ਜ਼ਿੰਦਗੀ ਦੇ ਸਫ਼ਰ ਵਿਚ ਤੁਹਾਡੀ ਮੰਜ਼ਲ ਕੀ ਹੈ?
• ਅੱਜ-ਕੱਲ੍ਹ ਲੋਕ ਆਪਣੇ ਕੰਮਾਂ-ਕਾਰਾਂ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ।
• ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਬਹੁਤ ਜਲਦ ਰੱਬ ਨੇ ਮਨੁੱਖੀ ਸੰਸਥਾਵਾਂ ਦਾ ਅੰਤ ਲਿਆਉਣਾ ਹੈ। ਜੇ ਅਸੀਂ ਇਸ ਤਬਾਹੀ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਹੁਣ ਕਦਮ ਉਠਾਉਣ ਦੀ ਲੋੜ ਹੈ।
• ਕੁਝ ਲੋਕ ਬਾਈਬਲ ਨੂੰ ਮੰਨਦੇ ਹਨ ਅਤੇ ਉਸ ਦੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਉਹ ਆਪਣੀ ਅਸਲੀ ਮੰਜ਼ਲ ਭੁੱਲ ਜਾਂਦੇ ਹਨ।
• ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ? ਜਦੋਂ ਤੁਸੀਂ ਕੋਈ ਕੰਮ ਕਰਦੇ ਹੋ, ਤਾਂ ਕੀ ਤੁਸੀਂ ਸੋਚਦੇ ਹੋ ਕਿ ਇਸ ਦਾ ਭਵਿੱਖ ਵਿਚ ਨਤੀਜਾ ਕੀ ਹੋਵੇਗਾ?
[ਸਫ਼ਾ 9 ਉੱਤੇ ਡੱਬੀ/ਤਸਵੀਰਾਂ]
ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ?
ਹੇਠਾਂ ਦੱਸੀਆਂ ਚੀਜ਼ਾਂ ਵਿੱਚੋਂ ਕਿਹੜੀਆਂ ਤੁਹਾਡੇ ਲਈ ਸਭ ਤੋਂ ਜ਼ਰੂਰੀ ਹਨ?
ਸਭ ਤੋਂ ਜ਼ਰੂਰੀ ਚੀਜ਼ ਤੇ ਨੰਬਰ 1 ਲਗਾਓ, ਫਿਰ ਦੂਸਰੀ ਜ਼ਰੂਰੀ ਚੀਜ਼ ਤੇ ਨੰਬਰ 2 ਲਗਾਓ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨਾਲ ਕਰੋ। ਫਿਰ ਦੇਖੋ ਕਿ ਤੁਹਾਡੀ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ।
․․․ ਮਨੋਰੰਜਨ
․․․ ਨੌਕਰੀ-ਪੇਸ਼ਾ
․․․ ਚੰਗੀ ਸਿਹਤ
․․․ ਆਪਣੀ ਖ਼ੁਸ਼ੀ
․․․ ਜੀਵਨ-ਸਾਥੀ
․․․ ਮਾਪੇ
․․․ ਬੱਚੇ
․․․ ਸੋਹਣਾ ਘਰ ਤੇ ਸੋਹਣੇ ਕੱਪੜੇ
․․․ ਹਰੇਕ ਕੰਮ ਵਿਚ “ਨੰਬਰ 1” ਬਣਨਾ
․․․ ਰੱਬ ਦੀ ਭਗਤੀ
[ਸਫ਼ੇ 10, 11 ਉੱਤੇ ਡੱਬੀ]
ਕੀ ਤੁਸੀਂ ਆਪਣੀ ਮੰਜ਼ਲ ਵੱਲ ਕਦਮ ਵਧਾ ਰਹੇ ਹੋ?
ਇਨ੍ਹਾਂ ਕੁਝ ਸਵਾਲਾਂ ਵੱਲ ਧਿਆਨ ਦਿਓ
ਮਨੋਰੰਜਨ: ਮੇਰੇ ਲਈ ਮਨੋਰੰਜਨ ਕਿੰਨਾ ਕੁ ਜ਼ਰੂਰੀ ਹੈ? ਕੀ ਇਸ ਤੋਂ ਮੈਨੂੰ ਆਰਾਮ ਮਿਲਦਾ ਹੈ ਜਾਂ ਕੀ ਇਸ ਤੋਂ ਬਾਅਦ ਮੈਨੂੰ ਜ਼ਿਆਦਾ ਥਕਾਵਟ ਮਹਿਸੂਸ ਹੁੰਦੀ ਹੈ? ਕੀ ਮੈਨੂੰ ਅਜਿਹੀਆਂ ਖੇਡਾਂ ਪਸੰਦ ਹਨ ਜਿਨ੍ਹਾਂ ਕਾਰਨ ਮੇਰੀ ਜਾਨ ਜੋਖਮ ਵਿਚ ਪੈ ਸਕਦੀ ਹੈ? ਉਦੋਂ ਕੀ ਜੇ ਮੈਨੂੰ ਪਲ ਭਰ ਦੀ ਖ਼ੁਸ਼ੀ ਕਾਰਨ ਸ਼ਾਇਦ ਜ਼ਿੰਦਗੀ ਭਰ ਦੁੱਖ ਝੱਲਣਾ ਪਵੇ? ਸ਼ਾਇਦ ਮੈਨੂੰ ਕੋਈ ਖ਼ਤਰਾ ਨਹੀਂ ਹੈ, ਪਰ ਇਨ੍ਹਾਂ ਕੰਮਾਂ ਵਿਚ ਮੇਰਾ ਕਿੰਨਾ ਕੁ ਸਮਾਂ ਬਰਬਾਦ ਹੁੰਦਾ ਹੈ? ਕੀ ਮੇਰਾ ਸਾਰਾ ਸਮਾਂ ਮਨੋਰੰਜਨ ਜਾਂ ਐਸ਼ੋ-ਆਰਾਮ ਵਿਚ ਲੱਗ ਜਾਂਦਾ ਹੈ ਜਿਸ ਕਰਕੇ ਮੇਰੇ ਕੋਲ ਜ਼ਰੂਰੀ ਕੰਮ ਕਰਨ ਲਈ ਸਮਾਂ ਨਹੀਂ ਬਚਦਾ?
ਨੌਕਰੀ-ਪੇਸ਼ਾ: ਕੀ ਮੈਂ ਗੁਜ਼ਾਰਾ ਤੋਰਨ ਲਈ ਨੌਕਰੀ ਕਰਦਾ ਹਾਂ ਜਾਂ ਅਮੀਰ ਬਣਨ ਲਈ? ਕੀ ਨੌਕਰੀ ਤੇ ਜ਼ਿਆਦਾ ਸਮਾਂ ਲਾਉਣ ਕਰਕੇ ਮੇਰੀ ਸਿਹਤ ਉੱਤੇ ਬੁਰਾ ਅਸਰ ਪੈ ਰਿਹਾ ਹੈ? ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨ ਦੀ ਬਜਾਇ, ਕੀ ਮੈਂ ਓਵਰ-ਟਾਈਮ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹਾਂ? ਕੀ ਮੇਰੀ ਨੌਕਰੀ ਕਰਕੇ ਮੇਰੇ ਕੋਲ ਪ੍ਰਚਾਰ ਕੰਮ ਵਗੈਰਾ ਲਈ ਟਾਈਮ ਨਹੀਂ ਬਚਦਾ? ਜੇ ਮਾਲਕ ਮੈਨੂੰ ਬੇਈਮਾਨੀ ਕਰਨ ਲਈ ਕਹੇ, ਤਾਂ ਮੇਰਾ ਕੀ ਫ਼ੈਸਲਾ ਹੋਵੇਗਾ?
ਚੰਗੀ ਸਿਹਤ: ਆਪਣੀ ਸਿਹਤ ਦੀ ਦੇਖ-ਭਾਲ ਕਰਨ ਬਾਰੇ ਮੇਰਾ ਕੀ ਖ਼ਿਆਲ ਹੈ? ਕੀ ਮੈਂ ਆਪਣੀ ਸਿਹਤ ਬਾਰੇ ਲਾਪਰਵਾਹ ਹਾਂ ਜਿਸ ਕਰਕੇ ਮੇਰੇ ਪਰਿਵਾਰ ਉੱਤੇ ਬੋਝ ਪੈਂਦਾ ਹੈ? ਦੂਸਰੇ ਪਾਸੇ, ਕੀ ਮੈਨੂੰ ਆਪਣੀ ਸਿਹਤ ਬਾਰੇ ਇੰਨੀ ਚਿੰਤਾ ਹੈ ਕਿ ਮੈਨੂੰ ਇਸ ਦੇ ਸਿਵਾਇ ਹੋਰ ਕੋਈ ਗੱਲ ਹੀ ਨਹੀਂ ਸੁੱਝਦੀ?
ਆਪਣੀ ਖ਼ੁਸ਼ੀ: ਕੀ ਮੇਰੇ ਲਈ ਆਪਣੀ ਹੀ ਖ਼ੁਸ਼ੀ ਸਭ ਤੋਂ ਜ਼ਰੂਰੀ ਗੱਲ ਹੈ, ਸ਼ਾਇਦ ਮੇਰੇ ਪਰਿਵਾਰ ਦੀ ਖ਼ੁਸ਼ੀ ਨਾਲੋਂ ਵੀ ਜ਼ਿਆਦਾ? ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਵਿਚ, ਕੀ ਮੈਂ ਯਹੋਵਾਹ ਦੇ ਮਿਆਰਾਂ ਨੂੰ ਭੁੱਲ ਜਾਂਦਾ ਹਾਂ?
ਜੀਵਨ-ਸਾਥੀ: ਆਪਣੇ ਜੀਵਨ-ਸਾਥੀ ਬਾਰੇ ਮੇਰਾ ਕੀ ਵਿਚਾਰ ਹੈ? ਕੀ ਮੈਂ ਉਸ ਨਾਲ ਹਮੇਸ਼ਾ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦਾ ਹਾਂ ਜਾਂ ਸਿਰਫ਼ ਉਦੋਂ ਜਦੋਂ ਮੇਰਾ ਜੀਅ ਕਰਦਾ ਹੈ? ਕੀ ਇਕ-ਦੂਜੇ ਨਾਲ ਸਾਡੇ ਸਲੂਕ ਤੋਂ ਦਿਖਾਈ ਦਿੰਦਾ ਹੈ ਕਿ ਅਸੀਂ ਰੱਬ ਦੇ ਭਗਤ ਹਾਂ?
ਮਾਪੇ: ਜੇ ਮੇਰੀ ਅਜੇ ਛੋਟੀ ਉਮਰ ਹੈ, ਤਾਂ ਕੀ ਮੈਂ ਆਪਣੇ ਮਾਪਿਆਂ ਦਾ ਆਦਰ ਕਰਦਾ ਹਾਂ? ਕੀ ਮੈਂ ਉਨ੍ਹਾਂ ਨਾਲ ਤਮੀਜ਼ ਨਾਲ ਗੱਲ ਕਰਦਾ ਹਾਂ ਅਤੇ ਉਨ੍ਹਾਂ ਦਾ ਕਹਿਣਾ ਮੰਨਦਾ ਹਾਂ? ਜਦੋਂ ਮੇਰੇ ਮਾਪੇ ਕੁਝ ਕਰਨ ਤੋਂ ਮੈਨੂੰ ਮਨ੍ਹਾ ਕਰਦੇ ਹਨ, ਤਾਂ ਕੀ ਮੈਂ ਉਨ੍ਹਾਂ ਕੰਮਾਂ ਤੋਂ ਦੂਰ ਰਹਿੰਦਾ ਹਾਂ? ਜੇ ਮੈਂ ਵੱਡਾ ਹੋ ਚੁੱਕਾ ਹਾਂ, ਤਾਂ ਕੀ ਮੈਂ ਹਾਲੇ ਵੀ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਹਾਂ ਅਤੇ ਲੋੜ ਪੈਣ ਤੇ ਉਨ੍ਹਾਂ ਦੀ ਮਦਦ ਕਰਦਾ ਹਾਂ? ਕੀ ਮੈਂ ਬਾਈਬਲ ਦੇ ਮਿਆਰਾਂ ਮੁਤਾਬਕ ਉਨ੍ਹਾਂ ਨਾਲ ਹਮੇਸ਼ਾ ਪਿਆਰ ਤੇ ਆਦਰ ਨਾਲ ਪੇਸ਼ ਆਉਂਦਾ ਹਾਂ ਜਾਂ ਕਿ ਸਿਰਫ਼ ਉਦੋਂ ਜਦੋਂ ਮੈਨੂੰ ਚੰਗਾ ਲੱਗਦਾ ਹੈ?
ਬੱਚੇ: ਕੀ ਮੈਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਉਂਦਾ ਹਾਂ ਜਾਂ ਕੀ ਮੈਂ ਸੋਚਦਾ ਹਾਂ ਕਿ ਇਹ ਸਿਰਫ਼ ਸਕੂਲ ਟੀਚਰਾਂ ਦਾ ਕੰਮ ਹੈ? ਕੀ ਮੈਂ ਆਪਣੇ ਬੱਚਿਆਂ ਨਾਲ ਵਕਤ ਗੁਜ਼ਾਰਦਾ ਹਾਂ ਜਾਂ ਕੀ ਮੈਂ ਉਨ੍ਹਾਂ ਨੂੰ ਟੀ. ਵੀ. ਤੇ ਕੰਪਿਊਟਰ ਦੇ ਸਾਮ੍ਹਣੇ ਬਿਠਾਲ ਦਿੰਦਾ ਹਾਂ? ਕੀ ਮੈਂ ਬੱਚਿਆਂ ਨੂੰ ਸਿਰਫ਼ ਉਦੋਂ ਤਾੜਦਾ ਹਾਂ ਜਦੋਂ ਮੈਨੂੰ ਗੁੱਸਾ ਆਉਂਦਾ ਹੈ, ਪਰ ਹੋਰ ਸਮਿਆਂ ਤੇ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੰਦਾ ਹਾਂ? ਜਾਂ ਕੀ ਮੈਂ ਉਨ੍ਹਾਂ ਨੂੰ ਪਿਆਰ ਨਾਲ ਸੁਧਾਰਦਾ ਹਾਂ ਜਦੋਂ ਵੀ ਉਹ ਗ਼ਲਤੀ ਕਰਨ?
ਸੋਹਣਾ ਘਰ ਤੇ ਸੋਹਣੇ ਕੱਪੜੇ: ਮੇਰੇ ਲਈ ਮੇਰਾ ਪਹਿਰਾਵਾ ਤੇ ਮੇਰੀਆਂ ਚੀਜ਼ਾਂ ਕਿੰਨਾ ਕੁ ਮਾਅਨੇ ਰੱਖਦੀਆਂ ਹਨ? ਕੀ ਇਹ ਮੇਰੇ ਪਰਿਵਾਰ ਨਾਲੋਂ ਵੀ ਜ਼ਰੂਰੀ ਹਨ? ਕੀ ਇਹ ਪਰਮੇਸ਼ੁਰ ਦੀ ਸੇਵਾ ਕਰਨ ਨਾਲੋਂ ਵੀ ਜ਼ਰੂਰੀ ਹਨ? ਜਾਂ ਕੀ ਇਨ੍ਹਾਂ ਮਾਮਲਿਆਂ ਵਿਚ ਲੋਕਾਂ ਦੇ ਸਾਮ੍ਹਣੇ ਦਿਖਾਵਾ ਕਰਨ ਦੀ ਮੇਰੀ ਆਦਤ ਹੈ?
ਹਰੇਕ ਕੰਮ ਵਿਚ “ਨੰਬਰ 1” ਬਣਨਾ: ਕੀ ਮੇਰੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਨੰਬਰ 1 ਬਣਾਂ? ਜੇ ਕੋਈ ਹੋਰ ਮੇਰੇ ਨਾਲੋਂ ਚੰਗਾ ਕੰਮ ਕਰੇ, ਤਾਂ ਕੀ ਮੈਨੂੰ ਜਲਣ ਹੁੰਦੀ ਹੈ?
ਰੱਬ ਦੀ ਭਗਤੀ: ਮੇਰੇ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ, ਰੱਬ ਨੂੰ ਖ਼ੁਸ਼ ਕਰਨਾ ਜਾਂ ਆਪਣੇ ਜੀਵਨ-ਸਾਥੀ, ਬੱਚਿਆਂ, ਮਾਪਿਆਂ ਜਾਂ ਆਪਣੇ ਮਾਲਕ ਨੂੰ ਖ਼ੁਸ਼ ਕਰਨਾ? ਕੀ ਮੈਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਣ ਲਈ ਰੱਬ ਦੀ ਭਗਤੀ ਨੂੰ ਦੂਜੀ ਥਾਂ ਤੇ ਰੱਖਿਆ ਹੋਇਆ ਹੈ?
ਬਾਈਬਲ ਦੀ ਸਲਾਹ ਵੱਲ ਧਿਆਨ ਦਿਓ
ਤੁਹਾਡੀ ਜ਼ਿੰਦਗੀ ਵਿਚ ਰੱਬ ਦੀ ਭਗਤੀ ਕਿੰਨੀ ਕੁ ਅਹਿਮੀਅਤ ਰੱਖਦੀ ਹੈ?
ਉਪਦੇਸ਼ਕ ਦੀ ਪੋਥੀ 12:13: “ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੈਂ ਆਪਣੀ ਜ਼ਿੰਦਗੀ ਵਿਚ ਇਸ ਸਲਾਹ ਉੱਤੇ ਚੱਲਦਾ ਹਾਂ? ਕੀ ਮੈਂ ਰੱਬ ਦੇ ਕਹਿਣੇ ਅਨੁਸਾਰ ਪਰਿਵਾਰ ਵਿਚ, ਸਕੂਲੇ ਜਾਂ ਕੰਮ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਦਾ ਹਾਂ? ਜਾਂ ਕੀ ਮੈਂ ਹੋਰ ਕੰਮਾਂ ਜਾਂ ਚਿੰਤਾਵਾਂ ਵਿਚ ਇੰਨਾ ਡੁੱਬਿਆ ਹੋਇਆ ਹਾਂ ਕਿ ਰੱਬ ਦੀ ਸੇਵਾ ਕਰਨ ਲਈ ਮੇਰੇ ਕੋਲ ਵਿਹਲ ਹੀ ਨਹੀਂ ਹੁੰਦਾ?
ਕੀ ਤੁਸੀਂ ਰੱਬ ਤੇ ਪੂਰਾ ਭਰੋਸਾ ਰੱਖਦੇ ਹੋ?
ਕਹਾਉਤਾਂ 3:5, 6: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”
ਮੱਤੀ 4:10: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।”
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੈਂ ਤਨ-ਮਨ ਨਾਲ ਰੱਬ ਨੂੰ ਪੂਜਦਾ ਹਾਂ? ਕੀ ਮੈਂ ਆਪਣੇ ਕੰਮਾਂ-ਕਾਰਾਂ ਦੁਆਰਾ ਦਿਖਾਉਂਦਾ ਹਾਂ ਕਿ ਮੈਂ ਉਸ ਤੇ ਪੂਰਾ ਭਰੋਸਾ ਰੱਖਦਾ ਹਾਂ? ਜਦੋਂ ਮੇਰੇ ਅੱਗੇ ਪਹਾੜ ਵਰਗੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਕੀ ਮੈਂ ਮਦਦ ਲਈ ਰੱਬ ਨੂੰ ਪੁਕਾਰਦਾ ਹਾਂ?
ਤੁਹਾਡੀ ਜ਼ਿੰਦਗੀ ਵਿਚ ਬਾਈਬਲ ਦੀ ਪੜ੍ਹਾਈ ਤੇ ਅਧਿਐਨ ਕਰਨਾ ਕਿੰਨਾ ਕੁ ਮਹੱਤਵਪੂਰਣ ਹੈ?
ਯੂਹੰਨਾ 17:3: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੈਂ ਬਾਈਬਲ ਦੀ ਪੜ੍ਹਾਈ ਕਰਨ ਲਈ ਅਤੇ ਮਨਨ ਕਰਨ ਲਈ ਸਮਾਂ ਕੱਢਦਾ ਹਾਂ ਇਹ ਜਾਣਦੇ ਹੋਏ ਕਿ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ?
ਤੁਹਾਡੇ ਲਈ ਮੀਟਿੰਗਾਂ ਵਿਚ ਜਾਣਾ ਕਿੰਨਾ ਕੁ ਮਹੱਤਵਪੂਰਣ ਹੈ?
ਇਬਰਾਨੀਆਂ 10:24, 25: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ . . . ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”
ਜ਼ਬੂਰਾਂ ਦੀ ਪੋਥੀ 122:1: “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ!”
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੈਂ ਰੱਬ ਵੱਲੋਂ ਦਿੱਤੀ ਗਈ ਇਸ ਸਲਾਹ ਤੇ ਚੱਲਦਾ ਹਾਂ? ਪਿਛਲੇ ਮਹੀਨੇ ਹੋਰਨਾਂ ਕੰਮਾਂ ਕਾਰਨ ਮੈਂ ਕਿੰਨੀਆਂ ਕੁ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋਇਆ?
ਕੀ ਤੁਸੀਂ ਪਰਮੇਸ਼ੁਰ ਦੇ ਰਾਜ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਦੂਸਰਿਆਂ ਨੂੰ ਦੱਸਦੇ ਹੋ?
ਮੱਤੀ 24:14: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ . . . ਤਦ ਅੰਤ ਆਵੇਗਾ।”
ਮੱਤੀ 28:19, 20: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।”
ਜ਼ਬੂਰਾਂ ਦੀ ਪੋਥੀ 96:2: “ਯਹੋਵਾਹ ਲਈ ਗਾਓ, ਉਹ ਦੇ ਨਾਮ ਨੂੰ ਮੁਬਾਰਕ ਆਖੋ, ਉਹ ਦੀ ਮੁਕਤੀ ਦਾ ਦਿਨੋ ਦਿਨ ਪਰਚਾਰ ਕਰੋ!”
ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੈਂ ਇਸ ਕੰਮ ਨੂੰ ਜ਼ਰੂਰੀ ਸਮਝਦਾ ਹਾਂ? ਕੀ ਮੈਂ ਜੋਸ਼ ਨਾਲ ਪ੍ਰਚਾਰ ਕਰ ਕੇ ਦਿਖਾਉਂਦਾ ਹਾਂ ਕਿ ਮੈਨੂੰ ਸੱਚ-ਮੁੱਚ ਵਿਸ਼ਵਾਸ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ?