ਪਾਠ 2
ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ
ਯਹੋਵਾਹ ਨੇ ਅਦਨ ਦੇ ਇਲਾਕੇ ਵਿਚ ਇਕ ਬਾਗ਼ ਲਾਇਆ। ਬਾਗ਼ ਵਿਚ ਬਹੁਤ ਸਾਰੇ ਫੁੱਲ, ਦਰਖ਼ਤ ਅਤੇ ਜਾਨਵਰ ਸਨ। ਫਿਰ ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਨੂੰ ਮਿੱਟੀ ਤੋਂ ਬਣਾਇਆ ਅਤੇ ਉਸ ਦੀਆਂ ਨਾਸਾਂ ਵਿਚ ਸਾਹ ਫੂਕਿਆ। ਤੁਹਾਨੂੰ ਪਤਾ ਫਿਰ ਕੀ ਹੋਇਆ? ਆਦਮ ਜੀਉਂਦਾ ਇਨਸਾਨ ਬਣ ਗਿਆ। ਯਹੋਵਾਹ ਨੇ ਉਸ ਨੂੰ ਬਾਗ਼ ਦੀ ਦੇਖ-ਭਾਲ ਕਰਨ ਅਤੇ ਸਾਰੇ ਜਾਨਵਰਾਂ ਦੇ ਨਾਂ ਰੱਖਣ ਦਾ ਕੰਮ ਦਿੱਤਾ।
ਯਹੋਵਾਹ ਨੇ ਆਦਮ ਨੂੰ ਇਕ ਜ਼ਰੂਰੀ ਹੁਕਮ ਦਿੱਤਾ। ਉਸ ਨੇ ਆਦਮ ਨੂੰ ਕਿਹਾ: ‘ਤੂੰ ਸਾਰੇ ਦਰਖ਼ਤਾਂ ਦਾ ਫਲ ਖਾ ਸਕਦਾ ਹੈਂ, ਪਰ ਇਕ ਦਰਖ਼ਤ ਦਾ ਨਹੀਂ। ਜੇ ਤੂੰ ਉਸ ਦਾ ਫਲ ਖਾਵੇਂਗਾ, ਤੂੰ ਮਰ ਜਾਵੇਂਗਾ।’
ਬਾਅਦ ਵਿਚ ਯਹੋਵਾਹ ਨੇ ਕਿਹਾ: ‘ਮੈਂ ਆਦਮ ਦਾ ਸਾਥ ਦੇਣ ਲਈ ਇਕ ਮਦਦਗਾਰ ਬਣਾਵਾਂਗਾ।’ ਉਸ ਨੇ ਆਦਮ ਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਅਤੇ ਫਿਰ ਉਸ ਦੀ ਪਸਲੀ ਤੋਂ ਇਕ ਔਰਤ ਬਣਾਈ। ਉਸ ਦਾ ਨਾਂ ਹੱਵਾਹ ਸੀ। ਆਦਮ ਅਤੇ ਹੱਵਾਹ ਪਹਿਲਾ ਪਰਿਵਾਰ ਸੀ। ਆਦਮ ਨੂੰ ਆਪਣੀ ਪਤਨੀ ਨੂੰ ਦੇਖ ਕੇ ਕਿੱਦਾਂ ਲੱਗਾ? ਆਦਮ ਇੰਨਾ ਖ਼ੁਸ਼ ਸੀ ਕਿ ਉਸ ਨੇ ਕਿਹਾ: ‘ਦੇਖੋ ਯਹੋਵਾਹ ਨੇ ਮੇਰੀ ਪਸਲੀ ਤੋਂ ਕੀ ਬਣਾਇਆ! ਇਹ ਮੇਰੇ ਵਰਗੀ ਹੈ।’
ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕਿਹਾ ਕਿ ਉਹ ਬੱਚੇ ਪੈਦਾ ਕਰਨ ਤੇ ਧਰਤੀ ਨੂੰ ਭਰ ਦੇਣ। ਉਹ ਚਾਹੁੰਦਾ ਸੀ ਕਿ ਉਹ ਮਿਲ ਕੇ ਸਾਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾਉਣ ਅਤੇ ਇਸ ਕੰਮ ਦਾ ਮਜ਼ਾ ਲੈਣ। ਪਰ ਇੱਦਾਂ ਹੋਇਆ ਨਹੀਂ। ਕਿਉਂ? ਇਸ ਬਾਰੇ ਅਸੀਂ ਅਗਲੇ ਪਾਠ ਵਿਚ ਸਿੱਖਾਂਗੇ।
“ਜਿਸ ਨੇ ਇਨਸਾਨਾਂ ਨੂੰ ਬਣਾਇਆ ਸੀ, ਉਸ ਨੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਔਰਤ ਬਣਾਇਆ ਸੀ।”—ਮੱਤੀ 19:4