ਇਕ ਨਰੋਆ ਮਾਨਸਿਕ ਨਜ਼ਰੀਆ ਕਿਵੇਂ ਕਾਇਮ ਰੱਖੀਏ
ਸਾਡੀ ਸਰੀਰਕ ਸਿਹਤ ਕਾਫ਼ੀ ਹੱਦ ਤਕ ਸਾਡੇ ਖਾਣੇ ਉੱਤੇ ਨਿਰਭਰ ਕਰਦੀ ਹੈ। ਜੇਕਰ ਇਕ ਵਿਅਕਤੀ ਨਿਯਮਿਤ ਤੌਰ ਤੇ ਘਟੀਆ ਭੋਜਨ ਖਾਂਦਾ ਹੈ ਤਾਂ ਉਸ ਦੀ ਸਿਹਤ ਨੂੰ ਆਖ਼ਰਕਾਰ ਇਸ ਦਾ ਨੁਕਸਾਨ ਭੁਗਤਣਾ ਪਵੇਗਾ। ਇਹੀ ਗੱਲ ਸਾਡੀ ਮਾਨਸਿਕ ਸਿਹਤ ਉੱਤੇ ਵੀ ਲਾਗੂ ਹੁੰਦੀ ਹੈ।
ਮਿਸਾਲ ਵਜੋਂ, ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜੋ ਕੁਝ ਵੀ ਆਪਣੇ ਦਿਮਾਗ਼ ਵਿਚ ਪਾਉਂਦੇ ਹਾਂ, ਉਹ ਸਾਡੇ ਲਈ ਇਕ ਤਰ੍ਹਾਂ ਦਾ ਮਾਨਸਿਕ ਭੋਜਨ ਹੈ। ਮਾਨਸਿਕ ਭੋਜਨ? ਜੀ ਹਾਂ, ਕਿਤਾਬਾਂ, ਰਸਾਲਿਆਂ, ਟੈਲੀਵਿਯਨ ਪ੍ਰੋਗ੍ਰਾਮਾਂ, ਵਿਡਿਓ, ਵਿਡਿਓ-ਖੇਡਾਂ, ਇੰਟਰਨੈੱਟ ਅਤੇ ਗੀਤ ਦੇ ਬੋਲਾਂ ਦਾ ਸਾਡੀ ਸੋਚ ਅਤੇ ਸਾਡੀ ਸ਼ਖ਼ਸੀਅਤ ਉੱਤੇ ਉਸੇ ਤਰ੍ਹਾਂ ਅਸਰ ਪੈ ਸਕਦਾ ਹੈ ਜਿਸ ਤਰ੍ਹਾਂ ਸਰੀਰਕ ਭੋਜਨ ਦਾ ਸਾਡੇ ਸਰੀਰ ਉੱਤੇ ਅਸਰ ਪੈਂਦਾ ਹੈ। ਉਹ ਕਿਵੇਂ?
ਇਕ ਵਿਗਿਆਪਨ ਕੰਪਨੀ ਦੇ ਸਾਬਕਾ ਪ੍ਰਬੰਧਕ, ਜੈਰੀ ਮੈਂਡਰ ਨੇ ਸਾਡੀਆਂ ਜ਼ਿੰਦਗੀਆਂ ਉੱਤੇ ਪੈਂਦੇ ਟੈਲੀਵਿਯਨ ਦੇ ਅਸਰ ਬਾਰੇ ਲਿਖਿਆ: “ਕਿਸੇ ਹੋਰ ਅਸਰ ਤੋਂ ਜ਼ਿਆਦਾ ਟੈਲੀਵਿਯਨ ਸਾਡੇ ਦਿਮਾਗ਼ ਵਿਚ ਹੂ-ਬਹੂ ਤਸਵੀਰਾਂ ਬਿਠਾਉਂਦਾ ਹੈ।” ਪਰ, ਇਹ ਮਾਨਸਿਕ ਤਸਵੀਰਾਂ ਸਿਰਫ਼ ਸਾਡਾ ਮਨੋਰੰਜਨ ਹੀ ਨਹੀਂ ਕਰਦੀਆਂ। ਦ ਫੈਮਿਲੀ ਥੈਰੇਪੀ ਨੈੱਟਵਰਕਰ ਰਸਾਲਾ ਕਹਿੰਦਾ ਹੈ: “ਪ੍ਰਸਾਰ ਮਾਧਿਅਮ ਦੀ ਭਾਸ਼ਾ, ਤਸਵੀਰਾਂ, ਆਵਾਜ਼ਾਂ, ਵਿਚਾਰਾਂ, ਕਿਰਦਾਰ, ਹਾਲਾਤਾਂ, ਕਦਰਾਂ-ਕੀਮਤਾਂ, ਸੁੰਦਰਤਾ ਦੀ ਧਾਰਨਾ, ਇਹ ਸਭ ਚੀਜ਼ਾਂ ਸਾਡੀਆਂ ਸੋਚਾਂ, ਭਾਵਨਾਵਾਂ ਅਤੇ ਕਲਪਨਾਵਾਂ ਉੱਤੇ ਹਾਵੀ ਹੋ ਜਾਂਦੀਆਂ ਹਨ।”
ਜੀ ਹਾਂ, ਜਾਣੇ-ਅਣਜਾਣੇ ਵਿਚ, ਜੋ ਕੁਝ ਵੀ ਅਸੀਂ ਟੈਲੀਵਿਯਨ ਉੱਤੇ ਜਾਂ ਕਿਸੇ ਹੋਰ ਤਰ੍ਹਾਂ ਦੇ ਮਨੋਰੰਜਨ ਰਾਹੀਂ ਦੇਖਦੇ ਹਾਂ, ਇਹ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਉੱਤੇ ਬੜੀ ਬਾਰੀਕੀ ਨਾਲ ਅਸਰ ਪਾ ਸਕਦੀਆਂ ਹਨ। ਅਤੇ ਇੱਥੇ ਹੀ ਖ਼ਤਰਾ ਹੈ। ਜਿਵੇਂ ਮੈਂਡਰ ਕਹਿੰਦਾ ਹੈ, “ਅਸੀਂ ਇਨਸਾਨ ਜਿਹੜੀਆਂ ਵੀ ਤਸਵੀਰਾਂ ਆਪਣੇ ਦਿਮਾਗ਼ ਵਿਚ ਬਿਠਾਉਂਦੇ ਹਾਂ, ਹੌਲੀ-ਹੌਲੀ ਅਸੀਂ ਉਸੇ ਤਰ੍ਹਾਂ ਦੇ ਹੀ ਬਣ ਜਾਂਦੇ ਹਾਂ।”
ਦਿਮਾਗ਼ ਲਈ ਜ਼ਹਿਰ
ਬਹੁਤ ਸਾਰੇ ਲੋਕ ਸ਼ਾਇਦ ਆਪਣੇ ਸਰੀਰਕ ਭੋਜਨ ਵੱਲ ਕਾਫ਼ੀ ਧਿਆਨ ਦਿੰਦੇ ਹੋਣ, ਪਰ ਉਹ ਮੀਡੀਆ ਦੁਆਰਾ ਪੇਸ਼ ਕੀਤੇ ਗਏ ਹਰ ਤਰ੍ਹਾਂ ਦੇ ਮਾਨਸਿਕ ਭੋਜਨ ਨੂੰ ਅੰਨ੍ਹੇਵਾਹ ਨਿਗਲੀ ਜਾਂਦੇ ਹਨ। ਮਿਸਾਲ ਵਜੋਂ, ਕੀ ਤੁਸੀਂ ਕਦੇ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ: “ਟੀ. ਵੀ. ਤੇ ਕੋਈ ਵੀ ਚੰਗਾ ਪ੍ਰੋਗ੍ਰਾਮ ਨਹੀਂ ਆਉਂਦਾ!” ਕੁਝ ਲੋਕ ਤਾਂ ਟੀ. ਵੀ. ਨਾਲ ਇੰਨੇ ਕੀਲੇ ਜਾਂਦੇ ਹਨ ਕਿ ਉਹ ਚੈਨਲਾਂ ਨੂੰ ਲਗਾਤਾਰ ਇਸ ਉਮੀਦ ਨਾਲ ਬਦਲਦੇ ਰਹਿੰਦੇ ਹਨ ਕਿ ਸ਼ਾਇਦ ਕੋਈ ਨਾ ਕੋਈ ਚੰਗਾ ਪ੍ਰੋਗ੍ਰਾਮ ਆ ਹੀ ਜਾਵੇ। ਪਰ ਟੀ. ਵੀ. ਬੰਦ ਕਰਨ ਦਾ ਖ਼ਿਆਲ ਉਨ੍ਹਾਂ ਦੇ ਮਨ ਵਿਚ ਕਦੇ ਵੀ ਨਹੀਂ ਆਉਂਦਾ!
ਸਾਡਾ ਕਾਫ਼ੀ ਸਮਾਂ ਬਰਬਾਦ ਕਰਨ ਤੋਂ ਇਲਾਵਾ, ਟੀ. ਵੀ. ਤੇ ਬਹੁਤ ਸਾਰੇ ਇਹੋ ਜਿਹੇ ਪ੍ਰੋਗ੍ਰਾਮ ਦਿਖਾਏ ਜਾਂਦੇ ਹਨ, ਜਿਨ੍ਹਾਂ ਤੋਂ ਮਸੀਹੀ ਪਰਹੇਜ਼ ਕਰਨਾ ਚਾਹੁਣਗੇ। ਕਲਾ ਦਾ ਇਕ ਲੇਖਕ ਗੈਰੀ ਕੋਲਟੂਕੀਆਨ ਕਹਿੰਦਾ ਹੈ: “ਗੰਦੀ ਬੋਲੀ ਤੋਂ ਇਲਾਵਾ, ਅੱਜ ਟੀ. ਵੀ. ਤੇ ਵਿਵਾਦਮਈ ਅਤੇ ਕਾਮੁਕਤਾ ਭਰੇ ਪ੍ਰੋਗ੍ਰਾਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿਖਾਏ ਜਾ ਰਹੇ ਹਨ।” ਅਸਲ ਵਿਚ, ਸੰਯੁਕਤ ਰਾਜ ਅਮਰੀਕਾ ਵਿਚ ਕੀਤੇ ਹਾਲ ਹੀ ਦੇ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਰੋਜ਼ਾਨਾ ਸ਼ਾਮ 7 ਵਜੇ ਤੋਂ 11 ਵਜੇ ਦੇ ਦੌਰਾਨ ਟੈਲੀਵਿਯਨ ਤੇ ਕਾਮੁਕ ਦ੍ਰਿਸ਼, ਹਰ ਘੰਟੇ ਵਿਚ ਔਸਤਨ 27 ਵਾਰ ਦਿਖਾਏ ਜਾਂਦੇ ਹਨ।
ਇਸ ਕਾਰਨ ਇਕ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਲੋਕਾਂ ਦੀਆਂ ਸੋਚਾਂ ਉੱਤੇ ਟੈਲੀਵਿਯਨ ਦਾ ਕਿੰਨਾ ਪ੍ਰਭਾਵ ਪੈਂਦਾ ਹੈ। ਜਪਾਨ ਵਿਚ ਇਕ ਹਰਮਨਪਿਆਰੇ ਟੈਲੀਵਿਯਨ ਡਰਾਮੇ ਨੇ ਲੋਕਾਂ ਨੂੰ ਇੰਨਾ ਮੋਹਿਤ ਕਰ ਦਿੱਤਾ ਕਿ ਦੇਸ਼ ਦੇ ਮੀਡੀਆ ਨੇ ਕਿਹਾ ਕਿ ਇਸੇ ਕਰਕੇ “ਜ਼ਨਾਹ ਵਿਚ ਵੱਡਾ ਵਾਧਾ” ਹੋਇਆ ਹੈ। ਇਸ ਤੋਂ ਇਲਾਵਾ, ਵੌਚਿੰਗ ਅਮੈਰੀਕਾ ਨਾਮਕ ਕਿਤਾਬ ਦੇ ਲੇਖਕ ਕਹਿੰਦੇ ਹਨ: “ਅੱਜ ਕਈ ਤਰ੍ਹਾਂ ਦੇ ਕਾਮੁਕ ਵਿਹਾਰ . . . ਨਿੱਜੀ ਜੀਵਨ-ਢੰਗ ਦੀਆਂ ਜਾਇਜ਼ ਚੋਣਾਂ ਵਜੋਂ ਮੰਨ ਲਏ ਗਏ ਹਨ।”
ਫਿਰ ਵੀ, ਟੀ. ਵੀ. ਪ੍ਰੋਗ੍ਰਾਮਾਂ ਵਿਚ ਦਿਖਾਏ ਜਾਂਦੇ ਕਾਮੁਕ ਦ੍ਰਿਸ਼ ਹੀ ਇੱਕੋ-ਇੱਕ ਸਮੱਸਿਆ ਨਹੀਂ ਹਨ, ਸਗੋਂ ਹਿੰਸਾ ਦਾ ਸਜੀਵ ਚਿੱਤਰਣ ਵੀ ਬੜੀ ਆਮ ਜਿਹੀ ਗੱਲ ਹੋ ਗਈ ਹੈ। ਟੀ. ਵੀ. ਦੇ ਹਿੰਸਾ ਭਰੇ ਪ੍ਰੋਗ੍ਰਾਮਾਂ ਅਤੇ ਫ਼ਿਲਮਾਂ ਦਾ ਬੱਚਿਆਂ ਦੇ ਕੋਮਲ ਮਨਾਂ ਉੱਤੇ ਪੈ ਸਕਣ ਵਾਲਾ ਤਬਾਹਕੁੰਨ ਪ੍ਰਭਾਵ, ਅੱਜ ਖ਼ਾਸ ਤੌਰ ਤੇ ਚਿੰਤਾ ਦਾ ਵਿਸ਼ਾ ਹੈ। ਕਤਲ ਦੇ ਮਨੋਵਿਗਿਆਨ ਦਾ ਮਾਹਰ ਇਕ ਰਿਟਾਇਰ ਹੋਏ ਫ਼ੌਜੀ ਅਫ਼ਸਰ ਡੇਵਿਡ ਗ੍ਰੌਸਮਨ ਕਹਿੰਦਾ ਹੈ, “ਜਦੋਂ ਛੋਟੇ ਬੱਚੇ ਟੀ. ਵੀ ਤੇ ਇਹ ਦੇਖਦੇ ਹਨ ਕਿ ਕਿਸੇ ਵਿਅਕਤੀ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ, ਛੁਰਾ ਮਾਰਿਆ ਜਾਂਦਾ ਹੈ, ਬਲਾਤਕਾਰ ਕੀਤਾ ਜਾਂਦਾ ਹੈ, ਨਿਰਦਈਪੁਣਾ ਕੀਤਾ ਜਾਂਦਾ ਹੈ, ਘਟੀਆ ਵਿਹਾਰ ਕੀਤਾ ਜਾਂਦਾ ਹੈ ਜਾਂ ਕਤਲ ਕੀਤਾ ਜਾਂਦਾ ਹੈ,” ਤਾਂ ਇਹ “ਉਨ੍ਹਾਂ ਲਈ ਇੰਝ ਹੁੰਦਾ ਹੈ ਜਿਵੇਂ ਕਿ ਇਹ ਸਭ ਕੁਝ ਸੱਚੀ-ਮੁੱਚੀ ਵਾਪਰਿਆ ਹੋਵੇ।” ਇਸੇ ਸਮੱਸਿਆ ਉੱਤੇ ਟਿੱਪਣੀ ਕਰਦਿਆਂ, ਦ ਜਰਨਲ ਆਫ਼ ਦ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ: “ਤਿੰਨ ਤੋਂ ਚਾਰ ਸਾਲਾਂ ਦੀ ਉਮਰ ਤਕ ਦੇ ਕਈ ਬੱਚੇ, ਸਿਆਣਿਆਂ ਦੁਆਰਾ ਸਮਝਾਉਣ ਦੇ ਬਾਵਜੂਦ ਵੀ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ ਦਿਖਾਈਆਂ ਜਾਂਦੀਆਂ ਅਸਲੀ ਅਤੇ ਨਕਲੀ ਘਟਨਾਵਾਂ ਵਿਚ ਫ਼ਰਕ ਨੂੰ ਨਹੀਂ ਸਮਝ ਪਾਉਂਦੇ।” ਦੂਸਰੇ ਸ਼ਬਦਾਂ ਵਿਚ, ਬੇਸ਼ੱਕ ਮਾਂ-ਬਾਪ ਬੱਚੇ ਨੂੰ ਇਹ ਸਮਝਾਉਣ ਕਿ ‘ਉਹ ਲੋਕ ਅਸਲ ਵਿਚ ਨਹੀਂ ਮਰਦੇ; ਉਹ ਤਾਂ ਸਿਰਫ਼ ਦਿਖਾਵਾ ਹੀ ਕਰਦੇ ਸਨ,’ ਪਰ ਇਸ ਦੇ ਬਾਵਜੂਦ ਵੀ ਇਕ ਬੱਚੇ ਦਾ ਮਨ ਇਸ ਫ਼ਰਕ ਨੂੰ ਨਹੀਂ ਸਮਝ ਸਕਦਾ। ਇਕ ਛੋਟੇ ਬੱਚੇ ਲਈ, ਟੀ. ਵੀ. ਤੇ ਦਿਖਾਈ ਜਾਂਦੀ ਹਿੰਸਾ ਬਿਲਕੁਲ ਅਸਲੀ ਹੈ।
“ਮੀਡੀਆ ਦੁਆਰਾ ਦਿਖਾਈ ਜਾਂਦੀ ਹਿੰਸਾ” ਦੇ ਅਸਰ ਦਾ ਸਾਰਾਂਸ਼ ਦਿੰਦੇ ਹੋਏ, ਟਾਈਮ ਰਸਾਲੇ ਨੇ ਕਿਹਾ: “ਜ਼ਿਆਦਾਤਰ ਖੋਜਕਾਰ ਹੁਣ ਇਸ ਗੱਲ ਨਾਲ ਸਹਿਮਤ ਹਨ ਕਿ ਟੀ. ਵੀ. ਅਤੇ ਫ਼ਿਲਮਾਂ ਵਿਚ ਦਿਖਾਏ ਜਾਂਦੇ ਖ਼ੂਨ-ਖ਼ਰਾਬੇ ਨੂੰ ਦੇਖਣ ਵਾਲੇ ਬੱਚਿਆਂ ਉੱਤੇ ਇਸ ਦਾ ਬਹੁਤ ਅਸਰ ਪੈਂਦਾ ਹੈ।” ਕਿਸ ਤਰ੍ਹਾਂ ਦਾ ਅਸਰ ਪੈਂਦਾ ਹੈ? ਇਕ ਫ਼ਿਲਮ ਆਲੋਚਕ ਮਾਈਕਲ ਮੈਡਵੈਡ ਕਹਿੰਦਾ ਹੈ: “ਦਹਾਕਿਆਂ ਤੋਂ ਦਿਖਾਏ ਜਾ ਰਹੇ ਹਿੰਸਕ ਮਨੋਰੰਜਨ ਨੇ ਲੋਕਾਂ ਦੀਆਂ ਸੋਚਾਂ ਅਤੇ ਕਦਰਾਂ-ਕੀਮਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ।” ਉਹ ਅੱਗੇ ਕਹਿੰਦਾ ਹੈ: “ਇਹ ਕਿਸੇ ਸਮਾਜ ਦੀ ਕੋਈ ਤਰੱਕੀ ਨਹੀਂ ਜੇਕਰ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਹੀ ਮਰ ਜਾਣ।” ਇਸ ਲਈ ਇਕ ਲੇਖਕ ਦੇ ਕਹੇ ਗਏ ਇਨ੍ਹਾਂ ਸ਼ਬਦਾਂ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਕ ਚਾਰ ਸਾਲ ਦੇ ਬੱਚੇ ਨੂੰ ਹਿੰਸਕ ਫ਼ਿਲਮ ਦੇਖਣ ਲਈ ਲਿਜਾਣਾ “ਉਸ ਦੇ ਦਿਮਾਗ਼ ਵਿਚ ਜ਼ਹਿਰ ਭਰਨ ਦੇ ਬਰਾਬਰ ਹੈ।”
ਬੇਸ਼ੱਕ, ਇਸ ਦਾ ਮਤਲਬ ਇਹ ਨਹੀਂ ਕਿ ਟੈਲੀਵਿਯਨ ਦੇ ਸਾਰੇ ਹੀ ਪ੍ਰੋਗ੍ਰਾਮ ਬੁਰੇ ਹਨ। ਇਹੀ ਗੱਲ ਕਿਤਾਬਾਂ, ਰਸਾਲਿਆਂ, ਵਿਡਿਓ, ਕੰਪਿਊਟਰ ਖੇਡਾਂ ਅਤੇ ਦੂਸਰੇ ਹੋਰ ਕਈ ਤਰ੍ਹਾਂ ਦੇ ਮਨੋਰੰਜਨ ਬਾਰੇ ਵੀ ਸੱਚ ਹੈ। ਪਰ ਸਪਸ਼ੱਟ ਤੌਰ ਤੇ, ਜਿਸ ਨੂੰ ਲੋਕ ਮਨੋਰੰਜਨ ਕਹਿੰਦੇ ਹਨ, ਉਸ ਵਿੱਚੋਂ ਜ਼ਿਆਦਾਤਰ ਮਨੋਰੰਜਨ ਉਨ੍ਹਾਂ ਲਈ ਉਚਿਤ ਨਹੀਂ ਹਨ ਜਿਹੜੇ ਇਕ ਨਰੋਆ ਮਾਨਸਿਕ ਨਜ਼ਰੀਆ ਰੱਖਣ ਦੇ ਚਾਹਵਾਨ ਹਨ।
ਅਕਲਮੰਦੀ ਨਾਲ ਮਨੋਰੰਜਨ ਦੀ ਚੋਣ ਕਰੋ
ਅੱਖਾਂ ਰਾਹੀਂ ਦਿਮਾਗ਼ ਵਿਚ ਲਿਜਾਈਆਂ ਗਈਆਂ ਤਸਵੀਰਾਂ ਦਾ ਸਾਡੀਆਂ ਸੋਚਾਂ ਅਤੇ ਸਾਡੇ ਕੰਮਾਂ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਉਦਾਹਰਣ ਲਈ, ਜੇਕਰ ਅਸੀਂ ਆਪਣੇ ਦਿਮਾਗ਼ ਨੂੰ ਅਨੈਤਿਕ ਮਨੋਰੰਜਨ ਨਾਲ ਲਗਾਤਾਰ ਭਰਦੇ ਰਹੀਏ, ਤਾਂ ‘ਹਰਾਮਕਾਰੀ ਤੋਂ ਭੱਜਣ’ ਦੇ ਬਾਈਬਲੀ ਹੁਕਮ ਦੀ ਪਾਲਣਾ ਕਰਨ ਦਾ ਸਾਡਾ ਦ੍ਰਿੜ੍ਹ ਇਰਾਦਾ ਕਮਜ਼ੋਰ ਪੈ ਸਕਦਾ ਹੈ। (1 ਕੁਰਿੰਥੀਆਂ 6:18) ਇਸੇ ਤਰ੍ਹਾਂ, ਜੇਕਰ ਸਾਨੂੰ ਉਸ ਤਰ੍ਹਾਂ ਦੇ ਪ੍ਰੋਗ੍ਰਾਮ ਦੇਖ ਕੇ ਮਜ਼ਾ ਆਉਂਦਾ ਹੈ ਜਿਨ੍ਹਾਂ ਵਿਚ ਜ਼ਿਆਦਾ ਕਰਕੇ “ਕੁਕਰਮੀਆਂ” ਦੇ ਬੁਰੇ ਕੰਮਾਂ ਨੂੰ ਦਿਖਾਇਆ ਜਾਂਦਾ ਹੈ, ਤਾਂ ਸਾਨੂੰ “ਸਾਰੇ ਮਨੁੱਖਾਂ ਦੇ ਨਾਲ ਮੇਲ” ਰੱਖਣਾ ਔਖਾ ਲੱਗ ਸਕਦਾ ਹੈ। (ਜ਼ਬੂਰ 141:4; ਰੋਮੀਆਂ 12:18) ਇਸ ਤੋਂ ਬਚਣ ਵਾਸਤੇ, ਸਾਨੂੰ “ਵਿਰਥੀ” ਗੱਲਾਂ ਤੋਂ ਅੱਖਾਂ ਫੇਰ ਲੈਣੀਆਂ ਚਾਹੀਦੀਆਂ ਹਨ।—ਜ਼ਬੂਰ 101:3; ਕਹਾਉਤਾਂ 4:25, 27.
ਯਕੀਨਨ, ਵਿਰਸੇ ਵਿਚ ਮਿਲੀ ਅਪੂਰਣਤਾ ਕਰਕੇ, ਸਾਨੂੰ ਸਾਰਿਆਂ ਨੂੰ ਸਹੀ ਕੰਮ ਕਰਨ ਲਈ ਸੰਘਰਸ਼ ਕਰਨਾ ਪੈਣਾ ਹੈ। ਪੌਲੁਸ ਰਸੂਲ ਨੇ ਸਾਫ਼-ਸਾਫ਼ ਕਬੂਲ ਕੀਤਾ: “ਮੈਂ ਤਾਂ ਅੰਦਰਲੇ ਪੁਰਸ਼ ਅਨੁਸਾਰ ਪਰਮੇਸ਼ੁਰ ਦੇ ਕਾਨੂਨ ਵਿੱਚ ਅਨੰਦ ਹੁੰਦਾ ਹਾਂ। ਪਰ ਮੈਂ ਆਪਣੇ ਅੰਗਾਂ ਵਿੱਚ ਇੱਕ ਹੋਰ ਕਾਨੂਨ ਵੀ ਵੇਖਦਾ ਹਾਂ ਜੋ ਮੇਰੀ ਬੁੱਧ ਦੇ ਕਾਨੂਨ ਨਾਲ ਲੜਦਾ ਹੈ ਅਤੇ ਮੈਨੂੰ ਓਸ ਪਾਪ ਦੇ ਕਾਨੂਨ ਦੇ ਜੋ ਮੇਰਿਆਂ ਅੰਗਾਂ ਵਿੱਚ ਹੈ ਬੰਧਨ ਵਿੱਚ ਲੈ ਆਉਂਦਾ ਹੈ।” (ਰੋਮੀਆਂ 7:22, 23) ਕੀ ਇਸ ਦਾ ਅਰਥ ਇਹ ਹੈ ਕਿ ਪੌਲੁਸ ਨੇ ਆਪਣੀਆਂ ਸਰੀਰਕ ਕਮਜ਼ੋਰੀਆਂ ਦੇ ਸਾਮ੍ਹਣੇ ਹਾਰ ਮੰਨ ਲਈ ਸੀ? ਬਿਲਕੁਲ ਨਹੀਂ! ਉਸ ਨੇ ਕਿਹਾ: ‘ਸਗੋਂ ਮੈ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਮੈਂ ਆਪ ਅਪਰਵਾਨ ਨਾ ਹੋ ਜਾਵਾਂ।’—1 ਕੁਰਿੰਥੀਆਂ 9:27.
ਇਸੇ ਤਰ੍ਹਾਂ, ਅਸੀਂ ਵੀ ਪਾਪ ਕਰਨ ਲਈ ਆਪਣੀ ਅਪੂਰਣਤਾ ਦਾ ਕਦੇ ਵੀ ਬਹਾਨਾ ਨਹੀਂ ਬਣਾਉਣਾ ਚਾਹਾਂਗੇ। ਬਾਈਬਲ ਦੇ ਇਕ ਲਿਖਾਰੀ ਯਹੂਦਾਹ ਨੇ ਕਿਹਾ: “ਪਿਆਰਿਓ, . . . ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ।” (ਯਹੂਦਾਹ 3, 4) ਜੀ ਹਾਂ, ਸਾਨੂੰ “ਜਤਨ” ਕਰਨ ਦੀ ਅਤੇ ਉਸ ਤਰ੍ਹਾਂ ਦੇ ਮਨੋਰੰਜਨ ਤੋਂ ਦੂਰ ਰਹਿਣ ਦੀ ਲੋੜ ਹੈ ਜਿਹੜਾ ਸਾਨੂੰ ਬੁਰਾਈ ਕਰਨ ਲਈ ਉਕਸਾਉਂਦਾ ਹੈ।a
ਪਰਮੇਸ਼ੁਰੀ ਨਿਰਦੇਸ਼ਨ ਭਾਲੋ
ਇਸ ਰੀਤੀ-ਵਿਵਸਥਾ ਵਿਚ ਇਕ ਨਰੋਆ ਮਾਨਸਿਕ ਨਜ਼ਰੀਆ ਰੱਖਣਾ ਹਮੇਸ਼ਾ ਆਸਾਨ ਨਹੀਂ ਹੁੰਦਾ ਹੈ। ਪਰ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਮਾਨਸਿਕ ਅਤੇ ਨੈਤਿਕ ਤੌਰ ਤੇ ਸ਼ੁੱਧ ਰਿਹਾ ਜਾ ਸਕਦਾ ਹੈ। ਕਿਵੇਂ? ਅਸੀਂ ਜ਼ਬੂਰ 119:11 ਵਿਚ ਪੜ੍ਹਦੇ ਹਾਂ: “ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।”
ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਮਨ ਵਿਚ ਜਮ੍ਹਾ ਕਰਨ ਦਾ ਮਤਲਬ ਉਨ੍ਹਾਂ ਨੂੰ ਬੇਸ਼ਕੀਮਤੀ ਸਮਝਣਾ ਜਾਂ ਉਨ੍ਹਾਂ ਦੀ ਬਹੁਤ ਕਦਰ ਕਰਨਾ ਹੈ। ਸਪੱਸ਼ਟ ਤੌਰ ਤੇ, ਸਾਡੇ ਲਈ ਬਾਈਬਲ ਦੀ ਕਦਰ ਕਰਨੀ ਔਖੀ ਹੋ ਜਾਵੇਗੀ ਜੇਕਰ ਅਸੀਂ ਜਾਣਦੇ ਵੀ ਨਹੀਂ ਕਿ ਇਹ ਕੀ ਕਹਿੰਦੀ ਹੈ। ਪਰਮੇਸ਼ੁਰ ਦੇ ਬਚਨ ਤੋਂ ਸਹੀ ਗਿਆਨ ਲੈ ਕੇ, ਅਸੀਂ ਆਪਣੇ ਅੰਦਰ ਪਰਮੇਸ਼ੁਰ ਦੇ ਖ਼ਿਆਲ ਜਜ਼ਬ ਕਰਦੇ ਹਾਂ। (ਯਸਾਯਾਹ 55:8, 9; ਯੂਹੰਨਾ 17:3) ਇੰਝ ਕਰਨ ਤੇ ਅਸੀਂ ਅਧਿਆਤਮਿਕ ਤੌਰ ਤੇ ਮਾਲਾ-ਮਾਲ ਹੁੰਦੇ ਹਾਂ ਅਤੇ ਸਾਡੀ ਸੋਚ ਉੱਚੀ-ਸੁੱਚੀ ਬਣਦੀ ਹੈ।
ਕੀ ਇਸ ਨੂੰ ਜਾਣਨ ਦਾ ਕੋਈ ਭਰੋਸੇਯੋਗ ਜ਼ਰੀਆ ਹੈ ਕਿ ਅਧਿਆਤਮਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਰੂਰੀ ਹਨ? ਜੀ ਹਾਂ! ਪੌਲੁਸ ਰਸੂਲ ਨੇ ਸਲਾਹ ਦਿੱਤੀ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”—ਫ਼ਿਲਿੱਪੀਆਂ 4:8.
ਪਰ ਜੇਕਰ ਅਸੀਂ ਅਸਲ ਵਿਚ ਫ਼ਾਇਦਾ ਲੈਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦਾ ਸਿਰਫ਼ ਗਿਆਨ ਹੀ ਨਹੀਂ, ਬਲਕਿ ਕੁਝ ਹੋਰ ਵੀ ਕਰਨ ਦੀ ਲੋੜ ਹੈ। ਯਸਾਯਾਹ ਨਬੀ ਨੇ ਪ੍ਰੇਰਿਤ ਹੋ ਕੇ ਲਿਖਿਆ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਟੇਢੇ ਟਾਈਪ ਸਾਡੇ।) (ਯਸਾਯਾਹ 48:17) ਜੀ ਹਾਂ, ਸਾਨੂੰ ਨਾਂ ਸਿਰਫ਼ ਪਰਮੇਸ਼ੁਰੀ ਨਿਰਦੇਸ਼ਨ ਭਾਲਣ ਦੀ ਸਗੋਂ ਉਸ ਗਿਆਨ ਉੱਤੇ ਅਮਲ ਕਰਨ ਦੀ ਵੀ ਲੋੜ ਹੈ।
ਨੈਤਿਕ ਅਤੇ ਅਧਿਆਤਮਿਕ ਤੌਰ ਤੇ ਲਾਭ ਉਠਾਉਣ ਲਈ ਯਹੋਵਾਹ ਨੂੰ ਬੇਨਤੀ ਕਰਨ ਦੀ ਲੋੜ ਹੈ ਜੋ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰ 65:2; 66:19) ਜੇਕਰ ਅਸੀਂ ਨਿਸ਼ਕਪਟਤਾ ਅਤੇ ਨਿਮਰਤਾ ਨਾਲ ਆਪਣੇ ਸ੍ਰਿਸ਼ਟੀਕਰਤਾ ਨੂੰ ਪ੍ਰਾਰਥਨਾ ਕਰਾਂਗੇ, ਤਾਂ ਉਹ ਸਾਡੀ ਬੇਨਤੀ ਨੂੰ ਸੁਣੇਗਾ। ਅਤੇ ਜੇਕਰ ਅਸੀਂ ‘ਉਸ ਦੇ ਚਾਹਵੰਦ ਹੋਵਾਂਗੇ ਤਾਂ ਉਹ ਸਾਨੂੰ ਮਿਲੇਗਾ।’—2 ਇਤਹਾਸ 15:2.
ਤਾਂ ਫਿਰ ਕੀ ਇਸ ਹਿੰਸਕ ਅਤੇ ਅਨੈਤਿਕ ਸੰਸਾਰ ਵਿਚ ਇਕ ਨਰੋਆ ਮਾਨਸਿਕ ਨਜ਼ਰੀਆ ਬਣਾਈ ਰੱਖਣਾ ਸੰਭਵ ਹੈ? ਜੀ ਹਾਂ, ਇਹ ਬਿਲਕੁਲ ਸੰਭਵ ਹੈ! ਇਸ ਸੰਸਾਰ ਦੇ ਮਨੋਰੰਜਨ ਦੁਆਰਾ ਆਪਣੇ ਮਨਾਂ ਨੂੰ ਸੁੰਨ ਨਾ ਕਰ ਕੇ, ਸਗੋਂ ਪਰਮੇਸ਼ੁਰ ਦੇ ਬਚਨ ਦੇ ਅਧਿਐਨ ਨਾਲ ਆਪਣੀ ਸੋਚਣ-ਸ਼ਕਤੀ ਨੂੰ ਮਜ਼ਬੂਤ ਕਰ ਕੇ ਅਤੇ ਪਰਮੇਸ਼ੁਰੀ ਨਿਰਦੇਸ਼ਨ ਦੀ ਭਾਲ ਕਰ ਕੇ, ਅਸੀਂ ਇਕ ਨਰੋਆ ਮਾਨਸਿਕ ਨਜ਼ਰੀਆ ਕਾਇਮ ਰੱਖ ਸਕਦੇ ਹਾਂ!
[ਫੁਟਨੋਟ]
a ਚੰਗਾ ਮਨੋਰੰਜਨ ਚੁਣਨ ਸੰਬੰਧੀ ਜ਼ਿਆਦਾ ਜਾਣਕਾਰੀ ਲਈ, 22 ਮਈ, 1997 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ੇ 8-10 ਦੇਖੋ।
[ਸਫ਼ੇ 9 ਉੱਤੇ ਸੁਰਖੀ]
‘ਕਈ ਬੱਚੇ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ ਦਿਖਾਈਆਂ ਜਾਂਦੀਆਂ ਅਸਲੀ ਅਤੇ ਨਕਲੀ ਘਟਨਾਵਾਂ ਵਿਚ ਫ਼ਰਕ ਨੂੰ ਨਹੀਂ ਸਮਝ ਪਾਉਂਦੇ’
[ਸਫ਼ੇ 11 ਉੱਤੇ ਸੁਰਖੀ]
“ਦਹਾਕਿਆਂ ਤੋਂ ਦਿਖਾਏ ਜਾ ਰਹੇ ਹਿੰਸਕ ਮਨੋਰੰਜਨ ਨੇ ਲੋਕਾਂ ਦੀਆਂ ਸੋਚਾਂ ਅਤੇ ਕਦਰਾਂ-ਕੀਮਤਾਂ ਨੂੰ ਬਦਲ ਕੇ ਰੱਖ ਦਿੱਤਾ ਹੈ”
[ਸਫ਼ੇ 11 ਉੱਤੇ ਡੱਬੀ]
ਦਿਲ ਦੀ ਬੀਮਾਰੀ ਦੇ ਖ਼ਤਰੇ ਨੂੰ ਘਟਾਉਣਾ
ਨਿਊਟਰੀਸ਼ਨ ਐਕਸ਼ਨ ਹੈਲਥਲੈਟਰ ਦਿਲ ਦੀ ਬੀਮਾਰੀ ਦੇ ਖ਼ਤਰੇ ਨੂੰ ਘਟਾਉਣ ਵਿਚ ਤੁਹਾਡੀ ਮਦਦ ਕਰਨ ਲਈ ਹੇਠਾਂ ਦਿੱਤੀਆਂ ਸਲਾਹਾਂ ਦਿੰਦਾ ਹੈ।
• ਤਮਾਖੂਨੋਸ਼ੀ ਬੰਦ ਕਰੋ। ਅੱਜ ਹੀ ਤਮਾਖੂਨੋਸ਼ੀ ਬੰਦ ਕਰਨ ਨਾਲ, ਤੁਹਾਡਾ ਭਾਰ ਵਧਣ ਦੇ ਬਾਵਜੂਦ ਵੀ ਇਕ ਸਾਲ ਦੇ ਵਿਚ-ਵਿਚ ਹੀ ਤੁਹਾਡੀ ਦਿਲ ਦੀ ਬੀਮਾਰੀ ਦਾ ਖ਼ਤਰਾ ਘੱਟ ਸਕਦਾ ਹੈ।
• ਭਾਰ ਘਟਾਓ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ, ਤਾਂ ਸਿਰਫ਼ ਦੋ ਤੋਂ ਚਾਰ ਕਿਲੋ ਤਕ ਭਾਰ ਘਟਾਉਣ ਨਾਲ ਵੀ ਬੜਾ ਫ਼ਰਕ ਪੈ ਸਕਦਾ ਹੈ।
• ਕਸਰਤ। ਨਿਯਮਿਤ ਕਸਰਤ (ਘੱਟੋ-ਘੱਟ ਹਫ਼ਤੇ ਵਿਚ ਤਿੰਨ ਵਾਰ) ਨੁਕਸਾਨਦਾਇਕ ਕਲੈਸਟਰੋਲ (ਐਲ ਡੀ ਐਲ) ਘਟਾਉਣ ਵਿਚ ਮਦਦ ਕਰਦੀ ਹੈ, ਹਾਈ ਬਲੱਡ ਪ੍ਰੈਸ਼ਰ ਤੋਂ ਬਚਾਉਂਦੀ ਹੈ ਅਤੇ ਤੁਹਾਡੇ ਭਾਰ ਨੂੰ ਵਧਣ ਨਹੀਂ ਦਿੰਦੀ।
• ਸੰਤ੍ਰਿਪਤ ਚਿਕਨਾਈ ਵਾਲੀਆਂ ਚੀਜ਼ਾਂ ਘੱਟ ਖਾਓ। ਜੇਕਰ ਤੁਹਾਡਾ ਐਲ ਡੀ ਐਲ ਜ਼ਿਆਦਾ ਹੈ ਤਾਂ ਘੱਟ ਚਰਬੀ ਵਾਲਾ ਮੀਟ ਖਾਓ ਤੇ 2 ਫੀ ਸਦੀ ਚਿਕਨਾਈ ਵਾਲੇ ਦੁੱਧ ਦੀ ਬਜਾਇ 1 ਫੀ ਸਦੀ ਚਿਕਨਾਈ ਵਾਲਾ (ਘੱਟ ਚਿਕਨਾਈ ਵਾਲਾ) ਦੁੱਧ ਜਾਂ ਸਪਰੇਟਾ (ਚਿਕਨਾਈ-ਰਹਿਤ) ਦੁੱਧ ਇਸਤੇਮਾਲ ਕਰੋ।
• ਘੱਟ ਸ਼ਰਾਬ ਪੀਓ। ਇਹ ਦੇਖਣ ਵਿਚ ਆਉਂਦਾ ਹੈ ਕਿ ਜਿਹੜੇ ਲੋਕ ਰੈੱਡ ਵਾਈਨ ਸੰਜਮ ਨਾਲ ਪੀਂਦੇ ਹਨ, ਉਨ੍ਹਾਂ ਨੂੰ ਦਿਲ ਦੀ ਬੀਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ।
• ਜ਼ਿਆਦਾ ਫਲ, ਸਬਜ਼ੀਆਂ ਤੇ ਘੁਲਣਸ਼ੀਲ ਰੇਸ਼ਿਆਂ ਨਾਲ ਭਰਪੂਰ ਹੋਰ ਦੂਜੀਆਂ ਚੀਜ਼ਾਂ ਖਾਓ।
[ਸਫ਼ੇ 8 ਉੱਤੇ ਤਸਵੀਰ]
ਟੀ. ਵੀ. ਉੱਤੇ ਦਿਖਾਈ ਜਾਂਦੀ ਹਿੰਸਾ ਬੱਚੇ ਦੇ ਦਿਮਾਗ਼ ਲਈ ਜ਼ਹਿਰ ਹੈ
[ਸਫ਼ੇ 9 ਉੱਤੇ ਤਸਵੀਰ]
ਕਈ ਵਾਰ ਬੱਚੇ ਟੀ. ਵੀ. ਉੱਤੇ ਦਿਖਾਈ ਜਾਂਦੀ ਹਿੰਸਾ ਦੀ ਨਕਲ ਕਰਦੇ ਹਨ
[ਸਫ਼ੇ 10 ਉੱਤੇ ਤਸਵੀਰ]
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਚੰਗੀਆਂ ਕਿਤਾਬਾਂ ਉਪਲਬਧ ਕਰਾ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਨ