“ਨਿਹਚਾ ਦੀ ਚੰਗੀ ਲੜਾਈ ਲੜ”
1 ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਨਸੀਹਤ ਦਿੱਤੀ ਕਿ ਉਹ ‘ਨਿਹਚਾ ਦੀ ਚੰਗੀ ਲੜਾਈ ਲੜੇ।’ (1 ਤਿਮੋ. 6:12) ਪੌਲੁਸ ਨੇ ਆਪ ਵੀ ਇਨ੍ਹਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕੀਤਾ ਸੀ। ਇਸ ਲਈ, ਸਿਆਣੀ ਉਮਰ ਦਾ ਹੋਣ ਤੇ ਉਹ ਪੂਰੇ ਯਕੀਨ ਨਾਲ ਕਹਿ ਸਕਿਆ ਕਿ ਉਸ ਨੇ ਨਿਹਚਾ ਦੀ ਚੰਗੀ ਲੜਾਈ ਲੜੀ ਸੀ। (2 ਤਿਮੋ. 4:6-8) ਉਸ ਨੇ ਬੜੀ ਦਲੇਰੀ, ਹਿੰਮਤ ਅਤੇ ਧੀਰਜ ਨਾਲ ਪ੍ਰਚਾਰ ਕੀਤਾ। ਜੇ ਅਸੀਂ ਪੌਲੁਸ ਦੀ ਮਿਸਾਲ ਤੇ ਚੱਲੀਏ, ਤਾਂ ਅਸੀਂ ਵੀ ਉਸ ਵਾਂਗ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ ਨਿਹਚਾ ਦੀ ਚੰਗੀ ਲੜਾਈ ਲੜ ਰਹੇ ਹਾਂ।
2 ਮਿਹਨਤ ਕਰੋ: ਪੌਲੁਸ ਨੇ ਪ੍ਰਚਾਰ ਦਾ ਕੰਮ ਬੜੀ ਮਿਹਨਤ ਨਾਲ ਕੀਤਾ। (1 ਕੁਰਿੰ. 15:10) ਇਸੇ ਤਰ੍ਹਾਂ ਅਸੀਂ ਵੀ ਪੌਲੁਸ ਵਾਂਗ ਆਪਣੇ ਇਲਾਕੇ ਵਿਚ ਲਾਇਕ ਵਿਅਕਤੀਆਂ ਨੂੰ ਲੱਭਣ ਲਈ ਮਿਹਨਤ ਕਰਦੇ ਹਾਂ। (ਮੱਤੀ 10:11) ਇਸ ਦੇ ਲਈ ਸਾਨੂੰ ਸ਼ਾਇਦ ਸਵੇਰੇ-ਸਵੇਰੇ ਉਠਣਾ ਪਵੇ ਤਾਂਕਿ ਸੜਕਾਂ ਤੇ ਮਿਲਣ ਵਾਲੇ ਲੋਕਾਂ ਨੂੰ ਗਵਾਹੀ ਦਿੱਤੀ ਜਾ ਸਕੇ। ਜਾਂ ਹੋ ਸਕਦਾ ਹੈ ਕਿ ਸਾਨੂੰ ਸ਼ਾਮ ਜਾਂ ਦੁਪਹਿਰ ਵੇਲੇ ਗਵਾਹੀ ਦੇਣ ਲਈ ਜਾਣਾ ਪਵੇ ਜਦੋਂ ਲੋਕ ਆਪਣੇ ਘਰਾਂ ਨੂੰ ਵਾਪਸ ਆ ਚੁੱਕੇ ਹੁੰਦੇ ਹਨ।
3 ਇਸ ਦੇ ਲਈ ਸਾਨੂੰ ਚੰਗੀ ਸਮਾਂ-ਸਾਰਣੀ ਬਣਾ ਕੇ ਉਸ ਮੁਤਾਬਕ ਚੱਲਣ ਦੀ ਲੋੜ ਹੈ ਤਾਂਕਿ ਅਸੀਂ ਆਪਣੇ ਪੁਸਤਕ ਅਧਿਐਨ ਗਰੁੱਪ ਨਾਲ ਸਮੇਂ-ਸਿਰ ਪ੍ਰਚਾਰ ਤੇ ਜਾ ਸਕੀਏ। ਮਿਸਾਲ ਵਜੋਂ, ਬੈਥਲ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਇਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਸਫ਼ਰ ਕਰਨਾ ਪੈਂਦਾ ਹੈ ਤਾਂਕਿ ਉਹ ਸ਼ਨੀਵਾਰ-ਐਤਵਾਰ ਆਪਣੇ ਗਰੁੱਪ ਨਾਲ ਪ੍ਰਚਾਰ ਕਰ ਸਕਣ। ਨਾਲੇ ਅਸੀਂ ਆਪਣੀ ਕਲੀਸਿਯਾ ਦੇ ਉਨ੍ਹਾਂ ਭੈਣ-ਭਰਾਵਾਂ ਦੀ ਅਤੇ ਪਰਿਵਾਰਾਂ ਦੀ ਵੀ ਕਦਰ ਕਰਦੇ ਹਾਂ ਜੋ ਪ੍ਰਚਾਰ ਤੇ ਸਮੇਂ-ਸਿਰ ਪੁੱਜਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਬੜੀ ਦੂਰੋਂ ਆਉਣਾ ਪੈਂਦਾ ਹੈ। ਅਸੀਂ ਇਨ੍ਹਾਂ ਭੈਣ-ਭਰਾਵਾਂ ਦੀ ਮਿਹਨਤ ਅਤੇ ਲਗਨ ਦੀ ਰੀਸ ਕਰ ਸਕਦੇ ਹਾਂ।
4 ਸਾਨੂੰ ਦਿਲਚਸਪੀ ਦਿਖਾਉਣ ਵਾਲੇ ਸਾਰੇ ਲੋਕਾਂ ਕੋਲ ਵਾਪਸ ਜਾਣਾ ਚਾਹੀਦਾ ਹੈ। ਜੇ ਅਸੀਂ ਕਿਸੇ ਨੂੰ ਸੜਕ ਤੇ ਜਾਂ ਕਿਤੇ ਵੀ ਸਾਹਿੱਤ ਦਿੰਦੇ ਹਾਂ, ਤਾਂ ਸਾਨੂੰ ਉਸ ਦੇ ਘਰ ਦਾ ਪਤਾ ਜਾਂ ਟੈਲੀਫ਼ੋਨ ਨੰਬਰ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਫਿਰ ਅਸੀਂ ਉਸ ਦੀ ਦਿਲਚਸਪੀ ਜਗਾਉਣ ਅਤੇ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਉਸ ਨੂੰ ਦੁਬਾਰਾ ਮਿਲ ਸਕਦੇ ਹਾਂ।
5 ਬਾਕਾਇਦਾ ਸੇਵਾ ਵਿਚ ਜਾਓ: ਪੌਲੁਸ ਨੇ ਲਗਾਤਾਰ ਹਰੇਕ ਜਗ੍ਹਾ ਪ੍ਰਚਾਰ ਕੀਤਾ। (ਰੋਮੀ. 15:19) ਪਰ ਤੁਹਾਡੇ ਬਾਰੇ ਕੀ? ਕੀ ਤੁਸੀਂ ਬਾਕਾਇਦਾ ਪ੍ਰਚਾਰ ਕਰਨ ਜਾਂਦੇ ਹੋ? ਕੀ ਤੁਸੀਂ ਇਸ ਮਹੀਨੇ ਪ੍ਰਚਾਰ ਕਰਨ ਵਿਚ ਹਿੱਸਾ ਲਿਆ ਹੈ? ਅਗਸਤ ਮਹੀਨੇ ਦੌਰਾਨ ਪੁਸਤਕ ਅਧਿਐਨ ਕਰਾਉਣ ਵਾਲੇ ਭਰਾ ਚਾਹੁੰਦੇ ਹਨ ਕਿ ਹਰੇਕ ਭੈਣ-ਭਰਾ ਪ੍ਰਚਾਰ ਵਿਚ ਹਿੱਸਾ ਲਵੇ। ਉਹ ਤੁਹਾਡੀ ਇਸ ਕੰਮ ਵਿਚ ਮਦਦ ਕਰਨਗੇ।
6 ਪੌਲੁਸ ਦੀ ਮਿਸਾਲ ਤੇ ਚੱਲ ਕੇ ਅਤੇ ਖ਼ੁਸ਼ ਖ਼ਬਰੀ ਸੁਣਾਉਣ ਵਿਚ ਪੂਰਾ-ਪੂਰਾ ਹਿੱਸਾ ਲੈ ਕੇ ਅਸੀਂ ਕਹਿ ਸਕਾਂਗੇ ਕਿ ਅਸੀਂ “ਨਿਹਚਾ ਦੀ ਚੰਗੀ ਲੜਾਈ ਲੜ” ਰਹੇ ਹਾਂ।