ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 10/11 ਸਫ਼ੇ 21-23
  • ਮਾਪੇ ਕੀ ਕਹਿੰਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਪੇ ਕੀ ਕਹਿੰਦੇ ਹਨ
  • ਜਾਗਰੂਕ ਬਣੋ!—2011
  • ਮਿਲਦੀ-ਜੁਲਦੀ ਜਾਣਕਾਰੀ
  • ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ—ਬੁੱਧ ਤੋਂ ਕੰਮ ਲਓ
    ਜਾਗਰੂਕ ਬਣੋ!—2008
  • ਅੱਲੜ੍ਹ ਉਮਰ ਦੇ ਬੱਚਿਆਂ ਨਾਲ ਗੱਲਬਾਤ ਕਿਵੇਂ ਕਰੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਮੈਂ ਆਪਣੇ ਮਾਪਿਆਂ ਨੂੰ ਹੋਰ ਚੰਗੀ ਤਰ੍ਹਾਂ ਕਿਵੇਂ ਜਾਣ ਸਕਦਾ ਹਾਂ?
    ਜਾਗਰੂਕ ਬਣੋ!—2010
  • ਸੁਖੀ ਪਰਿਵਾਰਾਂ ਦੀਆਂ ਕੁਝ ਮਿਸਾਲਾਂ—ਪਹਿਲਾ ਭਾਗ
    ਜਾਗਰੂਕ ਬਣੋ!—2010
ਹੋਰ ਦੇਖੋ
ਜਾਗਰੂਕ ਬਣੋ!—2011
g 10/11 ਸਫ਼ੇ 21-23

ਮਾਪੇ ਕੀ ਕਹਿੰਦੇ ਹਨ

ਜਦੋਂ ਬੱਚਾ ਨੌਜਵਾਨ ਹੁੰਦਾ ਹੈ, ਤਾਂ ਕਈ ਮਾਪਿਆਂ ਲਈ ਨਵੀਆਂ-ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਤੁਸੀਂ ਆਪਣੇ ਬੱਚੇ ਦੀ ਇਸ ਦੌਰ ਵਿਚ ਕਿਵੇਂ ਮਦਦ ਕਰ ਸਕਦੇ ਹੋ ਜੋ ਤੁਹਾਨੂੰ ਵੀ ਮੁਸ਼ਕਲ ਲੱਗਦਾ ਹੈ ਅਤੇ ਤੁਹਾਡੇ ਬੱਚੇ ਨੂੰ ਵੀ? ਗੌਰ ਕਰੋ ਕਿ ਦੁਨੀਆਂ ਭਰ ਵਿੱਚੋਂ ਕੁਝ ਮਾਪਿਆਂ ਨੇ ਕੀ ਕਿਹਾ ਹੈ।

ਤਬਦੀਲੀਆਂ

“ਜਦੋਂ ਉਹ ਛੋਟਾ ਹੁੰਦਾ ਸੀ, ਤਾਂ ਮੇਰਾ ਮੁੰਡਾ ਬਿਨਾਂ ਸਵਾਲ ਪੁੱਛੇ ਮੇਰੀ ਗੱਲ ਮੰਨ ਲੈਂਦਾ ਸੀ। ਪਰ ਜਦੋਂ ਉਹ ਨੌਜਵਾਨ ਹੋਇਆ, ਤਾਂ ਉਸ ਨੂੰ ਮੇਰੇ ਅਧਿਕਾਰ ਹੇਠਾਂ ਰਹਿਣਾ ਚੰਗਾ ਨਹੀਂ ਸੀ ਲੱਗਦਾ। ਜੋ ਕੁਝ ਮੈਂ ਕਹਿੰਦਾ ਸੀ ਅਤੇ ਜਿਸ ਢੰਗ ਨਾਲ ਕਹਿੰਦਾ ਸੀ ਉਹ ਉਸ ʼਤੇ ਸਵਾਲ ਕਰਦਾ ਸੀ।”—ਫ਼ਰੈਂਕ, ਕੈਨੇਡਾ।

“ਮੇਰਾ ਬੇਟਾ ਪਹਿਲਾਂ ਜਿੰਨੀਆਂ ਗੱਲਾਂ ਨਹੀਂ ਕਰਦਾ। ਉਸ ਦੀ ਉਡੀਕ ਕਰਨ ਦੀ ਬਜਾਇ ਕਿ ਉਹ ਮੈਨੂੰ ਕੋਈ ਗੱਲ ਦੱਸੇ, ਮੈਂ ਉਸ ਨੂੰ ਪੁੱਛਦੀ ਹਾਂ ਕਿ ਉਸ ਦੇ ਮਨ ਵਿਚ ਕੀ ਹੈ। ਉਸ ਤੋਂ ਜਵਾਬ ਲੈਣਾ ਇੰਨਾ ਸੌਖਾ ਨਹੀਂ। ਉਹ ਜਵਾਬ ਜ਼ਰੂਰ ਦੇਵੇਗਾ, ਪਰ ਇਕਦਮ ਨਹੀਂ।”—ਫ਼ਰਾਂਸਿਸ, ਆਸਟ੍ਰੇਲੀਆ।

“ਧੀਰਜ ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਗੁੱਸੇ ਵਿਚ ਕੁਝ ਕਹਿਣਾ ਚਾਹੀਏ, ਪਰ ਠੰਢੇ ਹੋ ਕੇ ਉਨ੍ਹਾਂ ਨਾਲ ਗੱਲਬਾਤ ਕਰਨੀ ਹਮੇਸ਼ਾ ਵਧੀਆ ਹੁੰਦੀ ਹੈ!”—ਫਲੀਸ਼ੀਆ, ਅਮਰੀਕਾ।

ਗੱਲਬਾਤ

“ਕਈ ਵਾਰ ਮੇਰੀ ਜਵਾਨ ਕੁੜੀ ਬਹੁਤ ਸਫ਼ਾਈ ਦੇਣ ਲੱਗ ਪੈਂਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੈਂ ਐਵੇਂ ਹੀ ਉਸ ਦੀ ਨੁਕਤਾਚੀਨੀ ਕਰ ਰਹੀ ਹਾਂ। ਮੈਨੂੰ ਉਸ ਨੂੰ ਯਾਦ ਕਰਾਉਣਾ ਪੈਂਦਾ ਹੈ ਕਿ ਮੈਂ ਉਸ ਨੂੰ ਪਿਆਰ ਕਰਦੀ ਹਾਂ ਅਤੇ ਚਾਹੁੰਦੀ ਹਾਂ ਕਿ ਉਹ ਆਪਣੇ ਕੰਮ ਵਿਚ ਸਫ਼ਲ ਹੋਵੇ!”—ਲੀਸਾ, ਅਮਰੀਕਾ।

“ਜਦੋਂ ਉਹ ਬੱਚੇ ਹੁੰਦੇ ਸਨ, ਤਾਂ ਉਹ ਮੇਰੇ ਨਾਲ ਆਸਾਨੀ ਨਾਲ ਗੱਲਬਾਤ ਕਰ ਲੈਂਦੇ ਸਨ। ਮੇਰੇ ਲਈ ਸਮਝਣਾ ਸੌਖਾ ਸੀ ਕਿ ਉਹ ਕੀ ਸੋਚਦੇ ਹਨ। ਹੁਣ ਮੈਨੂੰ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਨੂੰ ਦਿਖਾਉਣਾ ਪੈਂਦਾ ਹੈ ਕਿ ਮੈਂ ਉਨ੍ਹਾਂ ਦੀ ਇੱਜ਼ਤ ਕਰਦੀ ਹਾਂ। ਸਿਰਫ਼ ਇਸੇ ਕਰਕੇ ਉਹ ਮੇਰੇ ਨਾਲ ਦਿਲ ਦੀ ਗੱਲ ਕਰ ਸਕਦੇ ਹਨ।”—ਨਾਨ-ਹੀ, ਕੋਰੀਆ।

“ਬੱਚਿਆਂ ਨੂੰ ਕੋਈ ਕੰਮ ਕਰਨ ਤੋਂ ਰੋਕਣਾ ਕਾਫ਼ੀ ਨਹੀਂ ਹੈ। ਸਾਨੂੰ ਉਨ੍ਹਾਂ ਨਾਲ ਉਸ ਢੰਗ ਨਾਲ ਗੱਲ ਕਰਨੀ ਪੈਂਦੀ ਹੈ ਜੋ ਉਨ੍ਹਾਂ ਦੇ ਦਿਲ ਨੂੰ ਛੂਹ ਲਵੇ। ਇਸ ਤਰ੍ਹਾਂ ਕਰਨ ਲਈ ਸਾਨੂੰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਰਹਿਣ ਦੀ ਲੋੜ ਹੈ, ਭਾਵੇਂ ਉਹ ਅਜਿਹਾ ਕੁਝ ਕਹਿਣ ਜੋ ਅਸੀਂ ਸੁਣਨਾ ਨਹੀਂ ਚਾਹੁੰਦੇ।”—ਦਾਲੀਲਾ, ਬ੍ਰਾਜ਼ੀਲ।

“ਜੇ ਮੈਂ ਆਪਣੀ ਬੇਟੀ ਨੂੰ ਤਾੜਨਾ ਚਾਹੁੰਦੀ ਹਾਂ, ਤਾਂ ਮੈਂ ਕਿਸੇ ਦੇ ਸਾਮ੍ਹਣੇ ਤਾੜਨ ਦੀ ਬਜਾਇ ਉਸ ਨੂੰ ਅਲੱਗ ਲਿਜਾ ਕੇ ਤਾੜਦੀ ਹਾਂ।”—ਐਡਨਾ, ਨਾਈਜੀਰੀਆ।

“ਕਈ ਵਾਰ ਜਦੋਂ ਮੈਂ ਆਪਣੇ ਬੇਟੇ ਨਾਲ ਗੱਲ ਕਰ ਰਹੀ ਹੁੰਦੀ ਹਾਂ, ਤਾਂ ਮੇਰਾ ਧਿਆਨ ਘਰ ਦੇ ਹੋਰ ਕੰਮਾਂ ਵੱਲ ਚਲਾ ਜਾਂਦਾ ਹੈ ਅਤੇ ਇਸ ਕਰਕੇ ਮੈਂ ਉਸ ਵੱਲ ਆਪਣਾ ਪੂਰਾ ਧਿਆਨ ਨਹੀਂ ਦਿੰਦੀ। ਮੇਰੇ ਬੇਟੇ ਨੂੰ ਪਤਾ ਲੱਗ ਜਾਂਦਾ ਹੈ ਤੇ ਇਸ ਕਾਰਨ ਉਹ ਮੇਰੇ ਨਾਲ ਜ਼ਿਆਦਾ ਗੱਲ ਨਹੀਂ ਕਰਦਾ। ਮੈਨੂੰ ਉਸ ਨਾਲ ਗੱਲ ਕਰਦਿਆਂ ਹੋਰ ਧਿਆਨ ਦੇਣ ਦੀ ਲੋੜ ਹੈ ਤਾਂਕਿ ਉਹ ਮੇਰੇ ਨਾਲ ਗੱਲਬਾਤ ਕਰਦਾ ਰਹੇ।”—ਮੀਰੀਅਮ, ਮੈਕਸੀਕੋ।

ਆਜ਼ਾਦੀ

“ਮੈਂ ਆਪਣੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਖੁੱਲ੍ਹ ਦੇਣ ਤੋਂ ਡਰਦਾ ਸੀ ਅਤੇ ਕਈ ਵਾਰ ਇਸ ਕਰਕੇ ਘਰ ਵਿਚ ਕਲੇਸ਼ ਪਿਆ। ਮੈਂ ਉਨ੍ਹਾਂ ਨਾਲ ਦਿਲ ਦੀ ਗੱਲ ਕੀਤੀ ਅਤੇ ਦੱਸਿਆ ਕਿ ਮੈਂ ਕਿਉਂ ਫ਼ਿਕਰ ਕਰਦਾ ਹਾਂ। ਬਾਅਦ ਵਿਚ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੂੰ ਹੋਰ ਆਜ਼ਾਦੀ ਕਿਉਂ ਚਾਹੀਦੀ ਹੈ। ਗੱਲਬਾਤ ਕਰਨ ਤੋਂ ਬਾਅਦ ਅਸੀਂ ਇਹ ਫ਼ੈਸਲਾ ਕੀਤਾ ਕਿ ਉਨ੍ਹਾਂ ਨੂੰ ਕੁਝ ਹੱਦ ਤਕ ਹੋਰ ਆਜ਼ਾਦੀ ਮਿਲ ਸਕਦੀ ਹੈ।”—ਐਡਵਿਨ, ਘਾਨਾ।

“ਮੇਰਾ ਬੇਟਾ ਮੋਟਰ ਸਾਈਕਲ ਲੈਣਾ ਚਾਹੁੰਦਾ ਸੀ। ਮੈਂ ਇਸ ਦੇ ਇੰਨੀ ਖ਼ਿਲਾਫ਼ ਸੀ ਕਿ ਮੈਂ ਉਸ ਦੀ ਇਕ ਨਹੀਂ ਸੁਣੀ। ਮੈਂ ਬਸ ਗੁੱਸੇ ਵਿਚ ਆ ਕੇ ਮੋਟਰ ਸਾਈਕਲ ਖ਼ਰੀਦਣ ਦੇ ਨੁਕਸਾਨਾਂ ਬਾਰੇ ਦੱਸਦੀ ਰਹੀ। ਇਸ ਕਰਕੇ ਉਹ ਹੋਰ ਨਾਰਾਜ਼ ਹੋ ਗਿਆ ਅਤੇ ਉਸ ਨੇ ਮੋਟਰ ਸਾਈਕਲ ਖ਼ਰੀਦਣ ਦਾ ਪੱਕਾ ਇਰਾਦਾ ਕਰ ਲਿਆ! ਮੈਂ ਫਿਰ ਹੋਰ ਤਰੀਕੇ ਨਾਲ ਉਸ ਨਾਲ ਗੱਲ ਕੀਤੀ। ਮੈਂ ਆਪਣੇ ਬੇਟੇ ਨੂੰ ਕਿਹਾ ਕਿ ਉਹ ਮੋਟਰ ਸਾਈਕਲ ਖ਼ਰੀਦਣ ਲਈ ਹਰ ਗੱਲ ʼਤੇ ਸੋਚ-ਵਿਚਾਰ ਕਰੇ ਤੇ ਇਹ ਵੀ ਸੋਚੇ ਕਿ ਕਿੰਨੇ ਖ਼ਤਰੇ ਤੇ ਖ਼ਰਚੇ ਹਨ ਅਤੇ ਲਾਈਸੈਂਸ ਲੈਣ ਲਈ ਉਸ ਨੂੰ ਕੀ ਕੁਝ ਕਰਨਾ ਪਵੇਗਾ। ਮੈਂ ਉਸ ਨੂੰ ਕਲੀਸਿਯਾ ਦੇ ਕਿਸੇ ਸਮਝਦਾਰ ਭਰਾ ਕੋਲੋਂ ਸਲਾਹ ਲੈਣ ਲਈ ਵੀ ਕਿਹਾ। ਮੈਨੂੰ ਅਹਿਸਾਸ ਹੋਇਆ ਕਿ ਸਖ਼ਤ ਹੋਣ ਦੀ ਬਜਾਇ ਵਧੀਆ ਸੀ ਕਿ ਮੈਂ ਆਪਣੇ ਬੇਟੇ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ ਜਿਸ ਕਰਕੇ ਮੈਂ ਉਸ ਦੇ ਦਿਲ ਦੀ ਗੱਲ ਜਾਣ ਸਕੀ।”—ਹਏ-ਯੋਂਗ, ਕੋਰੀਆ।

“ਅਸੀਂ ਫ਼ੈਸਲਾ ਕੀਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੰਨੀ ਆਜ਼ਾਦੀ ਦੇਵਾਂਗੇ ਅਤੇ ਫਿਰ ਹੌਲੀ-ਹੌਲੀ ਹੋਰ ਆਜ਼ਾਦੀ ਦਿੱਤੀ। ਸਾਡੇ ਬੱਚੇ ਜਿੰਨਾ ਜ਼ਿਆਦਾ ਸਾਡਾ ਕਹਿਣਾ ਮੰਨਦੇ ਸਨ ਉੱਨੀ ਜ਼ਿਆਦਾ ਅਸੀਂ ਉਨ੍ਹਾਂ ਨੂੰ ਆਜ਼ਾਦੀ ਦਿੰਦੇ ਸੀ। ਜਦੋਂ ਉਹ ਚੰਗਾ ਕੰਮ ਕਰਦੇ ਸਨ, ਤਾਂ ਅਸੀਂ ਉਨ੍ਹਾਂ ਨੂੰ ਹੋਰ ਆਜ਼ਾਦੀ ਦਿੰਦੇ ਸੀ ਤੇ ਦਿਖਾਉਂਦੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਆਜ਼ਾਦੀ ਲੈਣ। ਪਰ ਜੇ ਉਹ ਆਜ਼ਾਦੀ ਦਾ ਗ਼ਲਤ ਫ਼ਾਇਦਾ ਉਠਾਉਂਦੇ ਸਨ, ਤਾਂ ਇਸ ਦੇ ਨਤੀਜੇ ਉਨ੍ਹਾਂ ਨੂੰ ਭੁਗਤਣੇ ਪੈਂਦੇ ਸਨ।”—ਡੋਰੋਥੇ, ਫਰਾਂਸ।

“ਮੈਂ ਆਪਣੇ ਅਸੂਲਾਂ ʼਤੇ ਪੱਕੀ ਰਹੀ, ਪਰ ਜਦੋਂ ਮੇਰੇ ਬੱਚੇ ਕਹਿਣਾ ਮੰਨਦੇ ਸਨ ਉਦੋਂ ਮੈਂ ਉਨ੍ਹਾਂ ਨੂੰ ਹੋਰ ਆਜ਼ਾਦੀ ਦੇਣ ਲਈ ਤਿਆਰ ਸੀ। ਮਿਸਾਲ ਲਈ, ਕਦੀ-ਕਦੀ ਮੈਂ ਉਨ੍ਹਾਂ ਨੂੰ ਦੇਰ ਨਾਲ ਘਰ ਆਉਣ ਦੀ ਇਜਾਜ਼ਤ ਦੇ ਦਿੰਦੀ ਸੀ। ਪਰ ਜੇ ਉਹ ਅਗਲੀ ਵਾਰ ਫਿਰ ਘਰ ਦੇਰ ਨਾਲ ਆਉਂਦੇ ਸਨ, ਤਾਂ ਉਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਸੀ।”—ਈਲ-ਕਾਨ, ਕੋਰੀਆ।

“ਕੰਮ ʼਤੇ ਇਕ ਆਦਮੀ ਜਿੰਨਾ ਜ਼ਿਆਦਾ ਆਪਣੇ ਮਾਲਕ ਦਾ ਕਹਿਣਾ ਮੰਨਦਾ ਤੇ ਜ਼ਿੰਮੇਵਾਰ ਬਣਦਾ ਹੈ ਉੱਨਾ ਜ਼ਿਆਦਾ ਮਾਲਕ ਉਸ ਤੋਂ ਖ਼ੁਸ਼ ਹੋਵੇਗਾ। ਇਸੇ ਤਰ੍ਹਾਂ ਮੇਰਾ ਬੇਟਾ ਜਾਣਦਾ ਹੈ ਕਿ ਜਿੰਨਾ ਜ਼ਿਆਦਾ ਉਹ ਸਾਡੇ ਵੱਲੋਂ ਠਹਿਰਾਏ ਅਸੂਲਾਂ ʼਤੇ ਚੱਲੇਗਾ ਅਤੇ ਜ਼ਿੰਮੇਵਾਰ ਬਣੇਗਾ ਉੱਨੀ ਜ਼ਿਆਦਾ ਉਹ ਸਾਡੇ ਤੋਂ ਆਜ਼ਾਦੀ ਲੈ ਸਕੇਗਾ। ਮੇਰੇ ਬੇਟੇ ਨੂੰ ਪਤਾ ਹੈ ਕਿ ਜੇ ਇਕ ਆਦਮੀ ਕੰਮ ʼਤੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ, ਤਾਂ ਉਸ ਨੂੰ ਸਜ਼ਾ ਮਿਲੇਗੀ। ਉਸੇ ਤਰ੍ਹਾਂ ਉਹ ਵੀ ਆਪਣੀ ਆਜ਼ਾਦੀ ਗੁਆ ਸਕਦਾ ਹੈ ਜੇ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾਉਂਦਾ।”—ਰਾਮੋਨ, ਮੈਕਸੀਕੋ।

[ਸਫ਼ਾ 22 ਉੱਤੇ ਸੁਰਖੀ]

“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6

[ਸਫ਼ਾ 23 ਉੱਤੇ ਡੱਬੀ/ਤਸਵੀਰਾਂ]

ਜਾਣ-ਪਛਾਣ

“ਨੌਜਵਾਨ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ”

ਜੋਸਫ਼: ਮੇਰੀਆਂ ਦੋ ਵੱਡੀਆਂ ਧੀਆਂ 17 ਅਤੇ 13 ਸਾਲਾਂ ਦੀਆਂ ਹਨ ਅਤੇ ਮੇਰੇ ਖ਼ਿਆਲ ਵਿਚ ਉਨ੍ਹਾਂ ਦੇ ਵਿਚਾਰ ਸੁਣਨੇ ਬਹੁਤ ਜ਼ਰੂਰੀ ਹਨ। ਇਸ ਕਰਕੇ ਜਦੋਂ ਮੈਂ ਆਪਣੀਆਂ ਧੀਆਂ ਨਾਲ ਗੱਲ ਕਰਦਾ ਹਾਂ, ਤਾਂ ਮੈਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦਾ ਹਾਂ ਤੇ ਫਿਰ ਉਹ ਵੀ ਮੇਰੇ ਨਾਲ ਗੱਲ ਕਰਨ ਲਈ ਤਿਆਰ ਹੁੰਦੀਆਂ ਹਨ। ਨਾਲੇ ਮੈਂ ਇਹ ਵੀ ਮੰਨਦਾ ਹਾਂ ਕਿ ਮੈਂ ਵੀ ਗ਼ਲਤੀਆਂ ਕਰਦਾ ਹਾਂ। ਮੈਨੂੰ ਲੱਗਦਾ ਹੈ ਕਿ ਬਾਈਬਲ ਤੋਂ ਸਲਾਹ ਲੈ ਕੇ ਨੌਜਵਾਨਾਂ ਦੀ ਪਰਵਰਿਸ਼ ਕਰਨ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ।

ਲੀਸਾ: ਮੈਂ ਦੇਖਿਆ ਕਿ ਜਦੋਂ ਮੇਰੀ ਸਭ ਤੋਂ ਵੱਡੀ ਧੀ ਜਵਾਨ ਹੋਈ, ਤਾਂ ਉਸ ਨੂੰ ਮੇਰੀ ਜ਼ਿਆਦਾ ਲੋੜ ਸੀ। ਮੈਨੂੰ ਯਾਦ ਹੈ ਕਿ ਮੈਂ ਉਸ ਦੀਆਂ ਗੱਲਾਂ ਸੁਣਨ, ਉਸ ਨਾਲ ਗੱਲਾਂ ਕਰਨ ਤੇ ਉਸ ਨੂੰ ਹੌਸਲਾ ਦੇਣ ਵਿਚ ਬਹੁਤ ਸਮਾਂ ਗੁਜ਼ਾਰਿਆ। ਮੈਂ ਤੇ ਮੇਰੇ ਪਤੀ ਨੇ ਆਪਣੀਆਂ ਧੀਆਂ ਨੂੰ ਦੱਸਿਆ ਸੀ ਕਿ ਉਹ ਸਾਡੇ ਨਾਲ ਕੋਈ ਵੀ ਗੱਲ ਕਰ ਸਕਦੀਆਂ ਹਨ ਤੇ ਜੋ ਕੁਝ ਵੀ ਉਹ ਕਹਿਣਗੀਆਂ ਅਸੀਂ ਸੁਣਾਂਗੇ। ਮੈਂ ਯਾਕੂਬ 1:19 ਦੀ ਸਲਾਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹਾਂ ਜਿਸ ਵਿਚ ਲਿਖਿਆ ਹੈ ਕਿ ਸਾਨੂੰ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ’ ਹੋਣਾ ਚਾਹੀਦਾ ਹੈ।

ਵਿਕਟੋਰੀਆ: ਮੇਰੀ ਮੰਮੀ ਮੇਰੀ ਸਭ ਤੋਂ ਪੱਕੀ ਸਹੇਲੀ ਹੈ। ਮੈਂ ਕਦੇ ਵੀ ਇੰਨੇ ਚੰਗੇ ਸੁਭਾਅ ਦੇ ਇਨਸਾਨ ਨੂੰ ਨਹੀਂ ਮਿਲੀ ਅਤੇ ਉਹ ਹਰ ਕਿਸੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੀ ਹੈ। ਮੇਰੀ ਮੰਮੀ ਦਿਲੋਂ ਦੂਜਿਆਂ ਦਾ ਖ਼ਿਆਲ ਰੱਖਦੀ ਹੈ। ਉਸ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ।

ਓਲੀਵੀਆ: ਮੇਰੇ ਡੈਡੀ ਜੀ ਵੱਡੇ ਦਿਲ ਵਾਲੇ ਹਨ। ਭਾਵੇਂ ਸਾਡੇ ਕੋਲ ਜ਼ਿਆਦਾ ਚੀਜ਼ਾਂ ਨਹੀਂ ਹਨ, ਪਰ ਉਹ ਹਮੇਸ਼ਾ ਦੂਜਿਆਂ ਨੂੰ ਦੇਣ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਨੂੰ ਸੀਰੀਅਸ ਹੋਣਾ ਵੀ ਆਉਂਦਾ ਹੈ, ਪਰ ਉਨ੍ਹਾਂ ਨੂੰ ਹੱਸਣਾ-ਖੇਡਣਾ ਵੀ ਆਉਂਦਾ ਹੈ। ਮੇਰੇ ਡੈਡੀ ਵਰਗਾ ਕੋਈ ਨਹੀਂ ਤੇ ਮੈਂ ਖ਼ੁਸ਼ ਹਾਂ ਕਿ ਉਹ ਮੇਰੇ ਹਨ।

“ਸਾਡੇ ਕੋਲ ਬੋਰ ਹੋਣ ਦਾ ਟਾਈਮ ਹੀ ਨਹੀਂ ਹੈ!”

ਸੰਨੀ: ਜੇ ਕੁੜੀਆਂ ਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਇਕੱਠੇ ਬੈਠ ਕੇ ਇਸ ਬਾਰੇ ਗੱਲ ਕਰਦੇ ਹਾਂ। ਅਸੀਂ ਸਾਰੇ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲ ਕਰਦੇ ਹਾਂ ਅਤੇ ਜੋ ਵੀ ਫ਼ੈਸਲਾ ਕਰਦੇ ਹਾਂ ਉਹ ਬਾਈਬਲ ਦੇ ਅਸੂਲਾਂ ਮੁਤਾਬਕ ਹੁੰਦਾ ਹੈ। ਇਨੇਜ਼ ਤੇ ਮੈਂ ਕੋਸ਼ਿਸ਼ ਕਰਦੇ ਹਾਂ ਕਿ ਕੁੜੀਆਂ ਦੀਆਂ ਸਹੇਲੀਆਂ ਸੱਚਾਈ ਵਿਚ ਸਿਆਣੀਆਂ ਅਤੇ ਸਮਝਦਾਰ ਹੋਣ। ਸਾਡੇ ਦੋਸਤ ਉਨ੍ਹਾਂ ਦੇ ਦੋਸਤ ਹਨ ਅਤੇ ਉਨ੍ਹਾਂ ਦੇ ਦੋਸਤ ਸਾਡੇ ਦੋਸਤ ਹਨ।

ਇਨੇਜ਼: ਅਸੀਂ ਪਰਿਵਾਰ ਵਿਚ ਬਹੁਤ ਸਾਰੇ ਕੰਮ ਇਕੱਠੇ ਕਰਦੇ ਹਾਂ। ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਪ੍ਰਚਾਰ ਵਿਚ, ਨਿੱਜੀ ਅਤੇ ਪਰਿਵਾਰਕ ਸਟੱਡੀ ਕਰਨ ਵਿਚ ਤੇ ਵਾਲੰਟੀਅਰ ਕੰਮ, ਜਿਵੇਂ ਕਿ ਕੁਦਰਤੀ ਆਫ਼ਤਾਂ ਦੌਰਾਨ ਮਦਦ ਕਰਨੀ ਅਤੇ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ, ਵਿਚ ਹਿੱਸਾ ਲੈਂਦੇ ਹਾਂ। ਇਹ ਦੇ ਨਾਲ-ਨਾਲ ਅਸੀਂ ਮਨੋਰੰਜਨ ਲਈ ਵੀ ਸਮਾਂ ਕੱਢਦੇ ਹਾਂ। ਸਾਡੇ ਕੋਲ ਬੋਰ ਹੋਣ ਦਾ ਟਾਈਮ ਹੀ ਨਹੀਂ ਹੈ!

ਕੈਲਸੀ: ਮੇਰੇ ਡੈਡੀ ਹਮੇਸ਼ਾ ਧਿਆਨ ਨਾਲ ਗੱਲ ਸੁਣਦੇ ਹਨ ਤੇ ਕੋਈ ਵੀ ਵੱਡਾ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਪਰਿਵਾਰ ਦੀ ਸਲਾਹ ਲੈਂਦੇ ਹਨ। ਮੇਰੇ ਮੰਮੀ ਮਦਦ ਕਰਨ ਜਾਂ ਮੇਰੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਹੁੰਦੇ ਹਨ।

ਸਮੇਂਥਾ: ਜੋ ਵੀ ਕੰਮ ਮੇਰੇ ਮੰਮੀ ਕਰਦੇ ਹਨ ਉਸ ਤੋਂ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਪਿਆਰ ਕਰਦੇ ਹਨ ਅਤੇ ਮੈਨੂੰ ਅਨਮੋਲ ਸਮਝਦੇ ਹਨ। ਉਹ ਹਮੇਸ਼ਾ ਮੇਰੀ ਗੱਲ ਸੁਣਦੇ ਅਤੇ ਮੇਰਾ ਖ਼ਿਆਲ ਰੱਖਦੇ ਹਨ। ਮੰਮੀ ਨਾਲ ਮੇਰੇ ਰਿਸ਼ਤੇ ਦੀ ਕੀਮਤ ਕੋਈ ਨਹੀਂ ਲਾ ਸਕਦਾ।

[ਤਸਵੀਰਾਂ]

ਕੋਮੈਰਾ ਪਰਿਵਾਰ: ਜੋਸਫ਼, ਲੀਸਾ, ਵਿਕਟੋਰੀਆ, ਓਲੀਵੀਆ ਤੇ ਇਜ਼ਾਬੇਲਾ

ਸਾਪਾਤਾ ਪਰਿਵਾਰ: ਕੈਲਸੀ, ਇਨੇਜ਼, ਸੰਨੀ ਅਤੇ ਸਮੇਂਥਾ

[ਸਫ਼ਾ 22 ਉੱਤੇ ਤਸਵੀਰ]

ਮਾਪੇ ਕੁਝ ਹੱਦ ਤਕ ਆਜ਼ਾਦੀ ਦੇ ਸਕਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ