ਪੂਰੇ ਯਕੀਨ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ
1 ਪਹਿਲੀ ਸਦੀ ਦੀ ਸ਼ੁਰੂਆਤ ਵਿਚ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਣ ਦਾ ਕੰਮ ਦਿੱਤਾ। (ਮੱਤੀ 24:14; 28:19, 20) ਯਹੋਵਾਹ ਦੇ ਗਵਾਹਾਂ ਨੇ ਉਸ ਦੀ ਇਸ ਹਿਦਾਇਤ ਨੂੰ ਬੜੀ ਸੰਜੀਦਗੀ ਨਾਲ ਲਿਆ, ਜਿਸ ਕਰਕੇ 20ਵੀਂ ਸਦੀ ਦੇ ਅੰਤ ਤਕ 234 ਦੇਸ਼ਾਂ ਵਿਚ ਸਾਡੇ ਮਸੀਹੀ ਭਾਈਚਾਰੇ ਵਿਚ ਚੇਲਿਆਂ ਦੀ ਗਿਣਤੀ 59,00,000 ਤੋਂ ਜ਼ਿਆਦਾ ਵਧ ਗਈ ਹੈ। ਸਾਡੇ ਸਵਰਗੀ ਪਿਤਾ ਦੀ ਕਿੰਨੀ ਵਡਿਆਈ ਕੀਤੀ ਜਾ ਰਹੀ ਹੈ!
2 ਹੁਣ ਅਸੀਂ 21ਵੀਂ ਸਦੀ ਵਿਚ ਕਦਮ ਰੱਖ ਚੁੱਕੇ ਹਾਂ। ਸਾਡਾ ਵਿਰੋਧੀ ਸ਼ਤਾਨ ਬੜੀ ਚਲਾਕੀ ਨਾਲ ਰਾਜ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਸਾਡੇ ਖ਼ਾਸ ਕੰਮ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਡਾ ਧਿਆਨ ਭੰਗ ਕਰਨ ਲਈ ਇਸ ਰੀਤੀ-ਵਿਵਸਥਾ ਵੱਲੋਂ ਸਾਡੇ ਉੱਤੇ ਦਬਾਅ ਪਾਉਂਦਾ ਹੈ, ਸਾਡੇ ਸਮੇਂ ਨੂੰ ਖ਼ਰਾਬ ਕਰਨ ਅਤੇ ਸਾਡੀ ਤਾਕਤ ਨੂੰ ਬਹੁਤ ਸਾਰੀਆਂ ਬੇਲੋੜੀਆਂ ਚਿੰਤਾਵਾਂ ਤੇ ਕੰਮਾਂ-ਕਾਰਾਂ ਵਿਚ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਦੁਨੀਆਂ ਦੇ ਲੋਕਾਂ ਵਾਂਗ ਸੋਚਣ ਦੀ ਬਜਾਇ ਜ਼ਿੰਦਗੀ ਵਿਚ ਕਿਹੜੀਆਂ ਚੀਜ਼ਾਂ ਅਹਿਮ ਹਨ ਜਾਂ ਕਿਹੜੀਆਂ ਨਹੀਂ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਾਬਤ ਕਰਦੇ ਹਾਂ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। (ਰੋਮੀ. 12:2) ਇਸ ਦਾ ਮਤਲਬ ਬਾਈਬਲ ਵਿਚ ਦਿੱਤੀ ਗਈ ਆਗਿਆ ਨੂੰ ਮੰਨਣਾ ਹੈ ਕਿ ‘ਬਚਨ ਦਾ ਪਰਚਾਰ ਵੇਲੇ ਕੁਵੇਲੇ ਕਰੋ ਅਤੇ ਆਪਣੀ ਸੇਵਕਾਈ ਨੂੰ ਪੂਰਿਆਂ ਕਰੋ।’—2 ਤਿਮੋ. 4:2, 5.
3 ਪੱਕਾ ਯਕੀਨ ਪੈਦਾ ਕਰੋ: ਮਸੀਹੀਆਂ ਨੂੰ ‘ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹਿਣ’ ਦੀ ਲੋੜ ਹੈ। (ਕੁਲੁ. 4:12) ਲਫ਼ਜ਼ “ਯਕੀਨ” ਦਾ ਮਤਲਬ ਹੈ “ਮਜ਼ਬੂਤ ਵਿਸ਼ਵਾਸ ਜਾਂ ਭਰੋਸਾ; ਜਿਸ ਨਾਲ ਇਕ ਵਿਅਕਤੀ ਕਾਇਲ ਹੋ ਜਾਂਦਾ ਹੈ।” ਮਸੀਹੀ ਹੋਣ ਦੇ ਨਾਤੇ ਸਾਨੂੰ ਇਸ ਗੱਲ ਤੋਂ ਕਾਇਲ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਅਗੰਮ ਵਾਕ ਅਟੱਲ ਹੈ ਅਤੇ ਅਸੀਂ ਹੁਣ ਅੰਤ ਦੇ ਬਿਲਕੁਲ ਹੀ ਨੇੜੇ ਹਾਂ। ਸਾਨੂੰ ਪੌਲੁਸ ਰਸੂਲ ਵਾਂਗ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਸ ਨੇ ਕਿਹਾ ਕਿ ਖ਼ੁਸ਼ ਖ਼ਬਰੀ “ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ।”—ਰੋਮੀ. 1:16.
4 ਇਬਲੀਸ ਦੁਸ਼ਟ ਅਤੇ ਧੋਖੇਬਾਜ਼ ਵਿਅਕਤੀਆਂ ਨੂੰ ਵਰਤਦਾ ਹੈ ਜੋ ਖ਼ੁਦ ਤਾਂ ਕੁਰਾਹੇ ਪਏ ਹੀ ਹਨ, ਪਰ ਦੂਜਿਆਂ ਨੂੰ ਵੀ ਕੁਰਾਹੇ ਪਾਉਂਦੇ ਹਨ। (2 ਤਿਮੋ. 3:13) ਸਾਨੂੰ ਇਸ ਬਾਰੇ ਪਹਿਲਾਂ ਤੋਂ ਹੀ ਚੇਤਾਵਨੀ ਦਿੱਤੀ ਗਈ ਹੈ ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਯਕੀਨ ਨੂੰ ਹੋਰ ਮਜ਼ਬੂਤ ਕਰਦੇ ਰਹੀਏ ਕਿ ਸਾਡੇ ਕੋਲ ਸੱਚਾਈ ਹੈ। ਇਸ ਤੋਂ ਪਹਿਲਾਂ ਕਿ ਜ਼ਿੰਦਗੀ ਦੀਆਂ ਚਿੰਤਾਵਾਂ ਹਾਵੀ ਹੋ ਕੇ ਸਾਡੇ ਜੋਸ਼ ਨੂੰ ਘਟਾ ਦੇਣ, ਸਾਨੂੰ ਰਾਜ ਹਿਤਾਂ ਨੂੰ ਪਹਿਲਾ ਸਥਾਨ ਦਿੰਦੇ ਰਹਿਣਾ ਚਾਹੀਦਾ ਹੈ। (ਮੱਤੀ 6:33, 34) ਇਹ ਸੋਚਣ ਦੀ ਬਜਾਇ ਕਿ ਇਸ ਰੀਤੀ-ਵਿਵਸਥਾ ਦਾ ਅੰਤ ਬਹੁਤ ਦੂਰ ਹੈ, ਸਾਨੂੰ ਸਮੇਂ ਦੀ ਲੋੜ ਨੂੰ ਪਛਾਣਨਾ ਚਾਹੀਦਾ ਹੈ। ਇਹ ਅੰਤ ਹੋਰ ਵੀ ਨੇੜੇ ਆਉਂਦਾ ਜਾ ਰਿਹਾ ਹੈ। (1 ਪਤ. 4:7) ਅਸੀਂ ਸ਼ਾਇਦ ਇਹ ਮਹਿਸੂਸ ਕਰੀਏ ਕਿ ਕੁਝ ਦੇਸ਼ਾਂ ਵਿਚ ਜਿੱਥੇ ਪਹਿਲਾਂ ਹੀ ਗਵਾਹੀ ਦਿੱਤੀ ਜਾ ਚੁੱਕੀ ਹੈ ਉੱਥੇ ਖ਼ਾਸ ਤਰੱਕੀ ਨਹੀਂ ਹੋ ਰਹੀ, ਪਰ ਫਿਰ ਵੀ ਚੇਤਾਵਨੀ ਦੇਣ ਦਾ ਕੰਮ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ।—ਹਿਜ਼. 33:7-9.
5 ਅੱਜ ਫਿਰ ਅਸੀਂ ਆਪਣੇ ਆਪ ਤੋਂ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਚੇਲੇ ਬਣਾਉਣ ਸੰਬੰਧੀ ਯਿਸੂ ਦੀ ਆਗਿਆ ਨੂੰ ਸੰਜੀਦਗੀ ਨਾਲ ਲੈਂਦਾ ਹਾਂ? ਜਦੋਂ ਮੈਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹਾਂ, ਤਾਂ ਕੀ ਮੈਂ ਪੂਰੇ ਯਕੀਨ ਨਾਲ ਦਿਖਾਉਂਦਾ ਹਾਂ ਕਿ ਰਾਜ ਅਸਲੀ ਹੈ? ਕੀ ਮੈਂ ਜਾਨਾਂ ਬਚਾਉਣ ਦੇ ਇਸ ਪ੍ਰਚਾਰ ਕੰਮ ਵਿਚ ਜਿੰਨਾ ਮੁਮਕਿਨ ਹੋ ਸਕੇ ਉੱਨਾ ਹਿੱਸਾ ਲੈਣ ਲਈ ਦ੍ਰਿੜ੍ਹ ਹਾਂ?’ ਇਹ ਸਮਝਦੇ ਹੋਏ ਕਿ ਅਸੀਂ ਅੰਤ ਦੇ ਕਿੰਨੇ ਨੇੜੇ ਹਾਂ, ਸਾਨੂੰ ਆਪਣੇ ਵੱਲ ਅਤੇ ਪ੍ਰਚਾਰ ਤੇ ਸਿਖਾਉਣ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਅਸੀਂ ਖ਼ੁਦ ਨੂੰ ਅਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ। (1 ਤਿਮੋ. 4:16) ਸੇਵਕਾਂ ਵਜੋਂ ਅਸੀਂ ਸਾਰੇ ਆਪਣੇ ਯਕੀਨ ਨੂੰ ਕਿਵੇਂ ਪੱਕਾ ਕਰ ਸਕਦੇ ਹਾਂ?
6 ਥੱਸਲੁਨੀਕੀਆਂ ਦੀ ਰੀਸ ਕਰੋ: ਪੌਲੁਸ ਰਸੂਲ ਨੇ ਥੱਸਲੁਨੀਕੇ ਦੇ ਭਰਾਵਾਂ ਦੀ ਮਿਹਨਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਕਿਹਾ: “ਜੋ ਸਾਡੀ ਖੁਸ਼ ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ ਸਗੋਂ ਸਮਰੱਥਾ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਭੀ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਮਿੱਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਰਾ ਸੀ। ਅਤੇ ਤੁਸੀਂ ਉਸ ਬਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ ਸਾਡੀ ਅਤੇ ਪ੍ਰਭੁ ਦੀ ਰੀਸ ਕਰਨ ਲੱਗ ਪਏ ਸਾਓ।” (1 ਥੱਸ. 1:5, 6, ਟੇਡੇ ਟਾਈਪ ਸਾਡੇ।) ਜੀ ਹਾਂ, ਪੌਲੁਸ ਨੇ ਥੱਸਲੁਨੀਕੀ ਕਲੀਸਿਯਾ ਦੀ ਸ਼ਲਾਘਾ ਕੀਤੀ, ਕਿਉਂਕਿ ਉਨ੍ਹਾਂ ਨੇ ਬਹੁਤ ਜ਼ਿਆਦਾ ਬਿਪਤਾ ਝੱਲਣ ਦੇ ਬਾਵਜੂਦ ਬੜੇ ਜੋਸ਼ ਅਤੇ ਪੂਰੇ ਯਕੀਨ ਨਾਲ ਪ੍ਰਚਾਰ ਕੀਤਾ ਸੀ। ਇਹ ਕਰਨ ਵਿਚ ਉਨ੍ਹਾਂ ਦੀ ਕਿਸ ਗੱਲ ਨੇ ਮਦਦ ਕੀਤੀ? ਸਭ ਤੋਂ ਜ਼ਿਆਦਾ, ਜੋ ਜੋਸ਼ ਅਤੇ ਯਕੀਨ ਉਨ੍ਹਾਂ ਨੇ ਪੌਲੁਸ ਰਸੂਲ ਤੇ ਉਸ ਦੇ ਸੰਗੀ ਮਸੀਹੀਆਂ ਵਿਚ ਦੇਖਿਆ, ਉਸ ਦਾ ਉਨ੍ਹਾਂ ਉੱਤੇ ਵਧੀਆ ਅਸਰ ਪਿਆ। ਉਹ ਕਿਵੇਂ?
7 ਪੌਲੁਸ ਅਤੇ ਉਸ ਦੇ ਸਫ਼ਰੀ ਸਾਥੀਆਂ ਦੀਆਂ ਜ਼ਿੰਦਗੀਆਂ ਨੇ ਦਰਸਾਇਆ ਕਿ ਪਰਮੇਸ਼ੁਰ ਦੀ ਆਤਮਾ ਉਨ੍ਹਾਂ ਉੱਤੇ ਸੀ ਅਤੇ ਉਹ ਜੋ ਵੀ ਪ੍ਰਚਾਰ ਕਰ ਰਹੇ ਸਨ ਉਸ ਉੱਤੇ ਉਨ੍ਹਾਂ ਨੂੰ ਪੂਰੇ ਦਿਲ ਨਾਲ ਯਕੀਨ ਸੀ। ਥੱਸਲੁਨੀਕਾ ਆਉਣ ਤੋਂ ਪਹਿਲਾਂ, ਪੌਲੁਸ ਅਤੇ ਸੀਲਾਸ ਨੂੰ ਫਿੱਲਿਪੈ ਵਿਚ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਸੀ। ਉਨ੍ਹਾਂ ਨੂੰ ਬਿਨਾਂ ਕਿਸੇ ਅਦਾਲਤੀ ਮੁਕੱਦਮੇ ਦੇ ਮਾਰਿਆ-ਕੁੱਟਿਆ ਗਿਆ, ਕੈਦ ਕੀਤਾ ਗਿਆ ਅਤੇ ਬੇੜੀਆਂ ਨਾਲ ਜਕੜਿਆ ਗਿਆ। ਫਿਰ ਵੀ ਇਸ ਅਜ਼ਮਾਇਸ਼ ਨੇ ਉਨ੍ਹਾਂ ਦੇ ਪ੍ਰਚਾਰ ਕਰਨ ਦੇ ਜੋਸ਼ ਨੂੰ ਘਟਾਇਆ ਨਹੀਂ। ਪਰਮੇਸ਼ੁਰ ਦੇ ਦਖ਼ਲ ਦੇਣ ਕਾਰਨ ਉਹ ਰਿਹਾ ਹੋਏ ਜਿਸ ਦੇ ਸਿੱਟੇ ਵਜੋਂ ਦਰੋਗਾ ਅਤੇ ਉਸ ਦਾ ਘਰਾਣਾ ਮਸੀਹੀ ਬਣ ਗਿਆ ਅਤੇ ਇਨ੍ਹਾਂ ਭਰਾਵਾਂ ਲਈ ਪ੍ਰਚਾਰ ਕੰਮ ਜਾਰੀ ਰੱਖਣ ਦਾ ਰਸਤਾ ਖੁੱਲ੍ਹਿਆ।—ਰਸੂ. 16:19-34.
8 ਪਰਮੇਸ਼ੁਰ ਦੀ ਆਤਮਾ ਦੀ ਤਾਕਤ ਨਾਲ ਪੌਲੁਸ ਥੱਸਲੁਨੀਕਾ ਆਇਆ। ਇੱਥੇ ਪੌਲੁਸ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਬਾਅਦ ਵਿਚ ਥੱਸਲੁਨੀਕੇ ਦੇ ਲੋਕਾਂ ਨੂੰ ਸੱਚਾਈ ਸਿਖਾਉਣ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਲਗਾ ਦਿੱਤਾ। ਉਸ ਨੇ ਹਰ ਮੌਕੇ ਤੇ ਪ੍ਰਚਾਰ ਕੀਤਾ। ਉਹ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਿੱਛੇ ਨਹੀਂ ਹੱਟਿਆ। (1 ਥੱਸ. 2:9) ਪੌਲੁਸ ਪੂਰੇ ਯਕੀਨ ਨਾਲ ਪ੍ਰਚਾਰ ਕਰਦਾ ਸੀ ਅਤੇ ਉਸ ਦਾ ਪ੍ਰਚਾਰ ਕਰਨ ਦਾ ਤਰੀਕਾ ਇੰਨਾ ਅਸਰਦਾਰ ਸੀ ਕਿ ਥੱਸਲੁਨੀਕੇ ਦੇ ਕਈ ਲੋਕਾਂ ਨੇ ਮੂਰਤੀ-ਪੂਜਾ ਛੱਡ ਦਿੱਤੀ ਤੇ ਸੱਚੇ ਪਰਮੇਸ਼ੁਰ, ਯਹੋਵਾਹ ਦੇ ਸੇਵਕ ਬਣ ਗਏ।—1 ਥੱਸ. 1:8-10.
9 ਸਤਾਹਟ ਵੀ ਨਵੇਂ ਵਿਸ਼ਵਾਸੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਤੋਂ ਰੋਕ ਨਾ ਸਕੀ। ਥੱਸਲੁਨੀਕੇ ਦੇ ਮਸੀਹੀਆਂ ਨੇ ਬੜੇ ਜੋਸ਼ ਨਾਲ ਸੱਚਾਈ ਨੂੰ ਸਵੀਕਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਨੂੰ ਸਦੀਵੀ ਬਰਕਤਾਂ ਜ਼ਰੂਰ ਮਿਲਣਗੀਆਂ। ਉਹ ਇਸ ਨਵੀਂ-ਨਵੀਂ ਸਿੱਖੀ ਸੱਚਾਈ ਨੂੰ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਿਤ ਹੋਏ। ਇਹ ਕਲੀਸਿਯਾ ਇੰਨੀ ਸਰਗਰਮ ਸੀ ਕਿ ਉਨ੍ਹਾਂ ਦੀ ਨਿਹਚਾ ਅਤੇ ਜੋਸ਼ ਦੀ ਖ਼ਬਰ ਮਕਦੂਨਿਯਾ ਦੇ ਦੂਜੇ ਹਿੱਸਿਆਂ ਵਿਚ ਅਤੇ ਇੱਥੋਂ ਤਕ ਕਿ ਅਖਾਯਾ ਵਿਚ ਵੀ ਫੈਲ ਗਈ। ਇਸ ਲਈ, ਜਦੋਂ ਪੌਲੁਸ ਨੇ ਥੱਸਲੁਨੀਕੀਆਂ ਨੂੰ ਆਪਣੀ ਪਹਿਲੀ ਪੱਤਰੀ ਲਿਖੀ ਉਸ ਤੋਂ ਪਹਿਲਾਂ ਹੀ ਉਹ ਆਪਣੇ ਚੰਗੇ ਕੰਮਾਂ ਲਈ ਜਾਣੇ ਜਾਂਦੇ ਸਨ। (1 ਥੱਸ. 1:7) ਕਿੰਨੀ ਵਧੀਆ ਮਿਸਾਲ!
10 ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਤੋਂ ਪ੍ਰੇਰਿਤ ਹੋਏ: ਪਰ ਅੱਜ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਥੱਸਲੁਨੀਕੇ ਦੇ ਲੋਕਾਂ ਵਾਂਗ ਆਪਣਾ ਪੱਕਾ ਯਕੀਨ ਕਿਵੇਂ ਬਣਾਈ ਰੱਖ ਸਕਦੇ ਹਾਂ? ਉਨ੍ਹਾਂ ਬਾਰੇ ਪੌਲੁਸ ਨੇ ਲਿਖਿਆ: ‘ਅਸੀਂ ਤੁਹਾਡੀ ਨਿਹਚਾ ਦੇ ਕੰਮ ਅਤੇ ਪ੍ਰੇਮ ਦੀ ਮਿਹਨਤ ਨੂੰ ਨਿੱਤ ਚੇਤੇ ਕਰਦੇ ਹਾਂ।’ (1 ਥੱਸ. 1:3) ਇਹ ਜ਼ਾਹਰ ਹੈ ਕਿ ਉਹ ਯਹੋਵਾਹ ਪਰਮੇਸ਼ੁਰ ਨਾਲ ਅਤੇ ਪ੍ਰਚਾਰ ਦੌਰਾਨ ਮਿਲਣ ਵਾਲੇ ਲੋਕਾਂ ਨਾਲ ਡੂੰਘਾ ਅਤੇ ਦਿਲੋਂ ਪਿਆਰ ਕਰਦੇ ਸਨ। ਇਹ ਉਹੀ ਪਿਆਰ ਹੈ ਜਿਸ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਥੱਸਲੁਨੀਕੇ ਦੇ ਲੋਕਾਂ ਨੂੰ “ਨਿਰੀ ਪਰਮੇਸ਼ੁਰ ਦੀ ਖੁਸ਼ ਖਬਰੀ ਨਹੀਂ ਸਗੋਂ ਆਪਣੀ ਜਾਨ ਭੀ ਦੇਣ” ਲਈ ਪ੍ਰੇਰਿਤ ਕੀਤਾ।—1 ਥੱਸ. 2:8.
11 ਇਸੇ ਤਰ੍ਹਾਂ, ਯਹੋਵਾਹ ਅਤੇ ਆਪਣੇ ਸੰਗੀ ਮਨੁੱਖਾਂ ਨਾਲ ਡੂੰਘਾ ਪਿਆਰ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲਈਏ। ਅਜਿਹੇ ਪਿਆਰ ਕਰਕੇ ਅਸੀਂ ਮੰਨਦੇ ਹਾਂ ਕਿ ਖ਼ੁਸ਼ ਖ਼ਬਰੀ ਫੈਲਾਉਣ ਦੀ ਸਾਡੀ ਪਰਮੇਸ਼ੁਰ-ਦਿੱਤ ਜ਼ਿੰਮੇਵਾਰੀ ਹੈ। ਯਹੋਵਾਹ ਨੇ ਸਾਡਾ ਧਿਆਨ “ਅਸਲ ਜੀਵਨ” ਵੱਲ ਮੋੜਨ ਲਈ ਜੋ ਕੁਝ ਕੀਤਾ ਹੈ ਉਸ ਉੱਤੇ ਚੰਗੇ ਤਰੀਕੇ ਅਤੇ ਕਦਰਦਾਨੀ ਨਾਲ ਮਨਨ ਕਰਨ ਕਰਕੇ, ਅਸੀਂ ਦੂਸਰਿਆਂ ਨੂੰ ਅਜਿਹੀਆਂ ਵਧੀਆ ਸੱਚਾਈਆਂ ਦੱਸਣ ਲਈ ਪ੍ਰੇਰਿਤ ਹੁੰਦੇ ਹਾਂ ਜਿਨ੍ਹਾਂ ਉੱਤੇ ਅਸੀਂ ਖ਼ੁਦ ਆਪਣੇ ਪੂਰੇ ਮਨ ਨਾਲ ਯਕੀਨ ਕਰਦੇ ਹਾਂ।—1 ਤਿਮੋ. 6:19.
12 ਜਿਉਂ-ਜਿਉਂ ਅਸੀਂ ਪ੍ਰਚਾਰ ਕੰਮ ਵਿਚ ਰੁੱਝੇ ਰਹਿੰਦੇ ਹਾਂ ਤਿਉਂ-ਤਿਉਂ ਸਾਡਾ ਪਿਆਰ ਯਹੋਵਾਹ ਅਤੇ ਲੋਕਾਂ ਨਾਲ ਲਗਾਤਾਰ ਵਧਦਾ ਜਾਣਾ ਚਾਹੀਦਾ ਹੈ। ਜਦੋਂ ਪਿਆਰ ਵਧਦਾ ਹੈ, ਤਾਂ ਸਾਨੂੰ ਘਰ-ਘਰ ਦੀ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਦੀ ਹੱਲਾਸ਼ੇਰੀ ਮਿਲਦੀ ਹੈ ਤੇ ਅਸੀਂ ਹੋਰ ਕਈ ਤਰੀਕਿਆਂ ਨਾਲ ਵੀ ਗਵਾਹੀ ਦਿਆਂਗੇ। ਅਸੀਂ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਜਾਣ-ਪਛਾਣ ਵਾਲਿਆਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਵਾਂਗੇ। ਭਾਵੇਂ ਕਿ ਜ਼ਿਆਦਾਤਰ ਲੋਕ ਖ਼ੁਸ਼ ਖ਼ਬਰੀ ਨੂੰ ਠੁਕਰਾਉਣ ਅਤੇ ਇਸ ਦੇ ਐਲਾਨ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ, ਪਰ ਫਿਰ ਵੀ ਅਸੀਂ ਦਿਲੋਂ ਖ਼ੁਸ਼ ਹੁੰਦੇ ਹਾਂ। ਕਿਉਂ? ਕਿਉਂਕਿ ਅਸੀਂ ਜਾਣਦੇ ਹਾਂ ਕਿ ਅਸੀਂ ਰਾਜ ਬਾਰੇ ਗਵਾਹੀ ਦੇਣ ਅਤੇ ਲੋਕਾਂ ਨੂੰ ਮੁਕਤੀ ਹਾਸਲ ਕਰਨ ਵਿਚ ਮਦਦ ਦੇਣ ਲਈ ਆਪਣੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਯਹੋਵਾਹ ਅੱਗੋਂ ਵੀ ਨੇਕਦਿਲ ਵਿਅਕਤੀਆਂ ਨੂੰ ਲੱਭਣ ਵਿਚ ਸਾਡੀਆਂ ਕੋਸ਼ਿਸ਼ਾਂ ਉੱਤੇ ਬਰਕਤ ਦਿੰਦਾ ਰਹੇਗਾ। ਜਦੋਂ ਜ਼ਿੰਦਗੀ ਦੇ ਦਬਾਅ ਵਧਦੇ ਜਾਂਦੇ ਹਨ ਤੇ ਸ਼ਤਾਨ ਸਾਡੀ ਖ਼ੁਸ਼ੀ ਨੂੰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਵੀ ਅਸੀਂ ਦੂਸਰਿਆਂ ਨੂੰ ਆਪਣੇ ਪੂਰੇ ਯਕੀਨ ਅਤੇ ਜੋਸ਼ ਨਾਲ ਗਵਾਹੀ ਦੇਣੀ ਜਾਰੀ ਰੱਖਾਂਗੇ। ਜਦੋਂ ਅਸੀਂ ਸਾਰੇ ਇਸ ਤਰ੍ਹਾਂ ਕਰਾਂਗੇ, ਤਾਂ ਸਿੱਟੇ ਵਜੋਂ ਥੱਸਲੁਨੀਕੇ ਦੀ ਕਲੀਸਿਯਾ ਵਾਂਗ ਸਾਡੀਆਂ ਕਲੀਸਿਯਾਵਾਂ ਵੀ ਮਜ਼ਬੂਤ ਤੇ ਜੋਸ਼ੀਲੀਆਂ ਬਣਨਗੀਆਂ।
13 ਅਜ਼ਮਾਇਸ਼ਾਂ ਦੌਰਾਨ ਹਾਰ ਨਾ ਮੰਨੋ: ਜਦੋਂ ਅਸੀਂ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਉਦੋਂ ਵੀ ਪੱਕੇ ਯਕੀਨ ਦੀ ਬਹੁਤ ਲੋੜ ਹੈ। (1 ਪਤ. 1:6, 7) ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸਿਆ ਕਿ ਜੇਕਰ ਉਹ ਉਸ ਦੀ ਰੀਸ ਕਰਨਗੇ, ਤਾਂ ਉਨ੍ਹਾਂ ਨਾਲ ‘ਸਾਰੀਆਂ ਕੌਮਾਂ ਵੈਰ ਰੱਖਣਗੀਆਂ।’ (ਮੱਤੀ 24:9) ਪੌਲੁਸ ਅਤੇ ਸੀਲਾਸ ਨੂੰ ਫ਼ਿਲਿੱਪੈ ਵਿਚ ਇਸੇ ਤਰ੍ਹਾਂ ਦਾ ਹੀ ਤਜਰਬਾ ਹੋਇਆ। ਰਸੂਲਾਂ ਦੇ ਕਰਤੱਬ ਦੇ 16ਵੇਂ ਅਧਿਆਇ ਦਾ ਬਿਰਤਾਂਤ ਦੱਸਦਾ ਹੈ ਕਿ ਪੌਲੁਸ ਅਤੇ ਸੀਲਾਸ ਨੂੰ ਕਾਲ-ਕੋਠਰੀ ਵਿਚ ਸੁੱਟ ਕੇ ਬੇੜੀਆਂ ਨਾਲ ਜਕੜ ਦਿੱਤਾ ਗਿਆ। ਆਮ ਤੌਰ ਤੇ, ਜੇਲ੍ਹ ਇਕ ਤਰ੍ਹਾਂ ਦਾ ਵਿਹੜਾ ਜਾਂ ਖੁੱਲ੍ਹੀ ਥਾਂ ਹੁੰਦੀ ਸੀ ਜਿਸ ਦੇ ਆਲੇ-ਦੁਆਲੇ ਕੋਠਰੀਆਂ ਹੁੰਦੀਆਂ ਸਨ ਅਤੇ ਜਿੱਥੇ ਕਾਫ਼ੀ ਰੌਸ਼ਨੀ ਅਤੇ ਹਵਾ ਆਉਂਦੀ ਸੀ। ਪਰ, ਕਾਲ-ਕੋਠਰੀ ਵਿਚ ਕਿਸੇ ਵੀ ਤਰ੍ਹਾਂ ਦੀ ਰੋਸ਼ਨੀ ਦਾ ਇੰਤਜ਼ਾਮ ਨਹੀਂ ਸੀ ਅਤੇ ਉੱਥੇ ਹਵਾ ਬਹੁਤ ਹੀ ਘੱਟ ਆਉਂਦੀ ਸੀ। ਪੌਲੁਸ ਅਤੇ ਸੀਲਾਸ ਨੂੰ ਕੈਦ ਵਿਚ ਹਨੇਰੇ, ਗਰਮੀ ਅਤੇ ਸੜਿਆਂਦ ਨੂੰ ਸਹਿਣਾ ਪਿਆ। ਉਨ੍ਹਾਂ ਨੂੰ ਕਈ ਘੰਟਿਆਂ ਤਕ ਬੇੜੀਆਂ ਵਿਚ ਜਕੜਿਆ ਗਿਆ ਅਤੇ ਕੋਰੜੇ ਦੀ ਮਾਰ ਤੋਂ ਉਨ੍ਹਾਂ ਦੀਆਂ ਪਿੱਠਾਂ ਵਿੱਚੋਂ ਲਹੂ ਨਿਕਲਦਾ ਸੀ। ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਨ੍ਹਾਂ ਨੂੰ ਕਿੰਨਾ ਦੁੱਖ ਸਹਿਣਾ ਪਿਆ ਹੋਵੇਗਾ?
14 ਇਨ੍ਹਾਂ ਅਜ਼ਮਾਇਸ਼ਾਂ ਦੇ ਬਾਵਜੂਦ ਵੀ ਪੌਲੁਸ ਅਤੇ ਸੀਲਾਸ ਵਫ਼ਾਦਾਰ ਰਹੇ। ਉਨ੍ਹਾਂ ਨੇ ਆਪਣਾ ਦਿਲੀ ਯਕੀਨ ਦਿਖਾਇਆ ਅਤੇ ਉਹ ਪਰੀਖਿਆ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰਨ ਲਈ ਡਟੇ ਰਹੇ। ਉਨ੍ਹਾਂ ਦੇ ਯਕੀਨ ਬਾਰੇ ਅਧਿਆਇ 16 ਦੀ 25ਵੀਂ ਆਇਤ ਵਿਚ ਦੱਸਿਆ ਗਿਆ ਹੈ ਕਿ ਪੌਲੁਸ ਅਤੇ ਸੀਲਾਸ “ਪ੍ਰਾਰਥਨਾ ਕਰਦੇ ਅਤੇ ਪਰਮੇਸ਼ੁਰ ਦਾ ਭਜਨ ਗਾਉਂਦੇ” ਰਹੇ। ਭਾਵੇਂ ਕਿ ਉਹ ਕਾਲ-ਕੋਠਰੀ ਵਿਚ ਸਨ ਪਰ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਵਿਚ ਇੰਨਾ ਜ਼ਿਆਦਾ ਯਕੀਨ ਸੀ ਕਿ ਉਹ ਉੱਚੀ-ਉੱਚੀ ਭਜਨ ਗਾਉਣ ਲੱਗ ਪਏ ਜਿਨ੍ਹਾਂ ਨੂੰ ਦੂਸਰੇ ਕੈਦੀਆਂ ਨੇ ਵੀ ਸੁਣਿਆ! ਅੱਜ ਜਦੋਂ ਸਾਡੀ ਵੀ ਨਿਹਚਾ ਦੀ ਪਰੀਖਿਆ ਹੁੰਦੀ ਹੈ, ਤਾਂ ਸਾਨੂੰ ਵੀ ਅਜਿਹਾ ਹੀ ਯਕੀਨ ਹੋਣਾ ਚਾਹੀਦਾ ਹੈ।
15 ਇਬਲੀਸ ਸਾਡੇ ਉੱਤੇ ਕਈ ਤਰ੍ਹਾਂ ਦੀਆਂ ਅਜ਼ਮਾਇਸ਼ਾਂ ਲਿਆਉਂਦਾ ਹੈ। ਕਈ ਭੈਣ-ਭਰਾਵਾਂ ਨੂੰ ਪਰਿਵਾਰ ਵੱਲੋਂ ਸਤਾਹਟ ਆਉਂਦੀ ਹੈ। ਸਾਡੇ ਬਹੁਤ ਸਾਰੇ ਭੈਣ-ਭਰਾ ਕਾਨੂੰਨੀ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਧਰਮ-ਤਿਆਗੀਆਂ ਵੱਲੋਂ ਵੀ ਵਿਰੋਧ ਆ ਸਕਦਾ ਹੈ। ਰੁਪਏ-ਪੈਸੇ ਦੀ ਸਮੱਸਿਆ ਜਾਂ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਰੋਜ਼ੀ-ਰੋਟੀ ਕਿਵੇਂ ਕਮਾਈ ਜਾਵੇ। ਨੌਜਵਾਨਾਂ ਨੂੰ ਸਕੂਲ ਵਿਚ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਸੀਂ ਇਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ? ਪੱਕਾ ਯਕੀਨ ਦਿਖਾਉਣ ਲਈ ਕਿਹੜੀ ਚੀਜ਼ ਲੋੜੀਂਦੀ ਹੈ?
16 ਸਭ ਤੋਂ ਪਹਿਲਾਂ ਤਾਂ ਸਾਨੂੰ ਯਹੋਵਾਹ ਦੇ ਨਾਲ ਨਿੱਜੀ ਅਤੇ ਨਜ਼ਦੀਕੀ ਰਿਸ਼ਤਾ ਕਾਇਮ ਰੱਖਣ ਦੀ ਲੋੜ ਹੈ। ਜਦੋਂ ਪੌਲੁਸ ਅਤੇ ਸੀਲਾਸ ਕਾਲ-ਕੋਠਰੀ ਵਿਚ ਸਨ, ਤਾਂ ਉਨ੍ਹਾਂ ਨੇ ਉਸ ਵੇਲੇ ਆਪਣੀ ਹਾਲਤ ਬਾਰੇ ਸ਼ਿਕਾਇਤ ਨਹੀਂ ਕੀਤੀ ਜਾਂ ਆਪਣੇ ਆਪ ਤੇ ਕੋਈ ਅਫ਼ਸੋਸ ਨਹੀਂ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੇ ਫ਼ੌਰਨ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਭਜਨ ਗਾ ਕੇ ਉਸ ਦੀ ਵਡਿਆਈ ਕੀਤੀ। ਕਿਉਂ? ਕਿਉਂਕਿ ਉਨ੍ਹਾਂ ਦਾ ਆਪਣੇ ਸਵਰਗੀ ਪਿਤਾ ਨਾਲ ਇਕ ਨਿੱਜੀ ਅਤੇ ਨਜ਼ਦੀਕੀ ਰਿਸ਼ਤਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਹ ਧਾਰਮਿਕਤਾ ਕਰਕੇ ਦੁੱਖ ਝੱਲ ਰਹੇ ਸਨ ਅਤੇ ਉਨ੍ਹਾਂ ਦੀ ਮੁਕਤੀ ਯਹੋਵਾਹ ਦੇ ਹੱਥਾਂ ਵਿਚ ਸੀ।—ਜ਼ਬੂ. 3:8.
17 ਅੱਜ ਜਦੋਂ ਅਸੀਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਯਹੋਵਾਹ ਕੋਲੋਂ ਮਦਦ ਮੰਗਣੀ ਚਾਹੀਦੀ ਹੈ। ਮਸੀਹੀਆਂ ਵਜੋਂ ਪੌਲੁਸ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ‘ਸਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਸਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।’ (ਫ਼ਿਲਿ. 4:6, 7) ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਅਜ਼ਮਾਇਸ਼ਾਂ ਦੌਰਾਨ ਸਾਨੂੰ ਇਕੱਲਾ ਨਹੀਂ ਛੱਡੇਗਾ! (ਯਸਾ. 41:10) ਜਦ ਤਕ ਅਸੀਂ ਪੂਰੇ ਯਕੀਨ ਨਾਲ ਉਸ ਦੀ ਸੇਵਾ ਕਰਦੇ ਰਹਿੰਦੇ ਹਾਂ, ਤਦ ਤਕ ਉਹ ਹਮੇਸ਼ਾ ਸਾਡੇ ਅੰਗ-ਸੰਗ ਰਹੇਗਾ।—ਜ਼ਬੂ. 46:7.
18 ਆਪਣਾ ਯਕੀਨ ਦਿਖਾਉਣ ਵਿਚ ਇਕ ਹੋਰ ਗੱਲ ਮਦਦਗਾਰ ਹੋ ਸਕਦੀ ਹੈ—ਉਹ ਹੈ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿਣਾ। (1 ਕੁਰਿੰ. 15:58) ਪੌਲੁਸ ਅਤੇ ਸੀਲਾਸ ਨੂੰ ਇਸ ਕਰਕੇ ਜੇਲ੍ਹ ਵਿਚ ਸੁੱਟਿਆ ਗਿਆ, ਕਿਉਂਕਿ ਉਹ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਹਮੇਸ਼ਾ ਰੁੱਝੇ ਰਹਿੰਦੇ ਸਨ। ਕੀ ਉਨ੍ਹਾਂ ਨੇ ਅਜ਼ਮਾਇਸ਼ਾਂ ਕਰਕੇ ਪ੍ਰਚਾਰ ਕਰਨਾ ਬੰਦ ਕਰ ਦਿੱਤਾ? ਬਿਲਕੁਲ ਨਹੀਂ, ਉਹ ਜੇਲ੍ਹ ਵਿਚ ਵੀ ਪ੍ਰਚਾਰ ਕਰਦੇ ਰਹੇ। ਅਤੇ ਜਦੋਂ ਉਨ੍ਹਾਂ ਨੂੰ ਰਿਹਾ ਕੀਤਾ ਗਿਆ, ਤਾਂ ਉਹ ਥੱਸਲੁਨੀਕਾ ਚਲੇ ਗਏ ਤੇ ਯਹੂਦੀਆਂ ਦੀ ਇਕ ਸਮਾਜ ਵਿਚ ‘ਲਿਖਤਾਂ ਵਿੱਚੋਂ ਉਨ੍ਹਾਂ ਨੂੰ ਬਚਨ ਸੁਣਾਉਂਦੇ’ ਰਹੇ। (ਰਸੂ. 17:1-3) ਜੇ ਸਾਨੂੰ ਯਹੋਵਾਹ ਵਿਚ ਪੱਕਾ ਵਿਸ਼ਵਾਸ ਹੈ ਅਤੇ ਅਸੀਂ ਇਸ ਗੱਲ ਤੋਂ ਕਾਇਲ ਹੋ ਚੁੱਕੇ ਹਾਂ ਕਿ ਸਾਡੇ ਕੋਲ ਸੱਚਾਈ ਹੈ, ਤਾਂ ਕੋਈ ਵੀ ਚੀਜ਼ ‘ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਨਾ ਕਰ ਸੱਕੇਗੀ।’—ਰੋਮੀ. 8:35-39.
19 ਅੱਜ ਪੂਰਾ ਯਕੀਨ ਰੱਖਣ ਵਾਲੇ ਲੋਕਾਂ ਦੀਆਂ ਉਦਾਹਰਣਾਂ: ਸਾਡੇ ਸਮੇਂ ਵਿਚ ਬਹੁਤ ਸਾਰੇ ਭੈਣ-ਭਰਾਵਾਂ ਦੀਆਂ ਖ਼ਾਸ ਉਦਾਹਰਣਾਂ ਹਨ ਜਿਨ੍ਹਾਂ ਨੇ ਪੌਲੁਸ ਅਤੇ ਸੀਲਾਸ ਵਾਂਗ ਪੱਕਾ ਯਕੀਨ ਦਿਖਾਇਆ ਹੈ। ਆਉਸ਼ਵਿਟਜ਼ ਨਜ਼ਰਬੰਦੀ-ਕੈਂਪ ਵਿੱਚੋਂ ਜ਼ਿੰਦਾ ਬਚੀ ਇਕ ਭੈਣ ਦੱਸਦੀ ਹੈ ਕਿ ਉਸ ਸਮੇਂ ਭੈਣਾਂ-ਭਰਾਵਾਂ ਨੇ ਕਿਵੇਂ ਅਡੋਲ ਨਿਹਚਾ ਅਤੇ ਯਕੀਨ ਦਿਖਾਇਆ। ਉਹ ਦੱਸਦੀ ਹੈ: “ਮੇਰੀ ਪੁੱਛ-ਗਿੱਛ ਦੌਰਾਨ, ਇਕ ਅਫ਼ਸਰ ਬੜੇ ਗੁੱਸੇ ਵਿਚ ਮੇਰੇ ਕੋਲ ਆਇਆ। ਉਸ ਨੇ ਚਿਲਾਉਂਦੇ ਹੋਏ ਕਿਹਾ: ‘ਤੁਹਾਡੇ ਨਾਲ ਅਸੀਂ ਕੀ ਕਰੀਏ? ਜੇ ਅਸੀਂ ਤੁਹਾਨੂੰ ਗਿਰਫ਼ਤਾਰ ਕਰੀਏ, ਤਾਂ ਤੁਹਾਨੂੰ ਕੋਈ ਪਰਵਾਹ ਨਹੀਂ। ਜੇ ਅਸੀਂ ਤੁਹਾਨੂੰ ਜੇਲ੍ਹਾਂ ਵਿਚ ਬੰਦ ਕਰੀਏ, ਤਾਂ ਤੁਸੀਂ ਭੋਰਾ ਨਹੀਂ ਡਰਦੇ। ਜੇ ਨਜ਼ਰਬੰਦੀ-ਕੈਂਪ ਵਿਚ ਤੁਹਾਨੂੰ ਭੇਜੀਏ, ਤਾਂ ਵੀ ਤੁਹਾਨੂੰ ਕੋਈ ਫ਼ਿਕਰ ਨਹੀਂ। ਜਦੋਂ ਅਸੀਂ ਤੁਹਾਨੂੰ ਸਜ਼ਾ-ਏ-ਮੌਤ ਦਿੰਦੇ ਹਾਂ, ਤਾਂ ਤੁਸੀਂ ਬੇਫ਼ਿਕਰ ਹੋ ਕੇ ਖੜ੍ਹੇ ਰਹਿੰਦੇ ਹੋ। ਤੁਹਾਡੇ ਨਾਲ ਅਸੀਂ ਕਰੀਏ ਤਾਂ ਕੀ ਕਰੀਏ?’” ਅਜਿਹੇ ਬੁਰੇ ਹਾਲਾਤਾਂ ਵਿਚ ਆਪਣੇ ਭੈਣਾਂ-ਭਰਾਵਾਂ ਦੀ ਨਿਹਚਾ ਨੂੰ ਦੇਖ ਕੇ ਸਾਡੀ ਸਾਰਿਆਂ ਦੀ ਨਿਹਚਾ ਕਿੰਨੀ ਮਜ਼ਬੂਤ ਹੁੰਦੀ ਹੈ! ਇਨ੍ਹਾਂ ਹਾਲਾਤਾਂ ਨੂੰ ਸਹਿਣ ਕਰਨ ਲਈ ਉਹ ਲਗਾਤਾਰ ਮਦਦ ਵਾਸਤੇ ਯਹੋਵਾਹ ਵੱਲ ਦੇਖਦੇ ਹਨ।
20 ਨਿਰਸੰਦੇਹ ਅਸੀਂ ਉਨ੍ਹਾਂ ਭੈਣ-ਭਰਾਵਾਂ ਦੇ ਪੱਕੇ ਯਕੀਨ ਨੂੰ ਵੀ ਨਹੀਂ ਭੁੱਲਦੇ ਜਿਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿਚ ਜਾਤ-ਪਾਤ ਦੀਆਂ ਲੜਾਈਆਂ ਨੂੰ ਸਹਿਆ ਹੈ। ਖ਼ਤਰਨਾਕ ਹਾਲਾਤਾਂ ਦੇ ਬਾਵਜੂਦ, ਜ਼ਿੰਮੇਵਾਰ ਭਰਾਵਾਂ ਦਾ ਇਹੀ ਇਰਾਦਾ ਰਿਹਾ ਹੈ ਕਿ ਉਨ੍ਹਾਂ ਦੇ ਭੈਣਾਂ-ਭਰਾਵਾਂ ਨੂੰ ਅਧਿਆਤਮਿਕ ਤੌਰ ਤੇ ਭੋਜਨ ਦੀ ਘਾਟ ਨਾ ਹੋਵੇ। ਸਾਰੇ ਭੈਣ-ਭਰਾ ਇਸ ਪੂਰੇ ਯਕੀਨ ਨਾਲ ਵਫ਼ਾਦਾਰ ਰਹਿੰਦੇ ਹਨ ਕਿ ‘ਉਨ੍ਹਾਂ ਵਿਰੁੱਧ ਬਣਾਇਆ ਗਿਆ ਹਰ ਹਥਿਆਰ ਨਿਕੰਮਾ ਹੋਵੇਗਾ।’—ਯਸਾ. 54:17.
21 ਸਾਡੇ ਬਹੁਤ ਸਾਰੇ ਭੈਣ-ਭਰਾ ਆਪਣੇ ਅਵਿਸ਼ਵਾਸੀ ਸਾਥੀਆਂ ਨਾਲ ਰਹਿੰਦੇ ਹੋਏ ਮਜ਼ਬੂਤ ਨਿਹਚਾ ਅਤੇ ਧੀਰਜ ਦਿਖਾ ਰਹੇ ਹਨ। ਗਵਾਡਲੂਪ ਵਿਚ ਇਕ ਭਰਾ ਨੂੰ ਆਪਣੀ ਪਤਨੀ ਵੱਲੋਂ ਬਹੁਤ ਜ਼ਿਆਦਾ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਉਸ ਦੀ ਪਤਨੀ ਉਸ ਨੂੰ ਨਿਰਾਸ਼ ਕਰਨ ਅਤੇ ਮਸੀਹੀ ਸਭਾਵਾਂ ਵਿਚ ਜਾਣ ਤੋਂ ਰੋਕਣ ਲਈ ਨਾ ਤਾਂ ਖਾਣਾ ਬਣਾਉਂਦੀ, ਨਾ ਹੀ ਉਸ ਦੇ ਕੱਪੜਿਆਂ ਨੂੰ ਧੋਂਦੀ, ਨਾ ਹੀ ਪ੍ਰੈਸ ਕਰਦੀ ਅਤੇ ਨਾ ਹੀ ਫਟੇ ਕੱਪੜਿਆਂ ਨੂੰ ਸੀਉਂਦੀ ਸੀ। ਕਦੀ-ਕਦੀ ਉਹ ਉਸ ਨਾਲ ਵੀ ਗੱਲ-ਬਾਤ ਕਰਨੀ ਬੰਦ ਕਰ ਦਿੰਦੀ ਸੀ। ਪਰ ਯਹੋਵਾਹ ਦੀ ਸੇਵਾ ਵਿਚ ਦਿਲੋਂ ਯਕੀਨ ਦਿਖਾਉਣ ਅਤੇ ਪ੍ਰਾਰਥਨਾ ਵਿਚ ਉਸ ਕੋਲੋਂ ਮਦਦ ਲੈਣ ਦੁਆਰਾ ਉਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਹਿ ਸਕਿਆ। ਕਿੰਨੇ ਚਿਰ ਤਕ? ਕੁਝ 20 ਸਾਲਾਂ ਬਾਅਦ ਉਸ ਦੀ ਪਤਨੀ ਦਾ ਮਨ ਹੌਲੀ-ਹੌਲੀ ਬਦਲ ਗਿਆ। ਬਾਅਦ ਵਿਚ ਉਹ ਉਦੋਂ ਬਹੁਤ ਖ਼ੁਸ਼ ਹੋਇਆ ਜਦੋਂ ਉਸ ਦੀ ਪਤਨੀ ਸੱਚਾਈ ਵਿਚ ਆ ਗਈ।
22 ਆਖ਼ਰ ਵਿਚ, ਸਾਨੂੰ ਆਪਣੇ ਨੌਜਵਾਨ ਭੈਣਾਂ-ਭਰਾਵਾਂ ਦੇ ਪੱਕੇ ਯਕੀਨ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੋ ਹਰ ਦਿਨ ਸਕੂਲਾਂ ਵਿਚ ਹਾਣੀਆਂ ਦੇ ਦਬਾਅ ਅਤੇ ਹੋਰ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਸਕੂਲ ਵਿਚ ਆਉਣ ਵਾਲੇ ਦਬਾਵਾਂ ਬਾਰੇ ਇਕ ਨੌਜਵਾਨ ਗਵਾਹ ਭੈਣ ਦੱਸਦੀ ਹੈ: “ਜਦੋਂ ਤੁਸੀਂ ਸਕੂਲ ਵਿਚ ਹੁੰਦੇ ਹੋ, ਤਾਂ ਹਰ ਕੋਈ ਹਮੇਸ਼ਾ ਤੁਹਾਨੂੰ ਥੋੜ੍ਹੀ-ਬਹੁਤੀ ਬਗਾਵਤ ਕਰਨ ਲਈ ਉਕਸਾਉਂਦਾ ਹੈ। ਦੂਜੇ ਮੁੰਡੇ-ਕੁੜੀਆਂ ਉਦੋਂ ਤੁਹਾਡਾ ਜ਼ਿਆਦਾ ਆਦਰ ਕਰਦੇ ਹਨ ਜਦੋਂ ਤੁਸੀਂ ਕੋਈ ਬਗਾਵਤੀ ਕੰਮ ਕਰਦੇ ਹੋ।” ਸਾਡੇ ਨੌਜਵਾਨ ਭੈਣ-ਭਰਾ ਕਿੰਨਾ ਦਬਾਅ ਸਹਿੰਦੇ ਹਨ! ਇਨ੍ਹਾਂ ਪਰਤਾਵਿਆਂ ਦਾ ਵਿਰੋਧ ਕਰਨ ਲਈ ਉਨ੍ਹਾਂ ਨੂੰ ਆਪਣੇ ਦਿਲ ਅਤੇ ਦਿਮਾਗ਼ ਵਿਚ ਦ੍ਰਿੜ੍ਹ ਹੋਣ ਦੀ ਲੋੜ ਹੈ।
23 ਸਾਡੇ ਕਈ ਨੌਜਵਾਨ ਭੈਣ-ਭਰਾ ਅਜ਼ਮਾਇਸ਼ਾਂ ਦੇ ਬਾਵਜੂਦ ਆਪਣੀ ਖਰਿਆਈ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫ਼ਰਾਂਸ ਦੀ ਇਕ ਭੈਣ ਦੀ ਮਿਸਾਲ ਉੱਤੇ ਗੌਰ ਕਰੋ। ਇਕ ਦਿਨ ਦੁਪਹਿਰ ਦੇ ਖਾਣੇ ਤੋਂ ਬਾਅਦ ਕੁਝ ਮੁੰਡੇ ਉਸ ਨਾਲ ਜ਼ਬਰਦਸਤੀ ਕਰਨ ਲੱਗੇ ਕਿ ਭੈਣ ਉਨ੍ਹਾਂ ਨੂੰ ਚੁੰਮਣ ਦੇਵੇ। ਪਰ ਉਸ ਨੇ ਪ੍ਰਾਰਥਨਾ ਕੀਤੀ ਅਤੇ ਬੜੀ ਦਲੇਰੀ ਨਾਲ ਇਨਕਾਰ ਕੀਤਾ ਜਿਸ ਕਰਕੇ ਮੁੰਡੇ ਉਸ ਨੂੰ ਛੱਡ ਕੇ ਚਲੇ ਗਏ। ਬਾਅਦ ਵਿਚ ਇਕ ਮੁੰਡਾ ਉਸ ਕੋਲ ਵਾਪਸ ਆਇਆ ਅਤੇ ਉਸ ਨੇ ਕਿਹਾ ਕਿ ਉਹ ਇਸ ਦਲੇਰੀ ਲਈ ਉਸ ਦੀ ਸ਼ਲਾਘਾ ਕਰਦਾ ਹੈ। ਭੈਣ ਨੇ ਉਸ ਨੂੰ ਰਾਜ ਬਾਰੇ ਇਕ ਚੰਗੀ ਗਵਾਹੀ ਦਿੱਤੀ ਅਤੇ ਦੱਸਿਆ ਕਿ ਜਿਹੜੇ ਯਹੋਵਾਹ ਤੋਂ ਬਰਕਤਾਂ ਹਾਸਲ ਕਰਨੀਆਂ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਉੱਚੇ ਮਿਆਰਾਂ ਮੁਤਾਬਕ ਚੱਲਣਾ ਹੋਵੇਗਾ। ਉਸ ਸਾਲ ਉਸ ਨੇ ਆਪਣੇ ਸਕੂਲ ਵਿਚ ਸਾਰੀ ਕਲਾਸ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਿਆ।
24 ਸਾਡੇ ਕੋਲ ਉਨ੍ਹਾਂ ਲੋਕਾਂ ਵਿਚ ਗਿਣੇ ਜਾਣ ਦਾ ਕਿੰਨਾ ਹੀ ਵੱਡਾ ਵਿਸ਼ੇਸ਼-ਸਨਮਾਨ ਹੈ ਜਿਨ੍ਹਾਂ ਨੂੰ ਯਹੋਵਾਹ ਆਪਣੀ ਇੱਛਾ ਬਾਰੇ ਪੂਰੇ ਯਕੀਨ ਨਾਲ ਦੱਸਣ ਲਈ ਖ਼ੁਸ਼ੀ ਨਾਲ ਇਸਤੇਮਾਲ ਕਰਦਾ ਹੈ! (ਕੁਲੁ. 4:12) ਇਸ ਤੋਂ ਇਲਾਵਾ, ਜਦੋਂ ਸ਼ੇਰ ਵਰਗਾ ਸਾਡਾ ਵਿਰੋਧੀ ਸ਼ਤਾਨ ਸਾਡੇ ਉੱਤੇ ਹਮਲਾ ਕਰਦਾ ਹੈ, ਤਾਂ ਸਾਨੂੰ ਆਪਣੀ ਖਰਿਆਈ ਸਾਬਤ ਕਰਨ ਦਾ ਖ਼ਾਸ ਮੌਕਾ ਮਿਲਦਾ ਹੈ। (1 ਪਤ. 5:8, 9) ਇਹ ਕਦੀ ਨਾ ਭੁੱਲੋ ਕਿ ਯਹੋਵਾਹ ਰਾਜ ਸੰਦੇਸ਼ ਰਾਹੀਂ ਸਾਨੂੰ ਪ੍ਰਚਾਰ ਕਰਨ ਵਾਲਿਆਂ ਨੂੰ ਅਤੇ ਸੁਣਨ ਵਾਲਿਆਂ ਨੂੰ ਮੁਕਤੀ ਦੇਵੇਗਾ। ਸਾਡੇ ਰੋਜ਼ਾਨਾ ਦੇ ਫ਼ੈਸਲੇ ਅਤੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਇਹ ਸਾਬਤ ਕਰੇਗੀ ਕਿ ਅਸੀਂ ਰਾਜ ਨੂੰ ਪਹਿਲਾ ਸਥਾਨ ਦਿੰਦੇ ਹਾਂ ਜਾਂ ਨਹੀਂ। ਆਓ ਅਸੀਂ ਪੂਰੇ ਯਕੀਨ ਨਾਲ ਲਗਾਤਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ!