ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • pe ਅਧਿ. 14 ਸਫ਼ੇ 120-126
  • ਕੌਣ ਸਵਰਗ ਨੂੰ ਜਾਂਦੇ ਹਨ, ਅਤੇ ਕਿਉਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੌਣ ਸਵਰਗ ਨੂੰ ਜਾਂਦੇ ਹਨ, ਅਤੇ ਕਿਉਂ?
  • ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਸਾਰੇ ਅੱਛੇ ਵਿਅਕਤੀ ਸਵਰਗ ਨੂੰ ਜਾਂਦੇ ਹਨ?
  • ਕੁਝ ਵਫ਼ਾਦਾਰ ਵਿਅਕਤੀ ਕਿਉਂ ਸਵਰਗ ਨੂੰ ਜਾਂਦੇ ਹਨ
  • ਕਿੰਨੇ ਸਵਰਗ ਨੂੰ ਜਾਂਦੇ ਹਨ?
  • ਧਰਤੀ ਤੋਂ ਕਿਉਂ ਚੁਣੇ ਗਏ
  • ਪਰਮੇਸ਼ੁਰ ਦੀ ਕਲੀਸਿਯਾ
  • ਪਰਮੇਸ਼ੁਰ ਦੇ ਮਕਸਦ ਵਿਚ ਇਕ ਨਵੀਂ ਚੀਜ਼
  • ਪਰਮੇਸ਼ੁਰ ਦਾ ਰਾਜ ਕੀ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਸਵਰਗ ਕੌਣ ਜਾਣਗੇ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਪਰਮੇਸ਼ੁਰ ਦੇ ਰਾਜ ਬਾਰੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
pe ਅਧਿ. 14 ਸਫ਼ੇ 120-126

ਅਧਿਆਇ 14

ਕੌਣ ਸਵਰਗ ਨੂੰ ਜਾਂਦੇ ਹਨ, ਅਤੇ ਕਿਉਂ?

1. ਅਨੇਕ ਵਿਅਕਤੀ ਇਸ ਸਵਾਲ ਦਾ ਜਵਾਬ ਕਿਵੇਂ ਦੇਣਗੇ, ਕੌਣ ਸਵਰਗ ਨੂੰ ਜਾਂਦੇ ਹਨ, ਅਤੇ ਕਿਉਂ?

ਕਈ ਵਿਅਕਤੀ ਆਖਦੇ ਹਨ, ‘ਸਾਰੇ ਅੱਛੇ ਲੋਕ ਸਵਰਗ ਨੂੰ ਜਾਂਦੇ ਹਨ।’ ਪਰ, ਜਦੋਂ ਪੁੱਛਿਆ ਜਾਂਦਾ ਹੈ ਕਿ ਉਹ ਕਿਉਂ ਸਵਰਗ ਨੂੰ ਜਾਂਦੇ ਹਨ, ਉਹ ਸ਼ਾਇਦ ਕਹਿਣ: ‘ਪਰਮੇਸ਼ੁਰ ਦੇ ਸੰਗ ਹੋਣ ਲਈ,’ ਯਾ, ‘ਇਹ ਅੱਛੇ ਹੋਣ ਦਾ ਇਕ ਪ੍ਰਤਿਫਲ ਹੈ।’ ਬਾਈਬਲ ਇਸ ਬਾਰੇ ਕੀ ਸਿੱਖਿਆ ਦਿੰਦੀ ਹੈ?

2, 3. (ੳ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਕੁਝ ਮਨੁੱਖ ਸਵਰਗ ਨੂੰ ਜਾਣਗੇ? (ਅ) ਕਿਸ ਸਵਾਲ ਦਾ ਜਵਾਬ ਦੇਣ ਦੀ ਜ਼ਰੂਰਤ ਹੈ?

2 ਬਾਈਬਲ ਸਪੱਸ਼ਟ ਕਰਦੀ ਹੈ ਕਿ ਯਿਸੂ ਮਰੇ ਹੋਇਆਂ ਤੋਂ ਜੀ ਉਠਾਇਆ ਗਿਆ ਸੀ ਅਤੇ ਉਹ ਸਵਰਗ ਨੂੰ ਗਿਆ। ਨਾਲ ਹੀ, ਇਹ ਆਖਦੀ ਹੈ ਕਿ ਹੋਰ ਮਨੁੱਖ ਵੀ ਉਥੇ ਲਿਜਾਏ ਜਾਣਗੇ। ਆਪਣੀ ਮੌਤ ਤੋਂ ਪਹਿਲਾਂ ਦੀ ਰਾਤ, ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਦੱਸਿਆ: “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆਣ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਭਈ ਜਿੱਥੇ ਮੈਂ ਹਾਂ ਤੁਸੀਂ ਭੀ ਹੋਵੋ।” (ਟੇਢੇ ਟਾਈਪ ਸਾਡੇ)—ਯੂਹੰਨਾ 14:1-3.

3 ਸਪੱਸ਼ਟ ਤੌਰ ਤੇ, ਯਿਸੂ ਆਪਣੇ ਰਸੂਲਾਂ ਨੂੰ ਦੱਸ ਰਿਹਾ ਸੀ ਕਿ ਉਹ ਉਸ ਦੇ ਸੰਗ ਹੋਣ ਲਈ ਸਵਰਗ ਨੂੰ ਲਿਜਾਏ ਜਾਣਗੇ। ਰਸੂਲ ਪੌਲੁਸ ਪਹਿਲੇ ਮਸੀਹੀਆਂ ਨੂੰ ਅਕਸਰ ਉਸ ਅਦਭੁਤ ਉਮੀਦ ਬਾਰੇ ਦੱਸਦਾ ਹੁੰਦਾ ਸੀ। ਮਿਸਾਲ ਲਈ, ਉਸ ਨੇ ਲਿਖਿਆ: “ਅਸੀਂ ਸੁਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।” (ਫ਼ਿਲਿੱਪੀਆਂ 3:20, 21; ਰੋਮੀਆਂ 6:5; 2 ਕੁਰਿੰਥੀਆਂ 5:1, 2) ਅਜੇਹਿਆਂ ਵਾਇਦਿਆਂ ਉੱਤੇ ਆਧਾਰਿਤ, ਲੱਖਾਂ ਹੀ ਵਿਅਕਤੀਆਂ ਨੇ ਆਪਣੇ ਮਨ ਸਵਰਗੀ ਜੀਵਨ ਉੱਤੇ ਟਿਕਾਏ ਹੋਏ ਹਨ। ਪਰ ਕੀ ਸਾਰੇ ਅੱਛੇ ਵਿਅਕਤੀ ਸਵਰਗ ਨੂੰ ਜਾਣਗੇ?

ਕੀ ਸਾਰੇ ਅੱਛੇ ਵਿਅਕਤੀ ਸਵਰਗ ਨੂੰ ਜਾਂਦੇ ਹਨ?

4, 5. ਕੀ ਸਬੂਤ ਹੈ ਕਿ ਦਾਊਦ ਅਤੇ ਅੱਯੂਬ ਸਵਰਗ ਨੂੰ ਨਹੀਂ ਗਏ?

4 ਯਿਸੂ ਦਾ ਮਰੇ ਹੋਇਆਂ ਤੋਂ ਜੀ ਉਠਾਏ ਜਾਣ ਦੇ ਥੋੜ੍ਹੇ ਚਿਰ ਬਾਅਦ, ਰਸੂਲ ਪਤਰਸ ਨੇ ਯਹੂਦੀਆਂ ਦੀ ਇਕ ਭੀੜ ਨੂੰ ਆਖਿਆ: “ਘਰਾਣੇ ਦੇ ਸਰਦਾਰ ਦਾਊਦ . . . ਭਈ ਉਹ ਤਾਂ ਮੋਇਆ ਅਤੇ ਦੱਬਿਆ ਭੀ ਗਿਆ ਅਰ ਉਹ ਦੀ ਕਬਰ ਅੱਜ ਤੀਕੁਰ ਸਾਡੇ ਵਿੱਚ ਹੈ। ਕਿਉਂ ਜੋ ਦਾਊਦ ਅਕਾਸ਼ ਉੱਤੇ ਨਾ ਗਿਆ।” (ਰਸੂਲਾਂ ਦੇ ਕਰਤੱਬ 2:29, 34, ਟੇਢੇ ਟਾਈਪ ਸਾਡੇ) ਤਾਂ ਫਿਰ ਅੱਛਾ ਮਨੁੱਖ ਦਾਊਦ ਸਵਰਗ ਨੂੰ ਨਹੀਂ ਗਿਆ ਸੀ। ਧਰਮੀ ਮਨੁੱਖ ਅੱਯੂਬ ਬਾਰੇ ਕੀ?

5 ਜਦੋਂ ਉਹ ਕਸ਼ਟ ਸਹਿ ਰਿਹਾ ਸੀ, ਅੱਯੂਬ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਕਾਸ਼ ਕਿ ਤੂੰ ਮੈਨੂੰ ਪਤਾਲ [ਕਬਰ] ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ!” ਅੱਯੂਬ ਇਹ ਉਮੀਦ ਰੱਖਦਾ ਸੀ ਕਿ ਜਦੋਂ ਉਹ ਮਰੇਗਾ ਉਹ ਕਬਰ ਵਿਚ ਅਚੇਤ ਹੋ ਜਾਵੇਗਾ। ਉਹ ਜਾਣਦਾ ਸੀ ਕਿ ਉਹ ਸਵਰਗ ਨੂੰ ਨਹੀਂ ਜਾਵੇਗਾ। ਪਰ ਉਹ ਉਮੀਦ ਰੱਖਦਾ ਸੀ, ਜਿਸ ਤਰ੍ਹਾਂ ਉਸ ਨੇ ਵਿਆਖਿਆ ਕੀਤੀ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? ਆਪਣੇ ਜੁੱਧ ਦੇ ਸਾਰੇ ਦਿਨ [ਕਬਰ ਵਿਚ ਨਿਯੁਕਤ ਸਮਾਂ] ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ। ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ।”—ਅੱਯੂਬ 14:13-15.

6, 7. (ੳ) ਕੀ ਦਿਖਾਉਂਦਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਮਸੀਹ ਤੋਂ ਪਹਿਲਾਂ ਮਰਿਆ ਸੀ ਸਵਰਗ ਨੂੰ ਨਹੀਂ ਗਿਆ? (ਅ) ਉਨ੍ਹਾਂ ਸਾਰੇ ਵਫ਼ਾਦਾਰ ਵਿਅਕਤੀਆਂ ਨੂੰ ਕੀ ਹੋਵੇਗਾ ਜਿਹੜੇ ਮਸੀਹ ਤੋਂ ਪਹਿਲਾਂ ਮਰੇ ਸਨ?

6 ਯੂਹੰਨਾ ਵੀ, ਜਿਸ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ, ਇਕ ਅੱਛਾ ਮਨੁੱਖ ਸੀ। ਫਿਰ ਵੀ ਯਿਸੂ ਨੇ ਆਖਿਆ: “ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ।” (ਮੱਤੀ 11:11) ਇਹ ਇਸ ਲਈ ਹੈ ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਸਵਰਗ ਨੂੰ ਨਹੀਂ ਜਾਵੇਗਾ। ਜਦੋਂ ਯਿਸੂ ਧਰਤੀ ਉੱਤੇ ਸੀ, ਜੋ ਆਦਮ ਅਤੇ ਹੱਵਾਹ ਦੀ ਬਗਾਵਤ ਤੋਂ 4,000 ਸਾਲ ਬਾਅਦ ਵਿਚ ਸੀ, ਉਸ ਨੇ ਆਖਿਆ: “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ।”—ਯੂਹੰਨਾ 3:13.

7 ਤਾਂ ਫਿਰ, ਯਿਸੂ ਦੇ ਆਪਣੇ ਸ਼ਬਦਾਂ ਦੇ ਅਨੁਸਾਰ, ਮਾਨਵ ਇਤਿਹਾਸ ਦੇ ਉਨ੍ਹਾਂ ਸਾਰੇ 4,000 ਸਾਲਾਂ ਤੋਂ ਉਸ ਦੇ ਦਿਨਾਂ ਤਾਈਂ ਕੋਈ ਮਨੁੱਖ ਸਵਰਗ ਨੂੰ ਨਹੀਂ ਗਿਆ ਸੀ। ਦਾਊਦ, ਅੱਯੂਬ ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਸ ਧਰਤੀ ਉੱਤੇ ਜੀਵਨ ਦਾ ਪੁਨਰ-ਉਥਾਨ ਮਿਲੇਗਾ। ਅਸਲ ਵਿਚ, ਸਾਰੇ ਵਫ਼ਾਦਾਰ ਆਦਮੀ ਅਤੇ ਔਰਤਾਂ, ਜਿਹੜੇ ਯਿਸੂ ਦੇ ਮਰਨ ਤੋਂ ਪਹਿਲਾਂ ਮਰ ਚੁੱਕੇ ਸਨ, ਇਸ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਸਨ, ਨਾ ਕਿ ਸਵਰਗ ਵਿਚ। ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਪਾਰਥਿਵ ਪਰਜਾ ਦਾ ਕੁਝ ਹਿੱਸਾ ਬਣਨ ਲਈ ਪੁਨਰ-ਉਥਿਤ ਕੀਤਾ ਜਾਵੇਗਾ।—ਜ਼ਬੂਰਾਂ ਦੀ ਪੋਥੀ 72:7, 8; ਰਸੂਲਾਂ ਦੇ ਕਰਤੱਬ 17:31.

ਕੁਝ ਵਫ਼ਾਦਾਰ ਵਿਅਕਤੀ ਕਿਉਂ ਸਵਰਗ ਨੂੰ ਜਾਂਦੇ ਹਨ

8. ਕਿਹੜੇ ਸਵਾਲਾਂ ਦੇ ਜਵਾਬ ਮਹੱਤਵਪੂਰਣ ਹਨ, ਅਤੇ ਕਿਉਂ?

8 ਯਿਸੂ ਸਵਰਗ ਨੂੰ ਕਿਉਂ ਗਿਆ? ਉਸ ਲਈ ਉਥੇ ਕਰਨ ਲਈ ਕਿਹੜਾ ਕੰਮ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਮਹੱਤਵਪੂਰਣ ਹਨ। ਇਹ ਇਸ ਲਈ ਹੈ ਕਿਉਂਕਿ ਜਿਹੜੇ ਸਵਰਗ ਨੂੰ ਜਾਂਦੇ ਹਨ ਉਹ ਯਿਸੂ ਦੇ ਨਾਲ ਉਹ ਦੇ ਕੰਮ ਵਿਚ ਹਿੱਸਾ ਲੈਣਗੇ। ਉਹ ਸਵਰਗ ਨੂੰ ਇਸੇ ਮਕਸਦ ਲਈ ਜਾਂਦੇ ਹਨ।

9, 10. ਦਾਨੀਏਲ ਦੇ ਅਨੁਸਾਰ, ਮਸੀਹ ਦੇ ਸਿਵਾਏ ਪਰਮੇਸ਼ੁਰ ਦੀ ਸਰਕਾਰ ਵਿਚ ਹੋਰ ਕੌਣ ਸ਼ਾਸਨ ਕਰਨਗੇ?

9 ਅਸੀਂ ਪਹਿਲਿਆਂ ਅਧਿਆਵਾਂ ਵਿਚ ਸਿੱਖਿਆ ਸੀ ਕਿ ਯਿਸੂ ਪਰਮੇਸ਼ੁਰ ਦੀ ਸਵਰਗੀ ਸਰਕਾਰ ਵਿਚ ਰਾਜੇ ਦੇ ਰੂਪ ਵਿਚ ਪਰਾਦੀਸ ਨਵੀਂ ਧਰਤੀ ਉੱਤੇ ਸ਼ਾਸਨ ਕਰੇਗਾ। ਯਿਸੂ ਦੇ ਇਸ ਧਰਤੀ ਉੱਤੇ ਆਉਣ ਤੋਂ ਬਹੁਤ ਚਿਰ ਪਹਿਲਾਂ, ਦਾਨੀਏਲ ਨਾਂ ਦੀ ਇਕ ਬਾਈਬਲ ਕਿਤਾਬ ਨੇ ਭਵਿੱਖਬਾਣੀ ਕੀਤੀ ਸੀ ਕਿ “ਮਨੁੱਖ ਦੇ ਪੁੱਤ੍ਰ” ਨੂੰ ‘ਪਾਤਸ਼ਾਹੀ ਦਿੱਤੀ ਜਾਵੇਗੀ।’ ਇਹ “ਮਨੁੱਖ ਦਾ ਪੁੱਤ੍ਰ” ਯਿਸੂ ਮਸੀਹ ਹੈ। (ਮਰਕੁਸ 14:41, 62) ਅਤੇ ਦਾਨੀਏਲ ਅੱਗੇ ਆਖਦਾ ਹੈ: “ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।”—ਦਾਨੀਏਲ 7:13, 14.

10 ਫਿਰ ਵੀ, ਦਾਨੀਏਲ ਦੀ ਕਿਤਾਬ ਵਿਚ ਇਸ ਉੱਤੇ ਧਿਆਨ ਦੇਣਾ ਮਹੱਤਵਪੂਰਣ ਹੈ ਕਿ “ਮਨੁੱਖ ਦੇ ਪੁੱਤ੍ਰ” ਨੇ ਇਕੱਲੇ ਹੀ ਨਹੀਂ ਸ਼ਾਸਨ ਕਰਨਾ ਹੈ। ਬਾਈਬਲ ਆਖਦੀ ਹੈ: “ਅਤੇ ਪਾਤਸ਼ਾਹੀ ਅਤੇ ਹੁਕਮਰਾਨੀ . . . ਲੋਕਾਂ ਨੂੰ ਦਿੱਤੀ ਗਈ ਜਿਹੜੇ ਅੱਤ ਮਹਾਨ ਦੇ ਪਵਿੱਤਰ ਜਣੇ ਹਨ। ਉਨ੍ਹਾਂ ਦਾ ਰਾਜ ਇੱਕ ਸਦਾ ਦਾ ਰਾਜ ਹੈ।” (ਦਾਨੀਏਲ 7:27, ਨਿਵ, ਟੇਢੇ ਟਾਈਪ ਸਾਡੇ) ਇਹ ਸ਼ਬਦ “ਲੋਕਾਂ” ਅਤੇ “ਉਨ੍ਹਾਂ ਦਾ ਰਾਜ” ਸਾਨੂੰ ਦੱਸਦੇ ਹਨ ਕਿ ਪਰਮੇਸ਼ੁਰ ਦੀ ਸਰਕਾਰ ਵਿਚ ਮਸੀਹ ਦੇ ਨਾਲ ਦੂਸਰੇ ਵਿਅਕਤੀ ਵੀ ਸ਼ਾਸਨ ਕਰਨਗੇ।

11. ਕੀ ਦਿਖਾਉਂਦਾ ਹੈ ਕਿ ਮਸੀਹ ਦੇ ਪਹਿਲੇ ਅਨੁਯਾਈ ਉਸ ਦੇ ਨਾਲ ਸ਼ਾਸਨ ਕਰਨਗੇ?

11 ਉਸ ਆਖਰੀ ਰਾਤ ਤੇ ਜਿਹੜੀ ਯਿਸੂ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨਾਲ ਬਤੀਤ ਕੀਤੀ ਸੀ ਉਸ ਨੇ ਉਨ੍ਹਾਂ ਨੂੰ ਦਿਖਾਇਆ ਕਿ ਉਹ ਉਸ ਦੇ ਸੰਗ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਕ ਹੋਣਗੇ। ਉਹ ਨੇ ਉਨ੍ਹਾਂ ਨੂੰ ਆਖਿਆ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।” (ਲੂਕਾ 22:28, 29) ਬਾਅਦ ਵਿਚ, ਰਸੂਲ ਪੌਲੁਸ ਅਤੇ ਤਿਮੋਥਿਉਸ ਰਾਜ ਲਈ ਇਸ ਇਕਰਾਰ, ਯਾ ਰਾਜ਼ੀਨਾਮੇ ਵਿਚ ਸ਼ਾਮਲ ਕੀਤੇ ਗਏ ਸਨ। ਇਸ ਕਰਕੇ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ: “ਜੇ ਸਹਾਰ ਲਈਏ ਤਾਂ ਉਹ ਦੇ ਨਾਲ ਰਾਜ ਭੀ ਕਰਾਂਗੇ।” (2 ਤਿਮੋਥਿਉਸ 2:12) ਇਸ ਦੇ ਇਲਾਵਾ, ਰਸੂਲ ਯੂਹੰਨਾ ਨੇ ਉਨ੍ਹਾਂ ਬਾਰੇ ਲਿਖਿਆ ਜਿਹੜੇ ਯਿਸੂ ਦੇ ਨਾਲ “ਧਰਤੀ ਉੱਤੇ ਰਾਜ ਕਰਨਗੇ।”—ਪਰਕਾਸ਼ ਦੀ ਪੋਥੀ 5:9, 10; 20:6.

12. ਅਬਰਾਹਾਮ ਦੀ “ਅੰਸ” ਦੇ ਸੰਬੰਧ ਵਿਚ ਕਿਹੜੀ ਹਕੀਕਤ ਜ਼ਾਹਰ ਕਰਦੀ ਹੈ ਕਿ ਮਸੀਹ ਦੇ ਸੰਗੀ ਸ਼ਾਸਕ ਹੋਣਗੇ?

12 ਤਾਂ ਫਿਰ ਜਿਹੜੇ ਸਵਰਗ ਨੂੰ ਜਾਂਦੇ ਹਨ ਉਹ ਪਰਮੇਸ਼ੁਰ ਦੀ ਸਵਰਗੀ ਸਰਕਾਰ ਵਿਚ ਮਸੀਹ ਦੇ ਸੰਗੀ ਸ਼ਾਸਕਾਂ ਦੇ ਰੂਪ ਵਿਚ ਸੇਵਾ ਕਰਨ ਲਈ ਜਾਂਦੇ ਹਨ। ਜਦੋਂ ਕਿ ਵਾਇਦੇ ਦਾ ਮੁੱਖ “ਅੰਸ” ਯਿਸੂ ਹੈ, ਪਰਮੇਸ਼ੁਰ ਮਨੁੱਖਜਾਤੀ ਵਿਚੋਂ ਯਿਸੂ ਨਾਲ ਰਾਜ ਵਿਚ ਸ਼ਾਸਨ ਕਰਨ ਲਈ ਹੋਰਾਂ ਨੂੰ ਵੀ ਚੁਣਦਾ ਹੈ। ਇਸ ਤਰ੍ਹਾਂ ਉਹ “ਅੰਸ” ਦਾ ਹਿੱਸਾ ਬਣ ਜਾਂਦੇ ਹਨ, ਜਿਵੇਂ ਬਾਈਬਲ ਆਖਦੀ ਹੈ: “ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।”—ਗਲਾਤੀਆਂ 3:16, 29; ਯਾਕੂਬ 2:5.

ਕਿੰਨੇ ਸਵਰਗ ਨੂੰ ਜਾਂਦੇ ਹਨ?

13. (ੳ) ਬੱਚੇ ਸਵਰਗ ਨੂੰ ਕਿਉਂ ਨਹੀਂ ਜਾਣਗੇ? (ਅ) ਯਿਸੂ ਨੇ ਉਨ੍ਹਾਂ ਦੀ ਗਿਣਤੀ ਦਾ ਕਿਸ ਤਰ੍ਹਾਂ ਵਰਣਨ ਕੀਤਾ ਸੀ ਜਿਹੜੇ ਰਾਜ ਪ੍ਰਾਪਤ ਕਰਦੇ ਹਨ?

13 ਕਿਉਂਕਿ ਉਨ੍ਹਾਂ ਨੇ ਧਰਤੀ ਉੱਤੇ ਸ਼ਾਸਨ ਕਰਨਾ ਹੈ, ਇਹ ਸਪੱਸ਼ਟ ਹੈ ਕਿ ਉਹ ਜਿਹੜੇ ਸਵਰਗ ਨੂੰ ਜਾਂਦੇ ਹਨ ਮਸੀਹ ਦੇ ਅਜ਼ਮਾਏ ਅਤੇ ਪਰਖੇ ਹੋਏ ਅਨੁਯਾਈ ਹੋਣਗੇ। ਇਸ ਦਾ ਇਹ ਅਰਥ ਹੈ ਕਿ ਬੱਚੇ ਯਾ ਛੋਟੇ ਨਿਆਣੇ, ਜਿਹੜੇ ਮਸੀਹੀ ਸੇਵਾ ਦੇ ਸਮੇਂ ਦੇ ਦੌਰਾਨ ਪੂਰਣ ਤੌਰ ਤੇ ਪਰਖੇ ਨਹੀਂ ਗਏ ਹਨ, ਸਵਰਗ ਨੂੰ ਨਹੀਂ ਲਿਜਾਏ ਜਾਣਗੇ। (ਮੱਤੀ 16:24) ਪਰ ਫਿਰ, ਅਜਿਹੇ ਛੋਟੇ ਬੱਚਿਆਂ ਲਈ ਜਿਹੜੇ ਮਰ ਜਾਂਦੇ ਹਨ ਧਰਤੀ ਉੱਤੇ ਜੀ ਉਠਾਏ ਜਾਣ ਦੀ ਉਮੀਦ ਹੈ। (ਯੂਹੰਨਾ 5:28, 29) ਇਸ ਲਈ ਜਿਹੜੇ ਸਵਰਗ ਨੂੰ ਜਾਂਦੇ ਹਨ ਉਨ੍ਹਾਂ ਦੀ ਗਿਣਤੀ ਛੋਟੀ ਜਿਹੀ ਹੀ ਹੋਵੇਗੀ ਜਦੋਂ ਇਨ੍ਹਾਂ ਦੀ ਤੁਲਨਾ ਉਨ੍ਹਾਂ ਅਨੇਕਾਂ ਦੇ ਨਾਲ ਕੀਤੀ ਜਾਵੇ ਜਿਹੜੇ ਰਾਜ ਦੇ ਅਧੀਨ ਧਰਤੀ ਉੱਤੇ ਜੀਵਨ ਪ੍ਰਾਪਤ ਕਰਨਗੇ। ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ: “ਹੇ ਛੋਟੇ ਝੁੰਡ, ਨਾ ਡਰ ਕਿਉਂਕਿ ਤੁਹਾਡੇ ਪਿਤਾ ਨੂੰ ਪਸਿੰਦ ਆਇਆ ਹੈ ਜੋ ਰਾਜ ਤੁਹਾਨੂੰ ਦੇਵੇ।”—ਲੂਕਾ 12:32.

14. ਸਵਰਗ ਨੂੰ ਜਾਣ ਵਾਲੇ “ਛੋਟੇ ਝੁੰਡ” ਵਿਚ ਕਿੰਨੇ ਵਿਅਕਤੀ ਹਨ?

14 ਇਨ੍ਹਾਂ ਰਾਜ ਸ਼ਾਸਕਾਂ ਦੇ ਵਰਗ ਦੀ ਗਿਣਤੀ ਕਿੰਨੀ-ਕੁ ਛੋਟੀ ਹੋਵੇਗੀ? ਕੀ ਇਨ੍ਹਾਂ ਵਿਚ ਕੇਵਲ ਰਸੂਲ ਅਤੇ ਯਿਸੂ ਦੇ ਹੋਰ ਪਹਿਲੇ ਅਨੁਯਾਈ ਹੀ ਸ਼ਾਮਲ ਹੋਣਗੇ? ਨਹੀਂ, ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਇਸ “ਛੋਟੇ ਝੁੰਡ” ਵਿਚ ਹੋਰ ਜਣੇ ਵੀ ਸ਼ਾਮਲ ਹੋਣਗੇ। ਪਰਕਾਸ਼ ਦੀ ਪੋਥੀ 14:1, 3 ਤੇ ਬਾਈਬਲ ਆਖਦੀ ਹੈ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ [ਯਿਸੂ ਮਸੀਹ] [ਸਵਰਗੀ] ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ . . . ਜਿਹੜੇ ਧਰਤੀਓਂ ਮੁੱਲ ਲਏ ਹੋਏ [ਯਾ, ਲਏ ਗਏ] ਸਨ।” ਇਸ ਗੱਲ ਉੱਤੇ ਧਿਆਨ ਦਿਓ ਕਿ ਕੇਵਲ 1,44,000 ਵਿਅਕਤੀ ਹੀ ਲੇਲੇ, ਯਿਸੂ ਮਸੀਹ ਦੇ ਨਾਲ ਸਵਰਗੀ ਸੀਯੋਨ ਦੇ ਪਹਾੜ ਉੱਤੇ ਦੇਖੇ ਜਾਂਦੇ ਹਨ। (ਇਬਰਾਨੀਆਂ 12:22) ਤਾਂ ਫਿਰ ਇਸ ਦੀ ਬਜਾਇ ਕਿ ਸਾਰੇ ਅੱਛੇ ਲੋਕ ਸਵਰਗ ਨੂੰ ਜਾਂਦੇ ਹਨ, ਬਾਈਬਲ ਜ਼ਾਹਰ ਕਰਦੀ ਹੈ ਕਿ ਕੇਵਲ 1,44,000 ਅਜ਼ਮਾਏ ਹੋਏ ਅਤੇ ਵਫ਼ਾਦਾਰ ਵਿਅਕਤੀ ਹੀ ਮਸੀਹ ਦੇ ਨਾਲ ਸ਼ਾਸਨ ਕਰਨ ਲਈ ਉਥੇ ਲਿਜਾਏ ਜਾਣਗੇ।

ਧਰਤੀ ਤੋਂ ਕਿਉਂ ਚੁਣੇ ਗਏ

15. ਪਰਮੇਸ਼ੁਰ ਰਾਜ ਸ਼ਾਸਕਾਂ ਨੂੰ ਮਨੁੱਖਜਾਤੀ ਵਿਚੋਂ ਕਿਉਂ ਚੁਣਦਾ ਹੈ?

15 ਲੇਕਨ ਪਰਮੇਸ਼ੁਰ ਇਨ੍ਹਾਂ ਸ਼ਸਕਾਂ ਨੂੰ ਮਨੁੱਖਜਾਤੀ ਵਿਚੋਂ ਕਿਉਂ ਚੁਣਦਾ ਹੈ? ਮਸੀਹ ਦੇ ਨਾਲ ਸ਼ਾਸਨ ਕਰਨ ਲਈ ਦੂਤਾਂ ਨੂੰ ਕਿਉਂ ਨਾ ਚੁਣਿਆ ਜਾਵੇ? ਭਲਾ, ਇਸ ਧਰਤੀ ਉੱਤੇ ਹੀ ਯਹੋਵਾਹ ਦੇ ਸ਼ਾਸਨ ਕਰਨ ਦੇ ਹੱਕ ਨੂੰ ਚੁਣੌਤੀ ਦਿੱਤੀ ਗਈ ਸੀ। ਇੱਥੇ ਹੀ ਇਬਲੀਸ ਵੱਲੋਂ ਵਿਰੋਧਤਾ ਦੇ ਅਧੀਨ ਪਰਮੇਸ਼ੁਰ ਦੇ ਪ੍ਰਤੀ ਮਨੁੱਖਾਂ ਦੀ ਵਫ਼ਾਦਾਰੀ ਦੀ ਪਰੀਖਿਆ ਲਈ ਜਾ ਸਕਦੀ ਸੀ। ਇੱਥੇ ਹੀ ਯਿਸੂ ਨੇ ਪਰੀਖਿਆ ਦੇ ਅਧੀਨ ਪਰਮੇਸ਼ੁਰ ਨੂੰ ਆਪਣੀ ਪੂਰਣ ਵਫ਼ਾਦਾਰੀ ਸਾਬਤ ਕੀਤੀ ਸੀ ਅਤੇ ਮਨੁੱਖਜਾਤੀ ਲਈ ਆਪਣਾ ਜੀਵਨ ਰਿਹਾਈ-ਕੀਮਤ ਦੇ ਰੂਪ ਵਿਚ ਦਿੱਤਾ ਸੀ। ਇਸ ਲਈ ਇਸ ਧਰਤੀ ਤੋਂ ਹੀ ਯਹੋਵਾਹ ਨੇ ਸਵਰਗੀ ਰਾਜ ਵਿਚ ਆਪਣੇ ਪੁੱਤਰ ਦੇ ਨਾਲ ਸਹਿਸਦੱਸ ਬਣਨ ਦੇ ਲਈ ਵਿਅਕਤੀਆਂ ਦੇ ਇਕ “ਛੋਟੇ ਝੁੰਡ” ਨੂੰ ਲੈਣ ਦਾ ਪ੍ਰਬੰਧ ਕੀਤਾ। ਇਹ ਉਹ ਵਿਅਕਤੀ ਹਨ ਜਿਹੜੇ, ਪਰਮੇਸ਼ੁਰ ਦੇ ਪ੍ਰਤੀ ਆਪਣੀ ਵਫ਼ਾਦਾਰੀ ਦੁਆਰਾ, ਇਬਲੀਸ ਦੇ ਉਸ ਦਾਅਵੇ ਨੂੰ ਝੂਠਾ ਸਾਬਤ ਕਰਦੇ ਹਨ ਕਿ ਮਨੁੱਖ ਪਰਮੇਸ਼ੁਰ ਦੀ ਸੇਵਾ ਕੇਵਲ ਸਵਾਰਥੀ ਮਤਲਬ ਲਈ ਹੀ ਕਰਦੇ ਹਨ। ਇਸ ਲਈ, ਇਹ ਉਚਿਤ ਹੈ ਕਿ ਯਹੋਵਾਹ ਆਪਣੀ ਮਹਿਮਾ ਦੇ ਵਾਸਤੇ ਇਨ੍ਹਾਂ ਮਨੁੱਖਾਂ ਦਾ ਇਸਤੇਮਾਲ ਕਰਦਾ ਹੈ।—ਅਫ਼ਸੀਆਂ 1:9-12.

16. ਅਸੀਂ ਕਿਉਂ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਰਾਜ ਸ਼ਾਸਕ ਇਸ ਧਰਤੀ ਉੱਤੇ ਰਹਿ ਚੁੱਕੇ ਹਨ?

16 ਇਸ ਦੇ ਅਤਿਰਿਕਤ, ਇਸ ਗੱਲ ਉੱਤੇ ਧਿਆਨ ਦਿਓ ਕਿ ਉਨਾਂ ਵਿਅਕਤੀਆਂ ਦਾ ਸਾਡੇ ਉੱਤੇ ਸ਼ਾਸਕ ਹੋਣਾ ਕਿੰਨਾ ਅਦਭੁਤ ਹੋਵੇਗਾ ਜਿਨ੍ਹਾਂ ਨੇ ਧਰਤੀ ਉੱਤੇ ਪਰਮੇਸ਼ੁਰ ਦੇ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕੀਤੀ ਹੈ, ਜਿਨ੍ਹਾਂ ਵਿਚੋਂ ਕਈਆਂ ਨੇ ਰਾਜ ਦੇ ਨਿਮਿੱਤ ਆਪਣੀਆਂ ਜਾਨਾਂ ਵੀ ਬਲੀਦਾਨ ਕੀਤੀਆਂ ਹਨ। (ਪਰਕਾਸ਼ ਦੀ ਪੋਥੀ 12:10, 11; 20:4) ਦੂਤਾਂ ਨੇ ਅਜਿਹੀਆਂ ਪਰੀਖਿਆਵਾਂ ਦਾ ਸਾਮ੍ਹਣਾ ਨਹੀਂ ਕੀਤਾ ਹੈ। ਨਾ ਹੀ ਉਨ੍ਹਾਂ ਨੇ ਉਹ ਸਮੱਸਿਆਵਾਂ ਅਨੁਭਵ ਕੀਤੀਆਂ ਹਨ ਜਿਹੜੀਆਂ ਮਨੁੱਖਜਾਤੀ ਆਮ ਤੌਰ ਤੇ ਅਨੁਭਵ ਕਰਦੀ ਹੈ। ਇਸ ਲਈ ਉਹ ਪੂਰੀ ਤਰ੍ਹਾਂ ਨਹੀਂ ਸਮਝ ਸਕਣਗੇ ਕਿ ਇਕ ਪਾਪੀ ਮਨੁੱਖ ਹੋਣਾ ਅਤੇ ਉਨ੍ਹਾਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਜਿਨ੍ਹਾਂ ਦਾ ਅਸੀਂ ਮਨੁੱਖ ਸਾਮ੍ਹਣਾ ਕਰਦੇ ਹਾਂ ਕਿਸ ਤਰ੍ਹਾਂ ਦਾ ਤਜਰਬਾ ਹੈ। ਲੇਕਨ ਉਹ 1,44,000 ਸਮਝਣਗੇ ਕਿਉਂਕਿ ਉਹ ਇਹੀ ਸਮੱਸਿਆਵਾਂ ਨੂੰ ਅਨੁਭਵ ਕਰ ਚੁੱਕੇ ਹਨ। ਉਨ੍ਹਾਂ ਵਿਚੋਂ ਕਈਆਂ ਨੂੰ ਅਤਿ ਪਾਪਪੂਰਣ ਅਭਿਆਸਾਂ ਉੱਤੇ ਵਿਜੇ ਪ੍ਰਾਪਤ ਕਰਨੀ ਪਈ ਹੈ, ਅਤੇ ਉਹ ਜਾਣਦੇ ਹਨ ਕਿ ਇਹ ਕਰਨਾ ਕਿੰਨਾ ਮੁਸ਼ਕਲ ਹੋ ਸਕਦਾ ਹੈ। (1 ਕੁਰਿੰਥੀਆਂ 6:9-11) ਇਸ ਕਰਕੇ, ਉਹ ਆਪਣੀ ਪਾਰਥਿਵ ਪਰਜਾ ਨਾਲ ਹਮਦਰਦੀ ਨਾਲ ਵਰਤਾਓ ਕਰਨਗੇ।—ਇਬਰਾਨੀਆਂ 2:17, 18.

ਪਰਮੇਸ਼ੁਰ ਦੀ ਕਲੀਸਿਯਾ

17. “ਕਲੀਸਿਯਾ” ਸ਼ਬਦ ਕਿਸ ਚੀਜ਼ ਨੂੰ ਸੰਕੇਤ ਕਰਦਾ ਹੈ?

17 ਬਾਈਬਲ ਸਾਨੂੰ ਦੱਸਦੀ ਹੈ ਕਿ ਮਸੀਹ ਪਰਮੇਸ਼ੁਰ ਦੀ ਕਲੀਸਿਯਾ ਦਾ ਸਿਰ ਹੈ, ਅਤੇ ਉਸ ਦੇ ਸਦੱਸ ਯਿਸੂ ਦੇ ਅਧੀਨ ਹਨ। (ਅਫ਼ਸੀਆਂ 5:23, 24) ਤਾਂ ਫਿਰ ਇਹ ਸ਼ਬਦ “ਚਰਚ,” ਯਾ “ਪਰਮੇਸ਼ੁਰ ਦੀ ਕਲੀਸਿਯਾ,” ਕਿਸੇ ਇਮਾਰਤ ਨੂੰ ਨਹੀਂ ਸੰਕੇਤ ਕਰਦੇ ਹਨ। ਇਸ ਦੀ ਬਜਾਇ, ਇਹ ਮਸੀਹੀਆਂ ਦੇ ਇਕ ਸਮੂਹ ਨੂੰ ਸੰਕੇਤ ਕਰਦੇ ਹਨ। (1 ਕੁਰਿੰਥੀਆਂ 15:9) ਅੱਜ ਅਸੀਂ ਸ਼ਾਇਦ ਮਸੀਹੀਆਂ ਦੀ ਕਲੀਸਿਯਾ ਦਾ ਜ਼ਿਕਰ ਕਰੀਏ ਜਿਸ ਦੇ ਨਾਲ ਅਸੀਂ ਸੰਬੰਧ ਰੱਖਦੇ ਹਾਂ। ਇਸੇ ਹੀ ਤਰੀਕੇ ਨਾਲ, ਅਸੀਂ ਬਾਈਬਲ ਵਿਚ “ਲਾਉਦਿਕੀਆ ਦੀ ਕਲੀਸਿਯਾ” ਬਾਰੇ, ਅਤੇ ਪੌਲੁਸ ਦੀ ਫਿਲੇਮੋਨ ਨੂੰ ਪੱਤ੍ਰੀ ਵਿਚ, “ਉਸ ਕਲੀਸਿਯਾ [ਜਿਹੜੀ ਉਹ ਦੇ] ਘਰ ਵਿੱਚ ਹੈ” ਬਾਰੇ ਪੜ੍ਹਦੇ ਹਾਂ।—ਕੁਲੁੱਸੀਆਂ 4:16; ਫਿਲੇਮੋਨ 2.

18. (ੳ) “ਅਕਾਲ ਪੁਰਖ ਦੀ ਕਲੀਸਿਯਾ” ਵਿਚ ਕੌਣ ਸ਼ਾਮਲ ਹਨ? (ਅ) ਬਾਈਬਲ ਵਿਚ ਇਸ ਕਲੀਸਿਯਾ ਨੂੰ ਹੋਰ ਕਿਹੜੇ ਸ਼ਬਦਾਂ ਨਾਲ ਵੀ ਸੰਕੇਤ ਕੀਤਾ ਗਿਆ ਹੈ?

18 ਪਰ, ਜਦੋਂ ਬਾਈਬਲ “ਅਕਾਲ ਪੁਰਖ ਦੀ ਕਲੀਸਿਯਾ” ਦਾ ਜ਼ਿਕਰ ਕਰਦੀ ਹੈ, ਇਹ ਮਸੀਹ ਦੇ ਅਨੁਯਾਈਆਂ ਦੇ ਇਕ ਵਿਸ਼ੇਸ਼ ਸਮੂਹ ਦਾ ਜ਼ਿਕਰ ਕਰ ਰਹੀ ਹੈ। (1 ਤਿਮੋਥਿਉਸ 3:15) ਉਨ੍ਹਾਂ ਨੂੰ “ਪਲੋਠਿਆਂ ਦੀ ਕਲੀਸਿਯਾ . . . ਜਿਨ੍ਹਾਂ ਦੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ” ਵੀ ਆਖਿਆ ਜਾਂਦਾ ਹੈ। (ਇਬਰਾਨੀਆਂ 12:23) ਤਾਂ ਫਿਰ ਇਹ “ਪਰਮੇਸ਼ੁਰ ਦੀ ਕਲੀਸਿਯਾ” ਧਰਤੀ ਉੱਤੇ ਉਨ੍ਹਾਂ ਸਾਰਿਆਂ ਮਸੀਹੀਆਂ ਤੋਂ ਬਣਦੀ ਹੈ ਜਿਨ੍ਹਾਂ ਦੀ ਉਮੀਦ ਸਵਰਗੀ ਜੀਵਨ ਹੈ। ਕੁਲ ਮਿਲਾ ਕੇ, ਕੇਵਲ 1,44,000 ਵਿਅਕਤੀ ਹਨ ਜਿਨ੍ਹਾਂ ਨਾਲ ਆਖ਼ਰਕਾਰ “ਪਰਮੇਸ਼ੁਰ ਦੀ ਕਲੀਸਿਯਾ” ਬਣਦੀ ਹੈ। ਅੱਜ ਇਨ੍ਹਾਂ ਵਿਚੋਂ ਸਿਰਫ਼ ਥੋੜ੍ਹੇ ਜਿਹੇ ਹੀ, ਯਾਨੀਕਿ ਇਕ ਬਕੀਆ ਹੀ ਹਾਲੇ ਧਰਤੀ ਉੱਤੇ ਮੌਜੂਦ ਹੈ। ਉਹ ਮਸੀਹੀ ਜਿਹੜੇ ਇਸ ਧਰਤੀ ਉੱਤੇ ਸਦਾ ਲਈ ਜੀਉਂਦੇ ਰਹਿਣ ਦੀ ਉਮੀਦ ਕਰਦੇ ਹਨ ਉਸ “ਅਕਾਲ ਪੁਰਖ ਦੀ ਕਲੀਸਿਯਾ” ਦੇ ਸਦੱਸਾਂ ਤੋਂ ਅਧਿਆਤਮਿਕ ਨਿਰਦੇਸ਼ਨ ਲਈ ਆਸ ਰੱਖਦੇ ਹਨ। ਬਾਈਬਲ ਇਸ 1,44,000 ਸਦੱਸਾਂ ਦੀ ਕਲੀਸਿਯਾ ਨੂੰ ਅਜਿਹੇ ਸ਼ਬਦਾਂ ਨਾਲ ਵੀ ਜ਼ਿਕਰ ਕਰਦੀ ਹੈ ਜਿਵੇਂ ਕਿ “ਲਾੜੀ . . . ਲੇਲੇ ਦੀ ਪਤਨੀ,” “ਮਸੀਹ ਦੀ ਦੇਹੀ,” “ਪਰਮੇਸ਼ੁਰ ਦੀ ਹੈਕਲ,” ‘ਪਰਮੇਸ਼ੁਰ ਦਾ ਇਸਰਾਏਲ,’ ਅਤੇ “ਨਵੀਂ ਯਰੂਸ਼ਲਮ।”—ਪਰਕਾਸ਼ ਦੀ ਪੋਥੀ 21:9; ਅਫ਼ਸੀਆਂ 4:12; 1 ਕੁਰਿੰਥੀਆਂ 3:17; ਗਲਾਤੀਆਂ 6:16; ਪਰਕਾਸ਼ ਦੀ ਪੋਥੀ 21:2.

ਪਰਮੇਸ਼ੁਰ ਦੇ ਮਕਸਦ ਵਿਚ ਇਕ ਨਵੀਂ ਚੀਜ਼

19. ਪਰਮੇਸ਼ੁਰ ਨੇ ਇਸ ਧਰਤੀ ਲਈ ਆਪਣਾ ਮਕਸਦ ਪੂਰਾ ਕਰਨ ਵਾਸਤੇ ਕਿਹੜੀ ਨਵੀਂ ਚੀਜ਼ ਆਰੰਭ ਕੀਤੀ?

19 ਆਦਮ ਦੁਆਰਾ ਮਨੁੱਖਜਾਤੀ ਦਾ ਪਾਪ ਅਤੇ ਮੌਤ ਦੇ ਰਾਹ ਵਿਚ ਪੈਣ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਇਸ ਧਰਤੀ ਅਤੇ ਇਸ ਉੱਤੇ ਮਨੁੱਖਜਾਤੀ ਲਈ ਆਪਣਾ ਮਕਸਦ ਨਹੀਂ ਬਦਲਿਆ। ਅਗਰ ਪਰਮੇਸ਼ੁਰ ਨੇ ਅਜਿਹਾ ਕੀਤਾ ਹੁੰਦਾ, ਤਾਂ ਇਸ ਦਾ ਅਰਥ ਇਹ ਹੋਣਾ ਸੀ ਕਿ ਉਹ ਆਪਣੇ ਮੁੱਢਲੇ ਮਕਸਦ ਨੂੰ ਪੂਰਾ ਕਰਨ ਵਿਚ ਅਯੋਗ ਸੀ। ਸ਼ੁਰੂ ਤੋਂ ਉਸ ਦਾ ਇਹ ਮਕਸਦ ਸੀ ਕਿ ਖੁਸ਼, ਸਿਹਤਮੰਦ ਲੋਕਾਂ ਨਾਲ ਭਰਿਆ ਹੋਇਆ, ਇਕ ਧਰਤੀ-ਵਿਆਪੀ ਪਰਾਦੀਸ ਹੋਵੇ, ਅਤੇ ਇਹ ਮਕਸਦ ਹਾਲੇ ਵੀ ਕਾਇਮ ਹੈ। ਕੇਵਲ ਇਕ ਹੀ ਨਵੀਂ ਚੀਜ਼ ਜੋ ਪਰਮੇਸ਼ੁਰ ਨੇ ਆਰੰਭ ਕੀਤੀ ਸੀ ਉਹ ਉਸ ਦਾ ਮਕਸਦ ਪੂਰਾ ਕਰਨ ਲਈ ਇਕ ਨਵੀਂ ਸਰਕਾਰ ਦਾ ਪ੍ਰਬੰਧ ਸੀ। ਜਿਸ ਤਰ੍ਹਾਂ ਅਸੀਂ ਦੇਖ ਚੁੱਕੇ ਹਾਂ, ਉਸ ਦਾ ਪੁੱਤਰ, ਯਿਸੂ ਮਸੀਹ, ਇਸ ਸਰਕਾਰ ਦਾ ਮੁੱਖ ਸ਼ਾਸਕ ਹੈ, ਅਤੇ ਉਸ ਦੇ ਨਾਲ ਸਵਰਗ ਵਿਚ ਸ਼ਾਸਨ ਕਰਨ ਲਈ ਮਨੁੱਖਜਾਤੀ ਵਿਚੋਂ 1,44,000 ਵਿਅਕਤੀ ਲਏ ਜਾਣਗੇ।—ਪਰਕਾਸ਼ ਦੀ ਪੋਥੀ 7:4.

20. (ੳ) “ਨਵੇਂ ਅਕਾਸ਼” ਅਤੇ “ਨਵੀਂ ਧਰਤੀ” ਵਿਚ ਕੌਣ ਸ਼ਾਮਲ ਹਨ? (ਅ) “ਨਵੀਂ ਧਰਤੀ” ਦਾ ਹਿੱਸਾ ਬਣਨ ਵਾਸਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

20 ਇਹ ਸ਼ਾਸਕ ਸਵਰਗ ਵਿਚ ਪਰਮੇਸ਼ੁਰ ਦੀ ਨਵੀਂ ਵਿਵਸਥਾ ਦੇ “ਨਵੇਂ ਅਕਾਸ਼” ਬਣਨਗੇ। ਫਿਰ ਵੀ ਇਹ ਸਪੱਸ਼ਟ ਹੈ ਕਿ ਅਗਰ ਧਰਤੀ ਦੇ ਉਪਰ ਅਜਿਹੇ ਧਾਰਮਿਕ ਸ਼ਾਸਕਾਂ ਨੇ ਹੋਣਾ ਹੈ, ਤਦ ਉਨ੍ਹਾਂ ਦਾ ਹੋਣਾ ਵੀ ਲਾਜ਼ਮੀ ਹੈ ਜਿਨ੍ਹਾਂ ਉੱਤੇ ਉਹ ਸ਼ਾਸਨ ਕਰਨਗੇ। ਬਾਈਬਲ ਇਨ੍ਹਾਂ ਵਿਅਕਤੀਆਂ ਨੂੰ “ਨਵੀਂ ਧਰਤੀ,” ਆਖਦੀ ਹੈ। (2 ਪਤਰਸ 3:13; ਪਰਕਾਸ਼ ਦੀ ਪੋਥੀ 21:1-4) ਇਨ੍ਹਾਂ ਵਿਚ ਅੱਯੂਬ, ਦਾਊਦ, ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ ਸ਼ਾਮਲ ਹੋਣਗੇ—ਹਾਂ, ਉਹ ਸਾਰੇ ਵਫ਼ਾਦਾਰ ਵਿਅਕਤੀ ਜਿਹੜੇ ਮਸੀਹ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਰਹਿੰਦੇ ਸਨ। ਪਰ ਅਨੇਕ ਹੋਰ ਵਿਅਕਤੀ ਹੋਣਗੇ ਜਿਹੜੇ “ਨਵੀਂ ਧਰਤੀ” ਬਣਨਗੇ ਜਿਨ੍ਹਾਂ ਵਿਚ ਉਹ ਵਿਅਕਤੀ ਸ਼ਾਮਲ ਹੋਣਗੇ ਜਿਹੜੇ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਬੱਚ ਜਾਂਦੇ ਹਨ। ਕੀ ਤੁਸੀਂ ਉਨ੍ਹਾਂ ਬੱਚਣ ਵਾਲਿਆਂ ਵਿਚੋਂ ਇਕ ਵਿਅਕਤੀ ਹੋਵੋਗੇ? ਕੀ ਤੁਸੀਂ ਪਰਮੇਸ਼ੁਰ ਦੀ ਸਰਕਾਰ ਦੀ ਇਕ ਪਰਜਾ ਬਣਨਾ ਚਾਹੁੰਦੇ ਹੋ? ਅਗਰ ਚਾਹੁੰਦੇ ਹੋ, ਤਾਂ ਕੁਝ ਲੋੜਾਂ ਹਨ ਜਿਹੜੀਆਂ ਤੁਹਾਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

[ਸਫ਼ੇ 121 ਉੱਤੇ ਤਸਵੀਰਾਂ]

ਕੀ ਇਹ ਅੱਛੇ ਮਨੁੱਖ ਸਵਰਗ ਨੂੰ ਗਏ ਸਨ?

ਰਾਜਾ ਦਾਊਦ,

ਅੱਯੂਬ,

ਯੂਹੰਨਾ ਬਪਤਿਸਮਾ ਦੇਣ ਵਾਲਾ

[ਸਫ਼ੇ 122 ਉੱਤੇ ਤਸਵੀਰ]

ਰਸੂਲਾਂ ਨਾਲ ਆਪਣੀ ਆਖਰੀ ਰਾਤ ਤੇ, ਯਿਸੂ ਨੇ ਆਖਿਆ ਕਿ ਉਹ ਉਸ ਦੇ ਪਿਤਾ ਦੇ ਰਾਜ ਵਿਚ ਉਸ ਦੇ ਸੰਗ ਸ਼ਾਸਕ ਹੋਣਗੇ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ