ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 4/1 ਸਫ਼ੇ 20-24
  • ਕਿਉਂ ਸੰਸਾਰਕ ਧਰਮ ਖ਼ਤਮ ਹੋਵੇਗਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕਿਉਂ ਸੰਸਾਰਕ ਧਰਮ ਖ਼ਤਮ ਹੋਵੇਗਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵੱਡੀ ਬਾਬੁਲ ਕਿਵੇਂ ਢਹਿ ਪਈ ਹੈ?
  • ਤੁਹਾਨੂੰ ਚੋਣ ਕਰਨੀ ਜ਼ਰੂਰੀ ਹੈ
  • ਝੂਠਾ ਧਰਮ ਦੋਸ਼ੀ ਠਹਿਰਾਇਆ ਗਿਆ
  • ਝੂਠੇ ਧਰਮ ਦੀ ਕਇਨ ਵਰਗੀ ਮਨੋਬਿਰਤੀ
  • “ਉੱਘੜਵਾਂ ਵਿਰੋਧਾਭਾਸ”
  • ਧਰਮਾਂ ਤੇ ਰੱਬੀ ਕਹਿਰ
    ਧਰਮਾਂ ਤੇ ਰੱਬੀ ਕਹਿਰ
  • ਧਰਮਾਂ ਨੇ ਲੋਕਾਂ ਨੂੰ ਰੱਬ ਤੋਂ ਦੂਰ ਕਿਵੇਂ ਕੀਤਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਰੱਬ ਨੂੰ ਕਿਹੋ ਜਿਹੀ ਭਗਤੀ ਮਨਜ਼ੂਰ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 4/1 ਸਫ਼ੇ 20-24

ਕਿਉਂ ਸੰਸਾਰਕ ਧਰਮ ਖ਼ਤਮ ਹੋਵੇਗਾ

“ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ!”—ਪਰਕਾਸ਼ ਦੀ ਪੋਥੀ 18:4.

1. (ੳ) ਵੱਡੀ ਬਾਬੁਲ ਕਿਹੜੇ ਤਰੀਕੇ ਵਿਚ ਢਹਿ ਪਈ ਹੈ? (ਅ) ਇਸ ਘਟਨਾ ਨੇ ਯਹੋਵਾਹ ਦੇ ਗਵਾਹਾਂ ਉੱਤੇ ਕਿਵੇਂ ਪ੍ਰਭਾਵ ਪਾਇਆ ਹੈ?

“ਬਾਬੁਲ, ਵੱਡੀ ਨਗਰੀ ਢਹਿ ਪਈ!” ਜੀ ਹਾਂ, ਯਹੋਵਾਹ ਦੇ ਦ੍ਰਿਸ਼ਟੀਕੋਣ ਤੋਂ ਝੂਠੇ ਧਰਮ ਦਾ ਵਿਸ਼ਵ ਸਾਮਰਾਜ ਢਹਿ ਪਿਆ ਹੈ। ਇਹ ਗੱਲ 1919 ਤੋਂ ਸੱਚ ਹੋਈ ਹੈ, ਜਦੋਂ ਮਸੀਹ ਦਿਆਂ ਭਰਾਵਾਂ ਦਾ ਬਕੀਆ ਅਲੌਕਿਕ ਬਾਬੁਲ ਦੇ ਇਕ ਮੁੱਖ ਭਾਗ, ਮਸੀਹੀ-ਜਗਤ ਦੇ ਪ੍ਰਭਾਵ ਹੇਠੋਂ ਨਿਕਲ ਆਇਆ। ਫਲਸਰੂਪ, ਉਹ ਝੂਠੇ ਧਰਮ ਦੀ ਨਿੰਦਿਆ ਕਰਨ ਲਈ ਅਤੇ ਮਸੀਹਾਈ ਰਾਜ ਰਾਹੀਂ ਪਰਮੇਸ਼ੁਰ ਦੀ ਧਾਰਮਿਕ ਹਕੂਮਤ ਦਾ ਐਲਾਨ ਕਰਨ ਲਈ ਆਜ਼ਾਦ ਰਹੇ ਹਨ। ਇਸ ਪੂਰੀ ਸਦੀ ਦੇ ਦੌਰਾਨ ਯਹੋਵਾਹ ਦੇ ਨਿਸ਼ਠਾਵਾਨ ਗਵਾਹਾਂ ਨੇ ਸ਼ਤਾਨ ਦੇ ਕਠਪੁਤਲੀ ਧਰਮਾਂ ਦੇ ਸੰਗ੍ਰਹਿ ਦਾ ਪਰਦਾ-ਫ਼ਾਸ਼ ਕੀਤਾ ਹੈ, ਜਿਸ ਨੂੰ ਉਸ ਨੇ “ਸਾਰੇ ਜਗਤ” ਨੂੰ ਭਰਮਾਉਣ ਲਈ ਚਲਾਕੀ ਨਾਲ ਵਰਤਿਆ ਹੈ।—ਪਰਕਾਸ਼ ਦੀ ਪੋਥੀ 12:9; 14:8; 18:2.

ਵੱਡੀ ਬਾਬੁਲ ਕਿਵੇਂ ਢਹਿ ਪਈ ਹੈ?

2. ਵਿਸ਼ਵ ਧਰਮਾਂ ਦੀ ਵਰਤਮਾਨ ਸਥਿਤੀ ਕੀ ਹੈ?

2 ਪਰੰਤੂ, ਸ਼ਾਇਦ ਕੋਈ ਪੁੱਛੇ, ‘ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਬਾਬੁਲ ਢਹਿ ਪਈ ਹੈ, ਜਦ ਕਿ ਧਰਮ ਇੰਨੇ ਸਾਰੇ ਦੇਸ਼ਾਂ ਵਿਚ ਵਧਦਾ-ਫੁੱਲਦਾ ਜਾਪਦਾ ਹੈ?’ ਕੈਥੋਲਿਕ ਮਤ ਅਤੇ ਇਸਲਾਮ ਦੋਵੇਂ ਹੀ ਇਕ ਅਰਬ ਤੋਂ ਵੱਧ ਪੈਰੋਕਾਰਾਂ ਦੇ ਹੋਣ ਦਾ ਦਾਅਵਾ ਕਰਦੇ ਹਨ। ਪ੍ਰੋਟੈਸਟੈਂਟ ਮਤ ਅਜੇ ਵੀ ਉੱਤਰੀ ਤੇ ਦੱਖਣੀ ਅਮਰੀਕਾ ਵਿਚ ਵੱਧ-ਫੁੱਲ ਰਿਹਾ ਹੈ, ਜਿੱਥੇ ਲਗਾਤਾਰ ਨਵੇਂ ਗਿਰਜੇ ਅਤੇ ਚੈਪਲ ਉੱਭਰਦੇ ਹਨ। ਕਰੋੜਾਂ ਲੋਕ ਬੁੱਧ ਅਤੇ ਹਿੰਦੂ ਮਤ ਦੀਆਂ ਰਹੁਰੀਤਾਂ ਉੱਤੇ ਚੱਲਦੇ ਹਨ। ਪਰੰਤੂ, ਇਹ ਸਾਰਾ ਧਰਮ ਇਨ੍ਹਾਂ ਅਰਬਾਂ ਲੋਕਾਂ ਦੇ ਆਚਰਣ ਉੱਤੇ ਕਿਸ ਹੱਦ ਤਕ ਇਕ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ? ਕੀ ਇਸ ਨੇ ਉੱਤਰੀ ਆਇਰਲੈਂਡ ਵਿਚ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਨੂੰ ਇਕ ਦੂਜੇ ਦੀ ਹੱਤਿਆ ਕਰਨ ਤੋਂ ਰੋਕਿਆ ਹੈ? ਕੀ ਇਸ ਨੇ ਮੱਧ ਪੂਰਬ ਵਿਚ ਯਹੂਦੀਆਂ ਅਤੇ ਮੁਸਲਮਾਨਾਂ ਲਈ ਅਸਲੀ ਸ਼ਾਂਤੀ ਲਿਆਂਦੀ ਹੈ? ਕੀ ਇਹ ਭਾਰਤ ਵਿਚ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਸੁਮੇਲ ਦਾ ਕਾਰਨ ਬਣਿਆ ਹੈ? ਅਤੇ, ਹੋਰ ਹਾਲ ਹੀ ਵਿਚ, ਕੀ ਇਸ ਨੇ ਸਰਬੀਆਈ ਆਰਥੋਡਾਕਸ, ਕ੍ਰੋਸ਼ੀਆਈ ਕੈਥੋਲਿਕਾਂ, ਅਤੇ ਬੋਸਨੀਆਈ ਮੁਸਲਮਾਨਾਂ ਨੂੰ “ਨਸਲੀ ਸਫ਼ਾਇਆ,” ਲੁੱਟਮਾਰ, ਬਲਾਤਕਾਰ, ਅਤੇ ਇਕ ਦੂਜੇ ਦੀ ਹੱਤਿਆ ਕਰਨ ਤੋਂ ਰੋਕਿਆ ਹੈ? ਧਰਮ ਅਕਸਰ ਕੇਵਲ ਇਕ ਛਾਪ ਹੀ ਹੈ, ਇਕ ਅਜਿਹਾ ਅੰਡੇ ਦੀ ਛਿਲਕ ਜਿੰਨਾ ਪਤਲਾ ਪੋਚਾਪਾਚੀ ਜੋ ਥੋੜ੍ਹੇ ਜਿਹੇ ਦਬਾਉ ਹੇਠ ਹੀ ਟੁੱਟ ਜਾਂਦਾ ਹੈ।—ਗਲਾਤੀਆਂ 5:19-21; ਤੁਲਨਾ ਕਰੋ ਯਾਕੂਬ 2:10, 11.

3. ਪਰਮੇਸ਼ੁਰ ਧਰਮ ਦਾ ਨਿਆਉਂ ਕਿਉਂ ਕਰ ਰਿਹਾ ਹੈ?

3 ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ, ਜਨਸਮੂਹ ਦੁਆਰਾ ਦਿੱਤੇ ਗਏ ਧਾਰਮਿਕ ਸਮਰਥਨ ਤੋਂ ਇਕ ਅਟੱਲ ਤੱਥ ਨਹੀਂ ਬਦਲਦਾ ਹੈ—ਪਰਮੇਸ਼ੁਰ ਸਾਰੇ ਧਰਮ ਦਾ ਨਿਆਉਂ ਕਰ ਰਿਹਾ ਹੈ। ਵੱਡੀ ਬਾਬੁਲ, ਜਿਵੇਂ ਕਿ ਉਸ ਦੇ ਇਤਿਹਾਸ ਤੋਂ ਦੇਖਿਆ ਜਾਂਦਾ ਹੈ, ਪ੍ਰਤਿਕੂਲ ਨਿਆਉਂ ਹਾਸਲ ਕਰਨ ਦੇ ਯੋਗ ਹੈ ਕਿਉਂਕਿ “ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।” (ਪਰਕਾਸ਼ ਦੀ ਪੋਥੀ 18:5) ਭਵਿੱਖ-ਸੂਚਕ ਭਾਸ਼ਾ ਵਿਚ ਹੋਸ਼ੇਆ ਨੇ ਲਿਖਿਆ: “ਓਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ।” ਵਿਸ਼ਵ ਭਰ ਵਿਚ ਸ਼ਤਾਨ ਦੇ ਸਾਰੇ ਝੂਠੇ ਧਰਮਾਂ ਨੂੰ ਪਰਮੇਸ਼ੁਰ, ਉਸ ਦੇ ਪ੍ਰੇਮ, ਉਸ ਦੇ ਨਾਂ, ਅਤੇ ਉਸ ਦੇ ਪੁੱਤਰ ਨਾਲ ਵਿਸ਼ਵਾਸਘਾਤ ਕਰਨ ਦੇ ਲਈ ਅਤਿਅਧਿਕ ਕੀਮਤ ਚੁਕਾਉਣੀ ਪਵੇਗੀ।—ਹੋਸ਼ੇਆ 8:7; ਗਲਾਤੀਆਂ 6:7; 1 ਯੂਹੰਨਾ 2:22, 23.

ਤੁਹਾਨੂੰ ਚੋਣ ਕਰਨੀ ਜ਼ਰੂਰੀ ਹੈ

4, 5. (ੳ) ਅੱਜ ਅਸੀਂ ਕਿਨ੍ਹਾਂ ਹਾਲਤਾਂ ਵਿਚ ਜੀ ਰਹੇ ਹਾਂ? (ਅ) ਅਸੀਂ ਕਿਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਹੈ?

4 ਅਸੀਂ “ਅੰਤ ਦਿਆਂ ਦਿਨਾਂ” ਦੇ ਅੰਤਿਮ ਭਾਗ ਵਿਚ ਜੀ ਰਹੇ ਹਾਂ, ਅਤੇ ਸੱਚੇ ਮਸੀਹੀਆਂ ਦੇ ਤੌਰ ਤੇ ਅਸੀਂ ਇਨ੍ਹਾਂ ‘ਭੈੜੇ ਸਮਿਆਂ’ ਵਿਚ ਬਚੇ ਰਹਿਣ ਲਈ ਸੰਘਰਸ਼ ਕਰ ਰਹੇ ਹਾਂ। (2 ਤਿਮੋਥਿਉਸ 3:1-5) ਸੱਚੇ ਮਸੀਹੀ, ਸ਼ਤਾਨ ਦੇ ਸੰਸਾਰ ਵਿਚ ਅਸਥਾਈ ਵਾਸੀ ਹਨ, ਜਿਹੜਾ ਕਿ ਇਕ ਖ਼ੂਨੀ, ਝੂਠੇ, ਅਤੇ ਤੁਹਮਤ ਲਗਾਉਣ ਵਾਲੇ ਦੇ ਰੂਪ ਵਿਚ ਉਸ ਦੇ ਭ੍ਰਿਸ਼ਟ ਵਿਅਕਤਿੱਤਵ ਨੂੰ ਅਸਲ ਵਿਚ ਪ੍ਰਤਿਬਿੰਬਤ ਕਰਦਾ ਹੈ। (ਯੂਹੰਨਾ 8:44; 1 ਪਤਰਸ 2:11, 12; ਪਰਕਾਸ਼ ਦੀ ਪੋਥੀ 12:10) ਅਸੀਂ ਹਿੰਸਾ, ਧੋਖੇ, ਚਾਲਬਾਜ਼ੀ, ਭ੍ਰਿਸ਼ਟਾਚਾਰ, ਅਤੇ ਘੋਰ ਅਨੈਤਿਕਤਾ ਦੇ ਨਾਲ ਘੇਰੇ ਹੋਏ ਹਾਂ। ਸਿਧਾਂਤਾਂ ਨੂੰ ਅਣਡਿੱਠ ਕੀਤਾ ਗਿਆ ਹੈ। ਸੁਖਵਾਦ ਅਤੇ ਮੌਕਾਵਾਦ ਅੱਜ ਦੀ ਸਥਿਤੀ ਦੇ ਦੂਜੇ ਨਾਂ ਹਨ। ਅਤੇ ਅਨੇਕ ਮਾਮਲਿਆਂ ਵਿਚ ਪਾਦਰੀ ਵਰਗ ਤਾਂ ਸਮਲਿੰਗਕਾਮੁਕਤਾ, ਵਿਭਚਾਰ, ਅਤੇ ਜ਼ਨਾਹ ਬਾਰੇ ਬਾਈਬਲ ਦੀ ਸਪੱਸ਼ਟ ਨਿੰਦਿਆ ਨੂੰ ਹਲਕਾ ਕਰਨ ਦੁਆਰਾ ਨੈਤਿਕ ਭ੍ਰਿਸ਼ਟਾਚਾਰ ਨੂੰ ਨਜ਼ਰਅੰਦਾਜ਼ ਕਰਦਾ ਹੈ। ਇਸ ਲਈ ਸਵਾਲ ਇਹ ਹੈ, ਕੀ ਤੁਸੀਂ ਝੂਠੀ ਉਪਾਸਨਾ ਨੂੰ ਸਮਰਥਨ ਦਿੰਦੇ ਅਤੇ ਨਜ਼ਰਅੰਦਾਜ਼ ਕਰਦੇ ਹੋ, ਜਾਂ ਕੀ ਤੁਸੀਂ ਸੱਚੀ ਉਪਾਸਨਾ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹੋ?—ਲੇਵੀਆਂ 18:22; 20:13; ਰੋਮੀਆਂ 1:26, 27; 1 ਕੁਰਿੰਥੀਆਂ 6:9-11.

5 ਹੁਣ ਛਾਣਨ ਦਾ ਇਕ ਸਮਾਂ ਹੈ। ਇਸ ਲਈ, ਝੂਠੀ ਅਤੇ ਸੱਚੀ ਉਪਾਸਨਾ ਦੇ ਵਿਚਕਾਰ ਫ਼ਰਕ ਕਰਨ ਦਾ ਹੋਰ ਵੀ ਕਾਰਨ ਹੈ। ਮਸੀਹੀ-ਜਗਤ ਦਿਆਂ ਧਰਮਾਂ ਨੇ ਹੋਰ ਕੀ ਕੁਝ ਕੀਤਾ ਹੈ ਜੋ ਉਨ੍ਹਾਂ ਨੂੰ ਇੰਨਾ ਧਿਕਾਰਨਯੋਗ ਬਣਾਉਂਦਾ ਹੈ?—ਮਲਾਕੀ 3:18; ਯੂਹੰਨਾ 4:23, 24.

ਝੂਠਾ ਧਰਮ ਦੋਸ਼ੀ ਠਹਿਰਾਇਆ ਗਿਆ

6. ਮਸੀਹੀ-ਜਗਤ ਨੇ ਪਰਮੇਸ਼ੁਰ ਦੇ ਰਾਜ ਨਾਲ ਕਿਵੇਂ ਵਿਸ਼ਵਾਸਘਾਤ ਕੀਤਾ ਹੈ?

6 ਹਾਲਾਂਕਿ ਮਸੀਹੀ-ਜਗਤ ਵਿਚ ਕਰੋੜਾਂ ਲੋਕ ਨਿਯਮਿਤ ਤੌਰ ਤੇ ਪ੍ਰਭੂ ਦੀ ਪ੍ਰਾਰਥਨਾ ਕਹਿੰਦੇ ਹਨ, ਜਿਸ ਵਿਚ ਉਹ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਨੇ ਉਸ ਦੈਵ-ਸ਼ਾਸਕੀ ਸ਼ਾਸਨ ਨੂੰ ਛੱਡ, ਹਰ ਪ੍ਰਕਾਰ ਦਿਆਂ ਰਾਜਨੀਤਿਕ ਪ੍ਰਗਟਾਵਿਆਂ ਦਾ ਉੱਦਮੀ ਢੰਗ ਨਾਲ ਸਮਰਥਨ ਕੀਤਾ ਹੈ। ਸਦੀਆਂ ਪਹਿਲਾਂ, ਕੈਥੋਲਿਕ ਗਿਰਜੇ ਦਿਆਂ “ਰਾਜਕੁਮਾਰਾਂ,” ਜਿਵੇਂ ਕਿ ਕਾਰਡੀਨਲ ਰਿਸ਼ਲੂ, ਮਜ਼ਾਰਿਨ, ਅਤੇ ਵੁਲਜ਼ੀ, ਨੇ ਧਰਮ-ਨਿਰਪੇਖ ਸਿਆਸਤਦਾਨਾਂ, ਅਥਵਾ ਸਰਕਾਰ ਦਿਆਂ ਮਨਿਸ­ਟਰਾਂ ਵਜੋਂ ਵੀ ਸੇਵਾ ਕੀਤੀ।

7. ਪੰਜਾਹ ਤੋਂ ਵੱਧ ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨੇ ਮਸੀਹੀ-ਜਗਤ ਦੇ ਪਾਦਰੀ-ਵਰਗ ਦਾ ਕਿਵੇਂ ਪਰਦਾ-ਫ਼ਾਸ਼ ਕੀਤਾ?

7 ਪੰਜਾਹ ਤੋਂ ਵੱਧ ਸਾਲ ਪਹਿਲਾਂ, ਧਰਮ ਵਾ-ਵਰੋਲਾ ਵੱਢਦਾ ਹੈ (ਅੰਗ੍ਰੇਜ਼ੀ) ਨਾਮਕ ਪੁਸਤਿਕਾ ਵਿਚ, ਯਹੋਵਾਹ ਦੇ ਗਵਾਹਾਂ ਨੇ ਰਾਜਨੀਤੀ ਵਿਚ ਮਸੀਹੀ-ਜਗਤ ਦੇ ਭਾਗ ਦਾ ਪਰਦਾ-ਫ਼ਾਸ਼ ਕੀਤਾ।a ਉਦੋਂ ਜੋ ਗੱਲ ਕਹੀ ਗਈ ਸੀ, ਉਹ ਅੱਜ ਵੀ ਉੱਨੇ ਹੀ ਜ਼ੋਰ ਨਾਲ ਲਾਗੂ ਹੁੰਦੀ ਹੈ: “ਸਾਰੇ ਪੰਥਾਂ ਦਿਆਂ ਧਾਰਮਿਕ ਪਾਦਰੀਆਂ ਦੇ ਆਚਰਣ ਦੀ ਖਰੀ-ਖਰੀ ਜਾਂਚ ਕਰਨ ਤੋਂ ਇਹ ਪ੍ਰਗਟ ਹੋਵੇਗਾ ਕਿ ਸਾਰੇ ‘ਮਸੀਹੀ-ਜਗਤ’ ਦੇ ਧਾਰਮਿਕ ਆਗੂ ‘ਇਸ ਵਰਤਮਾਨ ਦੁਸ਼ਟ ਸੰਸਾਰ’ ਦੀ ਰਾਜਨੀਤੀ ਵਿਚ ਡਾਢੀ ਰੁਚੀ ਨਾਲ ਭਾਗ ਲੈ ਰਹੇ ਹਨ ਅਤੇ ਇਸ ਦਿਆਂ ਸੰਸਾਰਕ ਮਾਮਲਿਆਂ ਵਿਚ ਪੈਰ ਮਾਰ ਰਹੇ ਹਨ।” ਉਦੋਂ ਗਵਾਹਾਂ ਨੇ ਪੋਪ ਪਾਇਸ XII ਨੂੰ ਨਾਜ਼ੀ ਹਿਟਲਰ (1933) ਅਤੇ ਫਾਸ਼ੀ ਫ਼ਰੈਂਕੋ (1941) ਦੇ ਨਾਲ ਸੰਧੀ ਕਰਨ ਲਈ, ਅਤੇ ਨਾਲ ਹੀ ਪੋਪ ਵੱਲੋਂ ਹਮਲਾਵਰ ਕੌਮ ਜਪਾਨ ਦੇ ਨਾਲ, ਘਿਣਾਉਣੇ ਪਰਲ ਹਾਰਬਰ ਹਮਲੇ ਤੋਂ ਕੇਵਲ ਕੁਝ ਹੀ ਮਹੀਨਿਆਂ ਮਗਰੋਂ, ਮਾਰਚ 1942 ਵਿਚ ਰਾਜਦੂਤਕ ਪ੍ਰਤਿਨਿਧਾਂ ਦਾ ਵਟਾਂਦਰਾ ਕਰਨ ਲਈ ਫਿਟਕਾਰਿਆ। ਪੋਪ, ਯਾਕੂਬ ਦੀ ਇਸ ਚੇਤਾਵਨੀ ਵੱਲ ਧਿਆਨ ਦੇਣ ਤੋਂ ਚੂਕ ਗਿਆ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।”—ਯਾਕੂਬ 4:4.

8. ਰੋਮਨ ਕੈਥੋਲਿਕ ਗਿਰਜਾ ਅੱਜ ਰਾਜਨੀਤੀ ਵਿਚ ਕਿਵੇਂ ਅੰਤਰਗ੍ਰਸਤ ਹੈ?

8 ਅੱਜ ਪਰਿਸਥਿਤੀ ਕੀ ਹੈ? ਪੋਪ-ਪਦ ਅਜੇ ਵੀ, ਦੋਵੇਂ ਆਪਣੇ ਪਾਦਰੀ-ਵਰਗ ਦੇ ਦੁਆਰਾ ਅਤੇ ਆਪਣੇ ਜਨਤਕ ਪ੍ਰਤਿਨਿਧਾਂ ਦੇ ਦੁਆਰਾ ਰਾਜਨੀਤੀ ਵਿਚ ਉਲਝਿਆ ਹੋਇਆ ਹੈ। ਹਾਲ ਹੀ ਦਿਆਂ ਪੋਪਾਂ ਨੇ ਸੰਯੁਕਤ ਰਾਸ਼ਟਰ-ਸੰਘ ਨੂੰ ਸੰਬੋਧਨ ਕਰਨ ਦੇ ਦੁਆਰਾ ਵਿਸ਼ਵ ਸ਼ਾਂਤੀ ਲਈ ਮਨੁੱਖ ਵੱਲੋਂ ਬਣਾਏ ਗਏ ਨਕਲੀ ਸੰਗਠਨ ਉੱਤੇ ਆਪਣੀ ਪ੍ਰਵਾਨਗੀ ਪ੍ਰਗਟ ਕੀਤੀ ਹੈ। ਸਰਕਾਰੀ ਵੈਟੀਕਨ ਅਖ਼ਬਾਰ, ਲੌਸੇਰਵਾਟੋਰੇ ਰੋਮਾਨੋ ਦੇ ਇਕ ਹਾਲ ਹੀ ਦੇ ਅੰਕ ਨੇ ਘੋਸ਼ਣਾ ਕੀਤੀ ਕਿ ਸੱਤ ਨਵੇਂ ਡਿਪਲੋਮੈਟ, ਅਰਥਾਤ “ਪਵਿੱਤਰ ਧਰਮਪੀਠ ਨੂੰ ਭੇਜੇ ਗਏ ਰਾਜਦੂਤਾਂ” ਨੇ “ਪਵਿੱਤਰ ਪਿਤਾ” ਨੂੰ ਆਪਣੇ ਪਰਿਚੈ-ਪੱਤਰ ਪੇਸ਼ ਕੀਤੇ। ਕੀ ਅਸੀਂ ਯਿਸੂ ਅਤੇ ਪਤਰਸ ਨੂੰ ਅਜਿਹੇ ਰਾਜਦੂਤਕ ਵਟਾਂਦਰਿਆਂ ਵਿਚ ਭਾਗ ਲੈਂਦੇ ਹੋਏ ਕਲਪਨਾ ਕਰ ਸਕਦੇ ਹਾਂ? ਯਿਸੂ ਨੇ ਯਹੂਦੀਆਂ ਵੱਲੋਂ ਰਾਜਾ ਬਣਾਏ ਜਾਣ ਤੋਂ ਇਨਕਾਰ ਕੀਤਾ ਸੀ ਅਤੇ ਕਿਹਾ ਕਿ ਉਸ ਦਾ ਰਾਜ ਇਸ ਸੰਸਾਰ ਦਾ ਨਹੀਂ ਸੀ।—ਯੂਹੰਨਾ 6:15; 18:36.

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪ੍ਰੋਟੈਸਟੈਂਟ ਧਰਮ ਆਪਣੇ ਕੈਥੋਲਿਕ ਪ੍ਰਤਿਰੂਪਾਂ ਨਾਲੋਂ ਕੁਝ ਬਿਹਤਰ ਨਹੀਂ ਹਨ?

9 ਕੀ ਪ੍ਰੋਟੈਸਟੈਂਟ ਆਗੂ ਆਪਣੇ ਕੈਥੋਲਿਕ ਪ੍ਰਤਿਰੂਪਾਂ ਨਾਲੋਂ ਕੁਝ ਬਿਹਤਰ ਹਨ? ਸੰਯੁਕਤ ਰਾਜ ਅਮਰੀਕਾ ਵਿਚ, ਅਨੇਕ ਰੂੜ੍ਹੀਵਾਦੀ ਪ੍ਰੋਟੈਸਟੈਂਟ ਧਰਮਾਂ, ਅਤੇ ਨਾਲ ਹੀ ਮਾਰਮਨਾਂ ਨੂੰ ਇਕ ਖ਼ਾਸ ਰਾਜਨੀਤਿਕ ਸਫ਼ ਦੇ ਨਾਲ ਜੋੜਿਆ ਜਾਂਦਾ ਹੈ। ਕ੍ਰਿਸ਼ਚਿਅਨ ਕੁਲੀਸ਼ਨ ਸੰਗਠਨ ਯੂ.ਐੱਸ. ਰਾਜਨੀਤੀ ਵਿਚ ਡੂੰਘੀ ਤਰ੍ਹਾਂ ਨਾਲ ਅੰਤਰਗ੍ਰਸਤ ਹੈ। ਦੂਜੇ ਪ੍ਰੋਟੈਸਟੈਂਟ ਪਾਦਰੀ ਸਪੱਸ਼ਟ ਤੌਰ ਤੇ ਇਕ ਭਿੰਨ ਰਾਜਨੀਤਿਕ ਸਥਿਤੀ ਦਾ ਪੱਖ ਲੈਂਦੇ ਹਨ। ਇਹ ਕਦੇ-ਕਦੇ ਭੁੱਲਿਆ ਜਾਂਦਾ ਹੈ ਕਿ ਪੈਟ ਰੌਬਰਟਸਨ ਅਤੇ ਜੈਸੀ ਜੈਕਸਨ ਵਰਗੇ ਸੰਯੁਕਤ ਰਾਜ ਅਮਰੀਕਾ ਦੇ ਰਾਜਨੀਤਿਕ ਪ੍ਰਵਕਤਾ “ਰੈਵਰੰਡ” ਵੀ ਹਨ ਜਾਂ ਸਨ, ਜਿਵੇਂ ਕਿ ਬਰਤਾਨਵੀ ਪਾਰਲੀਮੈਂਟ ਦਾ ਮੈਂਬਰ ਈਅਨ ਪੇਜ਼ਲੀ ਵੀ ਹੈ, ਜੋ ਉੱਤਰੀ ਆਇਰਲੈਂਡ ਦਾ ਜਮਪਾਲ ਹੈ। ਉਹ ਆਪਣੀਆਂ ਸਥਿਤੀਆਂ ਨੂੰ ਕਿਵੇਂ ਸਿੱਧ ਕਰਦੇ ਹਨ?—ਰਸੂਲਾਂ ਦੇ ਕਰਤੱਬ 10:34, 35; ਗਲਾਤੀਆਂ 2:6.

10. ਸੰਨ 1944 ਵਿਚ ਕਿਹੜਾ ਸਪੱਸ਼ਟ ਕਥਨ ਪੇਸ਼ ਕੀਤਾ ਗਿਆ ਸੀ?

10 ਜਿਵੇਂ ਧਰਮ ਵਾ-ਵਰੋਲਾ ਵੱਢਦਾ ਹੈ ਨੇ 1944 ਵਿਚ ਪੁੱਛਿਆ, ਅਸੀਂ ਵੀ ਹੁਣ ਪੁੱਛਦੇ ਹਾਂ: “ਕੀ ਕੋਈ ਵੀ ਸੰਗਠਨ ਜੋ ਸੰਸਾਰਕ ਸ਼ਕਤੀਆਂ ਨਾਲ ਸੰਧੀਆਂ ਕਰਦਾ ਹੈ ਅਤੇ ਇਸ ਸੰਸਾਰ ਵਿਚ ਲਾਭ ਅਤੇ ਇਸ ਤੋਂ ਸੁਰੱਖਿਆ ਦੀ ਭਾਲ ਕਰਦੇ ਹੋਏ, ਸਰਗਰਮੀ ਨਾਲ ਇਸ ਸੰਸਾਰ ਦਿਆਂ ਰਾਜਨੀਤਿਕ ਮਾਮਲਿਆਂ ਵਿਚ ਚਲਾਕੀ ਨਾਲ ਪ੍ਰਵੇਸ਼ ਕਰਦਾ ਹੈ . . . ਪਰਮੇਸ਼ੁਰ ਦੀ ਕਲੀਸਿਯਾ ਹੋ ਸਕਦਾ ਹੈ ਜਾਂ ਧਰਤੀ ਉੱਤੇ ਮਸੀਹ ਯਿਸੂ ਦੀ ਪ੍ਰਤਿਨਿਧਤਾ ਕਰ ਸਕਦਾ ਹੈ? . . . ਸਪੱਸ਼ਟ ਤੌਰ ਤੇ, ਸਾਰੇ ਕੱਟੜ-ਧਰਮੀ ਜੋ ਇਸ ਸੰਸਾਰ ਦੇ ਰਾਜਾਂ ਦਿਆਂ ਟੀਚਿਆਂ ਵਿਚ ਸਾਂਝੀ ਹੁੰਦੇ ਹਨ, ਮਸੀਹ ਯਿਸੂ ਦੁਆਰਾ ਪਰਮੇਸ਼ੁਰ ਦੇ ਰਾਜ ਦੀ ਪ੍ਰਤਿਨਿਧਤਾ ਨਹੀਂ ਕਰ ਸਕਦੇ ਹਨ।”

ਝੂਠੇ ਧਰਮ ਦੀ ਕਇਨ ਵਰਗੀ ਮਨੋਬਿਰਤੀ

11. ਝੂਠੇ ਧਰਮ ਨੇ ਕਇਨ ਦੀ ਮਿਸਾਲ ਦਾ ਕਿਵੇਂ ਅਨੁਕਰਣ ਕੀਤਾ?

11 ਪੂਰੇ ਇਤਿਹਾਸ ਦੇ ਦੌਰਾਨ, ਝੂਠੇ ਧਰਮ ਨੇ ਭਰਾ-ਘਾਤਕ ਕਇਨ ਵਰਗੀ ਮਨੋਬਿਰਤੀ ਦਿਖਾਈ ਹੈ, ਜਿਸ ਨੇ ਆਪਣੇ ਭਰਾ ਹਾਬਲ ਦਾ ਕਤਲ ਕੀਤਾ ਸੀ। “ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ। ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸਾਂ ਮੁੱਢੋਂ ਸੁਣਿਆ ਸੋ ਇਹ ਹੈ ਭਈ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ। ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ,—ਅਤੇ ਕਿਉਂ ਉਹ ਨੂੰ ਮਾਰਿਆ? ਇਸ ਲਈ ਜੋ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।” ਆਪਣੇ ਭਰਾ ਦੀ ਪਰਮੇਸ਼ੁਰ ਪ੍ਰਤੀ ਸ਼ੁੱਧ ਅਤੇ ਸਵੀਕਾਰਯੋਗ ਉਪਾਸਨਾ ਨੂੰ ਨਾ ਸਹਿਣ ਕਰਦੇ ਹੋਏ, ਕਇਨ ਨੇ ਹਿੰਸਾ ਦਾ ਸਹਾਰਾ ਲਿਆ—ਉਨ੍ਹਾਂ ਲੋਕਾਂ ਦਾ ਆਖ਼ਰੀ ਚਾਰਾ ਜਿਨ੍ਹਾਂ ਨੂੰ ਕੋਈ ਤਰਕਸੰਗਤ ਜਵਾਬ ਨਹੀਂ ਸੁੱਝਦਾ ਹੈ।—1 ਯੂਹੰਨਾ 3:10-12.

12. ਯੁੱਧਾਂ ਅਤੇ ਝਗੜਿਆਂ ਵਿਚ ਧਰਮ ਦੇ ਦੁਰ-ਸਹਿਯੋਗ ਦਾ ਕੀ ਸਬੂਤ ਹੈ?

12 ਕੀ ਤੱਥ ਝੂਠੇ ਧਰਮ ਉੱਤੇ ਲਗਾਏ ਗਏ ਇਸ ਦੋਸ਼ ਦੀ ਪੁਸ਼ਟੀ ਕਰਦੇ ਹਨ? ਪੁਸਤਕ ਧਰਮ-ਪ੍ਰਚਾਰਕ ਹਥਿਆਰ ਪੇਸ਼ ਕਰਦੇ ਹਨ (ਅੰਗ੍ਰੇਜ਼ੀ) ਵਿਚ, ਲੇਖਕ ਨੇ ਕਿਹਾ: “ਸਭਿਅਤਾਵਾਂ ਦੇ ਇਤਿਹਾਸ ਵਿਚ, . . . ਦੋ ਤਾਕਤਾਂ ਹਮੇਸ਼ਾ ਹੀ ਦੂਹਰੀ ਮਿੱਤਰਤਾ ਵਿਚ ਇਕੱਠੀਆਂ ਰਹੀਆਂ ਹਨ। ਇਹ ਹਨ ਯੁੱਧ ਅਤੇ ਧਰਮ। ਅਤੇ, ਸਾਰੇ ਵੱਡੇ-ਵੱਡੇ ਵਿਸ਼ਵ ਧਰਮਾਂ ਵਿੱਚੋਂ, . . . ਹੋਰ ਕੋਈ ਵੀ [ਯੁੱਧ] ਦਾ ਇੰਨਾ ਸ਼ੁਕੀਨ ਨਹੀਂ ਰਿਹਾ ਹੈ, ਜਿੰਨਾ ਕਿ [ਮਸੀਹੀ-ਜਗਤ]।” ਕੁਝ ਸਾਲ ਪਹਿਲਾਂ, ਵੈਨਕੂਵਰ, ਕੈਨੇਡਾ, ਦੀ ਅਖ਼ਬਾਰ ਦ ਸਨ ਨੇ ਆਖਿਆ: “ਇਹ ਸ਼ਾਇਦ ਸਾਰੇ ਹੀ ਸੰਗਠਿਤ ਧਰਮਾਂ ਦੀ ਇਕ ਕਮਜ਼ੋਰੀ ਹੈ ਕਿ ਗਿਰਜਾ ਝੰਡੇ ਦੀ ਪੈਰਵੀ ਕਰਦਾ ਹੈ . . . ਅਜਿਹਾ ਕਿਹੜਾ ਯੁੱਧ ਕਦੇ ਲੜਿਆ ਗਿਆ ਹੈ ਜਿਸ ਵਿਚ ਇਹ ਦਾਅਵਾ ਨਾ ਕੀਤਾ ਗਿਆ ਹੋਵੇ ਕਿ ਪਰਮੇਸ਼ੁਰ ਦੋਵੇਂ ਹੀ ਪੱਖਾਂ ਵਿਚ ਸੀ?” ਤੁਸੀਂ ਸ਼ਾਇਦ ਕਈ ਸਥਾਨਕ ਗਿਰਜਿਆਂ ਵਿਚ ਇਸ ਦਾ ਸਬੂਤ ਦੇਖਿਆ ਹੋਵੇ। ਅਕਸਰ, ਕੌਮੀ ਝੰਡੇ ਵੇਦੀ ਨੂੰ ਸਜਾਉਂਦੇ ਹਨ। ਤੁਹਾਡੇ ਵਿਚਾਰ ਵਿਚ ਯਿਸੂ ਕਿਸ ਝੰਡੇ ਹੇਠ ਮਾਰਚ ਕਰਦਾ? ਸਦੀਆਂ ਦੇ ਦੌਰਾਨ ਉਸ ਦੇ ਇਹ ਸ਼ਬਦ ਗੂੰਜਦੇ ਆਏ ਹਨ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ”!—ਯੂਹੰਨਾ 18:36.

13. (ੳ) ਅਫ਼ਰੀਕਾ ਵਿਚ ਝੂਠਾ ਧਰਮ ਕਿਵੇਂ ਨਾਕਾਮ ਰਿਹਾ ਹੈ? (ਅ) ਯਿਸੂ ਨੇ ਮਸੀਹੀਅਤ ਦਾ ਕਿਹੜਾ ਪਛਾਣ ਚਿੰਨ੍ਹ ਦਿੱਤਾ ਸੀ?

13 ਮਸੀਹੀ-ਜਗਤ ਦਿਆਂ ਧਰਮਾਂ ਨੇ ਆਪਣੇ ਝੁੰਡਾਂ ਨੂੰ ਅਸਲੀ ਭਰਾਤਰੀ ਪ੍ਰੇਮ ਬਾਰੇ ਸੱਚਾਈ ਨਹੀਂ ਸਿਖਾਈ ਹੈ। ਇਸ ਦੀ ਬਜਾਇ, ਉਹ ਕੌਮੀ, ਕਬਾਇਲੀ, ਅਤੇ ਨਸਲੀ ਭਿੰਨਤਾਵਾਂ ਦੇ ਕਾਰਨ ਆਪਣੇ ਸਦੱਸਾਂ ਨੂੰ ਵਿਭਾਜਿਤ ਹੋਣ ਦਿੰਦੇ ਹਨ। ਰਿਪੋਰਟਾਂ ਸੰਕੇਤ ਕਰਦੀਆਂ ਹਨ ਕਿ ਉਨ੍ਹਾਂ ਵਿਭਾਜਨਾਂ ਵਿਚ ਕੈਥੋਲਿਕ ਅਤੇ ਐਂਗਲੀਕਨ ਪਾਦਰੀਆਂ ਦਾ ਵੀ ਹੱਥ ਸੀ, ਜਿਸ ਦੇ ਸਿੱਟੇ ਵਜੋਂ ਰਵਾਂਡਾ ਵਿਚ ਕਬਾਇਲੀ ਕੁਲ-ਨਾਸ਼ ਹੋਇਆ। ਦ ਨਿਊ ਯੌਰਕ ਟਾਈਮਜ਼ ਨੇ ਰਿਪੋਰਟ ਦਿੱਤੀ: “ਰਵਾਂਡਾ ਵਿਚ ਹੋਏ ਕਤਲਾਮ ਦੇ ਕਾਰਨ ਉੱਥੇ ਬਹੁਤ ਸਾਰੇ ਰੋਮਨ ਕੈਥੋਲਿਕ ਲੋਕ ਮਹਿਸੂਸ ਕਰਦੇ ਹਨ ਕਿ ਗਿਰਜੇ ਦੇ ਧਰਮਰਾਜ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕੀਤਾ ਹੈ। . . . ਹੁਟੂ ਅਤੇ ਟੂਟਸੀ ਵਿਚਕਾਰ ਨਸਲੀ ਭਿੰਨਤਾ ਦੇ ਕਾਰਨ, ਗਿਰਜਾ ਅਕਸਰ ਹੀ ਵਿਭਾਜਿਤ ਸੀ।” ਇਹੋ ਅਖ਼ਬਾਰ ਨੇ ਇਕ ਮੇਰੀਨੋਲ ਪਾਦਰੀ ਦਿਆਂ ਸ਼ਬਦਾਂ ਦਾ ਹਵਾਲਾ ਦਿੱਤਾ: “ਗਿਰਜਾ 1994 ਵਿਚ ਰਵਾਂਡਾ ਵਿਚ ਬਹੁਤ ਹੀ ਬੁਰੀ ਤਰ੍ਹਾਂ ਨਾਲ ਨਾਕਾਮ ਰਿਹਾ। ਰਵਾਂਡਾ ਦੇ ਅਨੇਕ ਲੋਕਾਂ ਨੇ ਇਕ ਅਰਥ ਵਿਚ ਗਿਰਜੇ ਨੂੰ ਰੱਦ ਕਰ ਦਿੱਤਾ ਹੈ। ਇਹ ਹੁਣ ਭਰੋਸੇਯੋਗ ਨਹੀਂ ਰਿਹਾ।” ਯਿਸੂ ਦਿਆਂ ਸ਼ਬਦਾਂ ਤੋਂ ਕਿੰਨਾ ਹੀ ਭਿੰਨ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.

14. ਮੁੱਖ ਗ਼ੈਰ-ਮਸੀਹੀ ਧਰਮਾਂ ਦੇ ਆਚਰਣ ਦਾ ਕੀ ਰਿਕਾਰਡ ਹੈ?

14 ਵੱਡੀ ਬਾਬੁਲ ਦੇ ਦੂਜੇ ਮੁੱਖ ਧਰਮਾਂ ਨੇ ਕੋਈ ਬਿਹਤਰ ਮਿਸਾਲ ਕਾਇਮ ਨਹੀਂ ਕੀਤੀ ਹੈ। ਭਾਰਤ ਦੇ ਬਟਵਾਰੇ ਸਮੇਂ ਹੋਏ 1947 ਦੇ ਭਿਆਨਕ ਕਤਲਾਮ ਦਿਖਾਉਂਦੇ ਹਨ ਕਿ ਉੱਥੇ ਦੇ ਮੁੱਖ ਧਰਮਾਂ ਨੇ ਸਹਿਣਸ਼ੀਲਤਾ ਉਤਪੰਨ ਨਹੀਂ ਕੀਤੀ ਹੈ। ਭਾਰਤ ਵਿਚ ਜਾਰੀ ਸੰਪ੍ਰਦਾਇਕ ਹਿੰਸਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਅਧਿਕਤਰ ਲੋਕ ਬਦਲੇ ਨਹੀਂ ਹਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਰਸਾਲਾ ਇੰਡੀਆ ਟੂਡੇ ਨੇ ਇਹ ਸਿੱਟਾ ਕੱਢਿਆ: “ਧਰਮ ਇਕ ਨਾਂ ਰਿਹਾ ਹੈ ਜਿਸ ਹੇਠ ਸਭ ਤੋਂ ਵੱਧ ਘਿਣਾਉਣੇ ਅਪਰਾਧ ਕੀਤੇ ਗਏ ਹਨ। . . . ਇਹ ਘੋਰ ਹਿੰਸਾ ਪੈਦਾ ਕਰਦਾ ਹੈ ਅਤੇ ਇਹ ਇਕ ਅਤਿ ਵਿਨਾਸ਼ਕ ਤਾਕਤ ਹੈ।”

“ਉੱਘੜਵਾਂ ਵਿਰੋਧਾਭਾਸ”

15. ਪੱਛਮ ਦੁਨੀਆਂ ਵਿਚ ਧਰਮ ਦੀ ਕੀ ਸਥਿਤੀ ਹੈ?

15 ਧਰਮ-ਨਿਰਪੇਖ ਟੀਕਾਕਾਰਾਂ ਨੇ ਵੀ ਧਰਮ ਦੀ ਕਾਇਲ ਕਰਨ, ਅਸਲੀ ਕਦਰਾਂ-ਕੀਮਤਾਂ ਉਤਪੰਨ ਕਰਨ, ਅਤੇ ਧਰਮ-ਨਿਰਪੇਖਤਾ ਦਿਆਂ ਹਮਲਿਆਂ ਦਾ ਵਿਰੋਧ ਕਰਨ ਵਿਚ ਅਸਫ਼ਲ­ਤਾ ਨੂੰ ਦੇਖਿਆ ਹੈ। ਆਪਣੀ ਪੁਸਤਕ ਕਾਬੂ ਤੋਂ ਬਾਹਰ ਵਿਚ, ਸਾਬਕਾ ਯੂ.ਐੱਸ. ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ੂਬੀਗਨੇਫ਼ ਬ੍ਰੇਜ਼ਿੰਸਕੀ ਨੇ ਲਿਖਿਆ: “ਇਹ ਇਕ ਉੱਘੜਵਾਂ ਵਿਰੋਧਾਭਾਸ ਹੈ ਕਿ ‘ਪਰਮੇਸ਼ੁਰ ਮਰਿਆ ਹੋਇਆ ਹੈ’ ਦੀ ਤਜਵੀਜ਼ ਨੂੰ ਸਭ ਤੋਂ ਵੱਡੀ ਜਿੱਤ ਮਾਰਕਸੀ-ਪ੍ਰਬਲ ਰਾਜਾਂ ਵਿਚ ਨਹੀਂ . . . ਪਰੰਤੂ ਪੱਛਮੀ ਸੁਤੰਤਰ ਲੋਕਤੰਤਰੀ ਸਮਾਜਾਂ ਵਿਚ ਮਿਲੀ, ਜਿਨ੍ਹਾਂ ਨੇ ਸੰਸਕ੍ਰਿਤਿਕ ਤੌਰ ਤੇ ਨੈਤਿਕ ਉਦਾਸੀਨਤਾ ਵਿਕਸਿਤ ਕੀਤੀ ਹੈ। ਇਨ੍ਹਾਂ ਸਮਾਜਾਂ ਵਿਚ, ਹਕੀਕਤ ਇਹ ਹੈ ਕਿ ਧਰਮ ਇਕ ਮੁੱਖ ਸਮਾਜਕ ਸ਼ਕਤੀ ਨਹੀਂ ਰਿਹਾ ਹੈ।” ਉਸ ਨੇ ਅੱਗੇ ਕਿਹਾ: “ਯੂਰਪੀ ਸੰਸਕ੍ਰਿਤੀ ਉੱਤੇ ਧਰਮ ਦੀ ਪਕੜ ਬਹੁਤ ਹੀ ਘੱਟ ਗਈ ਹੈ, ਅਤੇ ਅੱਜ ਯੂਰਪ—ਅਮਰੀਕਾ ਤੋਂ ਵੀ ਵੱਧ-ਚੜ੍ਹ ਕੇ—ਮੂਲ ਰੂਪ ਵਿਚ ਇਕ ਧਰਮ-ਨਿਰਪੇਖ ਸਮਾਜ ਹੈ।”

16, 17. (ੳ) ਯਿਸੂ ਨੇ ਆਪਣੇ ਦਿਨਾਂ ਦਿਆਂ ਜਾਜਕਾਂ ਦੇ ਸੰਬੰਧ ਵਿਚ ਕੀ ਸਲਾਹ ਦਿੱਤੀ ਸੀ? (ਅ) ਯਿਸੂ ਨੇ ਫਲਾਂ ਬਾਰੇ ਕਿਹੜਾ ਉੱਤਮ ਸਿਧਾਂਤ ਵਿਅਕਤ ਕੀਤਾ ਸੀ?

16 ਯਿਸੂ ਨੇ ਆਪਣੇ ਦਿਨਾਂ ਦੇ ਯਹੂਦੀ ਜਾਜਕਾਂ ਦੇ ਬਾਰੇ ਕੀ ਕਿਹਾ ਸੀ? “ਗ੍ਰੰਥੀ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ [ਤੌਰਾਤ, ਅਥਵਾ ਬਿਵਸਥਾ ਸਿਖਾਉਣ ਲਈ] ਬੈਠੇ ਹਨ। ਇਸ ਲਈ ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।” ਜੀ ਹਾਂ, ਧਾਰਮਿਕ ਪਖੰਡ ਕੋਈ ਨਵੀਂ ਗੱਲ ਨਹੀਂ ਹੈ।—ਮੱਤੀ 23:2, 3.

17 ਝੂਠੇ ਧਰਮ ਦਾ ਫਲ ਉਸ ਨੂੰ ਦੋਸ਼ੀ ਠਹਿਰਾਉਂਦਾ ਹੈ। ਯਿਸੂ ਦਾ ਦਿੱਤਾ ਹੋਇਆ ਅਸੂਲ ਕਿੰਨਾ ਹੀ ਢੁਕਵਾਂ ਹੈ: “ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ। ਅੱਛਾ ਬਿਰਛ ਬੁਰਾ ਫਲ ਨਹੀਂ ਦੇ ਸੱਕਦਾ ਅਤੇ ਨਾ ਮਾੜਾ ਬਿਰਛ ਚੰਗਾ ਫਲ ਦੇ ਸੱਕਦਾ ਹੈ। ਹਰੇਕ ਬਿਰਛ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਸੋ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।”—ਮੱਤੀ 7:17-20.

18. ਮਸੀਹੀ-ਜਗਤ ਨੂੰ ਆਪਣੇ ਸਫ਼ਾਂ ਨੂੰ ਕਿਵੇਂ ਸ਼ੁੱਧ ਰੱਖਣਾ ਚਾਹੀਦਾ ਸੀ?

18 ਜੇਕਰ ਮਸੀਹੀ-ਜਗਤ ਦੇ ਧਰਮ ਈਮਾਨਦਾਰੀ ਨਾਲ ਉਸ ਦੇ ਸਦੱਸ ਹੋਣ ਦਾ ਦਾਅਵਾ ਕਰਨ ਵਾਲਿਆਂ ਦੁਆਰਾ ਕੀਤੇ ਉਨ੍ਹਾਂ ਕੁਧਰਮੀ ਕਾਰਜਾਂ ਦੇ ਕਰਨ ਛੇਕਣ, ਜਾਂ ਧਰਮ ਵਿੱਚੋਂ ਕੱਢਣ ਦਾ ਮਸੀਹੀ ਅਨੁਸ਼ਾਸਨ ਲਾਗੂ ਕਰਨ, ਤਾਂ ਕੀ ਹੋਵੇਗਾ? ਉਨ੍ਹਾਂ ਸਾਰੇ ਅਪਸ਼ਚਾਤਾਪੀ ਝੂਠਿਆਂ, ਵਿਭਚਾਰੀਆਂ, ਜ਼ਨਾਹਕਾਰਾਂ, ਸਮਲਿੰਗਕਾਮੀਆਂ, ਠੱਗਾਂ, ਅਪਰਾਧੀਆਂ, ਨਸ਼ੀਲੀ ਦਵਾਈ ਦਿਆਂ ਦਲਾਲਾਂ ਅਤੇ ਨਸ਼ਈਆਂ, ਅਤੇ ਸੰਗਠਿਤ ਜੁਰਮ ਦੇ ਸਦੱਸਾਂ ਦਾ ਕੀ ਹੋਵੇਗਾ? ਨਿਰਸੰਦੇਹ, ਮਸੀਹੀ-ਜਗਤ ਦਾ ਭੈੜਾ ਫਲ ਉਸ ਨੂੰ ਕੇਵਲ ਪਰਮੇਸ਼ੁਰ ਦੁਆਰਾ ਨਾਸ਼ ਹੋਣ ਦੇ ਹੀ ਯੋਗ ਬਣਾਉਂਦਾ ਹੈ।—1 ਕੁਰਿੰਥੀਆਂ 5:9-13; 2 ਯੂਹੰਨਾ 10, 11.

19. ਧਾਰਮਿਕ ਅਗਵਾਈ ਦੇ ਸੰਬੰਧ ਵਿਚ ਕਿਹੜੀਆਂ ਗੱਲਾਂ ਦਾ ਇਕਬਾਲ ਕੀਤਾ ਗਿਆ ਹੈ?

19 ਸੰਯੁਕਤ ਰਾਜ ਅਮਰੀਕਾ ਵਿਚ ਪ੍ਰੈਸਬੀਟਰੀ ਗਿਰਜੇ ਦੀ ਪ੍ਰਬੰਧਕ ਸਭਾ ਨੇ ਕਬੂਲ ਕੀਤਾ: “ਅਸੀਂ ਅਜਿਹੀ ਸੰਕਟ-ਸਥਿਤੀ ਦਾ ਸਾਮ੍ਹਣਾ ਕਰ ਰਹੇ ਹਾਂ ਜੋ ਭਿਆਨਕ ਆਕਾਰ ਅਤੇ ਭਾਵ ਰੱਖਦੀ ਹੈ। . . . ਪੂਰੇ ਰਾਸ਼ਟਰ ਵਿਚ 10 ਤੋਂ 23 ਫੀ ਸਦੀ ਪਾਦਰੀਆਂ ਨੇ ਗਿਰਜੇ ਦੇ ਸਦੱਸਾਂ, ਮੁਵੱਕਲਾਂ, ਕਰਮਚਾਰੀਆਂ, ਆਦਿ ਦੇ ਨਾਲ ਕਾਮੁਕਤਾ ਭਰਪੂਰ ਆਚਰਣ ਜਾਂ ਲਿੰਗਕ ਮੇਲ ਵਿਚ ਹਿੱਸਾ ਲਿਆ ਹੈ।” ਇਕ ਯੂ.ਐੱਸ. ਬਿਜ਼ਨਿਸਮੈਨ ਨੇ ਇਸ ਮੁੱਦੇ ਦਾ ਸਾਰ ਕਾਫ਼ੀ ਚੰਗੀ ਤਰ੍ਹਾਂ ਨਾਲ ਦਿੱਤਾ: “ਧਾਰਮਿਕ ਸੰਸਥਾਵਾਂ ਆਪਣੀਆਂ ਮਹੱਤਵਪੂਰਣ ਕਦਰਾਂ-ਕੀਮਤਾਂ ਨੂੰ ਦੂਸਰਿਆਂ ਤਕ ਪਹੁੰਚਾਉਣ ਵਿਚ ਅਸਫ਼ਲ ਹੋਈਆਂ ਹਨ, ਅਤੇ ਕਈ ਮਾਮਲਿਆਂ ਵਿਚ ਤਾਂ ਇਹ ਨੈਤਿਕ ਸਮੱਸਿਆ ਦਾ ਭਾਗ ਬਣੀਆਂ ਹਨ।”

20, 21. (ੳ) ਯਿਸੂ ਅਤੇ ਪੌਲੁਸ ਨੇ ਕਿਵੇਂ ਪਖੰਡ ਦੀ ਨਿੰਦਿਆ ਕੀਤੀ? (ਅ) ਕਿਹੜੇ ਸਵਾਲਾਂ ਦੇ ਜਵਾਬ ਦੇਣੇ ਅਜੇ ਬਾਕੀ ਹਨ?

20 ਯਿਸੂ ਵੱਲੋਂ ਧਾਰਮਿਕ ਪਖੰਡ ਦੀ ਨਿੰਦਿਆ ਅੱਜ ਵੀ ਲਾਗੂ ਹੁੰਦੀ ਹੈ ਜਿਵੇਂ ਕਿ ਇਹ ਉਸ ਦੇ ਸਮੇਂ ਵਿਚ ਲਾਗੂ ਹੋਈ ਸੀ: “ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ। ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।” (ਮੱਤੀ 15:7-9) ਤੀਤੁਸ ਨੂੰ ਲਿਖੇ ਗਏ ਪੌਲੁਸ ਦੇ ਸ਼ਬਦ ਵੀ ਸਾਡੀ ਵਰਤਮਾਨ ਪਰਿਸਥਿਤੀ ਨੂੰ ਵਰਣਨ ਕਰਦੇ ਹਨ: “ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ ਕਿਉਂ ਜੋ ਓਹ ਘਿਣਾਉਣੇ ਅਤੇ ਅਣਆਗਿਆਕਾਰ ਅਤੇ ਹਰੇਕ ਭਲੇ ਕੰਮ ਦੇ ਲਈ ਅਪਰਵਾਨ ਹਨ।”—ਤੀਤੁਸ 1:16.

21 ਯਿਸੂ ਨੇ ਕਿਹਾ ਕਿ ਜੇਕਰ ਇਕ ਅੰਨ੍ਹਾ ਅੰਨ੍ਹੇ ਆਦਮੀ ਦਾ ਆਗੂ ਬਣਦਾ ਹੈ, ਤਾਂ ਦੋਵੇਂ ਟੋਏ ਵਿਚ ਡਿੱਗਦੇ ਹਨ। (ਮੱਤੀ 15:14) ਕੀ ਤੁਸੀਂ ਵੱਡੀ ਬਾਬੁਲ ਦੇ ਨਾਲ ਨਾਸ਼ ਹੋਣਾ ਚਾਹੁੰਦੇ ਹੋ? ਜਾਂ ਕੀ ਤੁਸੀਂ ਖੁੱਲ੍ਹੀਆਂ ਅੱਖਾਂ ਨਾਲ ਸਿੱਧੇ ਮਾਰਗ ਉੱਤੇ ਚੱਲ ਕੇ ਯਹੋਵਾਹ ਦੀ ਅਸੀਸ ਦਾ ਆਨੰਦ ਮਾਣਨਾ ਚਾਹੁੰਦੇ ਹੋ? ਹੁਣ ਸਾਡੇ ਸਾਮ੍ਹਣੇ ਜੋ ਸਵਾਲ ਹਨ, ਉਹ ਹਨ: ਕਿਹੜਾ ਧਰਮ, ਜੇਕਰ ਕੋਈ ਹੈ, ਈਸ਼ਵਰੀ ਫਲ ਪੈਦਾ ਕਰਦਾ ਹੈ? ਅਸੀਂ ਪਰਮੇਸ਼ੁਰ ਨੂੰ ਸਵੀਕਾਰਯੋਗ ਸੱਚੀ ਉਪਾਸਨਾ ਦੀ ਕਿਵੇਂ ਪਛਾਣ ਕਰ ਸਕਦੇ ਹਾਂ?—ਜ਼ਬੂਰ 119:105. (w96 4/15)

[ਫੁਟਨੋਟ]

a  ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1944 ਵਿਚ ਪ੍ਰਕਾਸ਼ਿਤ; ਹੁਣ ਉਪਲਬਧ ਨਹੀਂ ਹੈ।

ਕੀ ਤੁਹਾਨੂੰ ਯਾਦ ਹੈ?

◻ ਪਰਮੇਸ਼ੁਰ ਦੇ ਸਾਮ੍ਹਣੇ ਵੱਡੀ ਬਾਬੁਲ ਦੀ ਵਰਤਮਾਨ ਸਥਿਤੀ ਕੀ ਹੈ?

◻ ਝੂਠੇ ਧਰਮ ਨੂੰ ਕਿਹੜੇ ਆਧਾਰ ਤੇ ਦੋਸ਼ੀ ਠਹਿਰਾਇਆ ਜਾਂਦਾ ਹੈ?

◻ ਝੂਠੇ ਧਰਮ ਨੇ ਕਿਵੇਂ ਕਇਨ ਦੀ ਮਨੋਬਿਰਤੀ ਦਿਖਾਈ ਹੈ?

◻ ਯਿਸੂ ਨੇ ਕਿਸੇ ਵੀ ਧਰਮ ਦੀ ਪਰਖ ਕਰਨ ਲਈ ਕਿਹੜਾ ਸਿਧਾਂਤ ਵਿਅਕਤ ਕੀਤਾ?

[ਸਫ਼ੇ 22 ਉੱਤੇ ਤਸਵੀਰ]

ਪੂਰੇ ਇਤਿਹਾਸ ਦੇ ਦੌਰਾਨ ਧਾਰਮਿਕ ਆਗੂਆਂ ਨੇ ਰਾਜਨੀਤੀ ਵਿਚ ਦਖ਼ਲਅੰਦਾਜ਼ੀ ਕੀਤੀ ਹੈ

[ਸਫ਼ੇ 24 ਉੱਤੇ ਤਸਵੀਰਾਂ]

ਇਹ ਪਾਦਰੀ ਸ਼ਕਤੀਸ਼ਾਲੀ ਸਿਆਸਤਦਾਨ ਵੀ ਸਨ

ਕਾਰਡੀਨਲ ਮਜ਼ਾਰਿਨ

ਕਾਰਡੀਨਲ ਰਿਸ਼ਲੂ

ਕਾਰਡੀਨਲ ਵੁਲਜ਼ੀ

[ਤਸਵੀਰ ਦੀ ਕ੍ਰੈਡਿਟ ਲਾਈਨ]

ਕਾਰਡੀਨਲ ਮਜ਼ਾਰਿਨ ਅਤੇ ਕਾਰਡੀਨਲ ਰਿਸ਼ਲੂ: Ridpath’s History of the World ਨਾਮਕ ਪੁਸਤਕ ਤੋਂ (ਖੰਡ VI ਅਤੇ ਖੰਡ V ਤਰਤੀਬ-ਵਾਰ). ਕਾਰਡੀਨਲ ਵੁਲਜ਼ੀ: The History of Protestantism ਨਾਮਕ ਪੁਸਤਕ ਤੋਂ (ਖੰਡ I).

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ