ਜੋ ਕੁਝ ਤੁਹਾਡੇ ਕੋਲ ਹੈ, ਉਸੇ ਵਿਚ ਸੰਤੁਸ਼ਟ ਰਹੋ
1 ਬਾਈਬਲ ਸਾਨੂੰ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਦੀ ਤਾਕੀਦ ਕਰਦੀ ਹੈ, ਪਰ ਇਹ ਸਾਡੀ ਜ਼ਿੰਦਗੀ ਦਾ ਮੁੱਖ ਉਦੇਸ਼ ਨਹੀਂ ਬਣਨਾ ਚਾਹੀਦਾ। ਸਾਨੂੰ ਪਹਿਲਾਂ ਅਧਿਆਤਮਿਕ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। (ਮੱਤੀ 6:33; 1 ਤਿਮੋ. 5:8) ਇਨ੍ਹਾਂ ‘ਭੈੜੇ ਸਮਿਆਂ’ ਵਿਚ ਪਰਿਵਾਰ ਦੀਆਂ ਭੌਤਿਕ ਲੋੜਾਂ ਦੇ ਨਾਲ-ਨਾਲ ਅਧਿਆਤਮਿਕ ਲੋੜਾਂ ਨੂੰ ਵੀ ਪੂਰਾ ਕਰਨਾ ਕੋਈ ਆਸਾਨ ਕੰਮ ਨਹੀਂ ਹੈ। (2 ਤਿਮੋ. 3:1) ਅਸੀਂ ਇਸ ਕੰਮ ਵਿਚ ਕਿਵੇਂ ਸਫ਼ਲ ਹੋ ਸਕਦੇ ਹਾਂ?
2 ਬਾਈਬਲ ਦਾ ਨਜ਼ਰੀਆ ਅਪਣਾਓ: ਪਰਮੇਸ਼ੁਰ ਦਾ ਬਚਨ ਸਾਨੂੰ ਸਾਵਧਾਨ ਕਰਦਾ ਹੈ ਕਿ ਧਨ ਦਾ ਲਾਲਚ ਸਾਨੂੰ ਅਧਿਆਤਮਿਕ ਤੌਰ ਤੇ ਤਬਾਹ ਕਰ ਸਕਦਾ ਹੈ। (ਉਪ. 5:10; ਮੱਤੀ 13:22; 1 ਤਿਮੋ. 6:9, 10) ਇਸ ਨਾਜ਼ੁਕ ਸਮੇਂ ਵਿਚ ਜੇ ਅਸੀਂ ਆਪਣੇ ਦੁਨਿਆਵੀ ਕੰਮ-ਕਾਜ ਜਾਂ ਆਰਥਿਕ ਚਿੰਤਾਵਾਂ ਵਿਚ ਇੰਨੇ ਰੁੱਝ ਜਾਂਦੇ ਹਾਂ ਕਿ ਅਸੀਂ ਅਧਿਆਤਮਿਕ ਕੰਮਾਂ—ਸਭਾਵਾਂ, ਅਧਿਐਨ ਅਤੇ ਖੇਤਰ ਸੇਵਾ—ਨੂੰ ਆਪਣੀ ਜ਼ਿੰਦਗੀ ਵਿਚ ਦੂਜੀ ਥਾਂ ਤੇ ਧੱਕ ਦਿੰਦੇ ਹਾਂ, ਤਾਂ ਇਹ ਸਾਡੇ ਲਈ ਤਬਾਹਕੁੰਨ ਸਾਬਤ ਹੋਵੇਗਾ। (ਲੂਕਾ 21:34-36) ਇਸ ਦੇ ਉਲਟ, ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋ. 6:7, 8.
3 ਇਸ ਦਾ ਇਹ ਮਤਲਬ ਨਹੀਂ ਕਿ ਮਸੀਹੀਆਂ ਨੂੰ ਗ਼ਰੀਬਾਂ ਵਾਂਗ ਰਹਿਣਾ ਚਾਹੀਦਾ ਹੈ। ਪਰ ਇਹ ਸਲਾਹ ਸਾਨੂੰ ਸਮਝਾਉਂਦੀ ਹੈ ਕਿ ਸਾਡੀਆਂ ਅਸਲ ਲੋੜਾਂ ਕੀ ਹਨ। ਸਾਡੀਆਂ ਅਸਲ ਲੋੜਾਂ ਹਨ ਰੋਟੀ, ਕੱਪੜਾ ਅਤੇ ਮਕਾਨ। ਜੇ ਸਾਡੇ ਕੋਲ ਇਹ ਚੀਜ਼ਾਂ ਹਨ, ਤਾਂ ਸਾਨੂੰ ਨਵੀਆਂ-ਨਵੀਆਂ ਚੀਜ਼ਾਂ ਖ਼ਰੀਦਣ ਦੀ ਦੌੜ ਵਿਚ ਨਹੀਂ ਲੱਗੇ ਰਹਿਣਾ ਚਾਹੀਦਾ। ਜਦੋਂ ਅਸੀਂ ਕੁਝ ਖ਼ਰੀਦਣ ਜਾਂ ਇਕ ਤੋਂ ਜ਼ਿਆਦਾ ਨੌਕਰੀਆਂ ਕਰਨ ਬਾਰੇ ਸੋਚਦੇ ਹਾਂ, ਤਾਂ ਸਾਨੂੰ ਆਪਣੇ ਤੋਂ ਇਹ ਪੁੱਛਣਾ ਚਾਹੀਦਾ ਹੈ, ‘ਕੀ ਮੈਨੂੰ ਇਸ ਦੀ ਸੱਚ-ਮੁੱਚ ਲੋੜ ਹੈ?’ ਇਸ ਤਰ੍ਹਾਂ ਕਰਨ ਨਾਲ ਅਸੀਂ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਦਿੱਤੀ ਇਸ ਸਲਾਹ ਨੂੰ ਲਾਗੂ ਕਰ ਸਕਾਂਗੇ: “ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ।”—ਇਬ. 13:5.
4 ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖੀਏ, ਤਾਂ ਉਹ ਸਾਨੂੰ ਸੰਭਾਲੇਗਾ। (ਕਹਾ. 3:5, 6) ਭਾਵੇਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪਵੇਗੀ, ਪਰ ਅਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਕੇਂਦਰ ਨਹੀਂ ਬਣਾਵਾਂਗੇ। ਭਾਵੇਂ ਸਾਡੇ ਕੋਲ ਘੱਟ ਹੋਵੇ ਜਾਂ ਜ਼ਿਆਦਾ, ਅਸੀਂ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ ਕਿ ਉਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ। (ਫ਼ਿਲਿ. 4:11-13) ਸਿੱਟੇ ਵਜੋਂ, ਅਸੀਂ ਅਧਿਆਤਮਿਕ ਸੰਤੁਸ਼ਟੀ ਦੇ ਨਾਲ-ਨਾਲ ਹੋਰ ਕਈ ਬਰਕਤਾਂ ਦਾ ਵੀ ਆਨੰਦ ਮਾਣਦੇ ਹਾਂ।
5 ਦੂਸਰਿਆਂ ਦੀ ਨਿਹਚਾ ਦੀ ਰੀਸ ਕਰੋ: ਇਕ ਮਸੀਹੀ ਮਾਂ ਇਕੱਲੀ ਆਪਣੀ ਧੀ ਦੀ ਪਰਵਰਿਸ਼ ਕਰਦੇ ਸਮੇਂ ਲਗਾਤਾਰ ਆਪਣੀ ਜ਼ਿੰਦਗੀ ਸਾਦੀ ਬਣਾਉਂਦੀ ਗਈ। ਭਾਵੇਂ ਉਹ ਇਕ ਵੱਡੇ ਘਰ ਵਿਚ ਆਰਾਮ ਦੀ ਜ਼ਿੰਦਗੀ ਜੀ ਰਹੀ ਸੀ, ਪਰ ਉਸ ਨੇ ਇਹ ਛੱਡ ਕੇ ਇਕ ਛੋਟਾ ਘਰ ਲੈ ਲਿਆ। ਬਾਅਦ ਵਿਚ ਉਹ ਇਕ ਛੋਟੇ ਜਿਹੇ ਫਲੈਟ ਵਿਚ ਰਹਿਣ ਲੱਗ ਪਈ। ਇਸ ਤਰ੍ਹਾਂ ਉਹ ਘੱਟ ਘੰਟੇ ਕੰਮ ਕਰ ਕੇ ਸੇਵਕਾਈ ਵਿਚ ਜ਼ਿਆਦਾ ਸਮਾਂ ਬਿਤਾ ਸਕੀ। ਜਦੋਂ ਉਸ ਦੀ ਧੀ ਵੱਡੀ ਹੋ ਕੇ ਵਿਆਹੀ ਗਈ, ਤਾਂ ਭੈਣ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ, ਭਾਵੇਂ ਇਸ ਨਾਲ ਉਸ ਦੀ ਆਮਦਨੀ ਹੋਰ ਵੀ ਘੱਟ ਗਈ। ਹੁਣ ਨਿਯਮਿਤ ਪਾਇਨੀਅਰੀ ਕਰਦਿਆਂ ਸਾਡੀ ਇਸ ਭੈਣ ਦਾ ਸੱਤਵਾਂ ਸਾਲ ਚੱਲ ਰਿਹਾ ਹੈ। ਉਸ ਨੇ ਰਾਜ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਤੇ ਰੱਖਣ ਲਈ ਜਿਹੜੀਆਂ ਵੀ ਕੁਰਬਾਨੀਆਂ ਕੀਤੀਆਂ, ਉਨ੍ਹਾਂ ਉੱਤੇ ਉਸ ਨੂੰ ਕੋਈ ਅਫ਼ਸੋਸ ਨਹੀਂ ਹੈ।
6 ਇਕ ਬਜ਼ੁਰਗ ਅਤੇ ਉਸ ਦੀ ਪਤਨੀ ਨੇ ਆਪਣੇ ਤਿੰਨ ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਕਈ ਸਾਲਾਂ ਤਕ ਪਾਇਨੀਅਰੀ ਕੀਤੀ। ਪਰਿਵਾਰ ਦੇ ਸਾਰੇ ਮੈਂਬਰ ਆਪਣੀਆਂ ਇੱਛਾਵਾਂ ਦੀ ਬਜਾਇ ਆਪਣੀਆਂ ਲੋੜਾਂ ਪੂਰੀਆਂ ਕਰ ਕੇ ਹੀ ਖ਼ੁਸ਼ ਸਨ। ਭਰਾ ਕਹਿੰਦਾ ਹੈ: “ਸਾਨੂੰ ਘੱਟ ਚੀਜ਼ਾਂ ਨਾਲ ਗੁਜ਼ਾਰਾ ਕਰਨਾ ਪਿਆ। ਭਾਵੇਂ ਅਸੀਂ ਕਈ ਵਾਰ ਔਖੇ ਸਮਿਆਂ ਦਾ ਸਾਮ੍ਹਣਾ ਕੀਤਾ, ਪਰ ਯਹੋਵਾਹ ਨੇ ਹਮੇਸ਼ਾ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ। . . . ਜਦੋਂ ਮੈਂ ਆਪਣੇ ਪਰਿਵਾਰ ਨੂੰ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੰਦੇ ਦੇਖਦਾ ਹਾਂ, ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਸਭ ਕੁਝ ਉੱਦਾਂ ਹੀ ਹੈ ਜਿੱਦਾਂ ਮੈਂ ਚਾਹੁੰਦਾ ਸੀ ਅਤੇ ਇਹ ਦੇਖ ਕੇ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ।” ਉਸ ਦੀ ਪਤਨੀ ਕਹਿੰਦੀ ਹੈ: “[ਆਪਣੇ ਪਤੀ] ਨੂੰ ਅਧਿਆਤਮਿਕ ਕੰਮਾਂ ਵਿਚ ਰੁੱਝੇ ਦੇਖ ਕੇ ਮੇਰੇ ਦਿਲ ਨੂੰ ਬੜਾ ਚੈਨ ਮਿਲਦਾ ਹੈ।” ਬੱਚੇ ਵੀ ਬਹੁਤ ਖ਼ੁਸ਼ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਪੂਰਾ ਸਮਾਂ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ।
7 ਜਿਹੜੇ ਭੈਣ-ਭਰਾ ਭੌਤਿਕ ਚੀਜ਼ਾਂ ਪਿੱਛੇ ਭੱਜਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਕਰਨੀ ਪਸੰਦ ਕਰਦੇ ਹਨ, ਬਾਈਬਲ ਵਾਅਦਾ ਕਰਦੀ ਹੈ ਕਿ ਉਨ੍ਹਾਂ ਨੂੰ ਹੁਣ ਅਤੇ ਭਵਿੱਖ ਵਿਚ ਵੀ ਭਰਪੂਰ ਅਸੀਸਾਂ ਮਿਲਣਗੀਆਂ।—1 ਤਿਮੋ. 4:8.