ਤੁਹਾਡਾ ਜੀਵਨ-ਢੰਗ—ਕੀ-ਕੀ ਖ਼ਤਰੇ?
ਕਈ ਤਰੀਕਿਆਂ ਨਾਲ, ਸੰਸਾਰ ਭਰ ਵਿਚ ਲੋਕਾਂ ਦੀ ਸਿਹਤ ਪਹਿਲਾਂ ਨਾਲੋਂ ਕਿਤੇ ਬਿਹਤਰ ਹੁੰਦੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੀ 1998 ਦੀ ਰਿਪੋਰਟ ਦੱਸਦੀ ਹੈ: “ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਕੁਝ ਹੱਦ ਤਕ ਸਿਹਤ-ਸੇਵਾਵਾਂ, ਸਾਫ਼ ਪਾਣੀ ਦੀ ਸਪਲਾਈ ਅਤੇ ਸਫ਼ਾਈ-ਪ੍ਰਬੰਧ ਤਾਂ ਪ੍ਰਾਪਤ ਹੀ ਹਨ।” ਪਰ ਯਕੀਨਨ, ਸੰਸਾਰ ਦੇ ਕਾਫ਼ੀ ਸਾਰੇ ਲੋਕ ਅਜੇ ਵੀ ਘਟੀਆ ਵਾਤਾਵਰਣ ਵਿਚ ਰਹਿੰਦੇ ਹਨ। ਫਿਰ ਵੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ “ਪਿਛਲੇ 50 ਸਾਲਾਂ ਵਿਚ ਵਿਸ਼ਵ ਭਰ ਵਿਚ ਜਿੰਨੀ ਗ਼ਰੀਬੀ ਦੂਰ ਕੀਤੀ ਗਈ ਹੈ ਉੱਨੀ ਤਾਂ ਉਸ ਤੋਂ ਪਹਿਲਾਂ ਦੇ 500 ਸਾਲਾਂ ਵਿਚ ਵੀ ਨਹੀਂ ਕੀਤੀ ਗਈ।”
ਸੰਸਾਰ ਦੀਆਂ ਸਿਹਤ-ਸੰਭਾਲ ਪ੍ਰਣਾਲੀਆਂ ਵਿਚ ਸੁਧਾਰ ਹੋਣ ਨਾਲ, ਨਵਜੰਮੇ ਬੱਚਿਆਂ ਦੀ ਔਸਤਨ ਉਮਰ ਵਿਚ ਵਾਧਾ ਹੋਇਆ ਹੈ। ਸੰਨ 1995 ਵਿਚ ਮਨੁੱਖ ਦੀ ਔਸਤਨ ਉਮਰ 48 ਸਾਲ ਸੀ। ਪਰ 1995 ਵਿਚ ਇਹ ਵੱਧ ਕੇ 65 ਸਾਲ ਹੋ ਗਈ। ਉਮਰ ਦੇ ਵਧਣ ਦਾ ਇਕ ਕਾਰਨ ਇਹ ਹੈ ਕਿ ਬੱਚਿਆਂ ਦੀਆਂ ਬੀਮਾਰੀਆਂ ਉੱਤੇ ਕਾਬੂ ਪਾਉਣ ਵਿਚ ਕਾਫ਼ੀ ਤਰੱਕੀ ਹੋਈ ਹੈ।
ਅੱਜ ਤੋਂ ਸਿਰਫ਼ 40 ਸਾਲ ਪਹਿਲਾਂ, ਮਰਨ ਵਾਲਿਆਂ ਦੀ ਕੁੱਲ ਗਿਣਤੀ ਵਿੱਚੋਂ 40 ਫੀ ਸਦੀ ਮੌਤਾਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਸਨ। ਪਰ 1998 ਤਕ, ਟੀਕਿਆਂ ਅਤੇ ਦਵਾਈਆਂ ਦੇ ਸਦਕਾ ਸੰਸਾਰ ਭਰ ਦੇ ਬਹੁਤ ਸਾਰੇ ਬੱਚਿਆਂ ਨੂੰ ਖ਼ਤਰਨਾਕ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾ ਚੁੱਕਾ ਸੀ। ਇਸ ਤਰ੍ਹਾਂ, ਹੁਣ ਕੁੱਲ ਮੌਤਾਂ ਵਿੱਚੋਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਘੱਟ ਕੇ 21 ਫੀ ਸਦੀ ਰਹਿ ਗਈ ਹੈ। WHO ਅਨੁਸਾਰ, “ਲੋਕਾਂ ਦੀ ਨਰੋਈ ਅਤੇ ਲੰਮੀ ਜ਼ਿੰਦਗੀ ਜੀਉਣ ਦੀ ਸੰਭਾਵਨਾ ਸਪੱਸ਼ਟ ਤੌਰ ਤੇ ਵਧਦੀ ਜਾ ਰਹੀ ਹੈ।”
ਪਰੰਤੂ, ਜੇਕਰ ਜੀਉਣ ਦੇ ਪੱਧਰ ਵਿਚ ਹੀ ਸੁਧਾਰ ਨਾ ਹੋਵੇ ਤਾਂ ਲੰਮੀ ਉਮਰ ਦਾ ਕੋਈ ਫ਼ਾਇਦਾ ਨਹੀਂ। ਵਧੀਆ ਹਾਲਾਤਾਂ ਦੀ ਭਾਲ ਵਿਚ, ਬਹੁਤ ਸਾਰੇ ਲੋਕ ਸੁੱਖ-ਸਾਧਨ ਅਤੇ ਐਸ਼ੋ-ਆਰਾਮ ਪ੍ਰਾਪਤ ਕਰਨ ਉੱਤੇ ਜ਼ੋਰ ਦਿੰਦੇ ਹਨ। ਪਰ, ਇਸ ਤਰ੍ਹਾਂ ਦੇ ਜੀਵਨ-ਢੰਗ ਦੇ ਵੀ ਖ਼ਤਰੇ ਹੋ ਸਕਦੇ ਹਨ।
ਇਕ ਬਿਹਤਰ ਜੀਵਨ-ਢੰਗ?
ਹਾਲ ਹੀ ਵਿਚ ਹੋਈ ਸਮਾਜਕ-ਆਰਥਿਕ ਤਰੱਕੀ ਕਾਰਨ ਲੋਕਾਂ ਦੇ ਜੀਵਨ-ਢੰਗ ਵਿਚ ਜ਼ਬਰਦਸਤ ਤਬਦੀਲੀਆਂ ਆਈਆਂ ਹਨ। ਹੁਣ ਬਹੁਤ ਸਾਰੇ ਵਿਕਸਿਤ ਦੇਸ਼ਾਂ ਦੇ ਲੋਕਾਂ ਲਈ ਉਨ੍ਹਾਂ ਚੀਜ਼ਾਂ ਅਤੇ ਸੇਵਾਵਾਂ ਨੂੰ ਖ਼ਰੀਦਣਾ ਮੁਮਕਿਨ ਹੋ ਗਿਆ ਹੈ ਜਿਹੜੀਆਂ ਪਹਿਲਾਂ ਸਿਰਫ਼ ਅਮੀਰ ਲੋਕਾਂ ਦੀ ਹੀ ਪਹੁੰਚ ਵਿਚ ਸਨ। ਬੇਸ਼ੱਕ ਇਨ੍ਹਾਂ ਵਿੱਚੋਂ ਕੁਝ ਤਰੱਕੀਆਂ ਨਾਲ ਲੰਮੀ ਉਮਰ ਦੀ ਸੰਭਾਵਨਾ ਵਧੀ ਹੈ, ਪਰ ਬਹੁਤ ਸਾਰੇ ਲੋਕ ਆਤਮ-ਵਿਨਾਸ਼ਕ ਜੀਵਨ-ਢੰਗ ਅਪਣਾਉਣ ਲਈ ਵੀ ਭਰਮਾਏ ਗਏ ਹਨ।
ਉਦਾਹਰਣ ਲਈ, ਲੱਖਾਂ ਹੀ ਲੋਕਾਂ ਨੇ ਹੋਰ ਜ਼ਿਆਦਾ ਚੀਜ਼ਾਂ ਖ਼ਰੀਦਣ ਦੀ ਆਪਣੀ ਹੈਸੀਅਤ ਨੂੰ ਗ਼ੈਰ-ਜ਼ਰੂਰੀ ਚੀਜ਼ਾਂ ਖ਼ਰੀਦਣ ਲਈ ਵਰਤਿਆ ਹੈ, ਜਿਵੇਂ ਕਿ ਨਸ਼ੀਲੀਆਂ ਦਵਾਈਆਂ, ਸ਼ਰਾਬ ਅਤੇ ਤਮਾਖੂ। ਦੁੱਖ ਦੀ ਗੱਲ ਹੈ ਕਿ ਇਸ ਦੇ ਭੈੜੇ ਨਤੀਜੇ ਹੁਣ ਨਜ਼ਰ ਆ ਰਹੇ ਹਨ। ਵਰਲਡ ਵੌਚ ਨਾਮਕ ਇਕ ਰਸਾਲਾ ਕਹਿੰਦਾ ਹੈ: “ਸੰਸਾਰ ਵਿਚ ਲੋਕਾਂ ਦੀ ਸਿਹਤ ਲਈ ਬਹੁਤ ਤੇਜ਼ੀ ਨਾਲ ਵੱਧ ਰਿਹਾ ਖ਼ਤਰਾ ਇਕ ਬੀਮਾਰੀ ਨਹੀਂ ਹੈ, ਬਲਕਿ ਇਹ ਇਕ ਉਤਪਾਦਨ ਹੈ।” ਇਹ ਰਸਾਲਾ ਅੱਗੇ ਕਹਿੰਦਾ ਹੈ: “25 ਸਾਲਾਂ ਵਿਚ ਛੂਤ ਦੀਆਂ ਬੀਮਾਰੀਆਂ ਦੀ ਬਜਾਇ, ਤਮਾਖੂ ਨਾਲ ਲੱਗਣ ਵਾਲੀਆਂ ਬੀਮਾਰੀਆਂ ਵਿਸ਼ਵ-ਵਿਆਪੀ ਮਨੁੱਖੀ ਸਿਹਤ ਲਈ ਇਕ ਸਭ ਤੋਂ ਵੱਡਾ ਖ਼ਤਰਾ ਬਣ ਜਾਣਗੀਆਂ।” ਇਸ ਤੋਂ ਇਲਾਵਾ, ਸਾਇੰਟੀਫ਼ਿਕ ਅਮੈਰੀਕਨ ਰਸਾਲਾ ਕਹਿੰਦਾ ਹੈ: “ਹੈਰਾਨੀ ਦੀ ਗੱਲ ਹੈ ਕਿ 30 ਫੀ ਸਦੀ ਜਾਨਲੇਵਾ ਕੈਂਸਰ, ਮੁੱਖ ਤੌਰ ਤੇ ਤਮਾਖੂਨੋਸ਼ੀ ਕਰਕੇ ਹੀ ਹੁੰਦੇ ਹਨ ਅਤੇ ਇਸ ਦੇ ਨਾਲ-ਨਾਲ 30 ਫੀ ਸਦੀ ਹੋਰ ਕੈਂਸਰ ਲੋਕਾਂ ਦੇ ਜੀਵਨ-ਢੰਗ, ਖ਼ਾਸ ਤੌਰ ਤੇ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਕਸਰਤ ਦੀ ਘਾਟ ਕਰਕੇ ਹੁੰਦੇ ਹਨ।”
ਬਿਨਾਂ ਕਿਸੇ ਸ਼ੱਕ ਤੋਂ, ਅਸੀਂ ਜਿੱਦਾਂ ਦਾ ਵੀ ਜੀਵਨ-ਢੰਗ ਚੁਣਦੇ ਹਾਂ, ਉਸ ਦਾ ਸਾਡੀ ਸਿਹਤ ਉੱਤੇ ਬਹੁਤ ਅਸਰ ਪੈਂਦਾ ਹੈ। ਤਾਂ ਫਿਰ ਅਸੀਂ ਆਪਣੀ ਸਿਹਤ ਦੀ ਦੇਖ-ਭਾਲ ਕਿਵੇਂ ਕਰ ਸਕਦੇ ਹਾਂ ਅਤੇ ਉਸ ਨੂੰ ਕਿਵੇਂ ਸੁਧਾਰ ਸਕਦੇ ਹਾਂ? ਕੀ ਚੰਗੀ ਖ਼ੁਰਾਕ ਅਤੇ ਕਸਰਤ ਕਾਫ਼ੀ ਹਨ? ਇਸ ਤੋਂ ਇਲਾਵਾ, ਇਕ ਨਰੋਏ ਜੀਵਨ-ਢੰਗ ਵਿਚ ਮਾਨਸਿਕ ਅਤੇ ਅਧਿਆਤਮਿਕ ਗੱਲਾਂ ਦੀ ਕੀ ਅਹਿਮੀਅਤ ਹੈ?