦਲਣਾ ਚਾਹਾਂਗੀਆਂ। ਜੇਕਰ ਅਸੀਂ ਕਿਸੇ ਵੀ ਤਰ੍ਹਾਂ ਆਪਣੇ ਮਾਂ-ਬਾਪ ਖ਼ੁਦ ਚੁਣ ਸਕਦੀਆਂ ਅਤੇ ਆਪਣੇ ਜੀਵਨ ਦੇ ਢੰਗ ਨੂੰ ਦੁਬਾਰਾ ਜੀ ਸਕਦੀਆਂ ਤਾਂ ਬਿਨਾਂ ਸ਼ੱਕ ਅਸੀਂ ਤੁਹਾਨੂੰ ਹੀ ਚੁਣਦੀਆਂ, ਅਤੇ ਅਸੀਂ ਇਹੋ ਹੀ ਜੀਵਨ ਫਿਰ ਦੁਬਾਰਾ ਜੀਉਂਦੀਆਂ।
ਢੇਰ ਸਾਰਾ ਪਿਆਰ, ਤੁਹਾਡੀਆਂ ਧੀਆਂ,
ਐਜ਼ਮਰੇਲਡਾ ਅਤੇ ਯੋਲਾਂਡਾ