ਟੀ. ਬੀ. ਨੂੰ ਖ਼ਤਮ ਕਰਨ ਦਾ ਇਕ ਨਵਾਂ ਤਰੀਕਾ
ਤਪਦਿਕ (ਟੀ. ਬੀ.) ਮਨੁੱਖਾਂ ਦਾ ਸਭ ਤੋਂ ਪੁਰਾਣਾ ਛੂਤ ਵਾਲਾ ਕਾਤਲ ਹੈ, ਅਤੇ ਇਹ ਸਿਹਤ ਲਈ ਹਾਲੇ ਵੀ ਇੰਨਾ ਗੰਭੀਰ ਖ਼ਤਰਾ ਪੇਸ਼ ਕਰਦਾ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਇਸ ਦੀ ਤੁਲਨਾ ਇਕ ਟਾਈਮ-ਬੰਬ ਨਾਲ ਕਰਦਾ ਹੈ। ਟੀ. ਬੀ. ਬਾਰੇ ਇਕ ਰਿਪੋਰਟ ਵਿਚ WHO ਚੇਤਾਵਨੀ ਦਿੰਦਾ ਹੈ: “ਅਸੀਂ ਸਮੇਂ ਦੇ ਵਿਰੁੱਧ ਇਕ ਦੌੜ ਵਿਚ ਸ਼ਰੀਕ ਹਾਂ।” ਜੇਕਰ ਮਨੁੱਖ ਇਸ ਬੰਬ ਦੇ ਫਟਣ ਨੂੰ ਰੋਕਣ ਵਿਚ ਅਸਫ਼ਲ ਹੋ ਗਏ, ਤਾਂ ਹੋ ਸਕਦਾ ਹੈ ਕਿ ਇਕ ਦਿਨ ਉਹ ਅਜਿਹੇ ਰੋਗ ਦਾ ਸਾਮ੍ਹਣਾ ਕਰਨ ਜਿਸ ਉੱਤੇ ਦਵਾਈ ਦਾ ਕੋਈ ਵੀ ਅਸਰ ਨਾ ਪਵੇ ਅਤੇ ਜੋ “ਹਵਾ ਰਾਹੀਂ ਫੈਲਦਾ ਹੈ, ਅਤੇ ਏਡਜ਼ ਵਾਂਗ ਲਾਇਲਾਜ ਹੈ।” WHO ਕਹਿੰਦਾ ਹੈ ਕਿ ਟੀ. ਬੀ. ਦੀ ਤਬਾਹ ਕਰਨ ਦੀ ਸੰਭਾਵੀ ਸ਼ਕਤੀ ਨੂੰ ਪਛਾਣਨ ਦਾ ਸਮਾਂ ਆ ਗਿਆ ਹੈ। “ਵੌਲ ਸਟ੍ਰੀਟ ਤੋਂ ਲੈ ਕੇ . . . ਗ੍ਰੇਟ ਵੌਲ ਤਕ ਹਵਾ ਦਾ ਸਾਹ ਭਰਨ ਵਾਲੇ ਹਰੇਕ ਨੂੰ ਇਸ ਖ਼ਤਰੇ ਦੀ ਚਿੰਤਾ ਕਰਨੀ ਚਾਹੀਦੀ ਹੈ।”
ਕੀ ਇਹ ਵਧਾ-ਚੜ੍ਹਾ ਕੇ ਗੱਲ ਕਰ ਰਹੇ ਹਨ? ਬਿਲਕੁਲ ਨਹੀਂ। ਜ਼ਰਾ ਸੋਚੋ ਕਿ ਦੁਨੀਆਂ ਕਿੰਨੀ ਸਚੇਤ ਹੋਵੇਗੀ ਜੇਕਰ ਕੋਈ ਰੋਗ ਵੱਸ ਵਿੱਚੋਂ ਨਿਕਲਣ ਅਤੇ ਮਿਸਾਲ ਲਈ, ਕੈਨੇਡਾ ਦੀ ਪੂਰੀ ਆਬਾਦੀ ਨੂੰ ਦਸਾਂ ਸਾਲਾਂ ਦੇ ਅੰਦਰ-ਅੰਦਰ ਮਿਟਾ ਦੇਣ ਦਾ ਖ਼ਤਰਾ ਪੇਸ਼ ਕਰੇ! ਭਾਵੇਂ ਇਹ ਸਿਰਫ਼ ਖ਼ਿਆਲੀ ਹੀ ਲੱਗਦਾ ਹੈ, ਪਰ ਖ਼ਤਰਾ ਅਸਲੀ ਹੈ। ਦੁਨੀਆਂ ਭਰ ਵਿਚ, ਏਡਜ਼, ਮਲੇਰੀਆ, ਅਤੇ ਤਪਤ-ਖੰਡੀ ਬੀਮਾਰੀਆਂ ਤੋਂ ਮਰਨ ਵਾਲਿਆਂ ਲੋਕਾਂ ਨਾਲੋਂ ਜ਼ਿਆਦਾ ਲੋਕ ਟੀ. ਬੀ. ਤੋਂ ਮਰਦੇ ਹਨ, ਯਾਨੀ ਕਿ ਰੋਜ਼ 8,000 ਇਨਸਾਨ। ਕੁਝ 2 ਕਰੋੜ ਲੋਕਾਂ ਨੂੰ ਹੁਣ ਟੀ. ਬੀ. ਹੈ, ਅਤੇ ਅਗਲੇ ਦਸਾਂ ਸਾਲਾਂ ਵਿਚ ਕੁਝ 3 ਕਰੋੜ ਸ਼ਾਇਦ ਇਸ ਤੋਂ ਮਰ ਜਾਣ—ਇਹ ਗਿਣਤੀ ਕੈਨੇਡਾ ਦੀ ਆਬਾਦੀ ਤੋਂ ਜ਼ਿਆਦਾ ਹੈ।—ਸਫ਼ੇ 22 ਉੱਤੇ “ਪੂਰੀ ਦੁਨੀਆਂ ਟੀ. ਬੀ. ਦੀ ਮੁੱਠੀ ਵਿਚ,” ਦੀ ਡਬੀ ਦੇਖੋ।
ਹੁਣ ਸੁਣੋ ਖ਼ੁਸ਼ ਖ਼ਬਰੀ
ਫਿਰ ਵੀ, ਅੱਜ ਉਮੀਦ ਕਰਨ ਦਾ ਕਾਰਨ ਹੈ। ਦਸਾਂ ਸਾਲਾਂ ਦੀ ਜਾਂਚ ਕਰਨ ਤੋਂ ਬਾਅਦ, ਖੋਜਕਾਰਾਂ ਨੇ ਇਕ ਤਰੀਕਾ ਲੱਭਿਆ ਹੈ ਜੋ ਸ਼ਾਇਦ ਟੀ. ਬੀ. ਨੂੰ ਕਿਸੇ ਬੇਕਾਬੂ ਕਾਤਲ ਦੀ ਬਜਾਇ ਇਕ ਕੈਦੀ ਮੁਜਰਮ ਬਣਾ ਦੇਵੇ। WHO ਦੇ ਸਾਬਕਾ ਡਾਇਰੈਕਟਰ-ਜਨਰਲ, ਡਾਕਟਰ ਹੀਰੋਸ਼ੀ ਨਾਕਾਜੀਮਾ ਨੇ ਇਸ ਨਵੇਂ ਤਰੀਕੇ ਨੂੰ “ਇਸ ਦਹਾਕੇ ਵਿਚ ਲੋਕਾਂ ਦੀ ਸਿਹਤ ਦੇ ਸੰਬੰਧ ਵਿਚ ਸਭ ਤੋਂ ਮਹੱਤਵਪੂਰਣ ਤਰੱਕੀਆਂ ਵਿੱਚੋਂ ਇਕ” ਸੱਦਿਆ। ਅਤੇ WHO ਦੇ ਵਿਸ਼ਵ-ਵਿਆਪੀ ਟੀ. ਬੀ. ਪ੍ਰੋਗ੍ਰਾਮ ਦਾ ਡਾਇਰੈਕਟਰ, ਡਾਕਟਰ ਅਰਾਟਾ ਕੋਚੀ ਕਹਿੰਦਾ ਹੈ ਕਿ ਇਹ ਤਰੀਕਾ “ਟੀ. ਬੀ. ਦੀ ਮਹਾਂਮਾਰੀ ਨੂੰ ਮਿਟਾਉਣ” ਦਾ ਪਹਿਲਾ ਮੌਕਾ ਪੇਸ਼ ਕਰਦਾ ਹੈ। ਇਸ ਆਸ ਦਾ ਕਾਰਨ ਕੀ ਹੈ? ਇਕ ਤਰੀਕਾ ਜਿਸ ਦਾ ਅੰਗ੍ਰੇਜ਼ੀ ਨਾਂ ਡੌਟਸ (DOTS) ਹੈ।
ਡੌਟਸ, ਡਾਇਰੈਕਟਲੀ ਔਬਜ਼ਰਵਡ ਟਰੀਟਮੰਟ ਸ਼ੋਰਟ-ਕੋਰਸ ਦਾ ਮੁੱਢ-ਅੱਖਰੀ ਨਾਂ ਹੈ, ਜਿਸ ਦਾ ਮਤਲਬ ਹੈ, ਧਿਆਨ ਲਗਾ ਕੇ ਨਜ਼ਰ ਹੇਠ ਕੀਤਾ ਗਿਆ ਥੋੜ੍ਹੇ ਚਿਰ ਦਾ ਇਲਾਜ। ਇਹ ਇਲਾਜ ਕਰਨ ਦਾ ਅਜਿਹਾ ਪ੍ਰਬੰਧ ਹੈ ਜੋ ਹਸਪਤਾਲ ਵਿਚ ਇਕ ਦਿਨ ਵੀ ਗੁਜ਼ਾਰਨ ਤੋਂ ਬਗੈਰ, ਟੀ. ਬੀ. ਦੇ ਤਕਰੀਬਨ ਸਾਰੇ ਮਰੀਜ਼ਾਂ ਨੂੰ ਛੇ ਤੋਂ ਅੱਠ ਮਹੀਨਿਆਂ ਦੇ ਅੰਦਰ-ਅੰਦਰ ਠੀਕ ਕਰ ਸਕਦਾ ਹੈ। ਕਾਮਯਾਬੀ ਲਈ ਡੌਟਸ ਨੂੰ ਪੰਜ ਚੀਜ਼ਾਂ ਦੀ ਜ਼ਰੂਰਤ ਹੈ। WHO ਕਹਿੰਦਾ ਹੈ ਕਿ ਜੇਕਰ ਇਨ੍ਹਾਂ ਪੰਜਾਂ ਚੀਜ਼ਾਂ ਵਿੱਚੋਂ ਇਕ ਵੀ ਗੁੰਮ ਹੋਵੇ ਤਾਂ ਟੀ. ਬੀ. ਦੇ ਰੋਗੀਆਂ ਨੂੰ ਠੀਕ ਕਰਨ ਦੀ ਯੋਗਤਾ “ਸਾਡੇ ਹੱਥੋਂ ਨਿਕਲ ਜਾਂਦੀ ਹੈ।” ਇਹ ਚੀਜ਼ਾਂ ਕੀ ਹਨ?
● 1. ਡਾਇਰੈਕਟਲੀ [ਧਿਆਨ ਲਗਾ ਕੇ]: ਟੀ. ਬੀ. ਦਾ ਸਭ ਤੋਂ ਖ਼ਤਰਨਾਕ ਕੇਸ ਉਹ ਹੈ ਜੋ ਹਾਲੇ ਪਛਾਣਿਆ ਨਾ ਗਿਆ ਹੋਵੇ। ਇਸ ਲਈ WHO ਇਸ ਗੱਲ ਉੱਤੇ ਜ਼ੋਰ ਪਾਉਂਦਾ ਹੈ ਕਿ ਪਹਿਲਾਂ ਡਾਕਟਰਾਂ-ਚਾਕਰਾਂ ਨੂੰ ਆਪਣੀ ਬਰਾਦਰੀ ਦੇ ਉਨ੍ਹਾਂ ਲੋਕਾਂ ਨੂੰ ਲੱਭਣ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਛੂਤਕ ਟੀ. ਬੀ. ਦੇ ਰੋਗੀ ਹਨ।
● 2. ਔਬਜ਼ਰਵਡ [ਨਜ਼ਰ ਹੇਠ]: ਡੌਟਸ ਦੀ ਦੂਸਰੀ ਚੀਜ਼ ਮਰੀਜ਼ ਨੂੰ ਨਹੀਂ, ਬਲਕਿ ਸਿਹਤ-ਸੰਭਾਲ ਪ੍ਰਬੰਧ ਨੂੰ ਰੋਗ ਠੀਕ ਕਰਨ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ। ਡਾਕਟਰ-ਚਾਕਰ ਜਾਂ ਟ੍ਰੇਨ ਕੀਤੇ ਗਏ ਸਵੈ-ਸੇਵਕ, ਜਿਵੇਂ ਕਿ ਦੁਕਾਨਦਾਰ, ਅਧਿਆਪਕ, ਜਾਂ ਉਹ, ਜਿਨ੍ਹਾਂ ਨੂੰ ਪਹਿਲਾਂ ਟੀ. ਬੀ. ਸੀ, ਮਰੀਜ਼ਾਂ ਨੂੰ ਹਰੇਕ ਵਾਰ ਟੀ. ਬੀ. ਦੀ ਦਵਾਈ ਲੈਂਦੇ ਦੇਖਦੇ ਹਨ। ਕਾਮਯਾਬੀ ਲਈ “ਮਰੀਜ਼ ਉੱਤੇ ਨਜ਼ਰ ਰੱਖਣ ਵਾਲਿਆਂ” ਦੀ ਬਹੁਤ ਜ਼ਰੂਰਤ ਹੈ ਕਿਉਂਕਿ ਟੀ. ਬੀ. ਦਾ ਅੱਜ ਤਕ ਜਾਰੀ ਰਹਿਣ ਦਾ ਇਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮਰੀਜ਼ ਦਵਾਈ ਲੈਣੀ ਬਹੁਤ ਜਲਦੀ ਬੰਦ ਕਰ ਦਿੰਦੇ ਹਨ। (ਸਫ਼ੇ 22 ਉੱਤੇ “ਟੀ. ਬੀ. ਫਿਰ ਤੋਂ ਕਿਉਂ ਵੱਧ ਰਹੀ ਹੈ?” ਦੀ ਡਬੀ ਦੇਖੋ।) ਕੁਝ ਹੀ ਹਫ਼ਤਿਆਂ ਦੇ ਇਲਾਜ ਤੋਂ ਬਾਅਦ ਉਹ ਠੀਕ ਮਹਿਸੂਸ ਕਰਨ ਲੱਗ ਪੈਂਦੇ ਹਨ ਅਤੇ ਇਸ ਲਈ ਉਹ ਆਪਣੀਆਂ ਗੋਲੀਆਂ ਲੈਣੀਆਂ ਬੰਦ ਕਰ ਦਿੰਦੇ ਹਨ। ਲੇਕਿਨ, ਸਰੀਰ ਵਿੱਚੋਂ ਟੀ. ਬੀ. ਦੇ ਸਾਰੇ ਜੀਵਾਣੂ ਮਿਟਾਉਣ ਲਈ ਦਵਾਈ ਨੂੰ ਛੇ ਤੋਂ ਅੱਠ ਮਹੀਨਿਆਂ ਲਈ ਖਾਣਾ ਜ਼ਰੂਰੀ ਹੈ।
● 3. ਟਰੀਟਮੰਟ [ਇਲਾਜ]: ਇਨ੍ਹਾਂ ਛੇ ਤੋਂ ਅੱਠ ਮਹੀਨਿਆਂ ਦੌਰਾਨ, ਡਾਕਟਰ-ਚਾਕਰ ਇਲਾਜ ਦੇ ਅਸਰਾਂ ਵੱਲ ਧਿਆਨ ਦਿੰਦੇ ਹਨ ਅਤੇ ਮਰੀਜ਼ ਦੀ ਤਰੱਕੀ ਦਾ ਰਿਕਾਰਡ ਲਿਖ ਕੇ ਰੱਖਦੇ ਹਨ। ਇਸ ਤਰ੍ਹਾਂ, ਉਹ ਨਿਸ਼ਚਿਤ ਕਰਦੇ ਹਨ ਕਿ ਮਰੀਜ਼ ਬਿਲਕੁਲ ਠੀਕ ਹੋ ਗਏ ਹਨ ਅਤੇ ਹੋਰ ਕਿਸੇ ਨੂੰ ਉਨ੍ਹਾਂ ਤੋਂ ਛੂਤ ਨਹੀਂ ਲੱਗ ਸਕਦੀ।
● 4. ਸ਼ੋਰਟ-ਕੋਰਸ [ਥੋੜ੍ਹਾ ਚਿਰ]: ਡੌਟਸ ਦੇ ਇਲਾਜ ਕਰਨ ਦੇ ਤਰੀਕੇ ਦੀ ਚੌਥੀ ਚੀਜ਼ ਹੈ ਟੀ. ਬੀ. ਦੀਆਂ ਸਹੀ ਦਵਾਈਆਂ ਅਤੇ ਉਨ੍ਹਾਂ ਦਾ ਸਹੀ ਹਿਸਾਬ ਲਾ ਕੇ ਲੈਣੀਆਂ, ਅਤੇ ਉਨ੍ਹਾਂ ਨੂੰ ਦੱਸੇ ਗਏ ਸਮੇਂ ਲਈ ਲੈਣਾ। ਇਹ ਸ਼ੋਰਟ-ਕੋਰਸ, ਜਾਂ ਥੋੜ੍ਹੇ ਚਿਰ ਦੀ ਕੀਮੋਥੈਰਪੀ ਵਜੋਂ ਜਾਣਿਆ ਜਾਂਦਾ ਹੈ। ਇਹ ਇਕੱਠੀਆਂ ਲਈਆਂ ਗਈਆਂ ਦਵਾਈਆਂ ਟੀ. ਬੀ. ਦੇ ਜੀਵਾਣੂ ਮਾਰਨ ਲਈ ਅਸਰਦਾਰ ਹਨ।a ਇਨ੍ਹਾਂ ਦਵਾਈਆਂ ਦੀ ਸਪਲਾਈ ਹਮੇਸ਼ਾ ਹੋਣੀ ਚਾਹੀਦੀ ਹੈ ਤਾਂਕਿ ਇਲਾਜ ਰੋਕਿਆ ਨਾ ਜਾਵੇ।
● 5. !: ਡੌਟਸ ਦੇ ਪਿੱਛੇ ਇਸ ਵਿਸਮਿਕ ਚਿੰਨ੍ਹ ਦੇ ਨਾਲ, WHO ਇਸ ਇਲਾਜ ਦੇ ਤਰੀਕੇ ਦੀ ਪੰਜਵੀਂ ਚੀਜ਼ ਨੂੰ ਦਰਸਾਉਂਦਾ ਹੈ, ਯਾਨੀ ਕਿ ਡੌਟਸ! ਇਹ ਪੈਸਿਆਂ ਅਤੇ ਚੰਗੀਆਂ ਪਾਲਸੀਆਂ ਨੂੰ ਸੰਕੇਤ ਕਰਦਾ ਹੈ। WHO ਸਿਹਤ ਸੰਗਠਨਾਂ ਨੂੰ ਤਾਕੀਦ ਕਰਦਾ ਹੈ ਕਿ ਉਹ ਸਰਕਾਰਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਤੋਂ ਪੈਸਿਆਂ ਦੀ ਗਾਰੰਟੀ ਹਾਸਲ ਕਰ ਲੈਣ ਅਤੇ ਟੀ. ਬੀ. ਦੇ ਇਲਾਜ ਨੂੰ ਦੇਸ਼ ਦੇ ਮੌਜੂਦਾ ਸਿਹਤ ਪ੍ਰਬੰਧ ਦਾ ਹਿੱਸਾ ਬਣਾ ਲੈਣ।
ਪੈਸਿਆਂ ਦੇ ਸੰਬੰਧ ਵਿਚ, ਡੌਟਸ ਦਾ ਤਰੀਕਾ ਉਨ੍ਹਾਂ ਪਾਲਸੀ ਬਣਾਉਣ ਵਾਲਿਆਂ ਨੂੰ ਚੰਗਾ ਲੱਗਦਾ ਹੈ ਜਿਨ੍ਹਾਂ ਕੋਲ ਪੈਸੇ ਬਜਟ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਵਰਲਡ ਬੈਂਕ ਨੇ ਡੌਟਸ ਨੂੰ ‘ਬੀਮਾਰੀ ਨਾਲ ਲੜਨ ਵਾਲੇ ਸਭ ਤੋਂ ਸਸਤੇ ਅਤੇ ਲਾਭਦਾਇਕ ਇਲਾਜਾਂ ਵਿਚ’ ਗਿਣਿਆ ਹੈ। WHO ਅਨੁਮਾਨ ਲਗਾਉਂਦਾ ਹੈ ਕਿ ਗ਼ਰੀਬ ਦੇਸ਼ਾਂ ਵਿਚ ਇਸ ਤਰੀਕੇ ਨੂੰ ਵਰਤਣ ਦਾ ਪੂਰਾ ਖ਼ਰਚਾ ਹਰੇਕ ਮਰੀਜ਼ ਲਈ ਲਗਭਗ 100 ਡਾਲਰ ਹੈ। ‘ਵਿਕਾਸਸ਼ੀਲ ਦੇਸ਼ਾਂ ਵਿਚ ਇਹ ਇਕ ਜਣੇ ਲਈ 10 ਸੈਂਟਾਂ (ਯੂ. ਐੱਸ.) ਤੋਂ ਅਕਸਰ ਜ਼ਿਆਦਾ ਨਹੀਂ ਹੁੰਦਾ, ਜੋ ਖ਼ਰਚ ਸਭ ਤੋਂ ਭੈੜੀਆਂ ਆਰਥਿਕ ਹਾਲਤਾਂ ਵਿਚ ਵੀ ਚੁਕਾਇਆ ਜਾ ਸਕਦਾ ਹੈ।’ ਪਰ, ਥੋੜ੍ਹੇ ਖ਼ਰਚੇ ਦਾ ਮਤਲਬ ਇਹ ਨਹੀਂ ਕਿ ਫ਼ਾਇਦੇ ਵੀ ਥੋੜ੍ਹੇ ਹੋਣਗੇ।
ਇਹ ਕਿੰਨਾ ਕੁ ਅਸਰਦਾਰ ਹੈ?
ਮਾਰਚ 1997 ਵਿਚ WHO ਦਿਆਂ ਪ੍ਰਤਿਨਿਧਾਂ ਨੇ ਕਿਹਾ ਕਿ ਅੱਜ ਤਕ ਡੌਟਸ ਦੇ ਤਰੀਕੇ ਦੀ ਸੀਮਿਤ ਵਰਤੋਂ “ਕਈਆਂ ਦਹਾਕਿਆਂ ਵਿਚ ਪਹਿਲੀ ਵਾਰ ਸੰਸਾਰ ਭਰ ਵਿਚ ਟੀ. ਬੀ. ਦੇ ਫੈਲਾਅ ਨੂੰ ਵੱਸ ਵਿਚ ਕਰ ਰਹੀ ਹੈ।” “ਜਿੱਥੇ ਡੌਟਸ ਵਰਤਿਆ ਜਾਂਦਾ ਹੈ, ਉੱਥੇ ਰੋਗ ਠੀਕ ਕਰਨ ਦੀ ਗਿਣਤੀ ਤਕਰੀਬਨ ਦੁਗਣੀ ਹੋ ਜਾਂਦੀ ਹੈ।” ਉਨ੍ਹਾਂ ਇਲਾਕਿਆਂ ਵਿਚ ਜਿੱਥੇ ਟੀ. ਬੀ. ਬਹੁਤ ਫੈਲੀ ਹੋਈ ਹੈ ਡੌਟਸ ਨੂੰ ਪਰਖਣ ਦੇ ਤਰੀਕੇ ਕਾਮਯਾਬੀ ਦਿਖਾਉਂਦੇ ਹਨ। WHO ਦੁਆਰਾ ਦੱਸੀਆਂ ਗਈਆਂ ਕਾਮਯਾਬੀ ਦੀਆਂ ਕੁਝ ਕਹਾਣੀਆਂ ਉੱਤੇ ਵਿਚਾਰ ਕਰੋ।
ਭਾਰਤ ਦੇ “ਕਈਆਂ ਇਲਾਕਿਆਂ ਵਿਚ ਡੌਟਸ ਨੂੰ ਅਮਲ ਵਿਚ ਲਿਆਂਦਾ ਗਿਆ ਹੈ, ਜਿੱਥੇ 1 ਕਰੋੜ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਇਲਾਜ ਦਾ ਫ਼ਾਇਦਾ ਹੋਇਆ ਹੈ। . . . 5 ਵਿੱਚੋਂ 4 ਮਰੀਜ਼ਾਂ ਨੂੰ ਤਪਦਿਕ ਤੋਂ ਰਾਮ ਆ ਗਿਆ ਹੈ।” ਬੰਗਲਾਦੇਸ਼ ਵਿਚ ਪਰਖਣ ਦੇ ਇਕ ਪ੍ਰੋਗ੍ਰਾਮ ਵਿਚ ਸ਼ਾਮਲ ਦੱਸ ਲੱਖ ਲੋਕਾਂ ਵਿੱਚੋਂ ਟੀ. ਬੀ. ਦੇ “87 ਫੀ ਸਦੀ [ਮਰੀਜ਼] ਠੀਕ ਹੋ ਗਏ।” ਇਕ ਇੰਡੋਨੇਸ਼ੀਆਈ ਟਾਪੂ ਤੇ, ਡੌਟਸ ਦਾ ਇਕ ਪ੍ਰਾਜੈਕਟ “10 ਛੂਤ-ਗ੍ਰਸਤ ਮਰੀਜ਼ਾਂ ਵਿੱਚੋਂ 9 ਠੀਕ ਕਰ ਰਿਹਾ ਹੈ।” ਰਾਜ਼ੀ ਹੋਣ ਦੇ 94 ਫੀ ਸਦੀ ਦਰ ਦੇ ਨਾਲ, ਇਨ੍ਹਾਂ ਪਰਖਣ ਵਾਲੇ ਪ੍ਰਾਜੈਕਟਾਂ ਨੇ ਚੀਨ ਵਿਚ “ਹੈਰਾਨੀ ਵਾਲੀ ਸਫ਼ਲਤਾ ਪਾਈ।” ਦੱਖਣੀ ਅਫ਼ਰੀਕਾ ਦੇ ਇਕ ਸ਼ਹਿਰ ਵਿਚ ਟੀ. ਬੀ. ਦੇ “80 ਫੀ ਸਦੀ ਤੋਂ ਜ਼ਿਆਦਾ [ਮਰੀਜ਼ਾਂ] ਦਾ ਇਲਾਜ ਕਾਮਯਾਬੀ ਨਾਲ ਹੋ ਰਿਹਾ ਹੈ।” ਹਾਲ ਹੀ ਵਿਚ, ਡੌਟਸ ਨੂੰ ਨਿਊਯਾਰਕ ਸਿਟੀ ਵਿਚ ਵੀ ਸਥਾਪਿਤ ਕੀਤਾ ਗਿਆ, ਅਤੇ ਇਸ ਦੇ ਨਤੀਜੇ ਬਹੁਤ ਚੰਗੇ ਸਨ।
ਡਾਕਟਰ ਕੋਚੀ ਸਿੱਟਾ ਕੱਢਦਾ ਹੈ ਕਿ ਕਈਆਂ ਦੇਸ਼ਾਂ ਵਿਚ ਇਸ ਤਰੀਕੇ ਨੂੰ ਪਰਖਣ ਦੀਆਂ ਲੱਭਤਾਂ ਨੇ ਦਿਖਾਇਆ ਹੈ ਕਿ ਇਹ “ਹਰ ਜਗ੍ਹਾ ਵਿਚ ਵਰਤਿਆ ਜਾ ਸਕਦਾ ਹੈ ਅਤੇ ਇਸ ਤੋਂ ਰਾਜ਼ੀ ਕਰਨ ਦੀ 85 ਫੀ ਸਦੀ ਤੋਂ ਜ਼ਿਆਦਾ ਉਮੀਦ ਰੱਖੀ ਜਾ ਸਕਦੀ ਹੈ।”
ਖ਼ਾਸ ਵਰਤੋਂ ਨਹੀਂ, ਪਰ ਤਰੱਕੀ ਜ਼ਰੂਰ
ਇਕ ਅਜਿਹੇ ਇਲਾਜ ਦੇ ਨਾਲ ਜੋ ਮਨੁੱਖਾਂ ਦੇ ਇਕ ਸਭ ਤੋਂ ਖ਼ਤਰਨਾਕ ਛੂਤ ਵਾਲੇ ਕਾਤਲ ਨੂੰ ਆਸਾਨੀ ਨਾਲ ਅਤੇ ਥੋੜ੍ਹੇ ਖ਼ਰਚ ਨਾਲ ਲਗਭਗ ਮਿਟਾ ਸਕਦਾ ਹੈ, ਤੁਸੀਂ ਸ਼ਾਇਦ ਸੋਚੋ ਕਿ ਡੌਟਸ ਵਰਗਾ ਤਰੀਕਾ ਬਹੁਤ ਹੀ ਵਰਤਿਆ ਜਾਂਦਾ ਹੋਵੋਗੇ। “ਲੇਕਿਨ,” WHO ਦਾ ਇਕ ਕਰਮਚਾਰੀ ਕਹਿੰਦਾ ਹੈ, “ਹੈਰਾਨੀ ਦੀ ਗੱਲ ਹੈ ਕਿ ਬਹੁਤ ਹੀ ਘੱਟ ਦੇਸ਼ ਟੀ. ਬੀ. ਨੂੰ ਵੱਸ ਵਿਚ ਕਰਨ ਵਾਲੇ WHO ਦੇ ਇਸ ਪਰਖੇ ਗਏ ਅਤੇ ਸਸਤੇ ਤਰੀਕੇ ਨੂੰ ਅਮਲ ਵਿਚ ਲਿਆ ਰਹੇ ਹਨ।” ਦਰਅਸਲ, 1996 ਦੀ ਸ਼ੁਰੂਆਤ ਵਿਚ, ਸਿਰਫ਼ 34 ਦੇਸ਼ਾਂ ਨੇ ਇਸ ਤਰੀਕੇ ਨੂੰ ਅਮਲ ਵਿਚ ਲਿਆਂਦਾ ਸੀ।
ਫਿਰ ਵੀ, ਤਰੱਕੀ ਹੋ ਰਹੀ ਹੈ। ਸੰਨ 1993 ਵਿਚ, ਦੁਨੀਆਂ ਭਰ ਵਿਚ WHO ਦੇ ਟੀ. ਬੀ. ਸੰਕਟ ਦਾ ਐਲਾਨ ਕਰਨ ਤੋਂ ਪਹਿਲਾਂ, ਟੀ. ਬੀ. ਦਿਆਂ 50 ਮਰੀਜ਼ਾਂ ਵਿੱਚੋਂ ਸਿਰਫ਼ ਇਕ ਨੂੰ ਡੌਟਸ ਮਿਲਦਾ ਸੀ। ਅੱਜ ਇਸ ਦੀ ਗਿਣਤੀ ਦਸਾਂ ਵਿੱਚੋਂ ਇਕ ਹੈ। ਰਿਪੋਰਟ ਅਨੁਸਾਰ, 1998 ਵਿਚ ਤਕਰੀਬਨ 96 ਦੇਸ਼ ਡੌਟਸ ਦੇ ਤਰੀਕੇ ਨੂੰ ਵਰਤ ਰਹੇ ਸਨ। ਜੇਕਰ ਜ਼ਿਆਦਾ ਦੇਸ਼ ਮਿਲ ਕੇ ਡੌਟਸ ਨੂੰ ਵਰਤਣ, ਤਾਂ ਟੀ. ਬੀ. ਕੇਸਾਂ ਦੀ ਸਾਲਾਨਾ ਗਿਣਤੀ ‘ਸਿਰਫ਼ ਦਸਾਂ ਸਾਲਾਂ ਦੇ ਵਿਚ-ਵਿਚ ਅੱਧੀ ਹੋ ਜਾਵੇਗੀ।’ ਡਾਕਟਰ ਕੋਚੀ ਕਹਿੰਦਾ ਹੈ: “ਸਾਡੇ ਕੋਲ ਸਿਹਤ-ਸੰਭਾਲ ਦਾ ਇਕ ਪਰਖਿਆ ਅਤੇ ਸਾਬਤ ਕੀਤਾ ਗਿਆ ਪ੍ਰਬੰਧ ਹੈ ਜਿਸ ਨੂੰ ਸਿਰਫ਼ ਹੋਰ ਥਾਵਾਂ ਵਿਚ ਵਰਤਣ ਦੀ ਜ਼ਰੂਰਤ ਹੈ।”
ਕਿਉਂ ਜੋ ਮਨੁੱਖਾਂ ਕੋਲ ਟੀ. ਬੀ. ਨਾਲ ਕਾਮਯਾਬੀ ਨਾਲ ਲੜਨ ਦੀ ਜਾਣਕਾਰੀ ਅਤੇ ਔਜ਼ਾਰ ਹਨ, ਸਿਰਫ਼ ਇਕ ਚੀਜ਼ ਦੀ ਕਮੀ ਹੈ—‘ਅਜਿਹੇ ਲੋਕ ਜੋ ਨਿਸ਼ਚਿਤ ਕਰਨਗੇ ਕਿ ਇਨ੍ਹਾਂ ਦਵਾਈਆਂ ਨੂੰ ਸਾਰੀ ਦੁਨੀਆਂ ਵਿਚ ਵਰਤਿਆ ਜਾਵੇ।’ ਇਸ ਲਈ ਹੈਰਾਨੀ ਦੀ ਕੋਈ ਗੱਲ ਨਹੀਂ ਹੈ ਕਿ ਦੁਨੀਆਂ ਭਰ ਦਿਆਂ ਡਾਕਟਰਾਂ-ਚਾਕਰਾਂ ਲਈ ਇਕ ਪ੍ਰਕਾਸ਼ਨ ਵਿਚ, WHO ਪੁੱਛਦਾ ਹੈ: “ਅਸੀਂ ਸਾਰੇ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ?”
[ਫੁਟਨੋਟ]
a ਇਨ੍ਹਾਂ ਦਵਾਈਆਂ ਵਿਚ ਆਈਸਨਾਇਆਜ਼ਿਡ, ਰਿਫੈਮਪਿੰਨ, ਪਾਈਰਾਜ਼ਿਨਾਮਾਈਡ, ਸਟ੍ਰੈਪਟੋਮਾਈਸਿਨ, ਅਤੇ ਏਥਾਮਬੁਟੋਲ ਸ਼ਾਮਲ ਹਨ।
[ਸਫ਼ੇ 21 ਉੱਤੇ ਸੁਰਖੀ]
ਹਰੇਕ ਸਕਿੰਟ, ਧਰਤੀ ਉੱਤੇ ਕਿਸੇ-ਨ-ਕਿਸੇ ਨੂੰ ਟੀ. ਬੀ. ਦੀ ਛੂਤ ਲੱਗਦੀ ਹੈ
[ਸਫ਼ੇ 21 ਉੱਤੇ ਸੁਰਖੀ]
‘ਜਾਨ ਬਚਾਉਣ ਵਾਲੀਆਂ ਦਵਾਈਆਂ ਬੇਕਾਰ ਪਈਆਂ ਰਹਿੰਦੀਆਂ ਹਨ ਜਦ ਕਿ ਲੱਖਾਂ ਲੋਕ ਮਰਦੇ ਹਨ।’ ਡਾ. ਆਰਟਾ ਕੋਚੀ
[ਸਫ਼ੇ 23 ਉੱਤੇ ਸੁਰਖੀ]
“ਡੌਟਸ ਦਾ ਤਰੀਕਾ ਇਸ ਦਹਾਕੇ ਵਿਚ ਲੋਕਾਂ ਦੀ ਸਿਹਤ ਦੇ ਸੰਬੰਧ ਵਿਚ ਸਭ ਤੋਂ ਮਹੱਤਵਪੂਰਣ ਤਰੱਕੀ ਨੂੰ ਦਰਸਾਵੇਗਾ।” WHO ਪ੍ਰੈੱਸ ਰਿਲੀਸ
[ਸਫ਼ੇ 22 ਉੱਤੇ ਡੱਬੀ]
ਟੀ.ਬੀ. ਫਿਰ ਤੋਂ ਕਿਉਂ ਵੱਧ ਰਹੀ ਹੈ?
ਤਪਦਿਕ (ਟੀ. ਬੀ.) ਦਾ ਇਲਾਜ ਕੁਝ ਚਾਲੀ ਸਾਲ ਪਹਿਲਾਂ ਲੱਭਿਆ ਗਿਆ ਸੀ। ਉਦੋਂ ਤੋਂ, 12 ਕਰੋੜ ਲੋਕ ਟੀ. ਬੀ. ਤੋਂ ਮਰੇ ਹਨ ਅਤੇ ਇਸ ਸਾਲ ਤਕਰੀਬਨ 30 ਲੱਖ ਤੋਂ ਜ਼ਿਆਦਾ ਮਰ ਜਾਣਗੇ। ਲੇਕਿਨ ਇਲਾਜ ਹੋਣ ਦੇ ਬਾਵਜੂਦ ਹਾਲੇ ਵੀ ਟੀ. ਬੀ. ਤੋਂ ਇੰਨੇ ਲੋਕ ਕਿਉਂ ਮਰ ਰਹੇ ਹਨ? ਤਿੰਨ ਮੁੱਖ ਕਾਰਨ ਹਨ: ਲਾਪਰਵਾਹੀ, ਐੱਚ. ਆਈ. ਵੀ./ਏਡਜ਼, ਅਤੇ ਟੀ. ਬੀ. ਦੇ ਨਵੇਂ ਰੂਪ ਜਿਨ੍ਹਾਂ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ।
ਲਾਪਰਵਾਹੀ। ਦੁਨੀਆਂ ਦੀ ਨਜ਼ਰ ਏਡਜ਼ ਅਤੇ ਈਬੋਲਾ ਵਰਗੀਆਂ ਛੂਤ ਵਾਲੀਆਂ ਬੀਮਾਰੀਆਂ ਉੱਤੇ ਟਿਕੀ ਹੈ। ਪਰ, 1995 ਵਿਚ ਈਬੋਲਾ ਤੋਂ ਮਰਨ ਵਾਲੇ ਇਕ ਵਿਅਕਤੀ ਲਈ 12,000 ਲੋਕ ਟੀ. ਬੀ. ਤੋਂ ਮਰ ਗਏ ਸਨ। ਦਰਅਸਲ, ਗ਼ਰੀਬ ਦੇਸ਼ਾਂ ਵਿਚ ਟੀ. ਬੀ. ਇੰਨੀ ਆਮ ਹੈ ਕਿ ਲੋਕ ਇਸ ਬੀਮਾਰੀ ਨੂੰ ਜੀਵਨ ਦਾ ਹਿੱਸਾ ਸਮਝਣ ਲੱਗ ਪਏ ਹਨ। ਇਸ ਦੇ ਨਾਲ-ਨਾਲ, ਅਮੀਰ ਦੇਸ਼ਾਂ ਵਿਚ ਟੀ. ਬੀ. ਨੂੰ ਫੈਲ ਲੈਣ ਦਿੱਤਾ ਗਿਆ ਹੈ ਜਦ ਕਿ ਇਸ ਦਾ ਇਲਾਜ ਕਰਨ ਵਾਲੀਆਂ ਅਸਰਦਾਰ ਦਵਾਈਆਂ ਬੇਕਾਰ ਪਈਆਂ ਰਹਿੰਦੀਆਂ ਹਨ। ਇਹ ਵਿਆਪਕ ਲਾਪਰਵਾਹੀ ਇਕ ਮਾਰੂ ਗ਼ਲਤੀ ਸਾਬਤ ਹੋਈ ਹੈ। ਜਦ ਕਿ ਟੀ. ਬੀ. ਬਾਰੇ ਦੁਨੀਆਂ ਦੀ ਚਿੰਤਾ ਘੱਟ ਰਹੀ ਸੀ, ਟੀ. ਬੀ. ਦੇ ਜੀਵਾਣੂ ਤਾਕਤਵਰ ਹੋ ਰਹੇ ਸਨ। ਸਾਰੇ ਮਾਨਵੀ ਇਤਿਹਾਸ ਵਿਚ ਪਹਿਲੀ ਵਾਰ, ਇਹ ਜ਼ਿਆਦਾ ਲੋਕਾਂ ਉੱਤੇ ਅਤੇ ਜ਼ਿਆਦਾ ਦੇਸ਼ਾਂ ਵਿਚ ਹਮਲਾ ਕਰਦੇ ਹਨ।
ਐੱਚ. ਆਈ. ਵੀ./ਏਡਜ਼। ਟੀ. ਬੀ., ਐੱਚ. ਆਈ. ਵੀ. ਅਤੇ ਏਡਜ਼ ਦਾ ਹਮਸਫ਼ਰ ਹੈ। ਜਦੋਂ ਲੋਕਾਂ ਨੂੰ ਐੱਚ. ਆਈ. ਵੀ. ਦੀ ਛੂਤ ਲੱਗਦੀ ਹੈ—ਜੋ ਕਿ ਸਾਡੇ ਸਰੀਰ ਦੇ ਲੜਨ ਦੀ ਸਮਰਥਾ ਨੂੰ ਘਟਾਉਂਦਾ ਹੈ—ਤਾਂ ਉਨ੍ਹਾਂ ਨੂੰ ਟੀ. ਬੀ. ਲੱਗਣ ਦੀ 30 ਗੁਣਾ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਹੈਰਾਨੀ ਵਾਲੀ ਕੋਈ ਗੱਲ ਨਹੀਂ ਕਿ ਦੁਨੀਆਂ ਭਰ ਵਿਚ ਹਾਲ ਹੀ ਦੀ ਐੱਚ. ਆਈ. ਵੀ. ਮਹਾਂਮਾਰੀ ਨੇ ਟੀ. ਬੀ. ਦਿਆਂ ਮਰੀਜ਼ਾਂ ਦੀ ਗਿਣਤੀ ਨੂੰ ਵੀ ਵਧਾਇਆ ਹੈ! ਅਨੁਮਾਨ ਲਗਾਇਆ ਗਿਆ ਹੈ ਕਿ 1997 ਵਿਚ 2,66,000 ਐੱਚ. ਆਈ. ਵੀ.-ਪਾਜ਼ਿਟਿਵ ਲੋਕ ਟੀ. ਬੀ. ਤੋਂ ਮਰੇ ਸਨ। ਐੱਚ. ਆਈ. ਵੀ./ਏਡਜ਼ ਦਾ ਸਾਂਝਾ ਸੰਯੁਕਤ ਰਾਸ਼ਟਰ-ਸੰਘ ਪ੍ਰੋਗ੍ਰਾਮ ਦਾ ਨਿਰਦੇਸ਼ਕ ਪੀਟਰ ਪਾਈਓ ਕਹਿੰਦਾ ਹੈ ਕਿ “ਇਹ ਉਹ ਆਦਮੀ ਅਤੇ ਔਰਤਾਂ ਹਨ ਜਿਨ੍ਹਾਂ ਨੂੰ ਉਨ੍ਹਾਂ ਸਸਤੀਆਂ ਟੀ. ਬੀ. ਵਿਰੁੱਧ ਲੜਨ ਵਾਲੀਆਂ ਦਵਾਈਆਂ ਤੋਂ ਲਾਭ ਨਹੀਂ ਮਿਲਿਆ ਜੋ ਉਨ੍ਹਾਂ ਦੇ ਤਪਦਿਕ ਦਾ ਇਲਾਜ ਕਰਨ ਵਾਸਤੇ ਜ਼ਰੂਰੀ ਸਨ।”
ਟੀ. ਬੀ. ਦੇ ਨਵੇਂ ਰੂਪ ਜਿਨ੍ਹਾਂ ਉੱਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ। ਮਨੁੱਖਾਂ ਦੇ ਐਂਟੀਬਾਇਓਟਿਕ ਦਵਾਈਆਂ ਦੇ ਭੰਡਾਰ ਤੋਂ ਮਹਿਫੂਜ਼ “ਸੁਪਰ-ਜੀਵਾਣੂ,” ਅਕਸਰ ਕਹਾਣੀਆਂ ਵਿਚ ਹੀ ਹੁੰਦੇ ਹਨ ਪਰ ਟੀ. ਬੀ. ਦੇ ਮਾਮਲੇ ਵਿਚ ਇਨ੍ਹਾਂ ਦੀ ਅਸਲੀਅਤ ਤੇਜ਼ੀ ਨਾਲ ਸਾਮ੍ਹਣੇ ਆ ਰਹੀ ਹੈ। ਹੋ ਸਕਦਾ ਹੈ ਕਿ 5 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਇਦ ਪਹਿਲਾਂ ਹੀ ਟੀ. ਬੀ. ਦੀ ਅਜਿਹੀ ਛੂਤ ਲੱਗੀ ਹੋਵੇ ਜਿਸ ਤੇ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ। ਕੁਝ ਹੀ ਹਫ਼ਤਿਆਂ ਬਾਅਦ ਟੀ. ਬੀ. ਦੇ ਉਹ ਮਰੀਜ਼ ਜੋ ਆਪਣੀਆਂ ਦਵਾਈਆਂ ਲੈਣੀਆਂ ਬੰਦ ਕਰ ਦਿੰਦੇ ਹਨ, ਕਿਉਂ ਜੋ ਉਹ ਰਾਜ਼ੀ ਮਹਿਸੂਸ ਕਰਦੇ ਹਨ, ਜਾਂ ਉਨ੍ਹਾਂ ਦੀ ਦਵਾਈ ਖ਼ਤਮ ਹੋ ਗਈ ਹੈ, ਜਾਂ ਸਮਾਜ ਵਿਚ ਇਹ ਬੀਮਾਰੀ ਸ਼ਰਮ ਦੀ ਗੱਲ ਹੈ, ਉਨ੍ਹਾਂ ਦੇ ਸਰੀਰਾਂ ਵਿਚ ਟੀ. ਬੀ. ਦੇ ਸਾਰੇ ਜੀਵਾਣੂ ਨਹੀਂ ਮਰਦੇ। ਮਿਸਾਲ ਲਈ, ਏਸ਼ੀਆ ਦੇ ਇਕ ਦੇਸ਼ ਵਿਚ, ਟੀ. ਬੀ. ਦੇ ਹਰ ਤਿੰਨ ਮਰੀਜ਼ਾਂ ਵਿੱਚੋਂ ਦੋ ਆਪਣਾ ਇਲਾਜ ਅਧੂਰਾ ਛੱਡ ਦਿੰਦੇ ਹਨ। ਜਦੋਂ ਉਹ ਦੁਬਾਰਾ ਬੀਮਾਰ ਹੋ ਜਾਂਦੇ ਹਨ ਤਾਂ ਸ਼ਾਇਦ ਬੀਮਾਰੀ ਦਾ ਇਲਾਜ ਕਰਨਾ ਜ਼ਿਆਦਾ ਔਖਾ ਹੋਵੇ ਕਿਉਂਕਿ ਜਿਹੜੇ ਜੀਵਾਣੂ ਅੱਗੇ ਬਚ ਗਏ ਸਨ ਉਹ ਟੀ. ਬੀ. ਦੀ ਹਰ ਦਵਾਈ ਵਿਰੁੱਧ ਲੜ ਕੇ ਉਸ ਨੂੰ ਅਸਫ਼ਲ ਬਣਾ ਦਿੰਦੇ ਹਨ। ਨਤੀਜੇ ਵਜੋਂ, ਮਰੀਜ਼ਾਂ ਨੂੰ ਅਜਿਹੀ ਕਿਸਮ ਦੀ ਟੀ. ਬੀ. ਹੋ ਜਾਂਦੀ ਹੈ ਜੋ ਉਨ੍ਹਾਂ ਲਈ ਅਤੇ ਉਨ੍ਹਾਂ ਤੋਂ ਛੂਤ ਲੱਗਣ ਵਾਲਿਆਂ ਲਈ ਲਾਇਲਾਜ ਹੈ। ਅਤੇ ਜਦੋਂ ਇਹ ਮਾਰੂ ਜੀਵਾਣੂ ਇਕ ਵਾਰ ਹਵਾ ਵਿਚ ਫੈਲ ਜਾਂਦਾ ਹੈ, ਤਾਂ ਸਾਡੇ ਕੋਲ ਸਿਰਫ਼ ਇਕ ਹੀ ਡਰਾਉਣਾ ਸਵਾਲ ਬਾਕੀ ਰਹਿੰਦਾ ਹੈ, ਕੀ ਮਨੁੱਖ ਇਸ ਉੱਤੇ ਕਾਬੂ ਪਾ ਸਕਣਗੇ?
[ਸਫ਼ੇ 22 ਉੱਤੇ ਡੱਬੀ]
ਪੂਰੀ ਦੁਨੀਆਂ ਟੀ. ਬੀ. ਦੀ ਮੁੱਠੀ ਵਿਚ
ਤਪਦਿਕ (ਟੀ. ਬੀ.) ਦੀ ਮਹਾਂਮਾਰੀ ਸਾਲੋਂ-ਸਾਲ ਜ਼ਿਆਦਾ ਵੱਡੀ, ਜ਼ਿਆਦਾ ਮਹਿੰਗੀ, ਅਤੇ ਜ਼ਿਆਦਾ ਖ਼ਤਰਨਾਕ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਇਕੱਠੀਆਂ ਕੀਤੀਆਂ ਗਈਆਂ ਰਿਪੋਰਟਾਂ ਇਸ ਚੁੱਪ-ਚੁਪੀਤੇ ਕਾਤਲ ਦੇ ਫੈਲਾਅ ਦਾ ਸੰਕੇਤ ਕਰਦੀਆਂ ਹਨ। ਇਹ ਕੁਝ ਮਿਸਾਲਾਂ ਹਨ: “ਪਾਕਿਸਤਾਨ ਤਪਦਿਕ ਵਿਰੁੱਧ ਬਾਜ਼ੀ ਹਾਰਦਾ ਗਿਆ ਹੈ।” “ਥਾਈਲੈਂਡ ਵਿਚ ਤਪਦਿਕ ਬਹੁਤ ਸਖ਼ਤੀ ਨਾਲ ਦੁਬਾਰਾ ਪ੍ਰਗਟ ਹੋ ਗਿਆ ਹੈ।” “ਅੱਜ, ਬ੍ਰਾਜ਼ੀਲ ਵਿਚ ਤਪਦਿਕ ਨੂੰ ਬੀਮਾਰੀ ਅਤੇ ਮੌਤ ਦੇ ਮੁੱਖ ਕਾਰਨਾਂ ਵਿਚ ਗਿਣਿਆ ਜਾਂਦਾ ਹੈ।” “ਤਪਦਿਕ ਨੇ ਮੈਕਸੀਕੋ ਦੇ ਲੋਕਾਂ ਨੂੰ ਆਪਣੀ ਮੁੱਠੀ ਵਿਚ ਪਕੜ ਕੇ ਰੱਖਿਆ ਹੋਇਆ ਹੈ।” ਰੂਸ ਵਿਚ “ਟੀ. ਬੀ. ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।” ਈਥੀਓਪੀਆ ਵਿਚ “ਤਪਦਿਕ ਪੂਰੇ ਦੇਸ਼ ਵਿਚ ਫੈਲਦਾ ਜਾਂਦਾ ਹੈ।” “ਪੂਰੀ ਦੁਨੀਆਂ ਵਿੱਚੋਂ ਦੱਖਣੀ ਅਫ਼ਰੀਕਾ ਵਿਚ ਟੀ. ਬੀ. ਦੇ ਕੇਸਾਂ ਦੀ ਇਕ ਸਭ ਤੋਂ ਜ਼ਿਆਦਾ ਰਿਕਾਰਡ ਕੀਤੀ ਗਈ ਗਿਣਤੀ ਹੈ।”
ਭਾਵੇਂ ਕਿ ਟੀ. ਬੀ. ਦਿਆਂ ਸੌ ਮਰੀਜ਼ਾਂ ਵਿੱਚੋਂ 95 ਮਰੀਜ਼ ਦੁਨੀਆਂ ਦੇ ਗ਼ਰੀਬ ਦੇਸ਼ਾਂ ਵਿਚ ਰਹਿੰਦੇ ਹਨ, ਟੀ. ਬੀ. ਅਮੀਰ ਦੇਸ਼ਾਂ ਵਿਚ ਵੀ ਫੈਲ ਰਹੀ ਹੈ। ਸੰਯੁਕਤ ਰਾਜ ਅਮਰੀਕਾ ਨੇ 1990 ਦੇ ਦਹਾਕੇ ਦੇ ਮੁਢਲਿਆਂ ਸਾਲਾਂ ਦੌਰਾਨ ਟੀ. ਬੀ. ਦੇ ਰਿਪੋਰਟ ਕੀਤੇ ਗਏ ਕੇਸਾਂ ਵਿਚ ਤੇਜ਼ ਵਾਧਾ ਦੇਖਿਆ ਸੀ। ਯੂ. ਐੱਸ. ਦੀ ਪੱਤਰਕਾਰ ਵੈਲਰੀ ਗਾਰਟਸੇਫ ਕਹਿੰਦੀ ਹੈ ਕਿ ਟੀ. ਬੀ. “ਅਮਰੀਕਾ ਦੇ ਲੋਕਾਂ ਨੂੰ ਇਕ ਬਾਰ ਫਿਰ ਤੰਗ ਕਰਨ ਆਈ ਹੈ।” ਇਸ ਹੀ ਤਰ੍ਹਾਂ, ਰਾਇਲ ਨੀਦਰਲੈਂਡਜ਼ ਟੀ. ਬੀ. ਅਸੋਸੀਏਸ਼ਨ ਦੇ ਡਾਕਟਰ ਯਾਪ ਬਰੂਕਮਾਂਸ ਨੇ ਹਾਲ ਹੀ ਵਿਚ ਕਿਹਾ ਕਿ ਟੀ. ਬੀ. ਦੀ ਮਹਾਂਮਾਰੀ “ਪੂਰਬੀ ਯੂਰਪ ਅਤੇ ਪੱਛਮੀ ਯੂਰਪ ਦੇ ਕੁਝ ਹਿੱਸਿਆਂ ਵਿਚ ਵਧਣ ਲੱਗ ਪਈ ਹੈ।” ਇਸ ਲਈ ਹੈਰਾਨੀ ਦੀ ਕੋਈ ਗੱਲ ਨਹੀਂ ਕਿ 22 ਅਗਸਤ 1997 ਦਾ ਸਾਇੰਸ ਰਸਾਲਾ ਕਹਿੰਦਾ ਹੈ ਕਿ “ਟੀ. ਬੀ. ਹਾਲੇ ਵੀ ਸਿਹਤ ਲਈ ਇਕ ਬਹੁਤ ਵੱਡਾ ਖ਼ਤਰਾ ਹੈ।”
[ਸਫ਼ੇ 24 ਉੱਤੇ ਡੱਬੀ]
ਟੀ. ਬੀ. ਦੀ ਬਣਾਵਟ ਜਾਣੀ ਗਈ
ਹਾਲ ਹੀ ਵਿਚ ਖੋਜਕਾਰ ਤਪਦਿਕ (ਟੀ. ਬੀ.) ਦੇ ਬੈਕਟੀਰੀਆ ਦੀ ਪੂਰੀ ਜੀਨ-ਸੰਬੰਧੀ ਬਣਾਵਟ ਲਿਖਣ ਵਿਚ ਕਾਮਯਾਬ ਹੋਏ। ਲੰਡਨ ਵਿਚ ਇੰਪੀਰੀਅਲ ਕਾਲਜ ਸਕੂਲ ਆਫ਼ ਮੈਡੀਸਨ ਦਾ ਡਾਕਟਰ ਡਗਲਸ ਯੰਗ ਕਹਿੰਦਾ ਹੈ ਕਿ ਇਹ ਪ੍ਰਾਪਤੀ “ਮਨੁੱਖਾਂ ਦੇ ਇਕ ਸਭ ਤੋਂ ਕਾਮਯਾਬ ਕਾਤਲ ਦੇ ਵਿਰੁੱਧ ਲੜਾਈ ਵਿਚ ਇਕ ਨਵਾਂ ਪੜਾਅ ਹੈ।” ਵਿਸ਼ਵ ਸਿਹਤ ਸੰਗਠਨ ਰਿਪੋਰਟ ਕਰਦਾ ਹੈ ਕਿ ਇਹ ਲੱਭਤ “ਭਵਿੱਖ ਵਿਚ ਟੀ. ਬੀ. ਦੀਆਂ ਦਵਾਈਆਂ ਅਤੇ ਟੀਕਿਆਂ ਦੀ ਖੋਜ ਵਾਸਤੇ ਬਹੁਮੁੱਲੀ ਸਾਬਤ ਹੋ ਸਕਦੀ ਹੈ।”—ਦ ਟੀ. ਬੀ. ਟਰੀਟਮੰਟ ਔਬਜ਼ਰਵਰ, 15 ਸਤੰਬਰ 1998.
[ਸਫ਼ੇ 23 ਉੱਤੇ ਤਸਵੀਰਾਂ]
ਇਹ ਇਕੱਠੀਆਂ ਲਈਆਂ ਗਈਆਂ ਦਵਾਈਆਂ ਟੀ. ਬੀ. ਦੇ ਜੀਵਾਣੂਆਂ ਨੂੰ ਮਿਟਾ ਸਕਦੀਆਂ ਹਨ
[ਕ੍ਰੈਡਿਟ ਲਾਈਨਾਂ]
Photo supplied by WHO, Geneva
Photo: WHO/Thierry Falise
[ਸਫ਼ੇ 24 ਉੱਤੇ ਤਸਵੀਰਾਂ]
ਇਕ ਮਰੀਜ਼ ਦਾ ਇਲਾਜ ਕਰਨ ਵਾਸਤੇ ਸਿਰਫ਼ 100 ਡਾਲਰ ਲੱਗਦੇ ਹਨ
[ਕ੍ਰੈਡਿਟ ਲਾਈਨਾਂ]
Photo: WHO/Thierry Falise
Photo supplied by WHO, Geneva
[ਸਫ਼ੇ 21 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Photo: WHO/Thierry Falise
Photo supplied by WHO, Geneva
Photo: WHO/Thierry Falise