ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ
“ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ।”—ਕਹਾਉਤਾਂ 2:5.
1. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮਾਨਵ ਦਿਲ ਇਕ ਈਸ਼ਵਰੀ ਇੰਜੀਨੀਅਰੀ ਦੀ ਉਤਕ੍ਰਿਸ਼ਟ ਕਲਾ-ਕਿਰਤ ਹੈ?
ਠੀਕ ਇਸ ਵੇਲੇ ਧਰਤੀ ਉੱਤੇ ਕੁਝ 5,60,00,00,000 ਮਾਨਵ ਦਿਲ ਧੜਕ ਰਹੇ ਹਨ। ਹਰ ਦਿਨ, ਤੁਹਾਡਾ ਆਪਣਾ ਦਿਲ 1,00,000 ਵਾਰ ਧੜਕਦਾ ਹੈ ਅਤੇ ਤੁਹਾਡੇ ਸਰੀਰ ਦੇ 1,00,000-ਕਿਲੋਮੀਟਰ ਲੰਬੀ ਹਿਰਦਾ-ਵਾਹਿਕਾ ਪ੍ਰਣਾਲੀ ਦੇ ਵਿਚੀਂ 7,600 ਲੀਟਰ ਦੇ ਬਰਾਬਰ ਲਹੂ ਪੰਪ ਕਰਦਾ ਹੈ। ਹੋਰ ਕੋਈ ਦੂਜੀ ਮਾਸ-ਪੇਸ਼ੀ ਇਸ ਈਸ਼ਵਰੀ ਇੰਜੀਨੀਅਰੀ ਦੀ ਉਤਕ੍ਰਿਸ਼ਟ ਕਲਾ-ਕਿਰਤ ਤੋਂ ਅਧਿਕ ਮਿਹਨਤ ਨਹੀਂ ਕਰਦੀ ਹੈ।
2. ਤੁਸੀਂ ਲਾਖਣਿਕ ਦਿਲ ਦਾ ਕਿਵੇਂ ਵਰਣਨ ਕਰੋਗੇ?
2 ਧਰਤੀ ਉੱਤੇ 5,60,00,00,000 ਲਾਖਣਿਕ ਦਿਲ ਵੀ ਕੰਮ ਕਰ ਰਹੇ ਹਨ। ਲਾਖਣਿਕ ਦਿਲ ਵਿਚ ਸਾਡੀਆਂ ਭਾਵਨਾਵਾਂ, ਸਾਡੀਆਂ ਪ੍ਰੇਰਣਾਵਾਂ, ਸਾਡੀਆਂ ਕਾਮਨਾਵਾਂ ਵਸਦੀਆਂ ਹਨ। ਇਹ ਸਾਡੇ ਵਿਚਾਰਾਂ, ਸਾਡੀ ਸਮਝ, ਸਾਡੀ ਇੱਛਾ ਦਾ ਕੇਂਦਰ ਹੈ। ਲਾਖਣਿਕ ਦਿਲ ਹੰਕਾਰੀ ਜਾਂ ਨਿਮਰ, ਉਦਾਸ ਜਾਂ ਆਨੰਦਿਤ, ਅਨ੍ਹੇਰਾ ਜਾਂ ਪ੍ਰਕਾਸ਼ਮਾਨ ਹੋ ਸਕਦਾ ਹੈ।—ਨਹਮਯਾਹ 2:2; ਕਹਾਉਤਾਂ 16:5; ਮੱਤੀ 11:29; ਰਸੂਲਾਂ ਦੇ ਕਰਤੱਬ 14:17; 2 ਕੁਰਿੰਥੀਆਂ 4:6; ਅਫ਼ਸੀਆਂ 1:16-18.
3, 4. ਦਿਲਾਂ ਤਕ ਖ਼ੁਸ਼ ਖ਼ਬਰੀ ਕਿਵੇਂ ਪਹੁੰਚਾਈ ਜਾ ਰਹੀ ਹੈ?
3 ਯਹੋਵਾਹ ਪਰਮੇਸ਼ੁਰ ਮਾਨਵ ਦਿਲ ਨੂੰ ਪੜ੍ਹ ਸਕਦਾ ਹੈ। ਕਹਾਉਤਾਂ 17:3 ਕਹਿੰਦਾ ਹੈ: “ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।” ਲੇਕਨ, ਹਰੇਕ ਦਿਲ ਨੂੰ ਕੇਵਲ ਪੜ੍ਹ ਕੇ ਨਿਆਉਂ ਸੁਣਾਉਣ ਦੀ ਬਜਾਇ, ਯਹੋਵਾਹ ਮਾਨਵ ਦਿਲਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਆਪਣੇ ਗਵਾਹਾਂ ਨੂੰ ਇਸਤੇਮਾਲ ਕਰ ਰਿਹਾ ਹੈ। ਇਹ ਰਸੂਲ ਪੌਲੁਸ ਦਿਆਂ ਸ਼ਬਦਾਂ ਦੇ ਇਕਸਾਰ ਹੈ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣ? ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ? ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!”—ਰੋਮੀਆਂ 10:13-15.
4 ਯਹੋਵਾਹ ਨੂੰ ਇਸ ਨੇ ਭਾਇਆ ਹੈ ਕਿ ਉਹ ‘ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਣ’ ਅਤੇ ਗ੍ਰਹਿਣਸ਼ੀਲ ਦਿਲ ਵਾਲਿਆਂ ਨੂੰ ਭਾਲਣ ਲਈ ਆਪਣੇ ਗਵਾਹਾਂ ਨੂੰ ਧਰਤੀ ਦਿਆਂ ਸਿਰਿਆਂ ਤਕ ਘੱਲੇ। ਸਾਡੀ ਸੰਖਿਆ ਹੁਣ 50,00,000 ਤੋਂ ਵਧ ਹੈ—ਧਰਤੀ ਉੱਤੇ ਲਗਭਗ 1,200 ਲੋਕਾਂ ਲਈ 1 ਗਵਾਹ ਦਾ ਅਨੁਪਾਤ। ਧਰਤੀ ਦੇ ਅਰਬਾਂ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣਾ ਆਸਾਨ ਨਹੀਂ ਹੈ। ਪਰੰਤੂ ਪਰਮੇਸ਼ੁਰ ਇਹ ਕੰਮ ਯਿਸੂ ਮਸੀਹ ਦੇ ਦੁਆਰਾ ਨਿਰਦੇਸ਼ਿਤ ਕਰ ਰਿਹਾ ਹੈ ਅਤੇ ਨੇਕਦਿਲ ਵਿਅਕਤੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇਸ ਤਰ੍ਹਾਂ, ਯਸਾਯਾਹ 60:22 ਵਿਚ ਦਰਜ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।”
5. ਗਿਆਨ ਕੀ ਹੈ, ਅਤੇ ਸੰਸਾਰ ਦੀ ਬੁੱਧ ਬਾਰੇ ਕੀ ਕਿਹਾ ਜਾ ਸਕਦਾ ਹੈ?
5 ਉਹ ਵੇਲਾ ਹੁਣ ਹੈ, ਅਤੇ ਇਕ ਗੱਲ ਸਪੱਸ਼ਟ ਹੈ—ਧਰਤੀ ਦੇ ਅਰਬਾਂ ਲੋਕਾਂ ਨੂੰ ਗਿਆਨ ਦੀ ਲੋੜ ਹੈ। ਬੁਨਿਆਦੀ ਤੌਰ ਤੇ, ਤਜਰਬਾ, ਨਿਰੀਖਣ, ਜਾਂ ਅਧਿਐਨ ਰਾਹੀਂ ਹਾਸਲ ਕੀਤੇ ਗਏ ਤੱਥਾਂ ਨਾਲ ਪਰਿਚਿਤ ਹੋਣ ਨੂੰ ਗਿਆਨ ਕਹਿੰਦੇ ਹੈ। ਸੰਸਾਰ ਨੇ ਕਾਫ਼ੀ ਗਿਆਨ ਇਕੱਠਾ ਕੀਤਾ ਹੈ। ਪਰਿਵਹਿਣ, ਸਿਹਤ ਸੰਭਾਲ, ਅਤੇ ਸੰਚਾਰ-ਸਾਧਨ ਵਰਗੇ ਖੇਤਰਾਂ ਵਿਚ ਉੱਨਤੀ ਹੋਈ ਹੈ। ਪਰੰਤੂ ਕੀ ਅਸਲ ਵਿਚ ਮਾਨਵਜਾਤੀ ਨੂੰ ਸੰਸਾਰਕ ਗਿਆਨ ਦੀ ਲੋੜ ਹੈ? ਨਹੀਂ! ਯੁੱਧ, ਦਮਨ, ਬੀਮਾਰੀ, ਅਤੇ ਮੌਤ ਅਜੇ ਵੀ ਮਾਨਵਜਾਤੀ ਨੂੰ ਕਸ਼ਟ ਦੇ ਰਹੇ ਹਨ। ਸੰਸਾਰ ਦੀ ਬੁੱਧ ਅਕਸਰ ਇਕ ਰੇਗਿਸਤਾਨੀ ਤੂਫ਼ਾਨ ਵਿਚ ਹਿਲਦੀ ਰੇਤ ਵਾਂਗ ਸਾਬਤ ਹੋਈ ਹੈ।
6. ਲਹੂ ਦੇ ਸੰਬੰਧ ਵਿਚ, ਸੰਸਾਰਕ ਬੁੱਧ ਦੇ ਮੁਕਾਬਲੇ ਵਿਚ ਪਰਮੇਸ਼ੁਰ ਦਾ ਗਿਆਨ ਕਿਵੇਂ ਹੈ?
6 ਮਿਸਾਲ ਲਈ: ਦੋ ਸਦੀਆਂ ਪਹਿਲਾਂ, ਇਕ ਮੰਨਿਆ ਇਲਾਜ ਵਜੋਂ ਲਹੂ-ਨਿਕਾਸ ਦੀ ਆਮ ਵਰਤੋਂ ਕੀਤੀ ਜਾਂਦੀ ਸੀ। ਸੰਯੁਕਤ ਰਾਜ ਦੇ ਪ੍ਰਥਮ ਰਾਸ਼ਟਰਪਤੀ, ਜੌਰਜ ਵਾਸ਼ਿੰਗਟਨ ਦੇ ਜੀਵਨ ਦੇ ਅਖ਼ੀਰਲੇ ਘੰਟਿਆਂ ਦੇ ਦੌਰਾਨ ਉਸ ਦਾ ਬਾਰ-ਬਾਰ ਲਹੂ-ਨਿਕਾਸ ਕੀਤਾ ਗਿਆ। ਇਕ ਮਕਾਮ ਤੇ ਉਸ ਨੇ ਕਿਹਾ: “ਮੈਨੂੰ ਸ਼ਾਂਤੀ ਨਾਲ ਜਾਣ ਦਿਓ; ਮੈਂ ਹੋਰ ਦੇਰ ਨਹੀਂ ਜੀ ਸਕਦਾ।” ਉਸ ਨੇ ਸਹੀ ਕਿਹਾ ਸੀ, ਕਿਉਂਕਿ ਉਹ ਉਸੇ ਦਿਨ—ਦਸੰਬਰ 14, 1799—ਨੂੰ ਮਰ ਗਿਆ। ਲਹੂ-ਨਿਕਾਸ ਦੀ ਬਜਾਇ, ਅੱਜ ਮਾਨਵ ਸਰੀਰ ਦੇ ਵਿਚ ਰਕਤ-ਆਧਾਨ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਦੋਵੇਂ ਹੀ ਪ੍ਰਕ੍ਰਿਆਵਾਂ ਜਾਨ-ਲੇਵਾ ਸਮੱਸਿਆਵਾਂ ਨਾਲ ਭਰਪੂਰ ਰਹੀਆਂ ਹਨ। ਲੇਕਨ, ਇਨ੍ਹਾਂ ਸਾਰਿਆਂ ਸਮਿਆਂ ਦੇ ਦੌਰਾਨ, ਪਰਮੇਸ਼ੁਰ ਦੇ ਬਚਨ ਨੇ ਕਿਹਾ: “ਲਹੂ . . . ਤੋਂ ਬਚੇ ਰਹੋ।” (ਰਸੂਲਾਂ ਦੇ ਕਰਤੱਬ 15:29) ਪਰਮੇਸ਼ੁਰ ਦਾ ਗਿਆਨ ਹਮੇਸ਼ਾ ਸਹੀ, ਭਰੋਸੇਯੋਗ, ਤਤਕਾਲੀਨ ਹੁੰਦਾ ਹੈ।
7. ਬਾਲ ਪਰਵਰਿਸ਼ ਦੇ ਸੰਬੰਧ ਵਿਚ, ਸੰਸਾਰਕ ਬੁੱਧ ਦੇ ਮੁਕਾਬਲੇ ਵਿਚ ਯਥਾਰਥ ਸ਼ਾਸਤਰ-ਸੰਬੰਧੀ ਗਿਆਨ ਕਿਵੇਂ ਹੈ?
7 ਬੇਭਰੋਸੇਯੋਗ ਸੰਸਾਰਕ ਬੁੱਧ ਦੇ ਇਕ ਹੋਰ ਮਿਸਾਲ ਉੱਤੇ ਵਿਚਾਰ ਕਰੋ। ਸਾਲਾਂ ਤਕ ਮਨੋਵਿਗਿਆਨੀਆਂ ਨੇ ਇਜਾਜ਼ਤੀ ਬਾਲ ਪਰਵਰਿਸ਼ ਦੀ ਹਿਮਾਇਤ ਕੀਤੀ, ਪਰੰਤੂ ਇਸ ਦੇ ਇਕ ਹਿਮਾਇਤੀ ਨੇ ਬਾਅਦ ਵਿਚ ਕਬੂਲ ਕੀਤਾ ਕਿ ਇਹ ਇਕ ਗ਼ਲਤੀ ਸੀ। ਜਰਮਨ ਭਾਸ਼ਾ-ਵਿਗਿਆਨਕ ਸੰਘ ਨੇ ਇਕ ਵਾਰੀ ਕਿਹਾ ਕਿ ਇਜਾਜ਼ਤੀਪੁਣਾ “ਘੱਟੋ-ਘਟ ਅਸਿੱਧੇ ਤੌਰ ਤੇ ਉਨ੍ਹਾਂ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ ਜੋ ਹੁਣ ਅਸੀਂ ਨੌਜਵਾਨਾਂ ਨਾਲ ਅਨੁਭਵ ਕਰਦੇ ਹਾਂ।” ਸੰਸਾਰਕ ਬੁੱਧ ਮਾਨੋ ਹਵਾਵਾਂ ਕੋਲੋਂ ਥਪੇੜਾਂ ਖਾਂਦੀ ਹੋਈ, ਸ਼ਾਇਦ ਇਧਰ-ਉਧਰ ਝੂਲੇ, ਪਰੰਤੂ ਯਥਾਰਥ ਸ਼ਾਸਤਰ-ਸੰਬੰਧੀ ਗਿਆਨ ਸਥਿਰ ਰਿਹਾ ਹੈ। ਬਾਈਬਲ ਬਾਲ ਸਿਖਲਾਈ ਉੱਤੇ ਸੰਤੁਲਿਤ ਸਲਾਹ ਦਿੰਦੀ ਹੈ। “ਆਪਣੇ ਪੁੱਤ੍ਰ ਨੂੰ ਤਾੜ ਤਾਂ ਉਹ ਤੈਨੂੰ ਸੁਖ ਦੇਵੇਗਾ, ਅਤੇ ਉਹ ਤੇਰੇ ਜੀ ਨੂੰ ਨਿਹਾਲ ਕਰੇਗਾ,” ਕਹਾਉਤਾਂ 29:17 ਕਹਿੰਦਾ ਹੈ। ਅਜਿਹਾ ਅਨੁਸ਼ਾਸਨ ਪ੍ਰੇਮ ਸਹਿਤ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਪੌਲੁਸ ਨੇ ਲਿਖਿਆ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4.
‘ਪਰਮੇਸ਼ੁਰ ਦਾ ਗਿਆਨ’
8, 9. ਤੁਸੀਂ ਉਸ ਨੂੰ ਕਿਵੇਂ ਸਮਝਾਓਗੇ ਜੋ ਕਹਾਉਤਾਂ 2:1-6 ਉਸ ਗਿਆਨ ਬਾਰੇ ਕਹਿੰਦਾ ਹੈ ਜਿਸ ਦੀ ਮਨੁੱਖਜਾਤੀ ਨੂੰ ਅਸਲ ਵਿਚ ਲੋੜ ਹੈ?
8 ਹਾਲਾਂਕਿ ਪੌਲੁਸ ਇਕ ਪੜ੍ਹਿਆ-ਲਿਖਿਆ ਮਨੁੱਖ ਸੀ, ਉਸ ਨੇ ਕਿਹਾ: “ਜੇ ਕੋਈ ਤੁਹਾਡੇ ਵਿੱਚ ਆਪਣੇ ਆਪ ਨੂੰ ਇਸ ਜੁੱਗ ਵਿਖੇ ਗਿਆਨੀ ਸਮਝਦਾ ਹੈ ਤਾਂ ਉਹ ਮੂਰਖ ਬਣੇ ਭਈ ਗਿਆਨੀ ਹੋ ਜਾਵੇ। ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।” (1 ਕੁਰਿੰਥੀਆਂ 3:18, 19) ਕੇਵਲ ਪਰਮੇਸ਼ੁਰ ਹੀ ਉਹ ਗਿਆਨ ਮੁਹੱਈਆ ਕਰ ਸਕਦਾ ਹੈ ਜਿਸ ਦੀ ਮਨੁੱਖਜਾਤੀ ਨੂੰ ਅਸਲ ਵਿਚ ਲੋੜ ਹੈ। ਇਸ ਸੰਬੰਧੀ, ਕਹਾਉਤਾਂ 2:1-6 ਕਹਿੰਦਾ ਹੈ: “ਹੇ ਮੇਰੇ ਪੁੱਤ੍ਰ, ਜੇ ਤੂੰ ਮੇਰੇ ਆਖੇ ਲੱਗੇਂ, ਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸਾਂਭ ਰੱਖੇਂ, ਭਈ ਬੁੱਧ ਵੱਲ ਕੰਨ ਲਾਵੇਂ, ਅਤੇ ਸਮਝ ਉੱਤੇ ਚਿੱਤ ਲਾਵੇਂ,—ਹਾਂ, ਜੇ ਤੂੰ ਬਿਬੇਕ ਲਈ ਪੁਕਾਰੇਂ, ਅਤੇ ਸਮਝ ਲਈ ਅਵਾਜ਼ ਕਢੇਂ, ਜੇ ਤੂੰ ਚਾਂਦੀ ਵਾਂਙੁ ਉਹ ਦੀ ਭਾਲ ਕਰੇਂ, ਅਤੇ ਗੁਪਤ ਧਨ ਵਾਂਙੁ ਉਹ ਦੀ ਖੋਜ ਕਰੇਂ, ਤਾਂ ਤੂੰ ਯਹੋਵਾਹ ਦੇ ਭੈ ਨੂੰ ਸਮਝੇਂਗਾ, ਅਤੇ ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੇਂਗਾ, ਕਿਉਂ ਜੋ ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”
9 ਉਹ ਵਿਅਕਤੀ ਜੋ ਚੰਗੇ ਦਿਲਾਂ ਤੋਂ ਪ੍ਰੇਰਿਤ ਹੁੰਦੇ ਹਨ, ਪਰਮੇਸ਼ੁਰ-ਦਿੱਤ ਗਿਆਨ ਦਾ ਉਚਿਤ ਪ੍ਰਯੋਗ ਕਰਨ ਦੁਆਰਾ ਬੁੱਧ ਵੱਲ ਕੰਨ ਲਾਉਂਦੇ ਹਨ। ਉਹ ਸਿੱਖ ਰਹੇ ਤੱਥਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰਦੇ ਹੋਏ, ਸਮਝ ਉੱਤੇ ਚਿੱਤ ਲਾਉਂਦੇ ਹਨ। ਇਕ ਤਰੀਕੇ ਤੋਂ, ਉਹ ਬਿਬੇਕ ਲਈ, ਜਾਂ ਇਹ ਦੇਖਣ ਦੀ ਯੋਗਤਾ ਲਈ ਪੁਕਾਰਦੇ ਹਨ ਕਿ ਇਕ ਵਿਸ਼ੇ ਦੇ ਪਹਿਲੂ ਇਕ ਦੂਜੇ ਦੇ ਨਾਲ ਕਿਵੇਂ ਸੰਬੰਧਿਤ ਹਨ। ਨੇਕਦਿਲ ਵਿਅਕਤੀ ਇਵੇਂ ਕੰਮ ਕਰਦੇ ਹਨ ਜਿਵੇਂ ਕਿ ਉਹ ਚਾਂਦੀ ਲਈ ਖੋਦ ਰਹੇ ਹਨ ਅਤੇ ਗੁਪਤ ਧਨ ਦੀ ਖੋਜ ਕਰ ਰਹੇ ਹਨ। ਪਰੰਤੂ ਗ੍ਰਹਿਣਸ਼ੀਲ ਦਿਲ ਵਾਲਿਆਂ ਨੂੰ ਕਿਹੜਾ ਵੱਡਾ ਖਜ਼ਾਨਾ ਮਿਲਦਾ ਹੈ? ਇਹ ਹੈ ‘ਪਰਮੇਸ਼ੁਰ ਦਾ ਗਿਆਨ।’ ਉਹ ਕੀ ਹੈ? ਸਰਲ ਸ਼ਬਦਾਂ ਵਿਚ, ਇਹ ਉਹ ਗਿਆਨ ਹੈ ਜੋ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਇਆ ਜਾਂਦਾ ਹੈ।
10. ਚੰਗੇ ਅਧਿਆਤਮਿਕ ਸੁਆਸਥ ਦਾ ਆਨੰਦ ਮਾਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
10 ਪਰਮੇਸ਼ੁਰ ਦਾ ਗਿਆਨ ਸੰਤੁਲਿਤ ਹੈ, ਸਥਿਰ ਹੈ, ਜੀਵਨਦਾਇਕ ਹੈ। ਇਹ ਅਧਿਆਤਮਿਕ ਸੁਆਸਥ ਵਧਾਉਂਦਾ ਹੈ। ਪੌਲੁਸ ਨੇ ਤਿਮੋਥਿਉਸ ਨੂੰ ਜ਼ੋਰ ਦਿੱਤਾ: “ਤੂੰ ਓਹਨਾਂ ਖਰੀਆਂ ਗੱਲਾਂ ਦੇ ਨਮੂਨੇ ਨੂੰ ਜਿਹੜੀਆਂ ਤੈਂ ਮੈਥੋਂ ਸੁਣੀਆਂ ਉਸ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਫੜੀ ਰੱਖੀਂ।” (ਟੇਢੇ ਟਾਈਪ ਸਾਡੇ।) (2 ਤਿਮੋਥਿਉਸ 1:13) ਇਕ ਭਾਸ਼ਾ ਵਿਚ ਸ਼ਬਦਾਂ ਦਾ ਇਕ ਨਮੂਨਾ ਹੁੰਦਾ ਹੈ। ਸਮਾਨ ਰੂਪ ਵਿਚ, ਸ਼ਾਸਤਰ-ਸੰਬੰਧੀ ਸੱਚਾਈ ਦੀ “ਸ਼ੁੱਧ ਭਾਸ਼ਾ” ਵਿਚ ਵੀ ‘ਖਰੀਆਂ ਗੱਲਾਂ ਦਾ ਨਮੂਨਾ’ ਹੈ, ਜੋ ਖ਼ਾਸ ਕਰਕੇ ਬਾਈਬਲ ਦੇ ਵਿਸ਼ੇ ਉੱਤੇ ਆਧਾਰਿਤ ਹੈ, ਅਰਥਾਤ ਰਾਜ ਦੇ ਜ਼ਰੀਏ ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ। (ਸਫ਼ਨਯਾਹ 3:9, ਨਿ ਵ) ਸਾਨੂੰ ਖਰੀਆਂ ਗੱਲਾਂ ਦੇ ਇਸ ਨਮੂਨੇ ਨੂੰ ਮਨ ਅਤੇ ਦਿਲ ਵਿਚ ਰੱਖਣ ਦੀ ਲੋੜ ਹੈ। ਜੇਕਰ ਅਸੀਂ ਲਾਖਣਿਕ ਦਿਲ ਦੀ ਸਮੱਸਿਆ ਤੋਂ ਬਚਣਾ ਹੈ ਅਤੇ ਅਧਿਆਤਮਿਕ ਤੌਰ ਤੇ ਸਿਹਤਮੰਦ ਰਹਿਣਾ ਹੈ, ਤਾਂ ਸਾਨੂੰ ਜੀਵਨ ਵਿਚ ਬਾਈਬਲ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਅਧਿਆਤਮਿਕ ਪ੍ਰਬੰਧਾਂ ਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ, ਜੋ ਪਰਮੇਸ਼ੁਰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਦੁਆਰਾ ਕਰ ਰਿਹਾ ਹੈ। (ਮੱਤੀ 24:45-47; ਤੀਤੁਸ 2:2) ਆਓ ਅਸੀਂ ਹਮੇਸ਼ਾ ਚੇਤੇ ਰੱਖੀਏ ਕਿ ਚੰਗੇ ਅਧਿਆਤਮਿਕ ਸੁਆਸਥ ਲਈ ਸਾਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ।
11. ਕੁਝ ਕਿਹੜੇ ਕਾਰਨ ਹਨ ਕਿ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਕਿਉਂ ਹੈ?
11 ਹੋਰ ਦੂਜੇ ਕਾਰਨਾਂ ਉੱਤੇ ਵਿਚਾਰ ਕਰੋ ਕਿ ਧਰਤੀ ਦੇ ਅਰਬਾਂ ਲੋਕਾਂ ਨੂੰ ਕਿਉਂ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ। ਕੀ ਉਹ ਸਾਰੇ ਜਾਣਦੇ ਹਨ ਕਿ ਧਰਤੀ ਅਤੇ ਮਾਨਵ ਹੋਂਦ ਵਿਚ ਕਿਵੇਂ ਆਏ? ਨਹੀਂ, ਉਹ ਨਹੀਂ ਜਾਣਦੇ ਹਨ। ਕੀ ਸਾਰੀ ਮਨੁੱਖਜਾਤੀ ਸੱਚੇ ਪਰਮੇਸ਼ੁਰ ਨੂੰ ਅਤੇ ਉਸ ਦੇ ਪੁੱਤਰ ਨੂੰ ਜਾਣਦੀ ਹੈ? ਕੀ ਸਭ ਲੋਕ ਉਨ੍ਹਾਂ ਵਾਦ-ਵਿਸ਼ਿਆਂ ਤੋਂ ਜਾਣੂ ਹਨ ਜੋ ਸ਼ਤਾਨ ਨੇ ਈਸ਼ਵਰੀ ਸਰਬਸੱਤਾ ਅਤੇ ਮਾਨਵ ਖਰਿਆਈ ਦੇ ਸੰਬੰਧ ਵਿਚ ਖੜ੍ਹੇ ਕੀਤੇ ਹਨ? ਦੁਬਾਰਾ ਜਵਾਬ ਹੈ ਨਹੀਂ। ਕੀ ਲੋਕੀ ਆਮ ਤੌਰ ਤੇ ਜਾਣਦੇ ਹਨ ਕਿ ਅਸੀਂ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਾਂ? ਇਕ ਵਾਰ ਫਿਰ ਸਾਨੂੰ ਕਹਿਣਾ ਪਵੇਗਾ ਨਹੀਂ। ਕੀ ਧਰਤੀ ਦੇ ਸਾਰੇ ਨਿਵਾਸੀਆਂ ਨੂੰ ਅਹਿਸਾਸ ਹੈ ਕਿ ਪਰਮੇਸ਼ੁਰ ਦਾ ਰਾਜ ਹੁਣ ਸ਼ਾਸਨ ਕਰ ਰਿਹਾ ਹੈ ਅਤੇ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ? ਕੀ ਉਹ ਦੁਸ਼ਟ ਆਤਮਿਕ ਸ਼ਕਤੀਆਂ ਬਾਰੇ ਸਚੇਤ ਹਨ? ਕੀ ਸਾਰੇ ਮਨੁੱਖਾਂ ਕੋਲ ਇਸ ਬਾਰੇ ਭਰੋਸੇਯੋਗ ਗਿਆਨ ਹੈ ਕਿ ਇਕ ਸੁਖੀ ਪਰਿਵਾਰਕ ਜੀਵਨ ਕਿਵੇਂ ਹਾਸਲ ਕਰੀਦਾ ਹੈ? ਅਤੇ ਕੀ ਆਮ ਜਨਤਾ ਨੂੰ ਪਤਾ ਹੈ ਕਿ ਸਾਡਾ ਸ੍ਰਿਸ਼ਟੀਕਰਤਾ ਆਗਿਆਕਾਰ ਮਨੁੱਖਜਾਤੀ ਨੂੰ ਪਰਾਦੀਸ ਵਿਚ ਆਨੰਦਮਈ ਜੀਵਨ ਦੇਣ ਦਾ ਮਕਸਦ ਰੱਖਦਾ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਵੀ ਨਾ ਵਿਚ ਹੈ। ਤਾਂ ਫਿਰ, ਇਹ ਸਪੱਸ਼ਟ ਹੈ ਕਿ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ।
12. ਅਸੀਂ ਕਿਵੇਂ “ਆਤਮਾ ਅਤੇ ਸਚਿਆਈ ਨਾਲ” ਪਰਮੇਸ਼ੁਰ ਦੀ ਉਪਾਸਨਾ ਕਰ ਸਕਦੇ ਹਾਂ?
12 ਯਿਸੂ ਨੇ ਆਪਣੇ ਪਾਰਥਿਵ ਜੀਵਨ ਦੀ ਆਖ਼ਰੀ ਰਾਤ ਨੂੰ ਪ੍ਰਾਰਥਨਾ ਵਿਚ ਜੋ ਕੁਝ ਕਿਹਾ ਸੀ, ਉਸ ਦੇ ਕਾਰਨ ਵੀ ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ। ਉਸ ਦੇ ਰਸੂਲ ਉਸ ਨੂੰ ਇਹ ਕਹਿੰਦੇ ਹੋਏ ਸੁਣ ਕੇ ਅਤਿਅੰਤ ਪ੍ਰਭਾਵਿਤ ਹੋਏ ਹੋਣਗੇ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਅਜਿਹੇ ਗਿਆਨ ਨੂੰ ਲਾਗੂ ਕਰਨਾ, ਪਰਮੇਸ਼ੁਰ ਦੀ ਪ੍ਰਵਾਨਣਯੋਗ ਢੰਗ ਨਾਲ ਉਪਾਸਨਾ ਕਰਨ ਦਾ ਇੱਕੋ-ਇਕ ਤਰੀਕਾ ਹੈ। “ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ,” ਯਿਸੂ ਨੇ ਕਿਹਾ। (ਯੂਹੰਨਾ 4:24) ਅਸੀਂ ਪਰਮੇਸ਼ੁਰ ਦੀ ‘ਆਤਮਾ ਨਾਲ’ ਉਪਾਸਨਾ ਕਰਦੇ ਹਾਂ ਜਦੋਂ ਅਸੀਂ ਨਿਹਚਾ ਅਤੇ ਪ੍ਰੇਮ ਨਾਲ ਭਰੇ ਦਿਲਾਂ ਤੋਂ ਪ੍ਰੇਰਿਤ ਹੁੰਦੇ ਹਾਂ। ਅਸੀਂ ਕਿਵੇਂ “ਸਚਿਆਈ ਨਾਲ” ਉਸ ਦੀ ਉਪਾਸਨਾ ਕਰਦੇ ਹਾਂ? ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ਵੱਲੋਂ ਪ੍ਰਗਟ ਕੀਤੀ ਗਈ ਸੱਚਾਈ—ਅਰਥਾਤ, “ਪਰਮੇਸ਼ੁਰ ਦੇ ਗਿਆਨ”—ਦੇ ਅਨੁਸਾਰ ਉਸ ਦੀ ਉਪਾਸਨਾ ਕਰਨ ਦੇ ਦੁਆਰਾ।
13. ਰਸੂਲਾਂ ਦੇ ਕਰਤੱਬ 16:25-34 ਵਿਚ ਕਿਹੜੀ ਘਟਨਾ ਕਲਮਬੰਦ ਹੈ, ਅਤੇ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਹਰ ਸਾਲ ਹਜ਼ਾਰਾਂ ਵਿਅਕਤੀ ਯਹੋਵਾਹ ਦੀ ਉਪਾਸਨਾ ਕਰਨ ਲੱਗਦੇ ਹਨ। ਫਿਰ ਵੀ, ਕੀ ਰੁਚੀ ਰੱਖਣ ਵਾਲੇ ਲੋਕਾਂ ਨਾਲ ਲੰਬੇ ਸਮੇਂ ਤਕ ਬਾਈਬਲ ਅਧਿਐਨ ਕਰਨਾ ਜ਼ਰੂਰੀ ਹੈ, ਜਾਂ ਕੀ ਇਹ ਸੰਭਵ ਹੈ ਕਿ ਨੇਕਦਿਲ ਵਿਅਕਤੀ ਘੱਟ ਸਮੇਂ ਵਿਚ ਬਪਤਿਸਮਾ ਦੇ ਮਕਾਮ ਤਕ ਪਹੁੰਚ ਸਕਦੇ ਹਨ? ਖ਼ੈਰ, ਵਿਚਾਰ ਕਰੋ ਕਿ ਰਸੂਲਾਂ ਦੇ ਕਰਤੱਬ 16:25-34 ਵਿਚ ਜ਼ਿਕਰ ਕੀਤੇ ਗਏ ਦਰੋਗੇ ਅਤੇ ਉਸ ਦੇ ਘਰਾਣੇ ਨਾਲ ਕੀ ਹੋਇਆ ਸੀ। ਪੌਲੁਸ ਅਤੇ ਸੀਲਾਸ ਫ਼ਿਲਿੱਪੈ ਵਿਚ ਕੈਦ ਕੀਤੇ ਗਏ ਸਨ, ਪਰੰਤੂ ਅੱਧੀ ਰਾਤ ਨੂੰ ਇਕ ਵੱਡੇ ਭੁਚਾਲ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਹ ਸੋਚਦੇ ਹੋਏ ਕਿ ਸਾਰੇ ਕੈਦੀ ਦੌੜ ਗਏ ਹਨ ਅਤੇ ਕਿ ਉਸ ਨੂੰ ਕਠੋਰਤਾ ਨਾਲ ਸਜ਼ਾ ਦਿੱਤੀ ਜਾਵੇਗੀ, ਦਰੋਗਾ ਖ਼ੁਦਕਸ਼ੀ ਕਰਨ ਹੀ ਵਾਲਾ ਸੀ ਕਿ ਪੌਲੁਸ ਨੇ ਉਸ ਨੂੰ ਦੱਸਿਆ ਕਿ ਉਹ ਸਾਰੇ ਉੱਥੇ ਹੀ ਮੌਜੂਦ ਸਨ। ਪੌਲੁਸ ਅਤੇ ਸੀਲਾਸ ਨੇ “ਉਸ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੁ ਦਾ ਬਚਨ ਸੁਣਾਇਆ।” ਦਰੋਗਾ ਅਤੇ ਉਸ ਦਾ ਪਰਿਵਾਰ ਗ਼ੈਰ-ਯਹੂਦੀ ਸਨ, ਜਿਨ੍ਹਾਂ ਨੂੰ ਪਵਿੱਤਰ ਸ਼ਾਸਤਰ ਦਾ ਕੁਝ ਗਿਆਨ ਨਹੀਂ ਸੀ। ਫਿਰ ਵੀ, ਉਸੇ ਇੱਕੋ ਰਾਤ ਵਿਚ, ਉਹ ਵਿਸ਼ਵਾਸੀ ਬਣ ਗਏ। ਇਸ ਤੋਂ ਇਲਾਵਾ, ‘ਉਸ ਨੇ ਅਰ ਉਸ ਦੇ ਸਾਰੇ ਘਰ ਦਿਆਂ ਨੇ ਬਪਤਿਸਮਾ ਲਿਆ।’ ਉਹ ਅਸਾਧਾਰਣ ਹਾਲਾਤ ਸਨ, ਲੇਕਨ ਨਵੇਂ ਵਿਅਕਤੀਆਂ ਨੂੰ ਬੁਨਿਆਦੀ ਸੱਚਾਈਆਂ ਸਿੱਖਾਈਆਂ ਗਈਆਂ ਅਤੇ ਫਿਰ ਉਨ੍ਹਾਂ ਨੇ ਦੂਜੀਆਂ ਗੱਲਾਂ ਕਲੀਸਿਯਾ ਸਭਾਵਾਂ ਵਿਚ ਸਿੱਖੀਆਂ। ਅਜਿਹਾ ਹੀ ਕੁਝ ਅੱਜ ਵੀ ਸੰਭਵ ਹੋਣਾ ਚਾਹੀਦਾ ਹੈ।
ਖੇਤੀ ਪੱਕੀ ਹੋਈ ਤਾਂ ਬਹੁਤ ਹੈ!
14. ਘੱਟ ਸਮੇਂ ਅਵਧੀ ਵਿਚ ਜ਼ਿਆਦਾ ਗਿਣਤੀ ਵਿਚ ਪ੍ਰਭਾਵਕਾਰੀ ਬਾਈਬਲ ਅਧਿਐਨ ਸੰਚਾਲਿਤ ਕਰਨ ਦੀ ਕਿਉਂ ਜ਼ਰੂਰਤ ਹੈ?
14 ਇਹ ਵਧੀਆ ਹੋਵੇਗਾ ਜੇਕਰ ਯਹੋਵਾਹ ਦੇ ਗਵਾਹ ਘੱਟ ਸਮੇਂ ਅਵਧੀ ਵਿਚ ਜ਼ਿਆਦਾ ਗਿਣਤੀ ਵਿਚ ਪ੍ਰਭਾਵਕਾਰੀ ਬਾਈਬਲ ਅਧਿਐਨ ਸੰਚਾਲਿਤ ਕਰ ਸਕਣ। ਇਸ ਦੀ ਅਤਿ ਜ਼ਰੂਰਤ ਹੈ। ਮਿਸਾਲ ਲਈ, ਪੂਰਬੀ ਯੂਰਪ ਦਿਆਂ ਦੇਸ਼ਾਂ ਵਿਚ, ਲੋਕਾਂ ਨੂੰ ਬਾਈਬਲ ਅਧਿਐਨ ਲਈ ਵੇਟਿੰਗ ਲਿਸਟ ਵਿਚ ਨਾਂ ਲਿਖਵਾਉਣੇ ਪੈਂਦੇ ਹਨ। ਦੂਜੀਆਂ ਥਾਵਾਂ ਵਿਚ ਵੀ ਇਹੋ ਹੀ ਹਾਲ ਹੈ। ਡਮਿਨੀਕਨ ਗਣਰਾਜ ਦੇ ਇਕ ਨਗਰ ਵਿਚ, ਪੰਜ ਗਵਾਹਾਂ ਨੂੰ ਇੰਨੀਆਂ ਫਰਮਾਇਸ਼ਾਂ ਮਿਲੀਆਂ ਕਿ ਉਹ ਸਾਰੇ ਅਧਿਐਨ ਸੰਚਾਲਿਤ ਕਰਨ ਦੇ ਅਯੋਗ ਸਨ। ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਨੇ ਰੁਚੀ ਰੱਖਣ ਵਾਲਿਆਂ ਨੂੰ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਹਾਜ਼ਰ ਹੋਣ ਲਈ ਅਤੇ ਬਾਈਬਲ ਅਧਿਐਨ ਵਾਸਤੇ ਵੇਟਿੰਗ ਲਿਸਟ ਵਿਚ ਨਾਂ ਲਿਖਵਾਉਣ ਲਈ ਉਤਸ਼ਾਹਿਤ ਕੀਤਾ। ਇਹੋ ਹੀ ਸਥਿਤੀ ਧਰਤੀ ਭਰ ਵਿਚ ਕਈਆਂ ਥਾਵਾਂ ਤੇ ਪਾਈ ਜਾਂਦੀ ਹੈ।
15, 16. ਪਰਮੇਸ਼ੁਰ ਦੇ ਗਿਆਨ ਨੂੰ ਹੋਰ ਤੇਜ਼ੀ ਨਾਲ ਫੈਲਾਉਣ ਲਈ ਕੀ ਮੁਹੱਈਆ ਕੀਤਾ ਗਿਆ ਹੈ, ਅਤੇ ਇਸ ਬਾਰੇ ਕੁਝ ਤੱਥ ਕੀ ਹਨ?
15 ਵਿਸ਼ਾਲ ਖੇਤਰ—ਵਾਢੀ ਲਈ ਵੱਡੇ ਖੇਤ—ਪਰਮੇਸ਼ੁਰ ਦੇ ਲੋਕਾਂ ਲਈ ਖੁਲ੍ਹ ਰਹੇ ਹਨ। ਹਾਲਾਂਕਿ ‘ਖੇਤੀ ਦਾ ਮਾਲਕ,’ ਯਹੋਵਾਹ ਹੋਰ ਵਾਢੇ ਘੱਲ ਰਿਹਾ ਹੈ, ਤਾਂ ਵੀ ਕਰਨ ਲਈ ਅਜੇ ਬਹੁਤ ਕੁਝ ਹੈ। (ਮੱਤੀ 9:37, 38) ਇਸ ਲਈ, ਪਰਮੇਸ਼ੁਰ ਦੇ ਗਿਆਨ ਨੂੰ ਹੋਰ ਤੇਜ਼ੀ ਨਾਲ ਫੈਲਾਉਣ ਲਈ, ‘ਮਾਤਬਰ ਨੌਕਰ’ ਨੇ ਅਜਿਹਾ ਕੁਝ ਮੁਹੱਈਆ ਕੀਤਾ ਹੈ ਜੋ ਸੰਖੇਪ ਵਿਚ ਵਿਸ਼ਿਸ਼ਟ ਜਾਣਕਾਰੀ ਦਿੰਦਾ ਹੈ ਤਾਂ ਜੋ ਬਾਈਬਲ ਵਿਦਿਆਰਥੀ ਹਰ ਪਾਠ ਦੇ ਨਾਲ ਅਧਿਆਤਮਿਕ ਉੱਨਤੀ ਕਰ ਸਕਣ। ਇਹ ਇਕ ਨਵਾਂ ਪ੍ਰਕਾਸ਼ਨ ਹੈ ਜੋ ਗ੍ਰਹਿ ਬਾਈਬਲ ਅਧਿਐਨਾਂ ਤੇ ਕਾਫ਼ੀ ਛੇਤੀ ਪੂਰਾ ਕੀਤਾ ਜਾ ਸਕਦਾ ਹੈ—ਸ਼ਾਇਦ ਕੁਝ ਹੀ ਮਹੀਨਿਆਂ ਵਿਚ। ਅਤੇ ਇਹ ਆਸਾਨੀ ਨਾਲ ਸਾਡੇ ਬ੍ਰੀਫ-ਕੇਸ, ਸਾਡੇ ਪਰਸ, ਜਾਂ ਇੱਥੋਂ ਤਕ ਕਿ ਸਾਡੀ ਜੇਬ ਵਿਚ ਵੀ ਰੱਖਿਆ ਜਾ ਸਕਦਾ ਹੈ! ਯਹੋਵਾਹ ਦੇ ਗਵਾਹਾਂ ਦੇ “ਆਨੰਦਮਈ ਸਤੂਤੀਕਰਤਾ” ਜ਼ਿਲ੍ਹਾ ਮਹਾਂ-ਸੰਮੇਲਨਾਂ ਵਿਚ ਇਕੱਠੇ ਹੋਏ ਲੱਖਾਂ ਲੋਕ ਇਹ ਨਵੀਂ 192-ਸਫ਼ਾ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ (ਅੰਗ੍ਰੇਜ਼ੀ) ਹਾਸਲ ਕਰ ਕੇ ਅਤਿ ਆਨੰਦਿਤ ਹੋਏ।
16 ਵਿਭਿੰਨ ਦੇਸ਼ਾਂ ਵਿਚ ਲੇਖਕਾਂ ਨੇ ਸਾਮੱਗਰੀ ਤਿਆਰ ਕੀਤੀ ਜਿਸ ਨੂੰ ਧਿਆਨਪੂਰਵਕ ਗਿਆਨ ਪੁਸਤਕ ਲਈ ਅੰਤਿਮ ਰੂਪ ਦਿੱਤਾ ਗਿਆ। ਇਸ ਲਈ ਇਸ ਨੂੰ ਕੌਮਾਂਤਰੀ ਤੌਰ ਤੇ ਆਕਰਸ਼ਕ ਹੋਣਾ ਚਾਹੀਦਾ ਹੈ। ਪਰੰਤੂ ਕੀ ਬਹੁਤ ਸਮਾਂ ਲੱਗੇਗਾ ਇਸ ਤੋਂ ਪਹਿਲਾਂ ਕਿ ਇਹ ਨਵਾਂ ਪ੍ਰਕਾਸ਼ਨ ਸੰਸਾਰ ਭਰ ਦੇ ਲੋਕਾਂ ਦੀਆਂ ਭਾਸ਼ਾਵਾਂ ਵਿਚ ਰਿਲੀਜ਼ ਕੀਤਾ ਜਾਵੇਗਾ? ਨਹੀਂ, ਕਿਉਂਕਿ ਇਕ 192-ਸਫ਼ਾ ਪੁਸਤਕ ਵੱਡੀਆਂ ਪੁਸਤਕਾਂ ਨਾਲੋਂ ਛੇਤੀ ਅਨੁਵਾਦ ਕੀਤੀ ਜਾ ਸਕਦੀ ਹੈ। ਅਕਤੂਬਰ 1995 ਤਕ, ਪ੍ਰਬੰਧਕ ਸਭਾ ਦੀ ਲਿਖਣ ਸਮਿਤੀ 130 ਤੋਂ ਵਧ ਭਾਸ਼ਾਵਾਂ ਵਿਚ ਇਸ ਪੁਸਤਕ ਦਾ ਅੰਗ੍ਰੇਜ਼ੀ ਤੋਂ ਅਨੁਵਾਦ ਪ੍ਰਵਾਨ ਕਰ ਚੁੱਕੀ ਸੀ।
17. ਕਿਹੜੇ ਕਾਰਨਾਂ ਤੋਂ ਗਿਆਨ ਪੁਸਤਕ ਨੂੰ ਇਸਤੇਮਾਲ ਕਰਨਾ ਆਸਾਨ ਹੋਣਾ ਚਾਹੀਦਾ ਹੈ?
17 ਗਿਆਨ ਪੁਸਤਕ ਦੇ ਹਰੇਕ ਅਧਿਆਇ ਵਿਚ ਵਿਸ਼ਿਸ਼ਟ ਗੱਲਾਂ ਦੇ ਨਾਲ, ਵਿਦਿਆਰਥੀਆਂ ਨੂੰ ਕਾਫ਼ੀ ਤੇਜ਼ੀ ਨਾਲ ਅਧਿਆਤਮਿਕ ਉੱਨਤੀ ਕਰ ਸਕਣੀ ਚਾਹੀਦੀ ਹੈ। ਇਹ ਪੁਸਤਕ ਇਕ ਉਤਸ਼ਾਹਜਨਕ ਤਰੀਕੇ ਨਾਲ ਸ਼ਾਸਤਰ ਸੰਬੰਧੀ ਸੱਚਾਈਆਂ ਪੇਸ਼ ਕਰਦੀ ਹੈ। ਇਹ ਝੂਠੇ ਸਿਧਾਂਤਾਂ ਦੇ ਵਿਸਤਾਰ ਵਿਚ ਨਹੀਂ ਜਾਂਦੀ ਹੈ। ਭਾਸ਼ਾ ਦੀ ਸਪੱਸ਼ਟਤਾ ਅਤੇ ਤਰਕਸੰਗਤ ਵਿਸ਼ੇ-ਵਿਕਾਸ ਦੇ ਕਾਰਨ ਇਸ ਪੁਸਤਕ ਨੂੰ ਬਾਈਬਲ ਅਧਿਐਨ ਸੰਚਾਲਨ ਕਰਨ ਅਤੇ ਪਰਮੇਸ਼ੁਰ ਦੇ ਗਿਆਨ ਨੂੰ ਸਮਝਣ ਵਿਚ ਲੋਕਾਂ ਦੀ ਮਦਦ ਕਰਨ ਲਈ ਇਸਤੇਮਾਲ ਕਰਨਾ ਆਸਾਨ ਹੋਣਾ ਚਾਹੀਦਾ ਹੈ। ਉਤਕਥਿਤ ਸ਼ਾਸਤਰ-ਵਚਨਾਂ ਤੋਂ ਇਲਾਵਾ, ਬਾਈਬਲ ਆਇਤਾਂ ਦੇ ਹਵਾਲੇ ਵੀ ਦਿੱਤੇ ਗਏ ਹਨ, ਜਿਨ੍ਹਾਂ ਨੂੰ ਵਿਦਿਆਰਥੀ ਚਰਚੇ ਦੀ ਤਿਆਰੀ ਵਿਚ ਪੜ੍ਹ ਸਕਦੇ ਹਨ। ਜੇ ਸਮਾਂ ਹੋਵੇ, ਤਾਂ ਇਹ ਅਧਿਐਨ ਦੇ ਦੌਰਾਨ ਵੀ ਪੜ੍ਹੇ ਜਾ ਸਕਦੇ ਹਨ, ਹਾਲਾਂਕਿ ਅਤਿਰਿਕਤ ਸਾਮੱਗਰੀ ਜੋੜਨਾ ਅਨੁਚਿਤ ਹੋਵੇਗਾ ਜੋ ਕਿ ਮੁੱਖ ਨੁਕਤਿਆਂ ਨੂੰ ਲੁਕਾ ਸਕਦਾ ਹੈ। ਇਸ ਦੀ ਬਜਾਇ, ਬਾਈਬਲ ਅਧਿਐਨ ਸੰਚਾਲਿਤ ਕਰਨ ਵਾਲਿਆਂ ਨੂੰ ਇਹ ਸਮਝਣ ਅਤੇ ਵਿਦਿਆਰਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਇਕ ਅਧਿਆਇ ਵਿਚ ਇਹ ਪੁਸਤਕ ਕੀ ਸਾਬਤ ਕਰ ਰਹੀ ਹੈ। ਇਸ ਦਾ ਇਹ ਭਾਵ ਹੈ ਕਿ ਸਿੱਖਿਅਕ ਨੂੰ ਉੱਦਮੀ ਢੰਗ ਨਾਲ ਅਧਿਐਨ ਕਰਨਾ ਚਾਹੀਦਾ ਹੈ, ਤਾਂਕਿ ਉਸ ਦੇ ਮਨ ਵਿਚ ਮੁੱਖ ਵਿਚਾਰ ਬਿਲਕੁਲ ਸਪੱਸ਼ਟ ਹੋਣ।
18. ਗਿਆਨ ਪੁਸਤਕ ਦੀ ਵਰਤੋਂ ਦੇ ਸੰਬੰਧ ਵਿਚ ਕਿਹੜੇ ਸੁਝਾਊ ਦਿੱਤੇ ਗਏ ਹਨ?
18 ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਕਿਵੇਂ ਚੇਲੇ ਬਣਾਉਣ ਦੇ ਕਾਰਜ ਨੂੰ ਤੇਜ਼ ਕਰ ਸਕਦੀ ਹੈ? ਇਹ 192-ਸਫ਼ਾ ਪੁਸਤਕ ਦਾ ਅਧਿਐਨ ਤੁਲਨਾਤਮਕ ਤੌਰ ਤੇ ਘੱਟ ਸਮੇਂ ਵਿਚ ਪੂਰਾ ਕੀਤਾ ਜਾ ਸਕਦਾ ਹੈ, ਅਤੇ ਜੋ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਹਨ, ਉਨ੍ਹਾਂ ਨੂੰ ਇਸ ਦੇ ਅਧਿਐਨ ਦੁਆਰਾ ਇੰਨਾ ਗਿਆਨ ਹਾਸਲ ਹੋ ਜਾਣਾ ਚਾਹੀਦਾ ਹੈ ਕਿ ਉਹ ਯਹੋਵਾਹ ਨੂੰ ਸਮਰਪਿਤ ਹੋਣ ਅਤੇ ਬਪਤਿਸਮਾ ਲੈਣ। (ਰਸੂਲਾਂ ਦੇ ਕਰਤੱਬ 13:48, ਨਿ ਵ) ਸੋ ਆਓ ਅਸੀਂ ਸੇਵਕਾਈ ਵਿਚ ਗਿਆਨ ਪੁਸਤਕ ਦੀ ਚੰਗੀ ਵਰਤੋਂ ਕਰੀਏ। ਜੇਕਰ ਇਕ ਬਾਈਬਲ ਵਿਦਿਆਰਥੀ ਕਿਸੇ ਹੋਰ ਪੁਸਤਕ ਦੇ ਅਧਿਐਨ ਵਿਚ ਕਾਫ਼ੀ ਅੱਗੇ ਵਧ ਚੁੱਕਾ ਹੈ, ਤਾਂ ਇਸ ਨੂੰ ਪੂਰਾ ਕਰਨਾ ਸ਼ਾਇਦ ਵਿਵਹਾਰਕ ਹੋਵੇ। ਨਹੀਂ ਤਾਂ, ਇਹ ਸੁਝਾਊ ਦਿੱਤਾ ਜਾਂਦਾ ਹੈ ਕਿ ਪੁਸਤਕ ਬਦਲ ਕੇ ਬਾਈਬਲ ਅਧਿਐਨ ਗਿਆਨ ਪੁਸਤਕ ਵਿੱਚੋਂ ਕੀਤਾ ਜਾਵੇ। ਇਹ ਨਵਾਂ ਪ੍ਰਕਾਸ਼ਨ ਪੂਰਾ ਕਰਨ ਮਗਰੋਂ, ਉਹੋ ਹੀ ਵਿਦਿਆਰਥੀ ਦੇ ਨਾਲ ਇਕ ਦੂਜੀ ਪੁਸਤਕ ਵਿੱਚੋਂ ਅਧਿਐਨ ਸੰਚਾਲਿਤ ਕਰਨ ਦਾ ਸੁਝਾਊ ਨਹੀਂ ਦਿੱਤਾ ਜਾਂਦਾ ਹੈ। ਉਹ ਜੋ ਸੱਚਾਈ ਨੂੰ ਸਵੀਕਾਰਦੇ ਹਨ, ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਦੇ ਦੁਆਰਾ, ਅਤੇ ਨਾਲ ਹੀ ਨਾਲ ਆਪਣੇ ਆਪ ਬਾਈਬਲ ਅਤੇ ਵਿਭਿੰਨ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਦੇ ਦੁਆਰਾ ਆਪਣਾ ਗਿਆਨ ਪੂਰਾ ਕਰ ਸਕਦੇ ਹਨ।—2 ਯੂਹੰਨਾ 1.
19. ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਸੰਚਾਲਿਤ ਕਰਨ ਤੋਂ ਪਹਿਲਾਂ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ ਪੁਸਤਕ ਦੇ ਸਫ਼ੇ 175 ਤੋਂ 218 ਉੱਤੇ ਪੁਨਰ-ਵਿਚਾਰ ਕਰਨਾ ਕਿਉਂ ਸਹਾਈ ਹੋਵੇਗਾ?
19 ਗਿਆਨ ਪੁਸਤਕ ਅਜਿਹੇ ਵਿਅਕਤੀ ਨੂੰ ਉਨ੍ਹਾਂ ਸਾਰਿਆਂ ਸਵਾਲਾਂ ਦਾ ਜਵਾਬ ਦੇਣ ਵਿਚ ਮਦਦ ਕਰਨ ਦੇ ਉਦੇਸ਼ ਨਾਲ ਲਿਖੀ ਗਈ ਸੀ ਜਿਨ੍ਹਾਂ ਨੂੰ ਬਜ਼ੁਰਗ ਉਨ੍ਹਾਂ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨਾਲ ਪੁਨਰ-ਵਿਚਾਰਦੇ ਹਨ ਜੋ ਯਹੋਵਾਹ ਦੇ ਗਵਾਹਾਂ ਦੇ ਤੌਰ ਤੇ ਬਪਤਿਸਮਾ ਲੈਣ ਦੇ ਇੱਛੁਕ ਹਨ। ਇਸ ਲਈ, ਇਸ ਤੋਂ ਪਹਿਲਾਂ ਕਿ ਤੁਸੀਂ ਪੁਸਤਕ ਬਦਲ ਕੇ ਆਪਣੇ ਵਰਤਮਾਨ ਬਾਈਬਲ ਅਧਿਐਨਾਂ ਨਾਲ ਇਸ ਨਵੇਂ ਪ੍ਰਕਾਸ਼ਨ ਵਿੱਚੋਂ ਅਧਿਐਨ ਕਰੋ, ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਕੁਝ ਘੰਟੇ ਕੱਢ ਕੇ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤa (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 175 ਤੋਂ 218 ਉੱਤੇ ਦਿੱਤੇ ਗਏ ਸਵਾਲਾਂ ਦਾ ਪੁਨਰ-ਵਿਚਾਰ ਕਰੋ। ਇਹ ਤੁਹਾਨੂੰ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਕਰਦੇ ਸਮੇਂ ਅਜਿਹੇ ਸਵਾਲਾਂ ਦੇ ਜਵਾਬਾਂ ਉੱਤੇ ਜ਼ੋਰ ਦੇਣ ਵਿਚ ਤੁਹਾਡੀ ਮਦਦ ਕਰੇਗਾ।
20. ਤੁਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਨਾਲ ਕੀ ਕਰਨ ਦੀ ਯੋਜਨਾ ਰੱਖਦੇ ਹੋ?
20 ਹਰ ਜਗ੍ਹਾ ਵਿਚ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਣੀ ਚਾਹੀਦੀ ਹੈ। ਜੀ ਹਾਂ, ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ, ਅਤੇ ਇਸ ਨੂੰ ਗਿਆਤ ਕਰਵਾਉਣ ਲਈ ਯਹੋਵਾਹ ਦੇ ਕੋਲ ਆਪਣੇ ਗਵਾਹ ਹਨ। ਹੁਣ ਸਾਡੇ ਕੋਲ ਇਕ ਨਵੀਂ ਪੁਸਤਕ ਹੈ ਜੋ ਸਾਡੇ ਪ੍ਰੇਮਮਈ ਸਵਰਗੀ ਪਿਤਾ ਨੇ ਮਾਤਬਰ ਅਤੇ ਬੁੱਧਵਾਨ ਨੌਕਰ ਦੇ ਰਾਹੀਂ ਮੁਹੱਈਆ ਕੀਤੀ ਹੈ। ਕੀ ਤੁਸੀਂ ਸੱਚਾਈ ਸਿਖਾਉਣ ਅਤੇ ਯਹੋਵਾਹ ਦੇ ਪਵਿੱਤਰ ਨਾਂ ਨੂੰ ਮਹਿਮਾ ਪਹੁੰਚਾਉਣ ਲਈ ਇਸ ਨੂੰ ਇਸਤੇਮਾਲ ਕਰੋਗੇ? ਯਹੋਵਾਹ ਨਿਸ਼ਚੇ ਹੀ ਤੁਹਾਨੂੰ ਬਰਕਤਾਂ ਦੇਵੇਗਾ ਜਿਉਂ ਹੀ ਤੁਸੀਂ ਬਹੁਤੇਰਿਆਂ ਤਕ ਉਹ ਗਿਆਨ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰਦੇ ਹੋ, ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। (w96 1/15)
[ਫੁਟਨੋਟ]
a ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਤੁਸੀਂ ਲਾਖਣਿਕ ਦਿਲ ਦਾ ਕਿਵੇਂ ਵਰਣਨ ਕਰੋਗੇ?
◻ ਪਰਮੇਸ਼ੁਰ ਦਾ ਗਿਆਨ ਕੀ ਹੈ?
◻ ਪਰਮੇਸ਼ੁਰ ਦੇ ਗਿਆਨ ਦੀ ਮਨੁੱਖਜਾਤੀ ਨੂੰ ਕਿਉਂ ਲੋੜ ਹੈ?
◻ ਕਿਹੜੀ ਨਵੀਂ ਪੁਸਤਕ ਉਪਲਬਧ ਹੈ, ਅਤੇ ਤੁਸੀਂ ਇਸ ਨੂੰ ਕਿਵੇਂ ਇਸਤੇਮਾਲ ਕਰਨ ਦੀ ਯੋਜਨਾ ਰੱਖਦੇ ਹੋ?
[ਸਫ਼ੇ 19 ਉੱਤੇ ਤਸਵੀਰ]
ਅਨੇਕ ਕਾਰਨ ਹਨ ਕਿ ਧਰਤੀ ਦੇ ਅਰਬਾਂ ਲੋਕਾਂ ਨੂੰ ਕਿਉਂ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ