ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 12/1 ਸਫ਼ੇ 14-19
  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੂਸਰਿਆਂ ਨੂੰ ਮਾਫ਼ ਕਿਉਂ ਕਰੀਏ?
  • “ਇਕ ਦੂਸਰੇ ਦੀ ਸਹਿੰਦੇ ਰਹੋ”
  • ਜਦੋਂ ਜ਼ਖ਼ਮ ਡੂੰਘੇ ਹੁੰਦੇ ਹਨ
  • ਜਦੋਂ ਮਾਫ਼ ਕਰਨਾ ਮੁਸ਼ਕਲ ਜਾਪਦਾ ਹੈ
  • ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
  • ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਦਿਲੋਂ ਮਾਫ਼ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਯਹੋਵਾਹ ਮਾਫ਼ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 12/1 ਸਫ਼ੇ 14-19

“ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ”

“ਇਕ ਦੂਸਰੇ ਦੀ ਸਹਿੰਦੇ ਰਹੋ ਅਤੇ ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਦੇ ਰਹੋ।”—ਕੁਲੁੱਸੀਆਂ 3:13, ਨਿ ਵ.

1. (ੳ) ਜਦੋਂ ਪਤਰਸ ਨੇ ਸੁਝਾਅ ਦਿੱਤਾ ਕਿ ਅਸੀਂ ਦੂਸਰਿਆਂ ਨੂੰ “ਸੱਤ ਵਾਰ” ਮਾਫ਼ ਕਰੀਏ, ਤਾਂ ਉਸ ਨੇ ਇਹ ਕਿਉਂ ਸੋਚਿਆ ਹੋਵੇਗਾ ਕਿ ਉਹ ਖੁੱਲ੍ਹ-ਦਿਲਾ ਬਣ ਰਿਹਾ ਸੀ? (ਅ) ਯਿਸੂ ਦੇ ਕਹਿਣ ਦਾ ਕੀ ਅਰਥ ਸੀ ਕਿ ਸਾਨੂੰ “ਸੱਤਰ ਦੇ ਸੱਤ ਗੁਣਾ ਤੀਕਰ” ਮਾਫ਼ ਕਰਨਾ ਚਾਹੀਦਾ ਹੈ?

“ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੀਕਰ?” (ਮੱਤੀ 18:21) ਪਤਰਸ ਨੇ ਸ਼ਾਇਦ ਸੋਚਿਆ ਹੋਵੇ ਕਿ ਉਹ ਆਪਣੇ ਸੁਝਾਅ ਦੁਆਰਾ ਬਹੁਤ ਖੁੱਲ੍ਹ-ਦਿਲਾ ਬਣ ਰਿਹਾ ਸੀ। ਉਸ ਸਮੇਂ, ਰਾਬਿਨੀ ਰੀਤ ਅਨੁਸਾਰ ਕਿਸੇ ਨੂੰ ਇੱਕੋ ਦੋਸ਼ ਲਈ ਤਿੰਨ ਤੋਂ ਜ਼ਿਆਦਾ ਵਾਰ ਮਾਫ਼ੀ ਨਹੀਂ ਦੇਣੀ ਚਾਹੀਦੀ ਸੀ।a ਤਾਂ ਫਿਰ ਪਤਰਸ ਦੀ ਹੈਰਾਨੀ ਦੀ ਕਲਪਨਾ ਕਰੋ, ਜਦੋਂ ਯਿਸੂ ਨੇ ਜਵਾਬ ਦਿੱਤਾ: “ਮੈਂ ਤੈਨੂੰ ਸੱਤ ਵਾਰ ਤੀਕਰ ਨਹੀਂ ਆਖਦਾ ਪਰ ਸੱਤਰ ਦੇ ਸੱਤ ਗੁਣਾ ਤੀਕਰ”! (ਮੱਤੀ 18:22) ਸੱਤ ਨੂੰ ਦੁਹਰਾਉਣਾ, “ਅਸੀਮਿਤ” ਕਹਿਣ ਦੇ ਬਰਾਬਰ ਸੀ। ਯਿਸੂ ਦੀ ਦ੍ਰਿਸ਼ਟੀ ਵਿਚ, ਇਸ ਦੀ ਤਕਰੀਬਨ ਕੋਈ ਸੀਮਾ ਨਹੀਂ ਹੈ ਕਿ ਕਿਸੇ ਮਸੀਹੀ ਨੂੰ ਦੂਸਰਿਆਂ ਨੂੰ ਕਿੰਨੀ ਵਾਰ ਮਾਫ਼ ਕਰਨਾ ਚਾਹੀਦਾ ਹੈ।

2, 3. (ੳ) ਕਿਹੜੀਆਂ ਕੁਝ ਹਾਲਤਾਂ ਵਿਚ ਦੂਸਰਿਆਂ ਨੂੰ ਮਾਫ਼ ਕਰਨਾ ਸ਼ਾਇਦ ਮੁਸ਼ਕਲ ਜਾਪੇ? (ਅ) ਅਸੀਂ ਕਿਉਂ ਯਕੀਨੀ ਹੋ ਸਕਦੇ ਹਾਂ ਕਿ ਦੂਸਰਿਆਂ ਨੂੰ ਮਾਫ਼ ਕਰਨਾ ਸਾਡੇ ਲਈ ਲਾਭਦਾਇਕ ਹੈ?

2 ਪਰੰਤੂ, ਇਸ ਸਲਾਹ ਨੂੰ ਲਾਗੂ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ। ਸਾਡੇ ਵਿੱਚੋਂ ਕਿਸ ਨੇ ਅਨਿਆਈ ਢੰਗ ਨਾਲ ਦਿੱਤੇ ਜ਼ਖ਼ਮ ਦੇ ਦਰਦ ਨੂੰ ਮਹਿਸੂਸ ਨਹੀਂ ਕੀਤਾ? ਸ਼ਾਇਦ ਜਿਸ ਉੱਤੇ ਤੁਸੀਂ ਭਰੋਸਾ ਰੱਖਦੇ ਸੀ, ਉਸ ਨੇ ਵਿਸ਼ਵਾਸਘਾਤ ਕੀਤਾ ਹੋਵੇ। (ਕਹਾਉਤਾਂ 11:13) ਜਿਗਰੀ ਦੋਸਤ ਦੀਆਂ ਬੇਸੋਚ ਗੱਲਾਂ ਨੇ ਸ਼ਾਇਦ ਤੁਹਾਨੂੰ ‘ਤਲਵਾਰ ਵਾਂਙੁ ਵਿੰਨ੍ਹਿਆ ਹੋਵੇ।’ (ਕਹਾਉਤਾਂ 12:18) ਜਿਸ ਨੂੰ ਤੁਸੀਂ ਪਿਆਰ ਕਰਦੇ ਸੀ ਜਾਂ ਜਿਸ ਉੱਤੇ ਤੁਸੀਂ ਭਰੋਸਾ ਕਰਦੇ ਸੀ, ਉਸ ਦੇ ਅਪਮਾਨਜਨਕ ਵਤੀਰੇ ਨੇ ਸ਼ਾਇਦ ਤੁਹਾਨੂੰ ਡੂੰਘੀ ਤਰ੍ਹਾਂ ਜ਼ਖ਼ਮੀ ਕੀਤਾ ਹੋਵੇ। ਅਜਿਹੀਆਂ ਗੱਲਾਂ ਦੇ ਵਾਪਰਨ ਤੇ, ਸਾਡੀ ਸੁਭਾਵਕ ਪ੍ਰਤਿਕ੍ਰਿਆ ਸ਼ਾਇਦ ਗੁੱਸੇ ਵਿਚ ਆਉਣਾ ਹੋਵੇ। ਸਾਡਾ ਝੁਕਾਅ ਸ਼ਾਇਦ ਦੋਸ਼ੀ ਨਾਲ ਬੋਲ-ਚਾਲ ਬੰਦ ਕਰਨਾ ਹੋਵੇ, ਅਤੇ ਜੇ ਸੰਭਵ ਹੈ ਉਸ ਤੋਂ ਬਿਲਕੁਲ ਦੂਰ ਰਹਿਣਾ। ਉਸ ਨੂੰ ਮਾਫ਼ ਕਰਨਾ ਸ਼ਾਇਦ ਇੰਜ ਜਾਪੇ ਕਿ ਉਹ ਸਾਨੂੰ ਚੋਟ ਪਹੁੰਚਾ ਕੇ ਆਸਾਨੀ ਨਾਲ ਛੁੱਟ ਰਿਹਾ ਹੈ। ਪਰੰਤੂ, ਨਾਰਾਜ਼ਗੀ ਨੂੰ ਸੀਨੇ ਨਾਲ ਲਾ ਰੱਖ ਕੇ, ਅਸੀਂ ਆਪਣੇ ਆਪ ਨੂੰ ਹੀ ਚੋਟ ਪਹੁੰਚਾਉਂਦੇ ਹਾਂ।

3 ਇਸ ਲਈ ਯਿਸੂ ਸਾਨੂੰ—“ਸੱਤਰ ਦੇ ਸੱਤ ਗੁਣਾ ਤੀਕਰ”—ਮਾਫ਼ ਕਰਨਾ ਸਿਖਾਉਂਦਾ ਹੈ। ਯਕੀਨਨ ਉਸ ਦੀਆਂ ਸਿੱਖਿਆਵਾਂ ਕਦੀ ਵੀ ਸਾਨੂੰ ਨੁਕਸਾਨ ਨਹੀਂ ਪਹੁੰਚਾਉਣਗੀਆਂ। ਉਸ ਦੀ ਹਰ ਸਿੱਖਿਆ ਯਹੋਵਾਹ ਤੋਂ ਆਰੰਭ ਸੀ, ‘ਜੋ ਸਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ।’ (ਯਸਾਯਾਹ 48:17; ਯੂਹੰਨਾ 7:16, 17) ਤਾਂ ਫਿਰ ਇਹ ਤਾਰਕਿਕ ਹੈ ਕਿ ਦੂਸਰਿਆਂ ਨੂੰ ਮਾਫ਼ ਕਰਨਾ ਜ਼ਰੂਰ ਸਾਡੇ ਲਈ ਲਾਭਦਾਇਕ ਹੋਵੇਗਾ। ਸਾਨੂੰ ਦੂਸਰਿਆਂ ਨੂੰ ਕਿਉਂ ਅਤੇ ਕਿਵੇਂ ਮਾਫ਼ ਕਰਨਾ ਚਾਹੀਦਾ ਹੈ ਦੀ ਚਰਚਾ ਕਰਨ ਤੋਂ ਪਹਿਲਾਂ, ਇਹ ਸਾਫ਼-ਸਾਫ਼ ਦੱਸਣਾ ਚੰਗਾ ਹੋਵੇਗਾ ਕਿ ਮਾਫ਼ੀ ਕੀ ਹੈ ਅਤੇ ਕੀ ਨਹੀਂ ਹੈ। ਮਾਫ਼ੀ ਬਾਰੇ ਸਾਡੇ ਖ਼ਿਆਲ ਸ਼ਾਇਦ ਮਾਫ਼ ਕਰਨ ਦੀ ਸਾਡੀ ਯੋਗਤਾ ਉੱਤੇ ਕਿਸੇ ਹੱਦ ਤਕ ਨਿਰਭਰ ਕਰੇ ਜਦੋਂ ਦੂਸਰੇ ਸਾਨੂੰ ਨਾਰਾਜ਼ ਕਰ ਦਿੰਦੇ ਹਨ।

4. ਦੂਸਰਿਆਂ ਨੂੰ ਮਾਫ਼ ਕਰਨ ਦਾ ਮਤਲਬ ਕੀ ਨਹੀਂ ਹੈ, ਪਰੰਤੂ ਮਾਫ਼ੀ ਦਾ ਅਰਥ ਕਿਸ ਤਰ੍ਹਾਂ ਸਪੱਸ਼ਟ ਕੀਤਾ ਜਾਂਦਾ ਹੈ?

4 ਨਿੱਜੀ ਗ਼ਲਤੀਆਂ ਲਈ ਦੂਸਰਿਆਂ ਨੂੰ ਮਾਫ਼ ਕਰਨ ਦਾ ਇਹ ਮਤਲਬ ਨਹੀਂ ਕਿ ਜੋ ਉਨ੍ਹਾਂ ਨੇ ਕੀਤਾ ਉਸ ਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ ਜਾਂ ਮਾਮੂਲੀ ਸਮਝ ਰਹੇ ਹਾਂ; ਨਾ ਹੀ ਇਸ ਦਾ ਮਤਲਬ ਹੈ ਦੂਸਰਿਆਂ ਨੂੰ ਸਾਡਾ ਨਾਜਾਇਜ਼ ਫ਼ਾਇਦਾ ਉਠਾਉਣ ਦੇਣਾ। ਆਖ਼ਰਕਾਰ, ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਨਿਰਸੰਦੇਹ ਉਹ ਸਾਡੇ ਪਾਪਾਂ ਨੂੰ ਮਾਮੂਲੀ ਨਹੀਂ ਸਮਝ ਰਿਹਾ, ਅਤੇ ਉਹ ਪਾਪੀ ਮਨੁੱਖਾਂ ਨੂੰ ਉਸ ਦੀ ਦਇਆ ਦਾ ਨਾਜਾਇਜ਼ ਫ਼ਾਇਦਾ ਉਠਾਉਣ ਦੀ ਕਦੀ ਇਜਾਜ਼ਤ ਨਹੀਂ ਦੇਵੇਗਾ। (ਇਬਰਾਨੀਆਂ 10:29) ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਅਨੁਸਾਰ, ਮਾਫ਼ੀ ਦੇ ਅਰਥ ਨੂੰ “ਇਕ ਦੋਸ਼ੀ ਨੂੰ ਮਾਫ਼ ਕਰਨ ਦੀ ਕ੍ਰਿਆ; ਉਸ ਦੇ ਅਪਰਾਧ ਕਾਰਨ ਉਸ ਨਾਲ ਨਾਰਾਜ਼ਗੀ ਨਾ ਰੱਖਣੀ ਅਤੇ ਬਦਲਾ ਲੈਣ ਦੇ ਸਾਰੇ ਹੱਕ ਛੱਡ ਦੇਣੇ,” ਵਜੋਂ ਸਪੱਸ਼ਟ ਕੀਤਾ ਗਿਆ ਹੈ। (ਖੰਡ 1, ਸਫ਼ਾ 861)b ਬਾਈਬਲ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਲਈ ਠੋਸ ਕਾਰਨ ਦਿੰਦੀ ਹੈ।

ਦੂਸਰਿਆਂ ਨੂੰ ਮਾਫ਼ ਕਿਉਂ ਕਰੀਏ?

5. ਦੂਸਰਿਆਂ ਨੂੰ ਮਾਫ਼ ਕਰਨ ਦਾ ਕਿਹੜਾ ਇਕ ਮਹੱਤਵਪੂਰਣ ਕਾਰਨ ਅਫ਼ਸੀਆਂ 5:1 ਵਿਚ ਦਿੱਤਾ ਗਿਆ ਹੈ?

5 ਦੂਸਰਿਆਂ ਨੂੰ ਮਾਫ਼ ਕਰਨ ਦਾ ਇਕ ਮਹੱਤਵਪੂਰਣ ਕਾਰਨ ਅਫ਼ਸੀਆਂ 5:1 ਵਿਚ ਦਿੱਤਾ ਗਿਆ ਹੈ: “ਸੋ ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” ਕਿਸ ਤਰ੍ਹਾਂ ਸਾਨੂੰ ‘ਪਰਮੇਸ਼ੁਰ ਦੀ ਰੀਸ ਕਰਨੀ’ ਚਾਹੀਦੀ ਹੈ? ਸ਼ਬਦ “ਸੋ” ਇਨ੍ਹਾਂ ਲਫ਼ਜ਼ਾਂ ਨੂੰ ਪਿਛਲੀ ਆਇਤ ਨਾਲ ਜੋੜਦਾ ਹੈ, ਜੋ ਕਹਿੰਦੀ ਹੈ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਟੇਢੇ ਟਾਈਪ ਸਾਡੇ।) (ਅਫ਼ਸੀਆਂ 4:32) ਜੀ ਹਾਂ, ਜਦੋਂ ਮਾਫ਼ ਕਰਨ ਦੀ ਗੱਲ ਆਉਂਦੀ ਹੈ, ਤਾਂ ਸਾਨੂੰ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ। ਇਕ ਛੋਟਾ ਮੁੰਡਾ ਬਿਲਕੁਲ ਆਪਣੇ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਤਰ੍ਹਾਂ, ਯਹੋਵਾਹ ਦੁਆਰਾ ਪਿਆਰ ਕਿਤੇ ਗਏ ਬੱਚਿਆਂ ਵਜੋਂ ਸਾਡੀ ਵੀ ਇਹੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬਖ਼ਸ਼ਣਹਾਰ ਸਵਰਗੀ ਪਿਤਾ ਦੀ ਨਕਲ ਕਰੀਏ। ਜਦੋਂ ਯਹੋਵਾਹ ਸਵਰਗ ਤੋਂ ਧਰਤੀ ਉੱਤੇ ਆਪਣੇ ਬੱਚਿਆਂ ਨੂੰ ਦੇਖਦਾ ਹੈ, ਕਿ ਉਹ ਇਕ ਦੂਸਰੇ ਨੂੰ ਮਾਫ਼ ਕਰਨ ਦੁਆਰਾ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਸ ਦੇ ਦਿਲ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੋਵੇਗੀ!—ਲੂਕਾ 6:35, 36; ਤੁਲਨਾ ਕਰੋ ਮੱਤੀ 5:44-48.

6. ਕਿਸ ਤਰੀਕੇ ਨਾਲ ਯਹੋਵਾਹ ਦੇ ਮਾਫ਼ ਕਰਨ ਵਿਚ ਅਤੇ ਸਾਡੇ ਮਾਫ਼ ਕਰਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ?

6 ਮੰਨ ਲਿਆ ਅਸੀਂ ਕਦੀ ਵੀ ਯਹੋਵਾਹ ਵਾਂਗ ਪੂਰੀ ਤਰ੍ਹਾਂ ਦੂਸਰਿਆਂ ਨੂੰ ਮਾਫ਼ ਨਹੀਂ ਕਰ ਸਕਦੇ ਹਾਂ। ਪਰੰਤੂ ਇਹ ਇਕ ਹੋਰ ਵੱਡਾ ਕਾਰਨ ਹੈ ਕਿ ਸਾਨੂੰ ਇਕ ਦੂਸਰੇ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ। ਵਿਚਾਰ ਕਰੋ: ਯਹੋਵਾਹ ਦੇ ਮਾਫ਼ ਕਰਨ ਵਿਚ ਅਤੇ ਸਾਡੇ ਮਾਫ਼ ਕਰਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। (ਯਸਾਯਾਹ 55:7-9) ਜਦੋਂ ਅਸੀਂ ਸਾਡੇ ਵਿਰੁੱਧ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਅਸੀਂ ਅਕਸਰ ਇਹ ਜਾਣਦੇ ਹੋਏ ਕਰਦੇ ਹਾਂ ਕਿ ਅੱਗੇ ਕਦੇ ਨਾ ਕਦੇ ਸਾਨੂੰ ਬਦਲੇ ਵਿਚ ਉਨ੍ਹਾਂ ਤੋਂ ਮਾਫ਼ ਕੀਤੇ ਜਾਣ ਦੀ ਜ਼ਰੂਰਤ ਪੈ ਸਕਦੀ ਹੈ। ਮਨੁੱਖਾਂ ਵਿਚ, ਹਮੇਸ਼ਾ ਪਾਪੀ ਹੀ ਪਾਪੀਆਂ ਨੂੰ ਮਾਫ਼ ਕਰਦੇ ਹਨ। ਪਰੰਤੂ, ਯਹੋਵਾਹ ਦੇ ਨਾਲ, ਮਾਫ਼ੀ ਹਮੇਸ਼ਾ ਇਕ ਪਾਸੇ ਤੋਂ ਦਿੱਤੀ ਜਾਂਦੀ ਹੈ। ਉਹ ਸਾਨੂੰ ਮਾਫ਼ ਕਰਦਾ ਹੈ, ਪਰੰਤੂ ਸਾਨੂੰ ਕਦੀ ਵੀ ਉਸ ਨੂੰ ਮਾਫ਼ ਕਰਨ ਦੀ ਲੋੜ ਨਹੀਂ ਪਵੇਗੀ। ਜੇਕਰ ਯਹੋਵਾਹ, ਜੋ ਪਾਪ ਨਹੀਂ ਕਰਦਾ, ਸਾਨੂੰ ਪ੍ਰੇਮਮਈ ਅਤੇ ਪੂਰਣ ਤਰੀਕੇ ਨਾਲ ਮਾਫ਼ ਕਰ ਸਕਦਾ ਹੈ, ਤਾਂ ਕੀ ਸਾਨੂੰ ਪਾਪੀ ਮਨੁੱਖਾਂ ਨੂੰ ਇਕ ਦੂਸਰੇ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?—ਮੱਤੀ 6:12.

7. ਜੇਕਰ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦੇ ਹਾਂ ਜਦੋਂ ਦਇਆ ਦਿਖਾਉਣ ਲਈ ਇਕ ਆਧਾਰ ਹੈ, ਤਾਂ ਇਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਕਿਸ ਤਰ੍ਹਾਂ ਬੁਰਾ ਅਸਰ ਪੈ ਸਕਦਾ ਹੈ?

7 ਇਸ ਤੋਂ ਵੀ ਮਹੱਤਵਪੂਰਣ, ਜੇਕਰ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਤੋਂ ਇਨਕਾਰ ਕਰਦੇ ਹਾਂ ਜਦੋਂ ਦਇਆ ਦਿਖਾਉਣ ਲਈ ਇਕ ਆਧਾਰ ਹੈ, ਤਾਂ ਇਸ ਦਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। ਯਹੋਵਾਹ ਸਾਨੂੰ ਇਕ ਦੂਸਰੇ ਨੂੰ ਸਿਰਫ਼ ਮਾਫ਼ ਕਰਨ ਲਈ ਹੀ ਨਹੀਂ ਕਹਿੰਦਾ; ਉਹ ਸਾਡੇ ਤੋਂ ਇੰਜ ਕਰਨ ਦੀ ਆਸ ਰੱਖਦਾ ਹੈ। ਸ਼ਾਸਤਰ ਅਨੁਸਾਰ, ਦੂਸਰਿਆਂ ਨੂੰ ਮਾਫ਼ ਕਰਨ ਦੀ ਸਾਡੀ ਪ੍ਰੇਰਣਾ ਕਿਸੇ ਹੱਦ ਤਕ ਇਹ ਹੈ ਤਾਂਕਿ ਯਹੋਵਾਹ ਸਾਨੂੰ ਮਾਫ਼ ਕਰੇ ਜਾਂ ਕਿ ਉਹ ਸਾਨੂੰ ਪਹਿਲਾਂ ਮਾਫ਼ ਕਰ ਚੁੱਕਾ ਹੈ। (ਮੱਤੀ 6:14; ਮਰਕੁਸ 11:25; ਅਫ਼ਸੀਆਂ 4:32; 1 ਯੂਹੰਨਾ 4:11) ਫਿਰ, ਜੇ ਅਸੀਂ ਮਾਫ਼ ਕਰਨ ਦੇ ਠੋਸ ਕਾਰਨ ਹੋਣ ਦੇ ਬਾਵਜੂਦ ਵੀ ਦੂਸਰਿਆਂ ਨੂੰ ਮਾਫ਼ ਕਰਨਾ ਨਹੀਂ ਚਾਹੁੰਦੇ, ਤਾਂ ਕੀ ਅਸੀਂ ਯਹੋਵਾਹ ਤੋਂ ਅਜਿਹੀ ਮਾਫ਼ੀ ਦੀ ਆਸ ਰੱਖ ਸਕਦੇ ਹਾਂ?—ਮੱਤੀ 18:21-35.

8. ਦੂਸਰਿਆਂ ਨੂੰ ਮਾਫ਼ ਕਰਨ ਨਾਲ ਸਾਡਾ ਭਲਾ ਕਿਉਂ ਹੁੰਦਾ ਹੈ?

8 ਯਹੋਵਾਹ ਆਪਣੇ ਲੋਕਾਂ ਨੂੰ “ਉਹ ਚੰਗਾ ਰਾਹ ਜਿਹ ਦੇ ਵਿੱਚ ਉਨ੍ਹਾਂ ਨੂੰ ਤੁਰਨਾ ਚਾਹੀਦਾ ਹੈ” ਸਿਖਾਉਂਦਾ ਹੈ। (1 ਰਾਜਿਆਂ 8:36) ਜਦੋਂ ਉਹ ਸਾਨੂੰ ਇਕ ਦੂਸਰੇ ਨੂੰ ਮਾਫ਼ ਕਰਨ ਦੀ ਹਿਦਾਇਤ ਦਿੰਦਾ ਹੈ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਦਿਲੋਂ ਸਾਡਾ ਭਲਾ ਚਾਹੁੰਦਾ ਹੈ। ਚੰਗੇ ਕਾਰਨ ਨਾਲ ਬਾਈਬਲ ਸਾਨੂੰ ‘ਕ੍ਰੋਧ ਨੂੰ ਜਾਣ ਦੇਣ’ ਲਈ ਕਹਿੰਦੀ ਹੈ। (ਰੋਮੀਆਂ 12:19) ਜੀਵਨ ਵਿਚ ਨਾਰਾਜ਼ਗੀ ਇਕ ਭਾਰਾ ਬੋਝ ਹੈ। ਜਦੋਂ ਅਸੀਂ ਇਸ ਨੂੰ ਮੰਨ ਵਿਚ ਰੱਖਦੇ ਹਾਂ, ਤਾਂ ਇਹ ਸਾਡੀਆਂ ਸੋਚਾਂ ਉੱਤੇ ਹਾਵੀ ਹੋ ਜਾਂਦੀ ਹੈ, ਸਾਡੀ ਸ਼ਾਂਤੀ ਖੋਹ ਲੈਂਦੀ ਹੈ, ਅਤੇ ਸਾਡੇ ਆਨੰਦ ਨੂੰ ਖ਼ਤਮ ਕਰ ਦਿੰਦੀ ਹੈ। ਈਰਖਾ ਦੀ ਤਰ੍ਹਾਂ, ਚਿਰਸਥਾਈ ਗੁੱਸੇ ਦਾ ਸਾਡੀ ਸਰੀਰਕ ਸਿਹਤ ਉੱਤੇ ਨੁਕਸਾਨਦੇਹ ਪ੍ਰਭਾਵ ਪੈ ਸਕਦਾ ਹੈ। (ਕਹਾਉਤਾਂ 14:30) ਅਤੇ ਇਸ ਸਭ ਦੌਰਾਨ, ਦੋਸ਼ੀ ਸ਼ਾਇਦ ਸਾਡੀ ਪਰੇਸ਼ਾਨੀ ਤੋਂ ਬਿਲਕੁਲ ਅਣਜਾਣ ਹੋਵੇ! ਸਾਡਾ ਪ੍ਰੇਮਮਈ ਸ੍ਰਿਸ਼ਟੀਕਰਤਾ ਜਾਣਦਾ ਹੈ ਕਿ ਸਾਨੂੰ ਦੂਸਰਿਆਂ ਨੂੰ ਸਿਰਫ਼ ਉਨ੍ਹਾਂ ਦੇ ਭਲੇ ਲਈ ਹੀ ਨਹੀਂ ਪਰੰਤੂ ਆਪਣੇ ਭਲੇ ਲਈ ਵੀ ਖੁੱਲ੍ਹੀ ਤਰ੍ਹਾਂ ਮਾਫ਼ ਕਰਨ ਦੀ ਜ਼ਰੂਰਤ ਹੈ। ਸੱਚ-ਮੁੱਚ, ਮਾਫ਼ ਕਰਨ ਦੀ ਬਾਈਬਲੀ ਸਲਾਹ “ਉਹ ਚੰਗਾ ਰਾਹ” ਹੈ ਜਿਸ ਉੱਤੇ ਸਾਨੂੰ “ਤੁਰਨਾ ਚਾਹੀਦਾ ਹੈ।”

“ਇਕ ਦੂਸਰੇ ਦੀ ਸਹਿੰਦੇ ਰਹੋ”

9, 10. (ੳ) ਕਿਸ ਤਰ੍ਹਾਂ ਦੀਆਂ ਗੱਲਾਂ ਲਈ ਰਸਮੀ ਮਾਫ਼ੀ ਦੀ ਜ਼ਰੂਰਤ ਨਹੀਂ ਹੈ? (ਅ) “ਇਕ ਦੂਸਰੇ ਦੀ ਸਹਿੰਦੇ ਰਹੋ” ਲਫ਼ਜ਼ਾਂ ਦਾ ਕੀ ਅਰਥ ਹੈ?

9 ਸਰੀਰਕ ਸੱਟਾਂ ਮਾਮੂਲੀ ਜ਼ਖ਼ਮਾਂ ਤੋਂ ਲੈ ਕੇ ਡੂੰਘੀਆਂ ਵੀ ਹੋ ਸਕਦੀਆਂ ਹਨ, ਅਤੇ ਸਾਰੀਆਂ ਸੱਟਾਂ ਨੂੰ ਇੱਕੋ ਜਿਹੀ ਦੇਖ-ਭਾਲ ਦੀ ਜ਼ਰੂਰਤ ਨਹੀਂ ਹੁੰਦੀ ਹੈ। ਭਾਵਾਤਮਕ ਸੱਟਾਂ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ—ਕੁਝ ਜ਼ਖ਼ਮ ਦੂਸਰਿਆਂ ਨਾਲੋਂ ਡੂੰਘੇ ਹੁੰਦੇ ਹਨ। ਕੀ ਸਾਨੂੰ ਸੱਚ-ਮੁੱਚ ਦੂਸਰਿਆਂ ਨਾਲ ਆਪਣੇ ਰਿਸ਼ਤਿਆਂ ਵਿਚ ਹਰੇਕ ਛੋਟੀ-ਮੋਟੀ ਠੇਸ ਦਾ ਵਾਦ-ਵਿਸ਼ਾ ਬਣਾਉਣ ਦੀ ਲੋੜ ਹੈ? ਛੋਟੀਆਂ-ਮੋਟੀਆਂ ਚਿੜਾਂ, ਨਿਰਾਦਰਾਂ, ਅਤੇ ਖਿਝਾਂ ਜੀਵਨ ਦਾ ਹਿੱਸਾ ਹਨ ਅਤੇ ਇਨ੍ਹਾਂ ਲਈ ਰਸਮੀ ਮਾਫ਼ੀ ਦੀ ਜ਼ਰੂਰਤ ਨਹੀਂ ਹੈ। ਜੇਕਰ ਅਸੀਂ ਅਜਿਹੇ ਵਿਅਕਤੀ ਵਜੋਂ ਜਾਣੇ ਜਾਂਦੇ ਹਾਂ ਜੋ ਹਰੇਕ ਮਾਮੂਲੀ ਗੱਲ ਤੇ ਦੂਸਰਿਆਂ ਤੋਂ ਦੂਰ ਰਹਿੰਦਾ ਹੈ ਅਤੇ ਫਿਰ ਜ਼ਿੱਦ ਕਰਦਾ ਹੈ ਕਿ ਉਹ ਆ ਕੇ ਮਾਫ਼ੀ ਮੰਗਣ ਇਸ ਤੋਂ ਪਹਿਲਾਂ ਕਿ ਅਸੀਂ ਉਨ੍ਹਾਂ ਨਾਲ ਦੁਬਾਰਾ ਸਲੀਕੇ ਨਾਲ ਵਿਵਹਾਰ ਕਰੀਏ, ਤਾਂ ਸ਼ਾਇਦ ਦੂਸਰੇ ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਦਸ ਵਾਰੀ ਸੋਚਣ ਜਾਂ ਸਾਡੇ ਤੋਂ ਦੂਰ-ਦੂਰ ਰਹਿਣ!

10 ਇਸ ਦੀ ਬਜਾਇ, “ਸਿਆਣੇ ਵਿਅਕਤੀ ਵਜੋਂ ਜਾਣਿਆ ਜਾਣਾ” ਜ਼ਿਆਦਾ ਬਿਹਤਰ ਹੈ। (ਫ਼ਿਲਿੱਪੀਆਂ 4:5, ਫ਼ਿਲਿਪਸ) ਅਪੂਰਣ ਪ੍ਰਾਣੀਆਂ ਵਜੋਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਨ ਵਿਚ, ਅਸੀਂ ਮੁਨਾਸਬ ਤੌਰ ਤੇ ਇਹ ਆਸ ਰੱਖ ਸਕਦੇ ਹਾਂ ਕਿ ਸਮੇਂ-ਸਮੇਂ ਤੇ ਸਾਡੇ ਭਰਾ ਸ਼ਾਇਦ ਸਾਨੂੰ ਖਿਝਾਉਣਗੇ, ਅਤੇ ਅਸੀਂ ਵੀ ਸ਼ਾਇਦ ਉਨ੍ਹਾਂ ਨੂੰ ਖਿਝਾਈਏ। ਕੁਲੁੱਸੀਆਂ 3:13 ਸਾਨੂੰ ਸਲਾਹ ਦਿੰਦੀ ਹੈ: “ਇਕ ਦੂਜੇ ਦੀ ਸਹਿੰਦੇ ਰਹੋ।” ਇਹ ਲਫ਼ਜ਼ ਸੁਝਾਅ ਦਿੰਦੇ ਹਨ ਕਿ ਅਸੀਂ ਦੂਸਰਿਆਂ ਨਾਲ ਧੀਰਜ ਰੱਖੀਏ, ਉਨ੍ਹਾਂ ਦੇ ਉਸ ਰਵੱਈਏ ਨੂੰ ਸਹਾਰੀਏ ਜਿਸ ਨੂੰ ਅਸੀਂ ਨਾਪਸੰਦ ਕਰਦੇ ਹਾਂ ਜਾਂ ਉਨ੍ਹਾਂ ਗੁਣਾਂ ਨੂੰ ਸਹਾਰੀਏ ਜਿਨ੍ਹਾਂ ਤੋਂ ਸ਼ਾਇਦ ਸਾਨੂੰ ਖਿੱਝ ਆਉਂਦੀ ਹੈ। ਅਜਿਹਾ ਧੀਰਜ ਅਤੇ ਸਬਰ ਸਾਨੂੰ—ਕਲੀਸਿਯਾ ਦੀ ਸ਼ਾਂਤੀ ਵਿਚ ਫੁੱਟ ਪਾਉਣ ਤੋਂ ਬਿਨਾਂ—ਉਨ੍ਹਾਂ ਛੋਟਿਆਂ-ਛੋਟਿਆਂ ਦੁੱਖਾਂ ਨਾਲ ਸਿੱਝਣ ਵਿਚ ਸਾਡੀ ਮਦਦ ਕਰ ਸਕਦਾ ਹੈ ਜੋ ਸਾਨੂੰ ਦੂਸਰਿਆਂ ਨਾਲ ਆਪਣੇ ਵਿਵਹਾਰ ਵਿਚ ਲੱਗਦੇ ਹਨ।—1 ਕੁਰਿੰਥੀਆਂ 16:14.

ਜਦੋਂ ਜ਼ਖ਼ਮ ਡੂੰਘੇ ਹੁੰਦੇ ਹਨ

11. ਜਦੋਂ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਤਾਂ ਉਨ੍ਹਾਂ ਨੂੰ ਮਾਫ਼ੀ ਦੇਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

11 ਪਰੰਤੂ, ਉਦੋਂ ਕੀ ਜੇ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਜਿਸ ਤੋਂ ਸਾਨੂੰ ਇਕ ਦਿਸਣਯੋਗ ਸੱਟ ਲੱਗਦੀ ਹੈ। ਜੇਕਰ ਪਾਪ ਇੰਨਾ ਗੰਭੀਰ ਨਹੀਂ ਹੈ, ਤਾਂ ‘ਇਕ ਦੂਸਰੇ ਨੂੰ ਖੁੱਲ੍ਹ ਕੇ ਮਾਫ਼ ਕਰਨ’ ਦੀ ਬਾਈਬਲ ਦੀ ਸਲਾਹ ਲਾਗੂ ਕਰਨ ਲਈ ਸਾਨੂੰ ਸ਼ਾਇਦ ਘੱਟ ਹੀ ਮੁਸ਼ਕਲ ਆਵੇ। (ਅਫ਼ਸੀਆਂ 4:32, ਨਿਵ) ਮਾਫ਼ ਕਰਨ ਵਿਚ ਅਜਿਹੀ ਰਜ਼ਾਮੰਦੀ ਪਤਰਸ ਦੇ ਪ੍ਰੇਰਿਤ ਸ਼ਬਦਾਂ ਦੀ ਇਕਸੁਰਤਾ ਵਿਚ ਹੈ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਇਹ ਗੱਲ ਧਿਆਨ ਵਿਚ ਰੱਖਣੀ ਕਿ ਅਸੀਂ ਵੀ ਪਾਪੀ ਹਾਂ, ਦੂਸਰਿਆਂ ਦੇ ਪਾਪਾਂ ਨੂੰ ਮਾਫ਼ ਕਰਨਾ ਸਾਡੇ ਲਈ ਸੰਭਵ ਕਰਦਾ ਹੈ। ਇਸ ਲਈ ਜਦੋਂ ਅਸੀਂ ਮਾਫ਼ ਕਰਦੇ ਹਾਂ, ਤਾਂ ਅਸੀਂ ਨਾਰਾਜ਼ਗੀ ਨੂੰ ਸੀਨੇ ਨਾਲ ਲਾ ਰੱਖਣ ਦੀ ਬਜਾਇ ਇਸ ਨੂੰ ਛੱਡ ਦਿੰਦੇ ਹਾਂ। ਸਿੱਟੇ ਵਜੋਂ, ਸ਼ਾਇਦ ਦੋਸ਼ੀ ਨਾਲ ਸਾਡੇ ਰਿਸ਼ਤੇ ਨੂੰ ਕੋਈ ਪੱਕਾ ਨੁਕਸਾਨ ਨਾ ਪਹੁੰਚੇ, ਅਤੇ ਅਸੀਂ ਕਲੀਸਿਯਾ ਦੀ ਬਹੁਮੁੱਲੀ ਸ਼ਾਂਤੀ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਾਂਗੇ। (ਰੋਮੀਆਂ 14:19) ਸਮਾਂ ਬੀਤਣ ਨਾਲ, ਉਸ ਨੇ ਜੋ ਕੀਤਾ ਸੀ ਉਸ ਦੀ ਯਾਦ ਸ਼ਾਇਦ ਸਾਡੇ ਮਨ ਵਿਚ ਧੁੰਦਲੀ ਪੈ ਜਾਵੇ।

12. (ੳ) ਸਾਨੂੰ ਗਹਿਰਾ ਦੁੱਖ ਦੇਣ ਵਾਲੇ ਵਿਅਕਤੀ ਨੂੰ ਮਾਫ਼ ਕਰਨ ਲਈ ਸ਼ਾਇਦ ਕਿਹੜੀ ਪਹਿਲ ਕਰਨ ਦੀ ਜ਼ਰੂਰਤ ਪਵੇ? (ਅ) ਅਫ਼ਸੀਆਂ 4:26 ਦੇ ਸ਼ਬਦ ਕਿਸ ਤਰ੍ਹਾਂ ਸੰਕੇਤ ਕਰਦੇ ਹਨ ਕਿ ਸਾਨੂੰ ਮਾਮਲੇ ਫਟਾਫਟ ਸੁਲਝਾ ਲੈਣੇ ਚਾਹੀਦੇ ਹਨ?

12 ਪਰੰਤੂ, ਜੇਕਰ ਕੋਈ ਸਾਡੇ ਵਿਰੁੱਧ ਗੰਭੀਰ ਪਾਪ ਕਰਦਾ ਹੈ, ਅਤੇ ਸਾਨੂੰ ਅਤਿਅੰਤ ਡੂੰਘੀ ਤਰ੍ਹਾਂ ਜ਼ਖ਼ਮੀ ਕਰਦਾ ਹੈ, ਉਦੋਂ ਕੀ? ਉਦਾਹਰਣ ਲਈ, ਇਕ ਜਿਗਰੀ ਦੋਸਤ ਕੁਝ ਬਹੁਤ ਹੀ ਨਿੱਜੀ ਗੱਲਾਂ ਦਾ ਭੇਦ ਸ਼ਾਇਦ ਖੋਲ੍ਹ ਦਿੰਦਾ ਹੈ ਜੋ ਤੁਸੀਂ ਉਸ ਨੂੰ ਦੱਸੀਆਂ ਸਨ। ਤੁਸੀਂ ਗਹਿਰੀ ਠੇਸ, ਸ਼ਰਮਿੰਦਗੀ ਅਤੇ ਵਿਸ਼ਵਾਸਘਾਤ ਕੀਤੇ ਗਏ ਮਹਿਸੂਸ ਕਰਦੇ ਹੋ। ਤੁਸੀਂ ਇਸ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਇਹ ਗੱਲ ਤੁਹਾਡੇ ਦਿਮਾਗ਼ ਵਿੱਚੋਂ ਨਹੀਂ ਨਿਕਲਦੀ ਹੈ। ਅਜਿਹੇ ਮਾਮਲੇ ਵਿਚ, ਸਮੱਸਿਆ ਨੂੰ ਸੁਲਝਾਉਣ ਲਈ ਸ਼ਾਇਦ ਦੋਸ਼ੀ ਨਾਲ ਗੱਲ ਕਰਨ ਦੁਆਰਾ ਤੁਹਾਨੂੰ ਕੁਝ ਪਹਿਲ ਕਰਨ ਦੀ ਲੋੜ ਪਵੇ। ਮਾਮਲੇ ਦੇ ਜ਼ਿਆਦਾ ਵਿਗੜਨ ਤੋਂ ਪਹਿਲਾਂ ਇਹ ਕਰਨਾ ਬੁੱਧੀਮਾਨੀ ਹੋਵੇਗੀ। ਪੌਲੁਸ ਸਾਨੂੰ ਤਾਕੀਦ ਕਰਦਾ ਹੈ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ [ਅਰਥਾਤ ਆਪਣੇ ਗੁੱਸੇ ਨੂੰ ਮੰਨ ਵਿਚ ਰੱਖਣ ਦੁਆਰਾ ਜਾਂ ਗੁੱਸੇ ਤੋਂ ਕੰਮ ਲੈਣ ਦੁਆਰਾ], ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।” (ਅਫ਼ਸੀਆਂ 4:26) ਪੌਲੁਸ ਦੇ ਸ਼ਬਦ ਹੋਰ ਵੀ ਅਰਥਭਰਪੂਰ ਬਣ ਜਾਂਦੇ ਹਨ ਜਦੋਂ ਅਸੀਂ ਇਸ ਤੱਥ ਉੱਤੇ ਵਿਚਾਰ ਕਰਦੇ ਹਾਂ ਕਿ ਯਹੂਦੀਆਂ ਲਈ, ਸੂਰਜ ਡੁੱਬਣ ਨਾਲ ਇਕ ਦਿਨ ਖ਼ਤਮ ਹੁੰਦਾ ਸੀ ਅਤੇ ਨਵਾਂ ਦਿਨ ਸ਼ੁਰੂ ਹੁੰਦਾ ਸੀ। ਇਸ ਲਈ, ਸਲਾਹ ਹੈ: ਮਤਭੇਦ ਨੂੰ ਫਟਾਫਟ ਸੁਲਝਾਓ!—ਮੱਤੀ 5:23, 24.

13. ਜਦੋਂ ਅਸੀਂ ਨਾਰਾਜ਼ ਕਰਨ ਵਾਲੇ ਵਿਅਕਤੀ ਕੋਲ ਜਾਂਦੇ ਹਾਂ, ਤਾਂ ਸਾਡਾ ਉਦੇਸ਼ ਕੀ ਹੋਣਾ ਚਾਹੀਦਾ ਹੈ, ਅਤੇ ਇਸ ਨੂੰ ਪ੍ਰਾਪਤ ਕਰਨ ਵਿਚ ਕਿਹੜੇ ਸੁਝਾਅ ਸਾਡੀ ਸਹਾਇਤਾ ਕਰ ਸਕਦੇ ਹਨ?

13 ਤੁਹਾਨੂੰ ਦੋਸ਼ੀ ਕੋਲ ਕਿਸ ਉਦੇਸ਼ ਨਾਲ ਜਾਣਾ ਚਾਹੀਦਾ ਹੈ? ‘ਮਿਲਾਪ ਨੂੰ ਲੱਭੋ ਅਤੇ ਉਹ ਦਾ ਪਿੱਛਾ ਕਰੋ,’ 1 ਪਤਰਸ 3:11 ਕਹਿੰਦਾ ਹੈ। ਤਾਂ ਫਿਰ, ਤੁਹਾਡਾ ਉਦੇਸ਼ ਗੁੱਸਾ ਜ਼ਾਹਰ ਕਰਨਾ ਨਹੀਂ ਹੈ ਪਰੰਤੂ ਆਪਣੇ ਭਰਾ ਨਾਲ ਮੇਲ-ਮਿਲਾਪ ਕਰਨਾ ਹੈ। ਇਹ ਕਰਨ ਲਈ, ਖਰ੍ਹਵੇਂ ਸ਼ਬਦਾਂ ਜਾਂ ਹਾਵ-ਭਾਵ ਤੋਂ ਬਚਣਾ ਚੰਗਾ ਹੋਵੇਗਾ; ਇਨ੍ਹਾਂ ਨਾਲ ਸ਼ਾਇਦ ਦੂਸਰਾ ਵਿਅਕਤੀ ਵੀ ਸਮਾਨ ਗੁੱਸਾ ਦਿਖਾਵੇ। (ਕਹਾਉਤਾਂ 15:18; 29:11) ਇਸ ਤੋਂ ਇਲਾਵਾ, ਵਧਾ-ਚੜ੍ਹਾ ਕੇ ਗੱਲਾਂ ਕਹਿਣ ਤੋਂ ਪਰਹੇਜ਼ ਕਰੋ ਜਿਵੇਂ, “ਤੂੰ ਹਮੇਸ਼ਾ . . . !” ਜਾਂ, “ਤੂੰ ਕਦੀ ਵੀ . . . !” ਅਜਿਹੀਆਂ ਵਧਾਈਆਂ-ਚੜ੍ਹਾਈਆਂ ਗੱਲਾਂ ਸ਼ਾਇਦ ਦੂਸਰੇ ਵਿਅਕਤੀ ਨੂੰ ਆਪਣਾ ਬਚਾਅ ਕਰਨ ਲਈ ਉਕਸਾਉਣ। ਇਸ ਦੀ ਬਜਾਇ, ਆਪਣੀ ਆਵਾਜ਼ ਅਤੇ ਚਿਹਰੇ ਦੇ ਹਾਵ-ਭਾਵ ਨੂੰ ਇਹ ਜ਼ਾਹਰ ਕਰਨ ਦਿਓ ਕਿ ਤੁਸੀਂ ਉਸ ਮਾਮਲੇ ਨੂੰ ਸੁਲਝਾਉਣਾ ਚਾਹੁੰਦੇ ਹੋ ਜਿਸ ਨੇ ਤੁਹਾਨੂੰ ਗਹਿਰਾ ਦੁੱਖ ਦਿੱਤਾ ਹੈ। ਵਾਪਰੀਆਂ ਗੱਲਾਂ ਬਾਰੇ ਆਪਣੀਆਂ ਭਾਵਨਾਵਾਂ ਨੂੰ ਸਪੱਸ਼ਟ ਤੌਰ ਤੇ ਪ੍ਰਗਟ ਕਰੋ। ਦੂਸਰੇ ਵਿਅਕਤੀ ਨੂੰ ਆਪਣੇ ਸਲੂਕ ਬਾਰੇ ਸਮਝਾਉਣ ਦਾ ਮੌਕਾ ਦਿਓ। ਉਸ ਦੀ ਕਹੀ ਗੱਲ ਸੁਣੋ। (ਯਾਕੂਬ 1:19) ਇਸ ਦਾ ਕੀ ਲਾਭ ਹੋਵੇਗਾ? ਕਹਾਉਤਾਂ 19:11 ਵਿਆਖਿਆ ਕਰਦਾ ਹੈ: “ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ, ਅਤੇ ਅਪਰਾਧ ਤੋਂ ਮੂੰਹ ਫੇਰ ਲੈਣ ਵਿੱਚ ਉਹ ਦੀ ਸ਼ਾਨ ਹੈ।” ਦੂਸਰੇ ਵਿਅਕਤੀ ਦੀਆਂ ਭਾਵਨਾਵਾਂ ਅਤੇ ਉਸ ਦੇ ਸਲੂਕ ਦੇ ਕਾਰਨਾਂ ਨੂੰ ਸਮਝਣਾ ਸ਼ਾਇਦ ਉਸ ਪ੍ਰਤੀ ਉਲਟੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਰ ਕਰ ਦੇਵੇ। ਜਦੋਂ ਅਸੀਂ ਮੇਲ-ਮਿਲਾਪ ਕਰਨ ਦੇ ਟੀਚੇ ਨਾਲ ਅਤੇ ਅਜਿਹੇ ਰਵੱਈਏ ਨੂੰ ਕਾਇਮ ਰੱਖਦੇ ਹਾਂ, ਤਾਂ ਸੰਭਵ ਹੈ ਕਿ ਕੋਈ ਵੀ ਗ਼ਲਤਫ਼ਹਿਮੀ ਦੂਰ ਕੀਤੀ ਜਾ ਸਕਦੀ ਹੈ, ਢੁਕਵੀਂ ਮਾਫ਼ੀ ਮੰਗੀ ਅਤੇ ਦਿੱਤੀ ਜਾ ਸਕਦੀ ਹੈ।

14. ਜਦੋਂ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਸਾਨੂੰ ਕਿਸ ਤਰ੍ਹਾਂ ਭੁਲਾ ਦੇਣਾ ਚਾਹੀਦਾ ਹੈ?

14 ਕੀ ਦੂਸਰਿਆਂ ਨੂੰ ਮਾਫ਼ ਕਰਨ ਦਾ ਮਤਲਬ ਹੈ ਕਿ ਅਸੀਂ ਹੋਈ ਗੱਲ ਨੂੰ ਅਸਲ ਵਿਚ ਭੁੱਲ ਜਾਈਏ? ਇਸ ਮਾਮਲੇ ਵਿਚ ਯਹੋਵਾਹ ਦੀ ਆਪਣੀ ਉਦਾਹਰਣ ਨੂੰ ਯਾਦ ਕਰੋ, ਜਿਵੇਂ ਪਿੱਛਲੇ ਲੇਖ ਵਿਚ ਚਰਚਾ ਕੀਤੀ ਗਈ ਸੀ। ਜਦੋਂ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਸਾਡੇ ਪਾਪਾਂ ਨੂੰ ਭੁਲਾ ਦਿੰਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਉਨ੍ਹਾਂ ਨੂੰ ਦੁਬਾਰਾ ਯਾਦ ਨਹੀਂ ਕਰ ਸਕਦਾ। (ਯਸਾਯਾਹ 43:25) ਇਸ ਦੀ ਬਜਾਇ, ਉਹ ਇਸ ਤਰ੍ਹਾਂ ਭੁਲਾ ਦਿੰਦਾ ਹੈ ਕਿ ਜਦੋਂ ਇਕ ਵਾਰੀ ਉਹ ਮਾਫ਼ ਕਰਦਾ ਹੈ, ਤਾਂ ਉਹ ਭਵਿੱਖ ਵਿਚ ਕਦੇ ਵੀ ਇਨ੍ਹਾਂ ਪਾਪਾਂ ਨੂੰ ਸਾਡੇ ਵਿਰੁੱਧ ਨਹੀਂ ਵਰਤੇਗਾ। (ਹਿਜ਼ਕੀਏਲ 33:14-16) ਇਸੇ ਤਰ੍ਹਾਂ, ਸੰਗੀ ਮਾਨਵਾਂ ਨੂੰ ਮਾਫ਼ ਕਰਨ ਦਾ ਮਤਲਬ ਜ਼ਰੂਰੀ ਇਹ ਨਹੀਂ ਕਿ ਜੋ ਉਨ੍ਹਾਂ ਨੇ ਕੀਤਾ ਸੀ ਅਸੀਂ ਉਸ ਨੂੰ ਦੁਬਾਰਾ ਯਾਦ ਕਰ ਨਾ ਪਾਂਵਾਂਗੇ। ਫਿਰ ਵੀ, ਅਸੀਂ ਇਸ ਤਰ੍ਹਾਂ ਭੁਲਾ ਸਕਦੇ ਹਾਂ ਕਿ ਅਸੀਂ ਭਵਿੱਖ ਵਿਚ ਇਸ ਨੂੰ ਉਨ੍ਹਾਂ ਦੇ ਵਿਰੁੱਧ ਨਹੀਂ ਵਰਤਾਂਗੇ ਜਾਂ ਦੁਬਾਰਾ ਇਸ ਦੀ ਚਰਚਾ ਨਹੀਂ ਕਰਾਂਗੇ। ਸਿੱਟੇ ਵਜੋਂ ਮਾਮਲਾ ਸੁਲਝ ਜਾਣ ਤੇ, ਇਸ ਬਾਰੇ ਚੁਗ਼ਲੀ ਕਰਨੀ ਉਚਿਤ ਨਹੀਂ ਹੋਵੇਗੀ; ਨਾ ਹੀ ਦੋਸ਼ੀ ਨੂੰ ਪੂਰੀ ਤਰ੍ਹਾਂ ਤਿਆਗਣਾ ਠੀਕ ਹੋਵੇਗਾ, ਉਸ ਨਾਲ ਇਸ ਤਰ੍ਹਾਂ ਵਿਵਹਾਰ ਕਰਦੇ ਹੋਏ ਜਿਵੇਂ ਉਹ ਛੇਕਿਆ ਹੋਵੇ। (ਕਹਾਉਤਾਂ 17:9) ਇਹ ਸੱਚ ਹੈ ਕਿ ਉਸ ਨਾਲ ਸਾਡੇ ਰਿਸ਼ਤੇ ਨੂੰ ਸੁਧਰਨ ਵਿਚ ਕੁਝ ਸਮਾਂ ਲੱਗ ਸਕਦਾ ਹੈ; ਅਸੀਂ ਸ਼ਾਇਦ ਪਹਿਲਾਂ ਵਰਗੀ ਨੇੜਤਾ ਦਾ ਆਨੰਦ ਨਾ ਮਾਣ ਸਕੀਏ। ਪਰੰਤੂ ਅਸੀਂ ਹੁਣ ਵੀ ਉਸ ਨੂੰ ਇਕ ਮਸੀਹੀ ਭਰਾ ਵਜੋਂ ਪਿਆਰ ਕਰਦੇ ਹਾਂ ਅਤੇ ਸ਼ਾਤਮਈ ਸੰਬੰਧ ਕਾਇਮ ਰੱਖਣ ਲਈ ਪੂਰਾ ਜਤਨ ਕਰਦੇ ਹਾਂ।—ਤੁਲਨਾ ਕਰੋ ਲੂਕਾ 17:3.

ਜਦੋਂ ਮਾਫ਼ ਕਰਨਾ ਮੁਸ਼ਕਲ ਜਾਪਦਾ ਹੈ

15, 16. (ੳ) ਕੀ ਮਸੀਹੀਆਂ ਤੋਂ ਅਪਸ਼ਚਾਤਾਪੀ ਦੋਸ਼ੀ ਨੂੰ ਮਾਫ਼ ਕਰਨ ਦੀ ਮੰਗ ਕੀਤੀ ਜਾਂਦੀ ਹੈ? (ਅ) ਜ਼ਬੂਰ 37:8 ਵਿਚ ਪਾਈ ਜਾਂਦੀ ਬਾਈਬਲ ਦੀ ਸਲਾਹ ਨੂੰ ਅਸੀਂ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ?

15 ਪਰੰਤੂ ਉਦੋਂ ਕੀ, ਜਦੋਂ ਦੂਸਰੇ ਸਾਡੇ ਵਿਰੁੱਧ ਇਸ ਤਰ੍ਹਾਂ ਪਾਪ ਕਰਦੇ ਹਨ ਜਿਸ ਨਾਲ ਜ਼ਖ਼ਮ ਬਹੁਤੇ ਜ਼ਿਆਦਾ ਡੂੰਘੇ ਹੁੰਦੇ ਹਨ, ਅਤੇ ਫਿਰ ਵੀ ਦੋਸ਼ੀ ਪਾਪ ਕਬੂਲ ਨਹੀਂ ਕਰਦਾ, ਤੋਬਾ ਨਹੀਂ ਕਰਦਾ ਹੈ, ਅਤੇ ਮਾਫ਼ੀ ਨਹੀਂ ਮੰਗਦਾ ਹੈ? (ਕਹਾਉਤਾਂ 28:13) ਸ਼ਾਸਤਰ ਸਪੱਸ਼ਟ ਕਰਦਾ ਹੈ ਕਿ ਯਹੋਵਾਹ ਅਪਸ਼ਚਾਤਾਪੀ, ਕਠੋਰ ਪਾਪੀ ਨੂੰ ਮਾਫ਼ ਨਹੀਂ ਕਰਦਾ ਹੈ। (ਇਬਰਾਨੀਆਂ 6:4-6; 10:26, 27) ਸਾਡੇ ਬਾਰੇ ਕੀ? ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਕਹਿੰਦੀ ਹੈ: “ਮਸੀਹੀਆਂ ਤੋਂ ਉਨ੍ਹਾਂ ਵਿਅਕਤੀਆਂ ਨੂੰ ਮਾਫ਼ ਕਰਨ ਦੀ ਮੰਗ ਨਹੀਂ ਕੀਤੀ ਜਾਂਦੀ ਜੋ ਬਿਨਾਂ ਤੋਬਾ ਕੀਤੇ ਜਾਣ-ਬੁੱਝ ਕੇ ਬਦਨੀਤੀ ਨਾਲ ਪਾਪ ਕਰਦੇ ਰਹਿੰਦੇ ਹਨ। ਅਜਿਹੇ ਵਿਅਕਤੀ ਪਰਮੇਸ਼ੁਰ ਦੇ ਵੈਰੀ ਬਣਦੇ ਹਨ।” (ਖੰਡ 1, ਸਫ਼ਾ 862) ਅਤਿ ਬੇਇਨਸਾਫ਼, ਘਿਣਾਉਣੇ, ਜਾਂ ਭੈੜੇ ਵਿਵਹਾਰ ਦੇ ਸ਼ਿਕਾਰ ਬਣਾਏ ਗਏ ਕਿਸੇ ਵੀ ਮਸੀਹੀ ਨੂੰ ਅਪਸ਼ਚਾਤਾਪੀ ਦੋਸ਼ੀ ਨੂੰ ਮਾਫ਼ ਕਰਨ, ਜਾਂ ਦੋਸ਼-ਮੁਕਤ ਕਰਨ ਲਈ ਮਜਬੂਰ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ।—ਜ਼ਬੂਰ 139:21, 22.

16 ਇਹ ਸਮਝਣਯੋਗ ਹੈ ਕਿ ਕਠੋਰ ਦੁਰਵਿਵਹਾਰ ਦੇ ਸ਼ਿਕਾਰ ਬਣਾਏ ਗਏ ਵਿਅਕਤੀ ਠੇਸ ਅਤੇ ਗੁੱਸਾ ਮਹਿਸੂਸ ਕਰ ਸਕਦੇ ਹਨ। ਫਿਰ ਵੀ, ਯਾਦ ਰੱਖੋ ਕਿ ਗੁੱਸਾ ਅਤੇ ਰੋਸਾ ਕਾਇਮ ਰੱਖਣਾ ਸਾਡੇ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਹੈ। ਦੋਸ਼ ਕਬੂਲ ਕਰਨ ਜਾਂ ਮਾਫ਼ੀ ਮੰਗਣ ਦੀ ਉਡੀਕ ਵਿਚ ਅਸੀਂ ਸ਼ਾਇਦ ਹੋਰ ਤੇ ਹੋਰ ਪਰੇਸ਼ਾਨ ਹੁੰਦੇ ਜਾਈਏ ਜਦ ਇਸ ਤਰ੍ਹਾਂ ਨਹੀਂ ਹੁੰਦਾ। ਸਾਡੇ ਦਿਮਾਗ਼ ਉੱਤੇ ਬੇਇਨਸਾਫ਼ੀ ਛਾਈ ਹੋਣ ਕਰਕੇ ਸ਼ਾਇਦ ਸਾਡੇ ਅੰਦਰ ਗੁੱਸਾ ਉਬਲਦਾ ਰਹੇ, ਜਿਸ ਨਾਲ ਸਾਡੀ ਅਧਿਆਤਮਿਕ, ਭਾਵਾਤਮਕ, ਅਤੇ ਸਰੀਰਕ ਸਿਹਤ ਉੱਤੇ ਮਾਰੂ ਅਸਰ ਪੈਣ। ਅਸਲ ਵਿਚ, ਅਸੀਂ ਠੇਸ ਪਹੁੰਚਾਉਣ ਵਾਲੇ ਨੂੰ ਲਗਾਤਾਰ ਇੰਜ ਕਰਨ ਦੀ ਇਜਾਜ਼ਤ ਦਿੰਦੇ ਹਾਂ। ਬੁੱਧੀਮਤਾ ਨਾਲ, ਬਾਈਬਲ ਸਲਾਹ ਦਿੰਦੀ ਹੈ: “ਕ੍ਰੋਧ ਨੂੰ ਛੱਡ ਅਤੇ ਕੋਪ ਨੂੰ ਤਿਆਗ ਦੇਹ।” (ਜ਼ਬੂਰ 37:8) ਇਸ ਲਈ, ਕਈ ਮਸੀਹੀ ਇਸ ਸਿੱਟੇ ਤੇ ਪੁੱਜੇ ਹਨ ਕਿ ਸਮਾਂ ਬੀਤਣ ਨਾਲ ਉਹ ਮਾਫ਼ ਕਰਨ ਦਾ ਫ਼ੈਸਲਾ ਬਣਾ ਸਕੇ, ਮਤਲਬ ਕਿ ਉਹ ਰੋਸੇ ਨੂੰ ਮੰਨ ਵਿਚ ਨਹੀਂ ਰੱਖਣਗੇ—ਉਨ੍ਹਾਂ ਨਾਲ ਵਾਪਰੀਆਂ ਗੱਲਾਂ ਨੂੰ ਅਣਡਿੱਠ ਕਰ ਕੇ ਨਹੀਂ, ਪਰੰਤੂ ਗੁੱਸੇ ਨਾਲ ਸੜਨ ਤੋਂ ਇਨਕਾਰ ਕਰ ਕੇ। ਮਾਮਲਿਆਂ ਨੂੰ ਨਿਆਂ ਦੇ ਪਰਮੇਸ਼ੁਰ ਦੇ ਹੱਥ ਵਿਚ ਸੌਂਪਣ ਨਾਲ, ਉਨ੍ਹਾਂ ਨੇ ਕਾਫ਼ੀ ਰਾਹਤ ਮਹਿਸੂਸ ਕੀਤੀ ਹੈ ਅਤੇ ਰੋਸੇ ਦੀਆਂ ਭਾਵਨਾਵਾਂ ਤੋਂ ਮੁਕਤ ਹੋ ਸਕੇ ਸਨ।—ਜ਼ਬੂਰ 37:28.

17. ਪਰਕਾਸ਼ ਦੀ ਪੋਥੀ 21:4 ਵਿਚ ਦਰਜ ਯਹੋਵਾਹ ਦਾ ਵਾਅਦਾ ਸਾਨੂੰ ਕਿਹੜਾ ਤਸੱਲੀਬਖ਼ਸ਼ ਭਰੋਸਾ ਦਿੰਦਾ ਹੈ?

17 ਜਦੋਂ ਜ਼ਖ਼ਮ ਬਹੁਤ ਡੂੰਘਾ ਹੁੰਦਾ ਹੈ, ਤਾਂ ਅਸੀਂ ਸ਼ਾਇਦ ਉਸ ਨੂੰ ਆਪਣੇ ਮਨ ਵਿੱਚੋਂ ਪੂਰੀ ਤਰ੍ਹਾਂ ਮਿਟਾਉਣ ਦੇ ਯੋਗ ਨਾ ਹੋਈਏ, ਘਟੋ-ਘੱਟ ਇਸ ਰੀਤੀ-ਵਿਵਸਥਾ ਵਿਚ ਤਾਂ ਨਹੀਂ। ਪਰੰਤੂ ਯਹੋਵਾਹ ਇਕ ਨਵੇਂ ਸੰਸਾਰ ਦਾ ਵਾਅਦਾ ਕਰਦਾ ਹੈ ਜਿਸ ਵਿਚ “ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਜੋ ਕੁਝ ਵੀ ਸਾਨੂੰ ਉਸ ਸਮੇਂ ਯਾਦ ਆਏ, ਉਹ ਸਾਨੂੰ ਗਹਿਰਾ ਦੁੱਖ, ਜਾਂ ਪੀੜਾ ਨਹੀਂ ਦੇਵੇਗਾ ਜਿਸ ਦਾ ਅੱਜ ਸਾਡੇ ਦਿਲਾਂ ਉੱਤੇ ਬੋਝ ਹੈ।—ਯਸਾਯਾਹ 65:17, 18.

18. (ੳ) ਸਾਡੇ ਭਰਾਵਾਂ ਅਤੇ ਭੈਣਾਂ ਨਾਲ ਆਪਣੇ ਵਿਹਾਰ ਵਿਚ ਇਕ ਦੂਸਰੇ ਨੂੰ ਮਾਫ਼ ਕਰਨ ਦੀ ਲੋੜ ਕਿਉਂ ਹੈ? (ਅ) ਜਦੋਂ ਦੂਸਰੇ ਸਾਡੇ ਵਿਰੁੱਧ ਪਾਪ ਕਰਦੇ ਹਨ, ਤਾਂ ਅਸੀਂ ਕਿਸ ਤਰ੍ਹਾਂ ਮਾਫ਼ ਕਰ ਸਕਦੇ ਹਾਂ ਅਤੇ ਭੁਲਾ ਸਕਦੇ ਹਾਂ? (ੲ) ਇਸ ਤੋਂ ਸਾਨੂੰ ਕੀ ਲਾਭ ਹੁੰਦਾ ਹੈ?

18 ਉਸ ਸਮੇਂ ਦੇ ਆਉਣ ਤਕ, ਸਾਨੂੰ ਅਜਿਹੇ ਭੈਣਾਂ-ਭਰਾਵਾਂ ਵਜੋਂ ਰਹਿਣਾ ਅਤੇ ਇਕੱਠੇ ਕੰਮ ਕਰਨਾ ਚਾਹੀਦਾ ਹੈ, ਜੋ ਅਪੂਰਣ ਅਤੇ ਪਾਪੀ ਮਨੁੱਖ ਹਨ। ਸਾਡੇ ਸਾਰਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ। ਸਮੇਂ-ਸਮੇਂ ਤੇ, ਅਸੀਂ ਇਕ ਦੂਸਰੇ ਨੂੰ ਨਿਰਾਸ਼ ਕਰਦੇ ਹਾਂ ਅਤੇ ਇਕ ਦੂਸਰੇ ਨੂੰ ਠੇਸ ਵੀ ਪਹੁੰਚਾਉਂਦੇ ਹਾਂ। ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਦੀ ਲੋੜ ਪਵੇਗੀ, ‘ਸੱਤ ਵਾਰ ਤੀਕਰ ਨਹੀਂ ਪਰ ਸੱਤਰ ਦੇ ਸੱਤ ਗੁਣਾ ਤੀਕਰ’! (ਮੱਤੀ 18:22) ਸੱਚ ਹੈ ਕਿ ਅਸੀਂ ਯਹੋਵਾਹ ਵਾਂਗ ਪੂਰੀ ਤਰ੍ਹਾਂ ਮਾਫ਼ ਨਹੀਂ ਕਰ ਸਕਦੇ ਹਾਂ। ਫਿਰ ਵੀ, ਬਹੁਤੇ ਮਾਮਲਿਆਂ ਵਿਚ ਜਦੋਂ ਸਾਡੇ ਭਰਾ ਸਾਡੇ ਵਿਰੁੱਧ ਪਾਪ ਕਰਦੇ ਹਨ ਅਸੀਂ ਰੋਸੇ ਉੱਪਰ ਕਾਬੂ ਪਾਉਣ ਦੁਆਰਾ ਉਨ੍ਹਾਂ ਨੂੰ ਮਾਫ਼ ਕਰ ਸਕਦੇ ਹਾਂ, ਅਤੇ ਅਸੀਂ ਇਸ ਸਮਝ ਵਿਚ ਮਾਮਲੇ ਨੂੰ ਭੁਲਾ ਸਕਦੇ ਹਾਂ ਕਿ ਅਸੀਂ ਉਸ ਨੂੰ ਸਦਾ ਲਈ ਭਵਿੱਖ ਵਿਚ ਉਨ੍ਹਾਂ ਦੇ ਵਿਰੁੱਧ ਨਹੀਂ ਵਰਤਾਂਗੇ। ਇਸ ਤਰ੍ਹਾਂ, ਜਦੋਂ ਅਸੀਂ ਮਾਫ਼ ਕਰਦੇ ਅਤੇ ਮਾਮਲੇ ਨੂੰ ਭੁੱਲ ਜਾਂਦੇ ਹਾਂ, ਤਾਂ ਅਸੀਂ ਸਿਰਫ਼ ਕਲੀਸਿਯਾ ਦੀ ਸ਼ਾਂਤੀ ਨੂੰ ਹੀ ਨਹੀਂ, ਬਲਕਿ ਆਪਣੇ ਮਨ ਅਤੇ ਦਿਲ ਦੀ ਸ਼ਾਂਤੀ ਨੂੰ ਵੀ ਬਣਾਈ ਰੱਖਣ ਵਿਚ ਮਦਦ ਕਰਦੇ ਹਾਂ। ਸਭ ਤੋਂ ਵੱਧ, ਅਸੀਂ ਉਸ ਸ਼ਾਂਤੀ ਦਾ ਆਨੰਦ ਮਾਣਾਂਗੇ ਜੋ ਸਿਰਫ਼ ਸਾਡਾ ਪਰਮੇਸ਼ੁਰ, ਯਹੋਵਾਹ ਦੇ ਸਕਦਾ ਹੈ।—ਫ਼ਿਲਿੱਪੀਆਂ 4:7.

[ਫੁਟਨੋਟ]

a ਬਾਬਲੀ ਤਾਲਮੂਦ ਅਨੁਸਾਰ, ਇਕ ਰਾਬਿਨੀ ਰੀਤ ਨੇ ਬਿਆਨ ਕੀਤਾ: “ਜੇਕਰ ਇਕ ਵਿਅਕਤੀ ਉਲੰਘਣਾ ਕਰਦਾ ਹੈ, ਪਹਿਲੀ ਵਾਰ, ਦੂਸਰੀ ਅਤੇ ਤੀਸਰੀ ਵਾਰ ਉਸ ਨੂੰ ਮਾਫ਼ ਕੀਤਾ ਜਾਂਦਾ ਹੈ, ਚੌਥੀ ਵਾਰ ਉਸ ਨੂੰ ਮਾਫ਼ ਨਹੀਂ ਕੀਤਾ ਜਾਂਦਾ।” (ਯੋਮਾ 86ਅ) ਇਹ ਕੁਝ ਹੱਦ ਤਕ ਆਮੋਸ 1:3; 2:6; ਅਤੇ ਅੱਯੂਬ 33:29 ਵਰਗੇ ਸ਼ਾਸਤਰਵਚਨਾਂ ਦੀ ਗ਼ਲਤ ਸਮਝ ਉੱਤੇ ਆਧਾਰਿਤ ਸੀ।

b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

ਪੁਨਰ-ਵਿਚਾਰ ਲਈ ਸਵਾਲ

◻ ਸਾਨੂੰ ਦੂਸਰਿਆਂ ਨੂੰ ਮਾਫ਼ ਕਰਨ ਲਈ ਰਜ਼ਾਮੰਦ ਕਿਉਂ ਹੋਣਾ ਚਾਹੀਦਾ ਹੈ?

◻ ਕਿਸ ਤਰ੍ਹਾਂ ਦੇ ਮਤਭੇਦ ਸਾਡੇ ਤੋਂ ‘ਇਕ ਦੂਸਰੇ ਦੀ ਸਹਿੰਦੇ ਰਹਿਣ’ ਦੀ ਮੰਗ ਕਰਦੇ ਹਨ?

◻ ਜਦੋਂ ਸਾਨੂੰ ਦੂਸਰਿਆਂ ਦੇ ਪਾਪਾਂ ਕਾਰਨ ਬਹੁਤ ਗਹਿਰੀ ਠੇਸ ਪਹੁੰਚਦੀ ਹੈ, ਤਾਂ ਮਾਮਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

◻ ਜਦੋਂ ਅਸੀਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਕਿਸ ਤਰ੍ਹਾਂ ਸਾਨੂੰ ਭੁਲਾ ਦੇਣਾ ਚਾਹੀਦਾ ਹੈ?

[ਸਫ਼ੇ 15 ਉੱਤੇ ਤਸਵੀਰ]

ਜਦੋਂ ਅਸੀਂ ਰੋਸੇ ਨੂੰ ਮੰਨ ਵਿਚ ਰੱਖਦੇ ਹਾਂ, ਤਾਂ ਦੋਸ਼ੀ ਸ਼ਾਇਦ ਸਾਡੀ ਪਰੇਸ਼ਾਨੀ ਤੋਂ ਬਿਲਕੁਲ ਅਣਜਾਣ ਹੋਵੇ

[ਸਫ਼ੇ 16 ਉੱਤੇ ਤਸਵੀਰ]

ਜਦੋਂ ਮੇਲ-ਮਿਲਾਪ ਕਰਨ ਲਈ ਤੁਸੀਂ ਦੂਸਰਿਆਂ ਕੋਲ ਜਾਂਦੇ ਹੋ, ਤਾਂ ਗ਼ਲਤਫ਼ਹਿਮੀਆਂ ਆਸਾਨੀ ਨਾਲ ਦੂਰ ਕੀਤੀਆਂ ਜਾ ਸਕਦੀਆਂ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ