ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਮੂਸਾ ਅਤੇ ਹਾਰੂਨ—ਪਰਮੇਸ਼ੁਰ ਦੇ ਬਚਨ ਦੇ ਸਾਹਸੀ ਘੋਸ਼ਕ
ਉਸ ਦ੍ਰਿਸ਼ ਦੀ ਕਲਪਨਾ ਕਰੋ: ਅੱਸੀ-ਸਾਲਾ ਮੂਸਾ ਅਤੇ ਉਸ ਦਾ ਭਰਾ, ਹਾਰੂਨ, ਧਰਤੀ ਉੱਤੇ ਸਭ ਤੋਂ ਸ਼ਕਤੀਸ਼ਾਲੀ ਮਨੁੱਖ—ਮਿਸਰ ਦੇ ਫ਼ਿਰਊਨ—ਦੇ ਅੱਗੇ ਖੜ੍ਹੇ ਹਨ। ਮਿਸਰੀਆਂ ਦੇ ਲਈ ਇਹ ਮਨੁੱਖ ਕੇਵਲ ਦੇਵਤਿਆਂ ਦਾ ਇਕ ਪ੍ਰਤਿਨਿਧ ਹੀ ਨਹੀਂ ਹੈ। ਉਹ ਵਿਸ਼ਵਾਸ ਕਰਦੇ ਹਨ ਕਿ ਉਹ ਖ਼ੁਦ ਇਕ ਦੇਵਤਾ ਹੈ। ਉਸ ਨੂੰ ਇਕ ਬਾਜ਼-ਸਿਰ ਦੇਵਤਾ, ਹੋਰਸ ਦਾ ਹੀ ਅਵਤਾਰ ਸਮਝਿਆ ਜਾਂਦਾ ਹੈ। ਆਈਸਸ ਅਤੇ ਓਸਾਈਰਸ ਸਮੇਤ, ਹੋਰਸ ਮਿਸਰ ਦਿਆਂ ਦੇਵੀ-ਦੇਵਤਿਆਂ ਦਰਮਿਆਨ ਪ੍ਰਧਾਨ ਤ੍ਰਿਏਕ ਬਣਦਾ ਸੀ।
ਜੋ ਕੋਈ ਵੀ ਫ਼ਿਰਊਨ ਦੇ ਕੋਲ ਆਉਂਦਾ, ਉਹ ਨਿਸ਼ਚਿਤ ਹੀ ਉਸ ਦੇ ਤਾਜ ਦੇ ਵਿਚਕਾਰੋਂ ਵਧਵਾਂ ਇਕ ਨਾਗ ਦੇ ਸਿਰ ਦੀ ਬਦਸ਼ਗਨੀ ਮੂਰਤ ਨੂੰ ਦੇਖ ਸਕਦਾ ਸੀ। ਕਾਲਪਨਿਕ ਤੌਰ ਤੇ, ਇਹ ਸੱਪ ਫ਼ਿਰਊਨ ਦੇ ਕਿਸੇ ਵੀ ਵੈਰੀ ਉੱਤੇ ਅੱਗ ਅਤੇ ਵਿਨਾਸ਼ ਸੁੱਟ ਸਕਦਾ ਸੀ। ਹੁਣ ਮੂਸਾ ਅਤੇ ਹਾਰੂਨ ਇਸ ਦੇਵਤਾ-ਰਾਜਾ ਦੇ ਅੱਗੇ ਇਕ ਅਦੁੱਤੀ ਬੇਨਤੀ ਲੈ ਕੇ ਆਏ ਹਨ—ਕਿ ਉਹ ਗੁਲਾਮੀ ਵਿਚ ਪਏ ਇਸਰਾਏਲੀਆਂ ਨੂੰ ਜਾਣ ਦੇਵੇ ਤਾਂਕਿ ਉਹ ਆਪਣੇ ਪਰਮੇਸ਼ੁਰ, ਯਹੋਵਾਹ ਦੇ ਲਈ ਇਕ ਪਰਬ ਮਨਾ ਸਕਣ।—ਕੂਚ 5:1.
ਯਹੋਵਾਹ ਨੇ ਪਹਿਲਾਂ ਤੋਂ ਹੀ ਪੂਰਵ-ਸੂਚਿਤ ਕਰ ਦਿੱਤਾ ਸੀ ਕਿ ਫ਼ਿਰਊਨ ਦਾ ਦਿਲ ਹਠੀ ਹੋਵੇਗਾ। ਇਸ ਲਈ, ਮੂਸਾ ਅਤੇ ਹਾਰੂਨ ਉਸ ਦੇ ਅੱਖੜ ਜਵਾਬ ਤੋਂ ਹੈਰਾਨ ਨਹੀਂ ਹੋਏ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।” (ਕੂਚ 4:21; 5:2) ਇਸ ਤਰ੍ਹਾਂ, ਇਕ ਨਾਟਕੀ ਟਾਕਰੇ ਦੇ ਲਈ ਸਥਿਤੀ ਤਿਆਰ ਹੋਈ। ਅਗਲੀ ਮੁਲਾਕਾਤ ਦੇ ਦੌਰਾਨ, ਮੂਸਾ ਅਤੇ ਹਾਰੂਨ ਨੇ ਫ਼ਿਰਊਨ ਨੂੰ ਹੈਰਾਨਕੁਨ ਸਬੂਤ ਪੇਸ਼ ਕੀਤਾ ਕਿ ਉਹ ਸੱਚੇ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਪ੍ਰਤਿਨਿਧਤਾ ਕਰਦੇ ਸਨ।
ਇਕ ਚਮਤਕਾਰ ਹੁੰਦਾ ਹੈ
ਯਹੋਵਾਹ ਦੀ ਹਿਦਾਇਤ ਦੇ ਅਨੁਸਾਰ, ਹਾਰੂਨ ਨੇ ਇਕ ਚਮਤਕਾਰ ਕੀਤਾ ਜਿਸ ਨੇ ਮਿਸਰ ਦਿਆਂ ਦੇਵਤਿਆਂ ਉੱਤੇ ਯਹੋਵਾਹ ਦੀ ਸਰਬੋਚਤਾ ਨੂੰ ਸਾਬਤ ਕੀਤਾ। ਉਸ ਨੇ ਆਪਣੀ ਲਾਠੀ ਫ਼ਿਰਊਨ ਦੇ ਅੱਗੇ ਹੇਠਾਂ ਸੁੱਟੀ, ਅਤੇ ਤੁਰੰਤ ਹੀ ਇਹ ਇਕ ਵੱਡਾ ਸੱਪ ਬਣ ਗਈ! ਇਸ ਚਮਤਕਾਰ ਤੋਂ ਬੌਂਦਲਾ ਕੇ ਫ਼ਿਰਊਨ ਆਪਣੇ ਜਾਦੂ ਦਾ ਅਭਿਆਸ ਕਰਨ ਵਾਲੇ ਪੁਜਾਰੀਆਂ ਨੂੰ ਬੁਲਵਾਉਂਦਾ ਹੈ।a ਪਿਸ਼ਾਚੀ ਸ਼ਕਤੀਆਂ ਦੀ ਸਹਾਇਤਾ ਦੇ ਨਾਲ, ਇਹ ਮਨੁੱਖ ਆਪਣੀਆਂ ਲਾਠੀਆਂ ਦੇ ਨਾਲ ਲਗਭਗ ਸਮਾਨ ਚਮਤਕਾਰ ਕਰਨ ਦੇ ਯੋਗ ਹੋਏ।
ਜੇਕਰ ਫ਼ਿਰਊਨ ਅਤੇ ਉਸ ਦੇ ਸਿਆਣੇ ਖ਼ੁਸ਼ ਹੋਏ, ਤਾਂ ਇਹ ਕੇਵਲ ਪਲ ਭਰ ਲਈ ਹੀ ਸੀ। ਉਨ੍ਹਾਂ ਦੇ ਚਿਹਰਿਆਂ ਦੀ ਕਲਪਨਾ ਕਰੋ ਜਦੋਂ ਹਾਰੂਨ ਦੇ ਸੱਪ ਨੇ ਉਨ੍ਹਾਂ ਦੇ ਸੱਪਾਂ ਨੂੰ ਇਕ-ਇਕ ਕਰ ਕੇ ਨਿਗਲ ਲਿਆ! ਸਾਰੇ ਮੌਜੂਦ ਲੋਕ ਦੇਖ ਸਕਦੇ ਸਨ ਕਿ ਸੱਚੇ ਪਰਮੇਸ਼ੁਰ, ਯਹੋਵਾਹ ਦੇ ਅੱਗੇ ਮਿਸਰੀ ਦੇਵਤਿਆਂ ਦਾ ਕੋਈ ਮੁਕਾਬਲਾ ਨਹੀਂ ਸੀ।—ਕੂਚ 7:8-13.
ਪਰੰਤੂ, ਇਸ ਦੇ ਬਾਅਦ ਵੀ ਫ਼ਿਰਊਨ ਦਾ ਦਿਲ ਹਠੀ ਹੀ ਰਿਹਾ। ਮਿਸਰ ਉੱਤੇ ਪਰਮੇਸ਼ੁਰ ਵੱਲੋਂ ਦਸ ਤਬਾਹਕੁਨ ਬਿਪਤਾਵਾਂ, ਜਾਂ ਬਵਾਂ ਆਉਣ ਦੇ ਬਾਅਦ ਹੀ ਫ਼ਿਰਊਨ ਨੇ ਆਖ਼ਰਕਾਰ ਮੂਸਾ ਅਤੇ ਹਾਰੂਨ ਨੂੰ ਕਿਹਾ: “ਉੱਠੋ ਅਰ ਮੇਰੇ ਲੋਕਾਂ ਵਿੱਚੋਂ ਨਿੱਕਲ ਜਾਓ ਤੁਸੀਂ ਵੀ ਅਰ ਇਸਰਾਏਲੀ ਵੀ ਅਰ ਜਾਕੇ ਆਪਣੀ ਗੱਲ ਦੇ ਅਨੁਸਾਰ ਯਹੋਵਾਹ ਦੀ ਉਪਾਸਨਾ ਕਰੋ।”—ਕੂਚ 12:31.
ਸਾਡੇ ਲਈ ਸਬਕ
ਕਿਸ ਚੀਜ਼ ਨੇ ਮੂਸਾ ਅਤੇ ਹਾਰੂਨ ਨੂੰ ਮਿਸਰ ਦੇ ਸ਼ਕਤੀਸ਼ਾਲੀ ਫ਼ਿਰਊਨ ਕੋਲ ਜਾਣ ਦੇ ਲਈ ਸਮਰੱਥ ਕੀਤਾ? ਆਰੰਭ ਵਿਚ, ਮੂਸਾ ਨੇ ਆਪਣੀ ਕਾਬਲੀਅਤ ਵਿਚ ਵਿਸ਼ਵਾਸ ਦੀ ਕਮੀ ਅਭਿਵਿਅਕਤ ਕੀਤੀ, ਇਹ ਦਾਅਵਾ ਕਰਦੇ ਹੋਏ ਕਿ ਉਸ ਦੀ ‘ਬੋਲੀ ਢਿੱਲੀ ਹੈ ਅਤੇ ਜੀਭ ਮੋਟੀ ਹੈ।’ ਯਹੋਵਾਹ ਦੇ ਸਹਾਰੇ ਦਾ ਭਰੋਸਾ ਦਿਵਾਏ ਜਾਣ ਮਗਰੋਂ ਵੀ, ਉਸ ਨੇ ਮਿੰਨਤ ਕੀਤੀ: “ਜਿਸ ਦੇ ਹੱਥ ਤੂੰ ਘੱਲਣਾ ਚਾਹੇਂ ਘੱਲ ਦੇਹ।” ਦੂਸਰੇ ਸ਼ਬਦਾਂ ਵਿਚ, ਮੂਸਾ ਨੇ ਪਰਮੇਸ਼ੁਰ ਤੋਂ ਕਿਸੇ ਹੋਰ ਨੂੰ ਭੇਜਣ ਦੀ ਬੇਨਤੀ ਕੀਤੀ। (ਕੂਚ 4:10, 13) ਫਿਰ ਵੀ, ਯਹੋਵਾਹ ਨੇ ਨਿਮਰ ਮੂਸਾ ਨੂੰ ਉਸ ਦੀ ਕਾਰਜ-ਨਿਯੁਕਤੀ ਪੂਰੀ ਕਰਨ ਲਈ ਲੋੜੀਂਦੀ ਬੁੱਧ ਅਤੇ ਸ਼ਕਤੀ ਦਿੰਦੇ ਹੋਏ ਉਸ ਨੂੰ ਇਸਤੇਮਾਲ ਕੀਤਾ।—ਗਿਣਤੀ 12:3.
ਅੱਜ, ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਦੇ ਸੇਵਕ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੇ ਹੁਕਮ ਨੂੰ ਪੂਰਾ ਕਰ ਰਹੇ ਹਨ। (ਮੱਤੀ 28:19, 20) ਇਸ ਕਾਰਜ-ਨਿਯੁਕਤੀ ਨੂੰ ਪੂਰਾ ਕਰਨ ਵਿਚ ਆਪਣੇ ਭਾਗ ਨੂੰ ਨਿਭਾਉਣ ਦੇ ਲਈ, ਸਾਨੂੰ ਸ਼ਾਸਤਰ ਸੰਬੰਧੀ ਗਿਆਨ ਦਾ ਅਤੇ ਆਪਣੇ ਵਿਚ ਜੋ ਵੀ ਯੋਗਤਾ ਹੈ, ਦਾ ਸਭ ਤੋਂ ਚੰਗਾ ਪ੍ਰਯੋਗ ਕਰਨਾ ਚਾਹੀਦਾ ਹੈ। (1 ਤਿਮੋਥਿਉਸ 4:13-16) ਆਪਣੀਆਂ ਕਮਜ਼ੋਰੀਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਇ, ਆਓ ਅਸੀਂ ਪਰਮੇਸ਼ੁਰ ਵੱਲੋਂ ਦਿੱਤੀ ਗਈ ਕਿਸੇ ਵੀ ਕਾਰਜ-ਨਿਯੁਕਤੀ ਨੂੰ ਨਿਹਚਾ ਦੇ ਨਾਲ ਕਬੂਲ ਕਰੀਏ। ਉਹ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਯੋਗ ਅਤੇ ਮਜ਼ਬੂਤ ਬਣਾ ਸਕਦਾ ਹੈ।—2 ਕੁਰਿੰਥੀਆਂ 3:5, 6; ਫ਼ਿਲਿੱਪੀਆਂ 4:13.
ਕਿਉਂਕਿ ਮੂਸਾ ਮਾਨਵੀ ਅਤੇ ਪਿਸ਼ਾਚੀ ਵਿਰੋਧ ਦਾ ਸਾਮ੍ਹਣਾ ਕਰ ਰਿਹਾ ਸੀ, ਉਸ ਨੂੰ ਯਕੀਨਨ ਅਲੌਕਿਕ ਸਹਾਇਤਾ ਦੀ ਜ਼ਰੂਰਤ ਸੀ। ਸਿੱਟੇ ਵਜੋਂ, ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ: “ਵੇਖ ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ।” (ਕੂਚ 7:1) ਜੀ ਹਾਂ, ਮੂਸਾ ਨੂੰ ਈਸ਼ਵਰੀ ਸਹਾਇਤਾ ਅਤੇ ਅਧਿਕਾਰ ਹਾਸਲ ਸੀ। ਉਸ ਉੱਤੇ ਯਹੋਵਾਹ ਦੀ ਆਤਮਾ ਹੋਣ ਕਰਕੇ, ਮੂਸਾ ਨੂੰ ਫ਼ਿਰਊਨ ਤੋਂ ਜਾਂ ਉਸ ਘਮੰਡੀ ਸ਼ਾਸਕ ਦੇ ਸਾਥੀਆਂ ਤੋਂ ਡਰਨ ਦਾ ਕੋਈ ਕਾਰਨ ਨਹੀਂ ਸੀ।
ਆਪਣੀ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਸਾਨੂੰ ਵੀ ਯਹੋਵਾਹ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। (ਯੂਹੰਨਾ 14:26; 15:26, 27) ਈਸ਼ਵਰੀ ਸਹਾਇਤਾ ਦੇ ਨਾਲ ਅਸੀਂ ਦਾਊਦ ਦੇ ਸ਼ਬਦਾਂ ਨੂੰ ਹੂ-ਬਹੂ ਦੁਹਰਾ ਸਕਦੇ ਹਾਂ, ਜਿਸ ਨੇ ਗੀਤ ਗਾਇਆ: “ਪਰਮੇਸ਼ੁਰ ਉੱਤੇ ਮੈਂ ਭਰੋਸਾ ਰੱਖਿਆ ਹੈ, ਮੈਂ ਨਾ ਡਰਾਂਗਾ, ਆਦਮੀ ਮੇਰਾ ਕੀ ਕਰ ਸੱਕਦਾ ਹੈ?”—ਜ਼ਬੂਰ 56:11.
ਆਪਣੀ ਦਇਆ ਵਿਚ ਯਹੋਵਾਹ ਨੇ ਮੂਸਾ ਨੂੰ ਉਸ ਦੀ ਕਾਰਜ-ਨਿਯੁਕਤੀ ਵਿਚ ਇਕੱਲਾ ਨਹੀਂ ਛੱਡਿਆ। ਇਸ ਦੀ ਬਜਾਇ, ਪਰਮੇਸ਼ੁਰ ਨੇ ਕਿਹਾ: “ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ। ਤੂੰ ਓਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਰ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ।” (ਕੂਚ 7:1, 2) ਯਹੋਵਾਹ ਕਿੰਨਾ ਹੀ ਪ੍ਰੇਮਮਈ ਸੀ ਕਿ ਉਸ ਨੇ ਉਨ੍ਹਾਂ ਹੱਦਾਂ ਵਿਚ ਕੰਮ ਕੀਤਾ ਜਿੰਨਾ ਕਿ ਮੂਸਾ ਵਾਜਬ ਤੌਰ ਤੇ ਕਰ ਸਕਦਾ ਸੀ!
ਪਰਮੇਸ਼ੁਰ ਸਾਨੂੰ ਉਨ੍ਹਾਂ ਸੰਗੀ ਮਸੀਹੀਆਂ ਦੀ ਸੰਗਤ ਪ੍ਰਦਾਨ ਕਰਦਾ ਹੈ ਜੋ ਯਹੋਵਾਹ, ਅਰਥਾਤ ਅੱਤ ਮਹਾਨ ਦੇ ਗਵਾਹ ਹੋਣ ਦੀ ਚੁਣੌਤੀ ਨੂੰ ਕਬੂਲ ਕਰਦੇ ਹਨ। (1 ਪਤਰਸ 5:9) ਇਸ ਲਈ, ਉਨ੍ਹਾਂ ਅੜਚਣਾਂ ਦੇ ਬਾਵਜੂਦ ਜੋ ਸ਼ਾਇਦ ਅਸੀਂ ਸਾਮ੍ਹਣਾ ਕਰੀਏ, ਆਓ ਅਸੀਂ ਮੂਸਾ ਅਤੇ ਹਾਰੂਨ ਦੇ ਵਾਂਗ—ਪਰਮੇਸ਼ੁਰ ਦੇ ਬਚਨ ਦੇ ਸਾਹਸੀ ਘੋਸ਼ਕ ਬਣੀਏ। (w96 1/15)
[ਫੁਟਨੋਟ]
a ਇਬਰਾਨੀ ਸ਼ਬਦ ਜਿਸ ਨੂੰ “ਜਾਦੂ ਦਾ ਅਭਿਆਸ ਕਰਨ ਵਾਲੇ ਪੁਜਾਰੀ” ਅਨੁਵਾਦ ਕੀਤਾ ਗਿਆ ਹੈ, ਇਕ ਅਜਿਹੇ ਜਾਦੂਗਰਾਂ ਦੇ ਸਮੂਹ ਨੂੰ ਸੂਚਿਤ ਕਰਦਾ ਹੈ ਜੋ ਪਿਸ਼ਾਚਾਂ ਤੋਂ ਵੱਧ ਅਲੌਕਿਕ ਸ਼ਕਤੀਆਂ ਰੱਖਣ ਦਾ ਦਾਅਵਾ ਕਰਦੇ ਸਨ। ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਹ ਮਨੁੱਖ ਆਪਣਾ ਕਹਿਣਾ ਮਨਵਾਉਣ ਦੇ ਲਈ ਪਿਸ਼ਾਚਾਂ ਨੂੰ ਬੁਲਾ ਸਕਦੇ ਸਨ ਅਤੇ ਕਿ ਪਿਸ਼ਾਚਾਂ ਦਾ ਇਨ੍ਹਾਂ ਜਾਦੂਗਰਾਂ ਉੱਤੇ ਕੋਈ ਜ਼ੋਰ ਨਹੀਂ ਸੀ।
[ਸਫ਼ੇ 31 ਉੱਤੇ ਤਸਵੀਰ]
ਮੂਸਾ ਅਤੇ ਹਾਰੂਨ ਨੇ ਸਾਹਸ ਦੇ ਨਾਲ ਫ਼ਿਰਊਨ ਦੇ ਅੱਗੇ ਯਹੋਵਾਹ ਦੀ ਪ੍ਰਤਿਨਿਧਤਾ ਕੀਤੀ