ਪਾਠ 7
ਕੀ ਤੈਨੂੰ ਕਦੇ ਇਹ ਡਰ ਹੁੰਦਾ ਕਿ ਤੂੰ ਇਕੱਲਾ ਹੈਂ?
ਤਸਵੀਰ ਵਿਚ ਇਸ ਨਿੱਕੇ ਜਿਹੇ ਮੁੰਡੇ ਨੂੰ ਦੇਖ। ਉਹ ਇਕੱਲਾ ਹੈ ਤੇ ਡਰਿਆ ਹੋਇਆ ਹੈ, ਹੈ ਨਾ? ਕੀ ਤੈਨੂੰ ਵੀ ਕਦੇ ਇੱਦਾਂ ਲੱਗਾ?— ਸਾਰਿਆਂ ਨੂੰ ਕਦੇ-ਕਦੇ ਇਸ ਤਰ੍ਹਾਂ ਲੱਗਦਾ ਹੈ। ਬਾਈਬਲ ਯਹੋਵਾਹ ਦੇ ਕਈ ਸੇਵਕਾਂ ਬਾਰੇ ਦੱਸਦੀ ਹੈ ਜੋ ਕਦੇ-ਕਦੇ ਇਕੱਲੇ ਹੋਣ ਕਰਕੇ ਡਰਦੇ ਹੁੰਦੇ ਸੀ। ਇਕ ਦਾ ਨਾਂ ਸੀ ਏਲੀਯਾਹ। ਆਓ ਆਪਾਂ ਉਸ ਬਾਰੇ ਜਾਣੀਏ।
ਈਜ਼ਬਲ ਏਲੀਯਾਹ ਨੂੰ ਜਾਨੋਂ ਮਾਰਨਾ ਚਾਹੁੰਦੀ ਸੀ
ਯਿਸੂ ਦੇ ਜਨਮ ਤੋਂ ਬਹੁਤ ਸਮਾਂ ਪਹਿਲਾਂ ਏਲੀਯਾਹ ਇਜ਼ਰਾਈਲ ਵਿਚ ਰਹਿੰਦਾ ਸੀ। ਉਸ ਸਮੇਂ ਇਜ਼ਰਾਈਲ ਦਾ ਰਾਜਾ ਅਹਾਬ ਸੀ ਤੇ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਪੂਜਾ ਨਹੀਂ ਕਰਦਾ ਸੀ। ਅਹਾਬ ਤੇ ਉਸ ਦੀ ਰਾਣੀ ਈਜ਼ਬਲ ਝੂਠੇ ਦੇਵਤੇ ਬਆਲ ਦੀ ਪੂਜਾ ਕਰਦੇ ਸਨ। ਇਸ ਕਰਕੇ ਇਜ਼ਰਾਈਲ ਦੇ ਜ਼ਿਆਦਾ ਲੋਕ ਬਆਲ ਦੀ ਪੂਜਾ ਕਰਨ ਲੱਗ ਪਏ। ਈਜ਼ਬਲ ਰਾਣੀ ਬਹੁਤ ਖ਼ਰਾਬ ਸੀ ਅਤੇ ਉਹ ਯਹੋਵਾਹ ਦੇ ਸਾਰੇ ਭਗਤਾਂ ਦੇ ਨਾਲ-ਨਾਲ ਏਲੀਯਾਹ ਨੂੰ ਵੀ ਜਾਨੋਂ ਮਾਰਨਾ ਚਾਹੁੰਦੀ ਸੀ! ਤੈਨੂੰ ਪਤਾ ਏਲੀਯਾਹ ਨੇ ਕੀ ਕੀਤਾ?—
ਏਲੀਯਾਹ ਉੱਥੋਂ ਭੱਜ ਗਿਆ! ਉਹ ਉਜਾੜ ਵਿਚ ਚਲਾ ਗਿਆ ਜਿੱਥੇ ਕੋਈ ਨਹੀਂ ਰਹਿੰਦਾ ਸੀ ਤੇ ਇਕ ਗੁਫ਼ਾ ਵਿਚ ਜਾ ਲੁਕਿਆ। ਤੇਰੇ ਖ਼ਿਆਲ ਵਿਚ ਉਸ ਨੇ ਇੱਦਾਂ ਕਿਉਂ ਕੀਤਾ?— ਕਿਉਂਕਿ ਉਹ ਬਹੁਤ ਡਰ ਗਿਆ ਸੀ। ਪਰ ਏਲੀਯਾਹ ਨੂੰ ਡਰਨ ਦੀ ਲੋੜ ਨਹੀਂ ਸੀ। ਕਿਉਂ? ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਉਸ ਦੀ ਮਦਦ ਕਰ ਸਕਦਾ ਸੀ। ਯਹੋਵਾਹ ਨੇ ਏਲੀਯਾਹ ਨੂੰ ਪਹਿਲਾਂ ਵੀ ਆਪਣੀ ਤਾਕਤ ਦਿਖਾਈ ਸੀ। ਇਕ ਵਾਰ ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣ ਕੇ ਸਵਰਗ ਤੋਂ ਅੱਗ ਭੇਜੀ ਸੀ। ਇਸ ਲਈ ਯਹੋਵਾਹ ਹੁਣ ਵੀ ਉਸ ਦੀ ਮਦਦ ਕਰ ਸਕਦਾ ਸੀ!
ਯਹੋਵਾਹ ਨੇ ਏਲੀਯਾਹ ਦੀ ਕਿੱਦਾਂ ਮਦਦ ਕੀਤੀ?
ਜਦੋਂ ਏਲੀਯਾਹ ਗੁਫ਼ਾ ਵਿਚ ਲੁਕਿਆ ਹੋਇਆ ਸੀ, ਉਦੋਂ ਯਹੋਵਾਹ ਨੇ ਉਸ ਨੂੰ ਪੁੱਛਿਆ: ‘ਤੂੰ ਇੱਥੇ ਕੀ ਕਰ ਰਿਹਾ ਹੈਂ?’ ਏਲੀਯਾਹ ਨੇ ਕਿਹਾ: ‘ਮੈਂ ਹੀ ਇਕੱਲਾ ਤੇਰੀ ਪੂਜਾ ਕਰ ਰਿਹਾ ਹਾਂ। ਮੈਂ ਇਕੱਲਾ ਹਾਂ ਤੇ ਮੈਨੂੰ ਡਰ ਹੈ ਕਿ ਉਹ ਮੈਨੂੰ ਮਾਰ ਸੁੱਟਣਗੇ।’ ਏਲੀਯਾਹ ਨੂੰ ਲੱਗਾ ਕਿ ਯਹੋਵਾਹ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ ਗਿਆ ਹੈ। ਪਰ ਯਹੋਵਾਹ ਨੇ ਏਲੀਯਾਹ ਨੂੰ ਕਿਹਾ: ‘ਨਹੀਂ, ਇਹ ਸੱਚ ਨਹੀਂ ਹੈ। 7,000 ਹਜ਼ਾਰ ਲੋਕ ਹਾਲੇ ਵੀ ਮੇਰੀ ਪੂਜਾ ਕਰਦੇ ਹਨ। ਬਹਾਦਰ ਬਣ। ਤੇਰੇ ਲਈ ਅਜੇ ਬਹੁਤ ਕੰਮ ਪਿਆ ਹੈ!’ ਤੇਰੇ ਖ਼ਿਆਲ ਵਿਚ ਕੀ ਇਹ ਗੱਲ ਸੁਣ ਕੇ ਏਲੀਯਾਹ ਖ਼ੁਸ਼ ਹੋਇਆ ਸੀ?—
ਏਲੀਯਾਹ ਤੋਂ ਤੂੰ ਕੀ ਸਿੱਖਿਆ ਹੈਂ?— ਇਹ ਕਦੇ ਨਾ ਸੋਚ ਕਿ ਤੂੰ ਇਕੱਲਾ ਹੈਂ ਤੇ ਨਾ ਹੀ ਤੈਨੂੰ ਡਰਨ ਦੀ ਲੋੜ ਹੈ। ਤੇਰੇ ਅਜਿਹੇ ਦੋਸਤ ਹਨ ਜੋ ਯਹੋਵਾਹ ਨਾਲ ਤੇ ਤੇਰੇ ਨਾਲ ਪਿਆਰ ਕਰਦੇ ਹਨ। ਨਾਲੇ ਯਹੋਵਾਹ ਕੋਲ ਬਹੁਤ ਸਾਰੀ ਤਾਕਤ ਹੈ ਤੇ ਉਹ ਹਮੇਸ਼ਾ ਤੇਰੀ ਮਦਦ ਕਰੇਗਾ! ਕੀ ਇਹ ਜਾਣ ਕੇ ਤੂੰ ਖ਼ੁਸ਼ ਨਹੀਂ ਹੈ ਕਿ ਤੂੰ ਕਦੇ ਇਕੱਲਾ ਨਹੀਂ ਹੋਵੇਂਗਾ?—